ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ ਡਾ. ਨਿਸ਼ਾਨ ਸਿੰਘ ਰਾਠੌਰ

ALL IN ONE(2).resizedਪੰਜਾਬੀ ਸਾਹਿਤ ਦੇ ਖੇਤਰ ਵਿਚ ਹਰ ਸਾਲ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਹਰ ਸਾਲ ਨਵੇਂ ਲੇਖਕ, ਲੇਖਿਕਾਵਾਂ ਆਪਣੀ ਰਚਨਾਵਾਂ ਨੂੰ ਪੁਸਤਕ ਰੂਪ ਦਿੰਦੇ ਹਨ। ਹਾਲਾਂਕਿ ਅਜੋਕਾ ਦੌਰ ਸੋਸ਼ਲ- ਮੀਡੀਆ ਦਾ ਦੌਰ ਹੈ। ਨਿੱਤ- ਦਿਹਾੜੀ ਸੈਕੜੇ ਪੋਸਟਾਂ ਵੱਖ- ਵੱਖ ਸੋਸ਼ਲ ਸਾਈਟਾਂ ਉੱਪਰ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਪਰੰਤੂ! ਪੁਸਤਕਾਂ ਦਾ ਆਪਣਾ ਵੱਖਰਾ ਅਤੇ ਨਿਵੇਕਲਾ ਰੰਗ ਹੈ। ਇਸ ਲਈ ਹਰ ਲੇਖਕ, ਲੇਖਿਕਾ ਦੀ ਇੱਛਾ ਹੁੰਦੀ ਹੈ ਕਿ ਉਸਦੀ ਪੁਸਤਕ ਪਾਠਕਾਂ ਦੇ ਹੱਥਾਂ ਤੀਕ ਪਹੁੰਚੇ। ਇਸੇ ਉਮੀਦ ਸਦਕੇ ਹਰ ਵਰ੍ਹੇ ਵੱਡੀ ਗਿਣਤੀ ਵਿਚ ਪੰਜਾਬੀ ਪੁਸਤਕਾਂ ਦੀ ਪ੍ਰਕਾਸ਼ਨਾ ਹੁੰਦੀ ਰਹਿੰਦੀ ਹੈ। ਖ਼ਾਸ ਗੱਲ ਇਹ ਹੈ ਕਿ ਜਿੱਥੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ ਉੱਥੇ ਗੁਆਂਢੀ ਸੂਬਿਆਂ ਵਿਚ ਵੀ ਪੰਜਾਬੀ ਦੀਆਂ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਇਹਨਾਂ ਵਿਚ ਹਰਿਆਣਾ ਸੂਬਾ ਪਹਿਲੀ ਥਾਂ ’ਤੇ ਆਉਂਦਾ ਹੈ। ਹਾਲਾਂਕਿ; ਦਿੱਲੀ, ਰਾਜਸਥਾਨ, ਜੰਮੂ- ਕਸ਼ਮੀਰ, ਹਿਮਾਚਲ ਪ੍ਰਦੇਸ਼ ਵਿਚ ਵੀ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੁਦੀਆਂ ਹਨ। ਪਰ! ਹਰਿਆਣੇ ਦੇ ਮੁਕਾਬਲੇ ਬਹੁਤ ਘੱਟ। ਖ਼ੈਰ! ਇਹ ਵੱਖਰਾ ਵਿਸ਼ਾ ਹੈ।

ਲੰਘੇ ਵਰ੍ਹੇ 2022 ਵਿਚ ਹਰਿਆਣੇ ਸੂਬੇ ਵਿਚ ਪੰਜਾਬੀ ਸਾਹਿਤ ਦੀਆਂ ਦਰਜਨ ਭਰ ਪੁਸਤਕਾਂ ਪ੍ਰਕਾਸਿ਼ਤ ਹੋਈਆਂ।  ਇਹਨਾਂ ਵਿਚ ਕਵਿਤਾ, ਬਾਲ- ਕਵਿਤਾ, ਗ਼ਜ਼ਲ, ਅਲੋਚਨਾ ਅਤੇ ਸੰਪਾਦਨ ਕੀਤੀਆਂ ਪੁਸਤਕਾਂ ਪ੍ਰਮੱੁਖ ਰੂਪ ਵਿਚ ਸ਼ਾਮਲ ਹਨ। ਹਰਿਆਣੇ ਅੰਦਰ ਰਚੇ ਜਾ ਰਹੇ ਸਾਹਿਤ (ਖ਼ਾਸ ਕਰਕੇ ਪੰਜਾਬੀ ਸਾਹਿਤ) ਦਾ ਅਧਿਐਨ ਕਰਦਿਆਂ ਇੱਕ ਗੱਲ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਹਰਿਆਣੇ ਦੇ ਲੇਖਕਾਂ ਦਾ ਵਿਸ਼ਾ- ਵਸਤੂ ਅਮੂਮਨ ਮੁੱਖਧਾਰਾ ਦੇ ਪੰਜਾਬੀ ਲੇਖਕਾਂ ਵਾਲਾ ਹੀ ਹੈ। ਹਾਂ; ਕਦੇ-ਕਦੇ ਹਰਿਆਣੇ ਵਿਚ ਪੰਜਾਬੀ ਮਾਂ ਬੋਲੀ ਨਾਲ ਦੁਰਵਿਵਹਾਰ ਦੀਆਂ ਲਿ਼ਖਤਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ। ਪਰੰਤੂ! ਪੁਸਤਕ ਰੂਪ ਵਿਚ ਕਹਾਣੀ, ਕਵਿਤਾ ਹੀ ਮੁੱਖ ਵਿਸ਼ੇ ਹੁੰਦੇ ਹਨ। ਖ਼ੈਰ!

