ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾਂ ਸਿੱਖ ਕੌਮ ਨੂੰ ਆਈ.ਐਸ.ਆਈ. ਨਾਲ ਜੋੜਨ ਦਾ ਹਕੂਮਤੀ ਪ੍ਰਚਾਰ, ਬਚਕਾਨਾ ਅਤੇ ਬਦਨਾਮ ਕਰਨ ਵਾਲਾ : ਮਾਨ

3246_94707417924_6643196_n.resized.resizedਫ਼ਤਹਿਗੜ੍ਹ ਸਾਹਿਬ – “ਜਦੋਂ ਪਾਕਿਸਤਾਨ ਵਿਚ ਵੱਡੇ ਪੱਧਰ ਤੇ ਭੁੱਖਮਰੀ ਵਾਲਾ ਹਾਲਾਤ ਪੈਦਾ ਹੋ ਚੁੱਕੇ ਹਨ ਅਤੇ ਉਥੋ ਦੇ ਨਿਵਾਸੀਆ ਕੋਲ ਖਾਂਣ ਲਈ ਲੋੜੀਦੀ ਰੋਟੀ, ਪਹਿਨਣ ਲਈ ਕੱਪੜਾ ਅਤੇ ਬਿਮਾਰੀਆ ਦਾ ਸਾਹਮਣਾ ਕਰਨ ਲਈ ਦਵਾਈਆ ਅਤੇ ਲੋੜੀਦੀਆਂ ਵਸਤਾਂ ਦੀ ਵੱਡੀ ਘਾਟ ਦਾ ਸੱਚ ਸੰਸਾਰ ਸਾਹਮਣੇ ਹੈ, ਤਾਂ ਉਸ ਸਮੇਂ ਮੋਦੀ-ਸ਼ਾਹ ਦੀ ਹਕੂਮਤ ਵੱਲੋਂ ਅਤੇ ਇਸਦੀ ਮੁਤੱਸਵੀ ਸੋਚ ਵਾਲੀ ਪ੍ਰੈਸ ਤੇ ਮੀਡੀਏ ਵੱਲੋ ਇਹ ਪ੍ਰਚਾਰ ਕਰਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਪਾਕਿਸਤਾਨ ਦੀ ਏਜੰਸੀ ਆਈ.ਐਸ.ਆਈ. ਦਾ ਬੰਦਾ ਹੈ ਜਾਂ ਸਿੱਖ ਕੌਮ ਨੂੰ ਆਈ.ਐਸ.ਆਈ ਮਦਦ ਕਰ ਰਹੀ ਹੈ, ਇਹ ਤਾਂ ਹੁਕਮਰਾਨਾਂ ਦੀਆਂ ਰਾਜਸੀ ਪ੍ਰਬੰਧ ਵਿਚ ਵੱਡੇ ਪੱਧਰ ਤੇ ਪੈਦਾ ਹੋ ਚੁੱਕੀਆ ਨਾਕਾਮੀਆ ਨੂੰ ਛੁਪਾਉਣ, ਸਿੱਖ ਆਗੂਆਂ ਤੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀਆ ਬਚਕਾਨਾਂ ਕਾਰਵਾਈਆ ਹਨ । ਹੁਕਮਰਾਨ ਪੰਜਾਬ ਵਿਚ ਅਜਿਹਾ ਗੰਧਲਾ ਮਾਹੌਲ ਸਿਰਜਕੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਕ ਵਿਚ ਹਨ । ਜਿਸ ਤੋ ਸਮੁੱਚੇ ਇੰਡੀਆ ਨਿਵਾਸੀ ਸਭ ਧਰਮ, ਕੌਮ, ਫਿਰਕੇ, ਕਬੀਲੇ ਸੁਚੇਤ ਵੀ ਰਹਿਣ ਅਤੇ ਹੁਕਮਰਾਨਾਂ ਨੂੰ ਪੰਜਾਬ ਦੇ ਮਾਹੌਲ ਨੂੰ ਵਿਸਫੋਟਕ ਬਣਾਉਣ ਦੀ ਇਜਾਜਤ ਕਦਾਚਿੱਤ ਨਹੀ ਦੇਣੀ ਚਾਹੀਦੀ । ਕਿਉਂਕਿ “ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ” ਪੁਰਾਤਨ ਗ੍ਰੰਥਾਂ ਅਨੁਸਾਰ ਜੋ ਸਿੰਘ ਖ਼ਾਲਸਾ ਹੈ, ਉਹ ਮਨੁੱਖਤਾ ਪੱਖੀ ਨੇਕ ਉਦਮਾਂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਦੰਗਾ (ਧਰਮ ਯੁੱਧ) ਲਈ ਤਿਆਰ-ਬਰ-ਤਿਆਰ ਰੱਖਦਾ ਹੈ ਅਤੇ ਕੋਈ ਵੀ ਔਖਾ ਸਮਾਂ ਆਉਣ ਤੇ ਚੰਗੇ ਮਕਸਦ ਦੀ ਪ੍ਰਾਪਤੀ ਲਈ ਮੈਦਾਨ-ਏ-ਜੰਗ ਵਿਚ ਕੁੱਦਣ ਅਤੇ ਆਪਣੀ ਕੁਰਬਾਨੀ ਦੇਣ ਤੋ ਪਿੱਛੇ ਨਹੀ ਹੱਟਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀ ਮੁਤੱਸਵੀ ਮੋਦੀ ਹਕੂਮਤ, ਬੀਜੇਪੀ-ਆਰ.ਐਸ.ਐਸ. ਅਤੇ ਗੋਦੀ ਮੀਡੀਏ ਵੱਲੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਪ੍ਰਤੀ ਗੁੰਮਰਾਹਕੁੰਨ ਪ੍ਰਚਾਰ ਕਰਨ ਦੀਆਂ ਕਾਰਵਾਈਆ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਹੁਕਮਰਾਨਾਂ ਵੱਲੋ ਭਾਈ ਅੰਮ੍ਰਿਤਪਾਲ ਸਿੰਘ, ਉਸਦੇ ਸਾਥੀਆਂ ਅਤੇ ਸਿੱਖ ਕੌਮ ਨੂੰ ਪਾਕਿਸਤਾਨੀ ਆਈ.ਐਸ.ਆਈ. ਨਾਲ ਜੋੜਨ ਦੇ ਮੰਦਭਾਵਨਾ ਭਰੇ ਮਨਸੂਬਿਆ ਦੀ ਜੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਇਕ ਹੋਰ ਸੱਚ ਦਾ ਇਕਸਾਫ ਕਰਦੇ ਹੋਏ ਅਤੇ ਉਪਰੋਕਤ ਹਕੂਮਤੀ ਗੁੰਮਰਾਹਕੁੰਨ ਪ੍ਰਚਾਰ ਦਾ ਜੁਆਬ ਦਿੰਦੇ ਹੋਏ ਕਿਹਾ ਕਿ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆ ਕੋਲੋ ਪੁਲਿਸ ਨੇ 9-10 ਹਥਿਆਰ ਕਬਜੇ ਵਿਚ ਲਏ ਹਨ, ਉਨ੍ਹਾ ਵਿਚ 12 ਬੋਰ ਅਤੇ ਹੋਰ ਉਹ ਹਥਿਆਰ ਹਨ ਜਿਨ੍ਹਾਂ ਨਾਲ ਜਾਨਵਰਾਂ, ਪੰਛੀਆਂ ਦਾ ਸ਼ਿਕਾਰ ਖੇਡਿਆਂ ਜਾਂਦਾ ਹੈ । ਜੇਕਰ ਉਨ੍ਹਾਂ ਦਾ ਸੰਬੰਧ ਆਈ.ਐਸ.ਆਈ ਵਰਗੀ ਏਜੰਸੀ ਨਾਲ ਹੁੰਦਾ ਤਾਂ ਉਨ੍ਹਾਂ ਕੋਲ ਇਹ ਖਿਡੋਣਾਨੁਮਾ ਹਥਿਆਰ ਨਾ ਹੁੰਦੇ ਜੋ ਉਨ੍ਹਾਂ ਨੇ ਆਪਣੀ ਨਿੱਜੀ ਹਿਫਾਜਤ ਲਈ ਰੱਖੇ ਹੋਏ ਸਨ, ਬਲਕਿ ਉਨ੍ਹਾਂ ਕੋਲ ਆਧੁਨਿਕ ਕੌਮਾਂਤਰੀ ਪੱਧਰ ਦੀਆਂ ਕਾਰਬਾਇਨਾਂ, ਏ.ਕੇ. 47, ਏ.ਕੇ 94 ਜਾਂ ਹੋਰ ਆਧੁਨਿਕ ਹਥਿਆਰ ਹੋਣੇ ਸਨ । ਇਹ ਤਾਂ ਕੇਵਲ ਸਾਡੀ ਸਿੱਖ ਲੀਡਰਸ਼ਿਪ ਅਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਮੰਦਭਾਵਨਾ ਅਧੀਨ ਸਾਨੂੰ ਨਿਸ਼ਾਨਾਂ ਬਣਾਕੇ ਹਕੂਮਤੀ ਪੱਧਰ ਤੇ ਤਸੱਦਦ ਕਰਨ ਦੇ ਬਹਾਨੇ ਘੜੇ ਜਾ ਰਹੇ ਹਨ ।

