ਮਾਸਿਕ ਧਰਮ ਪ੍ਰਬੰਧਨ – ਜਾਣਕਾਰੀ ਜ਼ਰੂਰੀ ਹੈ!

ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਤੇ ਸਾਡੇ ਸਮਾਜ ਵਿੱਚ ਗੱਲਬਾਤ ਕਰਨਾ ਚੰਗਾ ਨਹੀਂ ਮੰਨ੍ਹਿਆਂ ਜਾਂਦਾ, ਸ਼ਰਮ ਦਾ ਵਿਸ਼ਾ ਮੰਨ੍ਹਿਆ ਜਾਂਦਾ ਹੈ ਅਤੇ ਸਕੂਲਾਂ ਵਿੱਚ ਵੀ ਅਧਿਆਪਕ ਸੰਬੰਧਤ ਵਿਸ਼ੇ ਤੋਂ ਪਾਸਾ ਹੀ ਵੱਟਦੇ ਨਜ਼ਰੀ ਪੈਂਦੇ ਹਨ। ਸਮੇਂ ਦਾ ਹਾਣੀ ਹੋਣ ਦੇ ਨਾਤੇ ਇਹ ਲਾਜ਼ਮੀ ਹੈ ਕਿ ਮਾਸਿਕ ਧਰਮ ਪ੍ਰਬੰਧਨ ਉੱਪਰ ਸਮਾਜ ਵਿੱਚ ਲੋੜੀਂਦੀ ਚਰਚਾ ਹੋਵੇ ਅਤੇ ਇਸ ਪ੍ਰਤੀ ਸਾਰਥਕ ਰਵੱਈਆ ਅਪਣਾਇਆ ਜਾਵੇ।

ਮਾਸਿਕ ਧਰਮ ਭਾਵ ਪੀਰੀਅਰਡ ਮਾਂ ਬਣਨ ਦੀ ਸਮਰੱਥਾ ਦਾ ਸੂਚਕ ਹੈ। ਔਰਤਾਂ ਦੇ ਸਰੀਰ ਵਿੱਚ ਹਰ ਮਹੀਨੇ ਹੋਣ ਵਾਲੀ ਇਹ ਕੁਦਰਤੀ ਪ੍ਰਕਿਰਿਆ ਇਸ ਗੱਲ ਦਾ ਸੂਚਕ ਹੈ ਕਿ ਤੁਸੀਂ ਮਾਂ ਬਣਨ ਦੇ ਯੋਗ ਹੋ, ਲੇਕਿਨ ਸਮਾਜ ਵਿੱਚ ਪੀਰੀਅਰਡ ਨੂੰ ਲੈ ਕੇ ਫੈਲੇ ਮਿੱਥ ਅਤੇ ਵਹਿਮ ਦੇ ਚਲਦਿਆਂ ਮੇਂਸੁਰੇਸ਼ਨ ਹਾਈਜੀਨ ਇੱਕ ਵੱਡਾ ਗੰਭੀਰ ਵਿਸ਼ਾ ਰਿਹਾ ਹੈ। ਸਿਹਤ ਮਾਹਰਾਂ ਅਨੁਸਾਰ ਮਾਸਿਕ ਧਰਮ ਦੇ ਦੌਰਾਨ ਸਾਫ਼-ਸਫਾਈ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਇਸ ਵਿੱਚ ਵਰਤੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਮੱਸਿਆ ਵਧਾ ਸਕਦੀ ਹੈ।