IMG_9726(1).resizedਇਸ ਵਰ੍ਹੇ ਮਨਜੀਤ ਕੌਰ ਅੰਬਾਲਵੀ ਦਾ ਕਾਵਿ- ਸੰਗ੍ਰਹਿ ‘ਨੂਰ ਅਗੰਮੀ’, ਅਨਿਲ ਖਿ਼ਆਲ ਦਾ ਬਾਲ ਕਾਵਿ- ਸੰਗ੍ਰਹਿ ‘ਮਿੱਟੀ ਦੀ ਗੁੱਡੀ’ ਅਤੇ ‘ਦੁਪਹਿਰੀਂ ਪਹਿਰਾ’, ਕੁਲਵੰਤ ਸਿੰਘ ਰਫ਼ੀਕ ਦਾ ਗ਼ਜ਼ਲ- ਸੰਗ੍ਰਹਿ ‘ਬੜੀ ਤਕਲੀਫ਼ ਹੁੰਦੀ ਏ’, ਡਾ. ਸੁਦਰਸ਼ਨ ਗਾਸੋ ਦੀ ਸਮੀਖਿਆ ਪੁਸਤਕ ‘ਕਿੱਥੇ ਨਹੀਂ ਭਗਤ ਸਿੰਘ?’, ਅਨੁਪਿੰਦਰ ਸਿੰਘ ਅਨੂਪ ਦੀ ਪੁਸਤਕ ‘ਗ਼ਜ਼ਲ ਦਾ ਗਣਿਤ’, ਅਨਿਲ ਕੁਮਾਰ ਸੌਦਾ ਦਾ ਬਾਲ ਕਾਵਿ- ਸੰਗ੍ਰਹਿ ‘ਏਕੇ ਦੀ ਬਾਤ’, ਡਾ. ਪ੍ਰਗਟ ਸਿੰਘ ਜਠੌਲ ਦਾ ਪਲੇਠਾ ਕਾਵਿ- ਸੰਗ੍ਰਹਿ ‘ਮੈਂ ਆਦਮ ਨਹੀਂ’, ਡਾ. ਤਿਲਕ ਰਾਜ ਦੀ ਸੰਪਾਦਨਾ ਕੀਤੀ ਪੁਸਤਕ ‘ਰਮੇਸ਼ ਕੁਮਾਰ ਕਾਵਿ ਚਿੰਤਨ ਅਤੇ ਚੇਤਨਾ’, ਡਾ. ਕੁਲਵਿੰਦਰ ਸਿੰਘ ਪਦਮ ਦੀ ‘ਸਵਰਾਜਬੀਰ ਦੇ ਨਾਟਕੀ ਦ੍ਰਿਸ਼ਟੀਕੋਣ ਅਤੇ ਡਾ. ਨਰਿੰਦਰ ਪਾਲ ਸਿੰਘ ਦੀ ਸਮੀਖਿਆ ਪੁਸਤਕ ‘ਉੱਤਰ ਪਾਠ ਸਮੀਖਿਆ’ ਪ੍ਰਕਾਸਿ਼ਤ ਹੋਈਆਂ ਪੁਸਤਕਾਂ ਹਨ। ਇਹਨਾਂ ਪੁਸਤਕਾਂ ਦਾ ਸੰਖੇਪ ਰੂਪ ਵਿਚ ਵਰਨਣ ਇਸ ਪ੍ਰਕਾਰ ਹੈ।

# ਨੂਰ ਅਗੰਮੀ  – ਮਨਜੀਤ ਕੌਰ ਅੰਬਾਲਵੀ
ਲੰਘੇ ਵਰ੍ਹੇ 2022 ਵਿਚ ਅੰਬਾਲਾ ਕੈਂਟ ਦੀ ਸ਼ਾਇਰਾ ‘ਮਨਜੀਤ ਕੌਰ ਅੰਬਾਲਵੀ’ ਦਾ ਕਾਵਿ-ਸੰਗ੍ਰਹਿ ‘ਨੂਰ ਅਗੰਮੀ’ ਪ੍ਰਕਾਸਿ਼ਤ ਹੋ ਕੇ ਪੰਜਾਬੀ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਹੈ। ਸ਼ਾਇਰਾ ਵੱਲੋਂ ਇਸ ਪੁਸਤਕ ਵਿਚ ਕੁਲ 60 ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਇਹਨਾਂ ਸਾਰੀਆਂ ਕਵਿਤਾਵਾਂ ਦਾ ਕੇਂਦਰੀ ਥੀਮ; ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਖ਼ਸ਼ੀਅਤ ਅਤੇ ਸਿੱਖਿਆਵਾਂ ਨਾਲ ਜੁੜਿਆ ਹੋਇਆ ਹੈ। ਸਮੁੱਚੀਆਂ ਕਵਿਤਾਵਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨਾਲ ਸੰਬੰਧਿਤ ਹਨ।