ਉਨ੍ਹਾਂ ਕਿਹਾ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆ ਨੇ ਬੇਰੁਜਗਾਰੀ ਅਤੇ ਨਸਿਆ ਵਿਚ ਗਲਤਾਨ ਹੋਈ ਨੌਜ਼ਵਾਨੀ ਨੂੰ ਅੰਮ੍ਰਿਤ ਛਕਾਉਣ ਅਤੇ ਨਸਿਆ ਦੇ ਸੇਵਨ ਤੋ ਦੂਰ ਰੱਖਣ ਲਈ ਉਸਾਰੂ ਸਮਾਜਿਕ ਪੱਖੀ ਲਹਿਰ ਵਿੱਢੀ ਹੋਈ ਹੈ, ਜਿਸ ਤੋ ਕਿਸੇ ਵੀ ਸਰਕਾਰ, ਸਮਾਜ ਜਾਂ ਇਨਸਾਨ ਨੂੰ ਕੋਈ ਰਤੀਭਰ ਵੀ ਨੁਕਸਾਨ ਹੋਣ ਵਾਲਾ ਨਹੀ, ਫਿਰ ਉਨ੍ਹਾਂ ਨੂੰ ਮੀਡੀਏ ਤੇ ਪ੍ਰੈਸ ਵਿਚ ਇਕ ਵੱਡਾ ਹਊਆ ਬਣਾਕੇ ਪੇਸ਼ ਕਰਨ ਪਿੱਛੇ ਹੁਕਮਰਾਨਾਂ ਦਾ ਕੀ ਗੁੱਝਾ ਮਕਸਦ ਅਤੇ ਸਵਾਰਥੀ ਛਿਪਿਆ ਹੋਇਆ ਹੈ ? ਉਨ੍ਹਾਂ ਨੂੰ ਆਈ.ਐਸ.ਆਈ ਨਾਲ ਕਿਉਂ ਜੋੜਿਆ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਜਦੋ ਪੁਲਿਸ ਅਤੇ ਸਰਕਾਰ ਉਨ੍ਹਾਂ ਦੀ ਰਿਹਾਇਸ ਜੱਲੂਪੁਰ ਖੇੜਾ (ਅੰਮ੍ਰਿਤਸਰ) ਉਨ੍ਹਾਂ ਦੀ ਰਿਹਾਇਸ ਤੋ ਸਵੇਰੇ ਜਾਂ ਸ਼ਾਮ ਕਿਸੇ ਸਮੇ ਵੀ ਗ੍ਰਿਫਤਾਰ ਕਰ ਸਕਦੀ ਸੀ, ਤਾਂ ਫਿਰ ਉਨ੍ਹਾਂ ਮਗਰ ਪੁਲਿਸ ਦੀਆਂ 100 ਗੱਡੀਆਂ ਲਗਾਕੇ ਜਲੰਧਰ ਦੇ ਪਿੰਡਾਂ ਅਤੇ ਕਸਬਿਆ ਵਿਚ ਲੰਮਾਂ ਸਮਾਂ ਪਿੱਛਾ ਕਰਨ ਅਤੇ ਨਾਲੋ-ਨਾਲ ਮੀਡੀਏ ਵਿਚ ਇਸ ਕੀਤੇ ਜਾ ਰਹੇ ਡਰਾਮੇ ਦਾ ਪ੍ਰਚਾਰ ਕਰਦੇ ਹੋਏ ਉਨ੍ਹਾਂ ਦਾ ਬਚਕੇ ਭੱਜ ਜਾਣ ਦਾ ਡਰਾਮਾ ਕਿਉਂ ਕੀਤਾ ਜਾ ਰਿਹਾ ਹੈ ? ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਸ. ਇਮਾਨ ਸਿੰਘ ਮਾਨ ਅਤੇ ਇਕ ਵਕੀਲ ਬੀਤੇ ਕੱਲ੍ਹ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਪਿਆ ਤੇ ਪਰਿਵਾਰਿਕ ਮੈਬਰਾਂ ਨਾਲ ਮੁਲਾਕਾਤ ਕਰਕੇ ਆਏ ਹਨ ਜਿਨ੍ਹਾਂ ਨੇ ਦੱਸਿਆ ਹੈ ਕਿ ਉਹ ਰੋਜਾਨਾ ਹੀ ਸ਼ਾਮ ਨੂੰ ਘਰ ਆਉਦੇ ਸਨ ਅਤੇ ਸਵੇਰੇ ਅੰਮ੍ਰਿਤ ਸੰਚਾਰ ਲਈ ਨਿਕਲਦੇ ਸਨ । ਫਿਰ ਉਨ੍ਹਾਂ ਦੀ ਡਰਾਮਾਮਈ ਗ੍ਰਿਫਤਾਰੀ ਭੱਜ ਜਾਣ ਦਾ ਰੌਲਾ ਕਿਉਂ ਪਾਇਆ ਜਾ ਰਿਹਾ ਹੈ ? ਸ. ਮਾਨ ਨੇ ਕਿਹਾ ਕੀ ਪੰਜਾਬ ਸਰਕਾਰ, ਸੈਟਰ ਦੀ ਮੋਦੀ ਸਰਕਾਰ, ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕਿਸੇ ਪੰਜਾਬ ਸੂਬੇ ਵਿਰੋਧੀ ਸਾਜਿਸ ਨੂੰ ਅਮਲੀ ਰੂਪ ਦਿੰਦੇ ਹੋਏ ਇਥੋ ਦੇ ਮਾਹੌਲ ਨੂੰ ਗੰਧਲਾ ਕਰਨ ਲਈ ਇਹ ਸਭ ਸਾਂਝੇ ਤੌਰ ਤੇ ਜਿੰਮੇਵਾਰ ਨਹੀ ? ਉਨ੍ਹਾਂ ਜਨਤਕ ਤੌਰ ਤੇ ਮੰਗ ਕੀਤੀ ਕਿ ਗੈਰ-ਕਾਨੂੰਨੀ ਤਰੀਕੇ ਫੜੇ ਗਏ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆ ਦਾ ਜੇਕਰ ਕੋਈ ਅਪਰਾਧ ਜਾਂ ਕਸੂਰ ਹੈ, ਤਾਂ ਫੌਰੀ ਅਦਾਲਤ ਵਿਚ ਪੇਸ਼ ਕੀਤੇ ਜਾਣ ਜਾਂ ਫਿਰ ਪੰਜਾਬੀਆਂ ਤੇ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਸਰਕਾਰ ਦੀ ਇਸ ਬੇਹੁੱਦਾ ਕਾਰਵਾਈ ਨਾਲ ਪਹੁੰਚੀ ਡੂੰਘੀ ਠੇਸ ਉਪਰੰਤ ਉੱਠੇ ਰੋਹ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਨੂੰ ਬਾਇੱਜਤ ਫੌਰੀ ਰਿਹਾਅ ਕੀਤਾ ਜਾਵੇ । ਜੋ ਅਹੁਦੇਦਾਰ, ਵਰਕਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਅਤੇ ਆਮ ਸਿੱਖਾਂ ਦੀ ਗ੍ਰਿਫਤਾਰੀ ਤੇ ਨਜ਼ਰਬੰਦੀ ਕੀਤੀ ਗਈ ਹੈ, ਉਹ ਵੀ ਤੁਰੰਤ ਖਤਮ ਕਰਕੇ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ । ਉਨ੍ਹਾਂ ਤਾੜਨਾਂ ਕੀਤੀ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਨ੍ਹਾਂ ਦੇ ਸਾਥੀਆ ਦਾ ਕਿਸੇ ਤਰ੍ਹਾਂ ਦਾ ਸਰੀਰਕ ਤੌਰ ਤੇ ਨੁਕਸਾਨ ਕੀਤਾ ਗਿਆ ਜਾਂ ਕੋਈ ਝੂਠੇ ਮੁਕਾਬਲੇ ਦੀ ਸਾਜਿਸ ਘੜੀ ਗਈ ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ, ਸੈਟਰ ਦੀ ਮੋਦੀ ਹਕੂਮਤ ਅਤੇ ਉਨ੍ਹਾਂ ਦੀਆਂ ਸਾਜਿਸਾਂ ਰਚਣ ਵਾਲੀਆ ਆਈ.