ਸ਼ਾਇਰਾ ਪੁਸਤਕ ਦੇ ਆਰੰਭ ਵਿਚ ਖ਼ੁਦ ਲਿਖਦੀ ਹੈ ਕਿ ‘ਮੈਂ ਨਹੀਂ ਜਾਣਦੀ ਇਹ (ਕਵਿਤਾਵਾਂ) ਕਿੰਨੀਆਂ ਕੁ ਉਸਤਤਿ ਦੇ ਨੇੜੇ ਹਨ, ਉਹ ਤਾਂ ਪਾਠਕ ਹੀ ਦੱਸ ਸਕਣਗੇ। ਮੇਰੀ ਕੋਸਿ਼ਸ਼ ਤਾਂ ਬਸ ਸਤਿਗੁਰੂ ਦੀ ਰਹਿਬਰੀ ਨੂੰ, ਮਾਨਵਤਾ ਪ੍ਰਤੀ ਦਿਵੰਗਤ ਸੋਚ ਨੂੰ, ਜੱਗ ਵਿਚ ਫੈਲੇ ਬਾਣੀ ਦੇ ਚਾਨਣ ਨੂੰ, ਅਨਹਦ ਰਸ ਨੂੰ ਲੋਕਤਾ ਤੱਕ ਪਹੁੰਚਾਉਣਾ ਹੈ।’(ਨੂਰ ਅਗੰਮੀ, ਪੰਨਾ- 20)
*******

IMG_9757.resized ਮਿੱਟੀ ਦੀ ਗੁੱਡੀ ਅਤੇ ਦੁਪਹਿਰੀਂ ਪਹਿਰਾ – ਅਨਿਲ ਖਿ਼ਆਲ
ਕਰਨਾਲ ਦੇ ਰਹਿਣ ਵਾਲੇ ਸ਼ਾਇਰ ‘ਅਨਿਲ ਖਿ਼ਆਲ’ ਦੇ ਇਸ ਵਰ੍ਹੇ 2022 ਵਿਚ (ਦੋ) ਕਾਵਿ- ਸੰਗ੍ਰਹਿ ਪ੍ਰਕਾਸਿ਼ਤ ਹੋਏ ਹਨ। ‘ਮਿੱਟੀ ਦੀ ਗੁੱਡੀ’ (ਬਾਲ- ਕਵਿਤਾਵਾਂ) ਅਤੇ ਦੂਜਾ ‘ਦੁਪਹਿਰੀਂ ਪਹਿਰਾ’ (ਪੰਜਾਬੀ, ਹਿੰਦੀ) ਕਵਿਤਾਵਾਂ।  ਦੋਹਾਂ ਕਿਤਾਬਾਂ ਵਿਚ ਨਿੱਕੇ ਬੱਚਿਆਂ ਨਾਲ ਸੰਬੰਧਿਤ ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ ਹੈ।
ਸ਼ਾਇਰ ਵੱਲੋਂ ਨਿੱਕੇ ਬੱਚਿਆਂ ਨੂੰ ਵਾਤਾਵਰਣ, ਸਿਹਤ, ਸਿੱਖਿਆ ਅਤੇ ਖੇਡਾਂ ਦੀ ਅਹਿਮੀਅਤ ਦੱਸਣ ਦਾ ਯਤਨ ਕੀਤਾ ਗਿਆ ਹੈ। ਅਨਿਲ ਖਿ਼ਆਲ ਵੱਲੋਂ ਇਹਨਾਂ ਕਵਿਤਾਵਾਂ ਵਿਚ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਉਹਨਾਂ ਕਿਸ ਤਰ੍ਹਾਂ ਆਪਣੇ ਨਿੱਕੇ ਬੱਚਿਆਂ ਦੀ ਸਾਂਭ- ਸੰਭਾਲ ਕਰਨੀ ਹੈ?, ਸਿੱਖਿਆ ਦੇਣੀ ਹੈ? ਅਤੇ ਚੰਗੇ ਅਤੇ ਨੇਕ ਨਾਗਰਿਕ ਬਣਾਉਣੇ ਹਨ?
*******

9f77df6b-872f-49a3-a157-13df1abc4754.resized ਬੜੀ ਤਕਲੀਫ਼ ਹੁੰਦੀ ਏ – ਕੁਲਵੰਤ ਸਿੰਘ ਰਫ਼ੀਕ
ਸ਼ਾਹਬਾਦ ਮਾਰਕੰਡਾ ਦੇ ਰਹਿਣ ਵਾਲੇ ਸ਼ਾਇਰ ‘ਕੁਲਵੰਤ ਸਿੰਘ ਰਫ਼ੀਕ’ ਦਾ ਗ਼ਜ਼ਲ- ਸੰਗ੍ਰਹਿ ‘ਬੜੀ ਤਕਲੀਫ਼ ਹੁੰਦੀ ਏ’ ਵੀ ਇਸੇ ਵਰ੍ਹੇ ਪ੍ਰਕਾਸਿ਼ਤ ਹੋਇਆ ਹੈ। ਇਸ ਗ਼ਜ਼ਲ-ਸੰਗ੍ਰਹਿ ਵਿਚ ਕੁਲ 50 ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕੁਲਵੰਤ ਰਫ਼ੀਕ ਦੀ ਹਰ ਗ਼ਜ਼ਲ ਆਪਣੇ ਅੰਦਰ ਇੱਕ ਨਿਵੇਕਲਾ ਵਿਸ਼ਾ ਸੰਜੋਈ ਬੈਠੀ ਹੈ। ਮੁੱਖ ਤੌਰ ਤੇ ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਸਮਾਮਿਕ ਪਾਸਾਰ ਅਤੇ ਧਾਰਮਿਕ ਪਾਸਾਰ।
ਸ਼ਾਇਰ ਆਪਣੀ ਗ਼ਜ਼ਲ ਨੂੰ ਕਹਿੰਦਿਆਂ ਇਹਨਾਂ ਦੋਹਾਂ ਪਾਸਾਰਾਂ ਉੱਤੇ ਪੁੱਲ ਬਣਾਉਂਦਾ ਨਜ਼ਰ ਆਉਂਦਾ ਹੈ। ਕੁਲਵੰਤ ਰਫ਼ੀਕ ਦੀ ਗ਼ਜ਼ਲ ਜਿੱਥੇ ਧਾਰਮਿਕ ਰੰਗਤ ਵਾਲੀ ਹੈ ਉੱਥੇ ਹੀ ਸਮਾਜਿਕ ਚੁਗਿਰਦੇ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਹੈ।
*******

IMG_9725(1).resized# ਕਿੱਥੇ ਨਹੀਂ ਭਗਤ ਸਿੰਘ? – ਡਾ. ਸੁਦਰਸ਼ਨ ਗਾਸੋ
ਅੰਬਾਲੇ ਕੈਂਟ ’ਚ ਪੰਜਾਬੀ ਪ੍ਰੋਫ਼ੈਸਰ ‘ਡਾ. ਸੁਦਰਸ਼ਨ ਗਾਸੋ’ ਹੁਰਾਂ ਦੁਆਰਾ ਰਚਿਤ ਪੁਸਤਕ ‘ਕਿੱਥੇ ਨਹੀਂ ਭਗਤ ਸਿੰਘ?’ ਵੀ ਇਸੇ ਸਾਲ ਪ੍ਰਕਾਸਿ਼ਤ ਹੋਈ ਪੰਜਾਬੀ ਪੁਸਤਕ ਹੈ। ਇਸ ਪੁਸਤਕ ਵਿਚ ਡਾ. ਗਾਸੋ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਘਟਨਾਵਾਂ ਨੂੰ ਕੁਲ 25 ਲੇਖਾਂ ਦੇ ਰੂਪ ਵਿਚ ਰੂਪਮਾਨ ਕਰਨ ਦਾ ਸਾਰਥਕ ਯਤਨ ਕੀਤਾ ਹੈ। ਉਹਨਾਂ ਇਤਿਹਾਸਕ ਤੱਥਾਂ ਨੂੰ ਧਿਆਨਗੋਚਰੇ ਰੱਖਦਿਆਂ ਰੋਚਕਤਾ ਭਰਪੂਰ ਲੇਖ ਪੇਸ਼ ਕੀਤੇ ਹਨ।

ਇਸ ਕਿਤਾਬ ਦੇ ਹਰੇਕ ਪੰਨੇ ਤੇ ਭਗਤ ਸਿੰਘ ਦਾ ਇਨਕਲਾਬੀ ਵਜੂਦ ਰੂਪਮਾਨ ਹੋ ਕੇ ਭਾਰਤੀਆਂ ਨੂੰ ਸੰਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ ਕਿ ਧਰਮਾਂ, ਜਾਤਾਂ ਦੇ ਵਲਗਣ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀ ਕਾਰਪੋਰੇਟ ਲੋਟੂ ਬਿਰਤੀ ਅਤੇ ਇਸਦੇ ਪਿੱਠੂਆਂ ਦੀਆਂ ਝੂਠੀਆਂ ਤੇ ਸੇਖ਼ੀ ਭਰੀਆਂ ਕਰਤੂਤਾਂ ਜੋ ਕਿ ਮਨੁੱਖਤਾ ਲਈ ਖ਼ਤਰਨਾਕ ਹਨ; ਬਾਰੇ ਚਿੰਤਨ ਕਰਨਾ ਹੀ ਵਕਤ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਡਾ. ਗਾਸੋ ਅਜੋਕੇ ਸਮਾਜਿਕ ਤਾਣੇ-ਬਾਣੇ ਦੀ ਉਲਝਣ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਰਾਹੀਂ ਸੁਲਝਾਉਣਾ ਚਾਹੁੰਦੇ ਹਨ। ਇਹਨਾਂ ਲੇਖਾਂ ਵਿਚ ਜਿੱਥੇ ਇਤਿਹਾਸਿਕ ਪਰਿਪੇਖ ਨੂੰ ਚਿੱਤਰਿਆ ਗਿਆ ਹੈ ਉੱਥੇ ਹੀ ਅਜੋਕੇ ਯੁਗ ਵਿਚ ਸ਼ੋਸ਼ਣ ਦਾ ਸਿ਼ਕਾਰ ਹੋਏ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੁਕ ਕਰਨ ਦਾ ਯਤਨ ਵੀ ਕੀਤਾ ਗਿਆ ਹੈ।
*******