ਬੀ, ਰਾਅ ਵਰਗੀਆਂ ਖੂਫੀਆ ਏਜੰਸੀਆ ਸਿੱਧੇ ਤੌਰ ਤੇ ਜਿੰਮੇਵਾਰ ਹੋਣਗੀਆ । ਸ. ਮਾਨ ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਨੂੰ ਇਹ ਅਪੀਲ ਕੀਤੀ ਕਿ ਇਸ ਹੋ ਰਹੇ ਜ਼ਬਰ ਤੇ ਬੇਇਨਸਾਫੀ ਵਿਰੁੱਧ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਦੀ ਰਿਹਾਈ ਲਈ ਆਉਣ ਵਾਲੇ ਕੱਲ੍ਹ ਮਿਤੀ 21 ਮਾਰਚ ਨੂੰ ਪੰਜਾਬ ਦੇ ਹਰ ਜ਼ਿਲ੍ਹਾ ਪੱਧਰ ਉਤੇ ਇੰਡੀਆ ਦੇ ਸਦਰ ਬੀਬੀ ਦ੍ਰੋਪਦੀ ਮੁਰਮੂ ਨੂੰ ਡਿਪਟੀ ਕਮਿਸਨਰਾਂ ਰਾਹੀ ਯਾਦ ਪੱਤਰ ਦਿੱਤਾ ਜਾ ਰਿਹਾ ਹੈ ਜਿਸ ਵਿਚ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਨਹੀ, ਸਮੁੱਚੇ ਪੰਜਾਬੀਆਂ ਤੇ ਸਿੱਖਾਂ ਨੂੰ ਆਪਣੀ ਕੌਮੀ ਜਿੰਮੇਵਾਰੀ ਸਮਝਕੇ ਜਿਥੇ ਸਮੂਲੀਅਤ ਕਰਨ ਦੀ ਅਪੀਲ ਕਰਦੇ ਹਾਂ, ਉਥੇ ਕੋਈ ਵੀ ਪੰਜਾਬੀ ਤੇ ਸਿੱਖ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਅਮਲ ਨਾ ਕਰੇ ਜਾਂ ਅਜਿਹੀ ਕਾਰਵਾਈ ਵਿਚ ਸਾਮਿਲ ਨਾ ਹੋਵੇ, ਕਿਉਂਕਿ ਹੁਕਮਰਾਨ ਤੇ ਏਜੰਸੀਆਂ ਸਾਡੀ ਕੌਮ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਖੁਦ ਵੀ ਅਜਿਹੀਆ ਸਾਜਿਸਾ ਨੂੰ ਅੰਜਾਮ ਦੇ ਸਕਦੀਆ ਹਨ ਅਤੇ ਸਾਨੂੰ ਕੌਮਾਂਤਰੀ ਪੱਧਰ ਤੇ ਦੋਸ਼ੀ ਠਹਿਰਾਉਣ ਲਈ ਅਮਲ ਕਰ ਸਕਦੀਆ ਹਨ । ਸਾਡਾ ਸੰਘਰਸ਼ ਬੇਸੱਕ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਖ਼ਾਲਿਸਤਾਨ ਦੀ ਸਿਰਜਣਾ ਕਰਨ ਦੇ ਮਕਸਦ ਦੀ ਪ੍ਰਾਪਤੀ ਵਾਲਾ ਹੈ, ਪੰ੍ਰਤੂ ਸਾਡੇ ਇਸ ਮਨੁੱਖਤਾ ਪੱਖੀ ਮਿਸਨ ਵਿਚ ਸਰਕਾਰਾਂ ਤੇ ਏਜੰਸੀਆ ਖੁਦ ਹੀ ਭੰਨਤੋੜ, ਅੱਗਾਂ ਲਗਾਉਣ ਜਾਂ ਹੋਰ ਗੈਰ ਕਾਨੂੰਨੀ ਅਮਲ ਕਰਵਾਕੇ ਅਤੇ ਸਿੱਖ ਨੌਜਵਾਨੀ ਨੂੰ ਭੜਕਾ ਕੇ ਆਪਣੇ ਮੰਦਭਾਵਨਾ ਭਰੇ ਮਕਸਦ ਦੀ ਪ੍ਰਾਪਤੀ ਕਰਨ ਦੀ ਤਾਕ ਵਿਚ ਹਨ ਜਿਸ ਤੋ ਹਰ ਗੁਰਸਿੱਖ ਤੇ ਪੰਜਾਬੀ ਸੁਚੇਤ ਰਹੇ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>