IMG_9736(1).resized# ਗ਼ਜ਼ਲ ਦਾ ਗਣਿਤ – ਅਨੁਪਿੰਦਰ ਸਿੰਘ ਅਨੂਪ
ਪਾਣੀਪਤ ਦੇ ਰਹਿਣ ਵਾਲੇ ਸ਼ਾਇਰ ‘ਅਨੁਪਿੰਦਰ ਸਿੰਘ ਅਨੂਪ’ ਦੀ ਪੁਸਤਕ  ‘ਗ਼ਜ਼ਲ ਦਾ ਗਣਿਤ’ ਵੀ ਇਸੇ ਸਾਲ ਪ੍ਰਕਾਸਿ਼ਤ ਹੋਈ ਹੈ। ਅਨੂਪ ਹੁਰਾਂ ਗ਼ਜ਼ਲ ਦੀ ਬਣਤਰ, ਬਹਿਰ, ਅਰੂਜ਼, ਪਿੰਗਲ, ਕਾਫ਼ੀਆ ਅਤੇ ਹੋਰ ਤਕਨੀਕੀ ਪੱਖਾਂ ਨੂੰ ਬਹੁਤ ਬਾਰੀਕੀ ਨਾਲ ਸਿਰਜਿਆ ਹੈ। ਲੇਖਕ ਨੂੰ ਗ਼ਜ਼ਲ ਦੇ ਤਕਨੀਕੀ ਪੱਖਾਂ ਦੀ ਪੁਖ਼ਤਾ ਜਾਣਕਾਰੀ ਹੈ। ਉਹਨਾਂ ਦੀ ਰਚਨਾਵਾਂ ਤੋਂ ਅਜਿਹਾ ਸਾਫ਼ ਦੇਖਿਆ ਜਾ ਸਕਦਾ ਹੈ।
ਗ਼ਜ਼ਲ ਬਾਰੇ ਕਿਹਾ ਜਾਂਦਾ ਹੈ ਕਿ ਇਹ ਅਰਬ ਤੋਂ ਤੁਰੀ ਤੇ ਇਰਾਨ ਤੋਂ ਹੁੰਦੇ ਹੋਏ ਪੰਜਾਬ ਵਿਚ ਆਈ। ਗ਼ਜ਼ਲ ਕਹਿਣ ਲਈ ਅਰੂਜ਼ ਦੇ ਨਿਯਮਾਂ ਦੀ ਪੁੱਖ਼ਤਾ ਜਾਣਕਾਰੀ ਲਾਜ਼ਮੀ ਹੈ। ਅਨੂਪ ਦੀ ਕਿਤਾਬ ਅਜਿਹੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਕਿਤਾਬ ਦੇ ਪਹਿਲੇ ਪਾਠ ਵਿਚ ਲਘੂ ਅਤੇ ਗੁਰੂ ਸ਼ਬਦਾਂ ਦੀ ਪਹਿਚਾਣ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਠ ਵਿਚ ਗ਼ਜ਼ਲ ਦੀਆਂ ਬਹਿਰਾਂ ਬਾਰੇ ਜਾਣਕਾਰੀ ਹੈ।

8eaa5f65-97f7-4acb-b356-a0f195c63587(1).resized ਏਕੇ ਦੀ ਬਾਤ – ਅਨਿਲ ਕੁਮਾਰ ਸੌਦਾ

ਕੈਥਲ ਵਿਖੇ ਪੰਜਾਬੀ ਪ੍ਰੋਫ਼ੈਸਰ ‘ਅਨਿਲ ਕੁਮਾਰ ਸੌਦਾ’ ਦਾ ਬਾਲ ਕਾਵਿ- ਸੰਗ੍ਰਹਿ ‘ਏਕੇ ਦੀ ਬਾਤ’ ਵੀ 2022 ਵਿਚ ਪ੍ਰਕਾਸਿ਼ਤ ਹੋਣ ਵਾਲੀਆਂ ਪੁਸਤਕਾਂ ਵਿਚ ਸ਼ਾਮਿਲ ਪੁਸਤਕ ਹੈ। ਅਨਿਲ ਕੁਮਾਰ ਸੌਦਾ ਨੇ ਬਾਲ ਮਨ ਦੀਆਂ ਬਾਤਾਂ ਨੂੰ ਖ਼ੂਬਸੂਰਤ ਸ਼ਬਦਾਂ ਵਿਚ; ਕਵਿਤਾਵਾਂ ਦਾ ਰੂਪ ਦਿੱਤਾ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਨਿੱਕੇ ਬੱਚਿਆਂ ਨੂੰ ਦੇਸੀ ਖਾਣੇ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ।

ਅਸਲ ਵਿਚ ਅੱਜ ਦਾ ਦੌਰ ਬੱਚਿਆਂ ਉੱਪਰ ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲਾ ਦੌਰ ਹੈ। ਨਵੇਂ ਯੁਗ ਵਿਚ; ਬੱਚੇ ਨਵੀਂਆਂ ਵਸਤਾਂ ਲਈ ਉਤਸੁਕ ਰਹਿੰਦੇ ਹਨ। ਪਰੰਤੂ! ਅਨਿਲ ਕੁਮਾਰ ਸੌਦਾ ਨੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਸਿੱਖਿਆ ਦਿੱਤੀ ਹੈ;

‘ਫਾਸਟ ਫੁੂਡ ਨੂੰ ਪਰ੍ਹੇ ਹਟਾਓ,
ਦੇਸੀ ਖਾਣੇ ਨੂੰ ਅਪਣਾਓ।’ (ਏਕੇ ਦੀ ਬਾਤ, ਪੰਨਾ- 9)

IMG_9733.resized ਮੈਂ ਆਦਮ ਨਹੀਂ – ਡਾ. ਪ੍ਰਗਟ ਸਿੰਘ ਜਠੌਲ

ਹਰਿਆਣੇ ਦੇ ਝੱਜਰ ਦੇ ਰਹਿਣ ਵਾਲੇ ‘ਡਾ. ਪ੍ਰਗਟ ਸਿੰਘ ਜਠੌਲ’ ਦਾ ਪਲੇਠਾ ਕਾਵਿ-ਸੰਗ੍ਰਹਿ ‘ਮੈਂ ਆਦਮ ਨਹੀਂ’ ਵੀ ਇਸੇ ਸਾਲ ਪ੍ਰਕਾਸਿ਼ਤ ਹੋ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਿਆ ਹੈ। ਇਸ ਕਾਵਿ- ਸੰਗ੍ਰਹਿ ਵਿਚ ਕੁਲ 33 ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਪ੍ਰਗਟ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਦੇ ਆਸੇ-ਪਾਸੇ ਘੁੰਮਦੀ ਪ੍ਰਤੀਤ ਹੁੰਦੀ ਹੈ। ਉਸਦੀ ਸ਼ਾਇਰੀ ਗੰਭੀਰ ਪਰਵ੍ਰਿਤੀ ਦੇ ਸ਼ਾਇਰੀ ਕਹੀ ਜਾ ਸਕਦੀ ਹੈ।

‘ਮੇਰੇ ਆਪਣਿਆਂ’ਚੋਂ ਮੈਂ/ ਹੁਣ ਗ਼ੈਰ ਹੁੰਦਾ ਜਾ ਰਿਹਾਂ#

ਮੈਂ ਇਕ ਛੋਟਾ ਜਿਹਾ ਪਿੰਡ ਸੀ/ ਹੁਣ ਸ਼ਹਿਰ ਹੁੰਦਾ ਜਾ ਰਿਹਾਂ।’ (ਮੈਂ ਆਦਮ ਨਹੀਂ)

ਕਿਤੇ-ਕਿਤੇ ਇੰਝ ਮਹਿਸੂਸ ਹੁੰਦਾ ਹੈ ਕਿ ਸ਼ਾਇਰ ਆਪਣੀ ਕਵਿਤਾ ਦੇ ਕੇਂਦਰੀ ਪਾਤਰ ਵੱਜੋਂ ਖ਼ੁਦ ਹੀ ਵਿਚਰ ਰਿਹਾ ਹੈ। ਉਹ ਆਪਣੇ ਮਨ ਦੀ ਵੇਦਨਾ ਨੂੰ ਆਪਣੇ ਬੋਲਾਂ ਰਾਹੀਂ ਬਿਆਨ ਕਰਦਾ ਪ੍ਰਤੀਤ ਹੁੰਦਾ ਹੈ। ਉੱਪਰਲੇ ਸ਼ੇਅਰ ਵਿਚ ਉਹ ਖ਼ਤਮ ਹੋ ਰਹੇ ਪਿੰਡਾਂ ਭਾਵ ਭਾਈਚਾਰਕ ਸਾਂਝ ਦੀ ਗੱਲ ਬਹੁਤ ਵਿਅੰਗਮਈ ਢੰਗ ਨਾਲ ਕਰਦਾ ਹੈ। ਉਸਦੀਆਂ ਕਵਿਤਾਵਾਂ ਵਿਚ ਨਾਰੀ ਸੰਵੇਦਨਾ, ਭਾਈਚਾਰਕ ਸਾਂਝ ਅਤੇ ਵਿਛੋੜੇ ਦੇ ਦਰਦ ਨੂੰ ਪੜ੍ਹਿਆ ਜਾ ਸਕਦਾ ਹੈ।

e566331d-788d-4c65-9668-ff16592ff1cc(1).resized# ਰਮੇਸ਼ ਕੁਮਾਰ ਕਾਵਿ ਚਿੰਤਨ ਅਤੇ ਚੇਤਨਾ – ਡਾ. ਤਿਲਕ ਰਾਜ (ਸੰਪਾਦਨਾ)

ਯਮੁਨਾਨਗਰ ’ਚ ਪੰਜਾਬੀ ਪ੍ਰੋਫ਼ੈਸਰ ਡਾ. ਤਿਲਕ ਰਾਜ ਹੁਰਾਂ ਵੱਲੋਂ ਸੰਪਾਦਨਾ ਕੀਤੀ ਗਈ ਪੁਸਤਕ  ‘ਰਮੇਸ਼ ਕੁਮਾਰ ਕਾਵਿ ਚਿੰਤਨ ਅਤੇ ਚੇਤਨਾ’ ਵੀ 2022 ਵਿਚ ਪ੍ਰਕਾਸਿ਼ਤ ਹੋਈ ਪੁਸਤਕ ਹੈ। ਇਸ ਪੁਸਤਕ ਵਿਚ ਪੰਜਾਬੀ ਦੇ ਨਾਮਵਰ ਲੇਖਕਾਂ ਵੱਲੋਂ ਰਮੇਸ਼ ਕੁਮਾਰ ਦੀ ਪੁਸਤਕ ‘ਅਸਹਿਮਤ’ ਉੱਪਰ ਖੋਜ ਭਰਪੂਰ ਲੇਖ ਲਿਖੇ ਗਏ ਹਨ।

‘ਅਸਹਿਮਤ’ ਦਾ ਚਿਹਨ ਸ਼ਾਸਤਰ, ਬਦਲਦੇ ਪਰਿਪੇਖ ਦਾ ਕਵੀ ਰਮੇਸ਼ ਕੁਮਰ, ਅਮਾਨਵੀ ਵਰਤਾਰਿਆਂ ਪ੍ਰਤੀ ਅਸਹਿਮਤੀ ਦਾ ਪ੍ਰਚਵਨ, ਰਮੇਸ਼ ਕੁਮਾਰ ਦੀ ਕਾਵਿ ਸੁਚੇਤਨਾ ਦਾ ਸਾਕਾਰ ਅਰਥ, ਅਸਹਿਮਤ ਦਾ ਕਾਵਿ ਪ੍ਰਵਚਨ, ਰਮੇਸ਼ ਕੁਮਾਰ ਦੀ ਕਾਵਿ ਸੰਵੇਦਨਾ, ਸੰਚਾਰ ਵਿਧਾਨ ਅਤੇ ਆਖ਼ਰ ਵਿਚ ਲੇਖਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।  ‘ਅਸਹਿਮਤ’ ਸੰਬੰਧੀ ਲੇਖ ਲਿਖਣ ਵਾਲੇ ਵਿਦਵਾਨਾਂ ਵਿਚ ਡਾ. ਰਤਨ ਸਿੰਘ ਢਿੱਲੋਂ, ਡਾ. ਜਸਪਾਲ ਕੌਰ ਕਾਂਗ, ਡਾ. ਪਰਮਜੀਤ ਕੌਰ ਸਿੱਧੂ, ਡਾ. ਨਰਿੰਦਰਪਾਲ ਸਿੰਘ, ਡਾ. ਤਿਲਕ ਰਾਜ, ਡਾ. ਨਿਸ਼ਾਨ ਸਿੰਘ ਰਾਠੌਰ ਆਦਿਕ ਮੁੱਖ ਰੂਪ ਵਿਚ ਸ਼ਾਮਲ ਹਨ।

IMG_9737.resizedਸਵਰਾਜਬੀਰ ਦੇ ਨਾਟਕੀ ਦ੍ਰਿਸ਼ਟੀਕੋਣ – ਡਾ. ਕੁਲਵਿੰਦਰ ਸਿੰਘ ਪਦਮ

ਫਾਤਿਆਬਾਦ ਦੇ ਰਹਿਣ ਵਾਲੇ ‘ਡਾ. ਕੁਲਵਿੰਦਰ ਸਿੰਘ ਪਦਮ’ ਹੁਰਾ ਦੀ ਪੁਸਤਕ ‘ਸਵਰਾਜਬੀਰ ਦੇ ਨਾਟਕੀ ਦ੍ਰਿਸ਼ਟੀਕੋਣ’ ਵੀ ਇਸੇ ਵਰ੍ਹੇ ਪ੍ਰਕਾਸਿ਼ਤ ਹੋਈ ਪੰਜਾਬੀ ਪੁਸਤਕ ਹੈ। ਅਸਲ ਵਿਚ ਡਾ. ਪਦਮ ਦਾ ਸਾਹਿਤਕ ਕਾਰਜ ਨਾਟਕ ਖੇਤਰ ਨਾਲ ਰਿਹਾ ਹੈ। ਇਸ ਤੋਂ ਪਹਿਲਾਂ ਉਹਨੇ ਦੇ ਨਾਟਕ- ਸੰਗ੍ਰਹਿ ‘ਰਿਸ਼ਤੇ ਰੁਲ਼ਣ ਅਦਾਲਤੀਂ’ ਨੂੰ ਵੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਿਲਆ ਸੀ।

ਇਸ ਪੁਸਤਕ ਵਿਚ ਡਾ. ਪਦਮ ਨੇ ‘ਸਵਰਾਜਬੀਰ ਹੁਰਾਂ ਦੇ ਨਾਟਕਾਂ ਦਾ ਸਾਹਿਤਕ ਦ੍ਰਿਸ਼ਟੀਕੋਣ’ ਪਾਠਕਾਂ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹਨਾਂ ਦੇ ਨਾਟਕਾਂ ਵਿਚ ਨਾਰੀ ਸ਼ੋਸ਼ਣ ਪ੍ਰਤੀ ਦ੍ਰਿਸ਼ਟੀਕੋਣ, ਦਲਿਤ ਚੇਤਨਾ, ਸਮਾਜਿਕ ਦ੍ਰਿਸ਼ਟੀਕੋਣ, ਧਾਰਮਿਕ ਦ੍ਰਿਸ਼ਟੀਕੋਣ, ਭ੍ਰਿਸ਼ਟਾਚਾਰ ਪ੍ਰਤੀ ਦ੍ਰਿਸ਼ਟੀਕੋਣ, ਰਾਜਨੈਤਿਕ ਦ੍ਰਿਸ਼ਟੀਕੌਣ, ਇਤਿਹਾਸ ਆਤੇ ਮਿਿਥਹਾਸ ਦ੍ਰਿਸ਼ਟੀਕੋਣ ਅਤੇ ਸਵਰਾਜਬੀਰ ਦੇ ਨਾਟਕੀ ਦ੍ਰਿਸ਼ਟੀਕੋਣ ਵਿਿਸ਼ਆ ਉੱਪਰ ਖੋਜ ਭਰਪੂਰ ਲੇਖ ਪੇਸ਼ ਕੀਤੇ ਹਨ।

IMG_9730(1).resized ਉੱਤਰ ਪਾਠ ਸਮੀਖਿਆ – ਡਾ. ਨਰਿੰਦਰ ਪਾਲ ਸਿੰਘ

ਯਮੁਨਾਨਗਰ ’ਚ ਪੰਜਾਬੀ ਪ੍ਰੋਫ਼ੈਸਰ ‘ਡਾ. ਨਰਿੰਦਰ ਪਾਲ ਸਿੰਘ’ ਹੁਰਾਂ ਦੀ ਪੁਸਤਕ ‘ਉੱਤਰ ਪਾਠ ਸਮੀਖਿਆ’ ਵੀ ਇਸੇ ਵਰ੍ਹੇ ਪ੍ਰਕਾਸਿ਼ਤ ਹੋਣ ਵਾਲੀਆਂ ਪੁਸਤਕਾਂ ਵਿਚੋਂ ਇੱਕ ਹੈ। ‘ਉੱਤਰ ਪਾਠ ਸਮੀਖਿਆ’ ਪੁਸਤਕ ਵੱਖ- ਵੱਖ ਸਰੋਕਾਰਾਂ, ਲੇਖਕਾਂ, ਕਵੀਆਂ ਅਤੇ ਚਿੰਤਕਾਂ ਦੀਆਂ ਸਾਹਿਤ ਕਿਰਤਾਂ ਨਾਲ ਸੰਵਾਦ ਰਚਾਉਂਦੀ ਹੈ ਅਤੇ ਇਹ ਸੰਵਾਦ ਅਗਾਂਹ ਕਈ ਨਵੀਨ- ਪ੍ਰਤੀਧੁਨੀਆਂ ਵੀ ਪੈਦਾ ਕਰੇਗਾ। ਇਸ ਪੁਸਤਕ ਰਾਹੀਂ ਪੁਸਤਕ– ਦੇਹ ਤੋਂ ਅਗਾਂਹ ਬਿਜਲਈ– ਪੁਸਤਕ ਦੀ ਪ੍ਰਮਾਣਿਕ ਜੁਗਤ ਦਾ ਵੀ ਸਫ਼ਲਤਾ ਪੂਰਵਕ ਪ੍ਰਯੋਗ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਸਮੀਖਿਆ ਕਾਰਜ ਲਈ ਵਰਤੀ ਗਈ ਟੈਕਸਟ ਸੱਤ- ਸਮੁੰਦਰੋਂ ਪਾਰ ਉਪਰੋਕਤ ਮਾਧਿਅਮ ਰਾਹੀਂ ਹੀ ਪ੍ਰਾਪਤ ਕੀਤੀ ਗਈ ਹੈ ਜੋ ਸਿਰਜਣਹਾਰ ਅਤੇ ਸਮੀਖਿਆਕਾਰ ਵਿਚਕਾਰ ਸੰਚਾਰ ਨੂੰ ਬਹੁਤ ਤਿੱਖਾ ਕਰਦੀ ਹੈ।

ਅੰਤ ਵਿਚ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਲੰਘੇ ਵਰ੍ਹੇ 2022 ਵਿਚ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਹੱਥਲੇ ਲੇਖ ਵਿਚ ਸੰਖੇਪ ਰੂਪ ਵਿਚ ਹੀ ਵਿਚਾਰ- ਚਰਚਾ ਕਰਨ ਦਾ ਯਤਨ ਕੀਤਾ ਗਿਆ ਹੈ ਤਾਂ ਕਿ ਹਰਿਆਣੇ ਦੇ ਪੰਜਾਬੀ ਲੇਖਕਾਂ ਦੀ ਪੁਸਤਕਾਂ ਬਾਰੇ ਆਮ ਪਾਠਕਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>