ਇਹ ਜਾਣਕੇ ਹੈਰਾਨੀ ਹੋਵੇਗੀ ਕਿ ਪੈਡ ਦੀ ਖੋਜ ਔਰਤਾਂ ਲਈ ਨਹੀਂ ਬਲਕਿ ਮਰਦਾਂ ਲਈ ਕੀਤੀ ਗਈ ਸੀ। ‘ਮਾਈ ਪੀਰੀਅਡ ਬਲਾਗ’ ਦੀ ਇੱਕ ਪੋਸਟ ਅਨੁਸਾਰ ਪਹਿਲੀ ਵਾਰ ਸੈਨੇਟਰੀ ਪੈਡ ਦੀ ਵਰਤੋਂ ਪਹਿਲੇ ਵਿਸ਼ਵਯੁੱਧ ਦੌਰਾਨ ਕੀਤੀ ਗਈ। ਕਿਹਾ ਜਾਂਦਾ ਹੈ ਪਹਿਲੇ ਵਿਸ਼ਵਯੁੱਧ ਦੇ ਜ਼ਖਮੀ ਸਿਪਾਹੀਆਂ ਦੇ ਖੂਨ ਦੇ ਬਹਾਅ ਨੂੰ ਰੋਕਣ ਦੇ ਲਈ ਇਹ ਪੈਡ ਬਣਾਏ ਗਏ ਸੀ। ਜਦੋਂ ਕਿਸੇ ਸਿਪਾਹੀ ਦੇ ਗੋਲੀ ਲੱਗਦੀ ਜਾਂ ਖੂਨ ਬਹੁਤ ਜਿਆਦਾ ਵਹਿੰਦਾ ਤਦ ਇਹਨਾਂ ਪੈਡ ਦੀ ਵਰਤੋਂ ਕੀਤੀ ਜਾਂਦੀ। ਇਹਨਾਂ ਨੈਪਕਿਨ ਨੂੰ ਬਣਾਉਣ ਦੇ ਲਈ ਅਜਿਹੇ ਸਾਮਾਨ ਦੀ ਵਰਤੋਂ ਕੀਤੀ ਗਈ ਜੋ ਯੁੱਧ ਸਮੇਂ ਆਸਾਨੀ ਨਾਲ ਮਿਲ ਜਾਂਦੇ ਸੀ। ਇਹ ਪੈਡ ਸਸਤੇ ਹੋਣ ਦੇ ਨਾਲ ਨਾਲ ਡਿਸਪੋਜੇਬਲ ਵੀ ਸੀ, ਇਹਨਾਂ ਦੀ ਵਰਤੋਂ ਕਰਕੇ ਆਸਾਨੀ ਨਾਲ ਨਿਪਟਾਰਾ ਕੀਤਾ ਜਾ ਸਕਦਾ ਸੀ। ਜਦੋਂ ਪੁਰਸ਼ਾਂ ਦੇ ਲਈ ਇਹ ਪੈਡ ਤਿਆਰ ਕੀਤੇ ਜਾ ਰਹੇ ਸੀ, ਉਸ ਦੌਰਾਨ ਉੱਥੇ ਕੰਮ ਕਰ ਰਹੀਆਂ ਮਹਿਲਾ ਨਰਸਾਂ ਨੇ ਪੈਡ ਨੂੰ ਆਪਣੇ ਪੀਰੀਅਰਡ ਦੇ ਦਿਨਾਂ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਮੈਨਸੂਰਲ ਪੈਡਸ ਦੇ ਰੂਪ ਵਿੱਚ ਇਸਤੇਮਾਲ ਕੀਤੇ ਜਾਣ ਲੱਗੇ। ਕਰੀਬ 1888 ਦੇ ਦੌਰਾਨ ਡਿਸਪੋਜੇਬਲ ਪੈਡ ਬਣਾਏ ਗਏ, 1896 ਵਿੱਚ ਪਹਿਲੀ ਵਾਰ ਜਾਨਸਨ ਐਂਡ ਜਾਨਸਨ ਕੰਪਨੀ ਨੇ ਆਪਣੇ ਪਹਿਲੇ ਸੈਨੇਟਰ ਟਾਵਲ ਦੀ ਸ਼ੁਰੂਆਤ ਕੀਤੀ, ਜਿਸਦਾ ਨਾਮ ‘ਲਿਸਟਰਸ ਟਾਵਲ’ ਰੱਖਿਆ ਗਿਆ।

ਸਿਹਤ ਮਾਹਰਾਂ ਦੇ ਮੁਤਾਬਿਕ ਬਚਪਨ ਤੋਂ ਹੀ ਮਾਸਿਕ ਧਰਮ ਨਾਲ ਜੁੜੀ ਸਹੀ ਜਾਣਕਾਰੀ ਅਤੇ ਇਸ ਨਾਲ ਸੰਬੰਧਤ ਸਵੱਛਤਾ ਦੇ ਉਪਾਵਾਂ ਦੇ ਬਾਰੇ ਵਿੱਚ ਕਿਸ਼ੋਰੀਆਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸਵੱਛਤਾ ਦਾ ਧਿਆਨ ਨਾ ਰੱਖਣ ਦੇ ਕਾਰਨ ਗੁਪਤ ਅੰਗਾਂ ਵਿੱਚ ਖੁਜਲੀ, ਜਲਨ, ਪਿਸ਼ਾਬ ਨਲੀ ਵਿੱਚ ਸੰਕ੍ਰਮਣ (ਯੂ.ਟੀ.ਆਈ.) ਅਤੇ ਗੰਭੀਰ ਸਥਿਤੀਆਂ ਵਿੱਚ ਕਿਡਨੀ ਦੀ ਸਮੱਸਿਆ ਹੋਣ ਦਾ ਖਤਰਾ ਵੱਧ ਜਾਂਦਾ ਹੈ। ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਾਅ ਦੇ ਲਈ ਕੁਝ ਸਾਧਾਰਨ ਗੱਲਾਂ ਦਾ ਧਿਆਨ ਰੱਖਣਾ ਮੱਦਦਗਾਰ ਹੋ ਸਕਦਾ ਹੈ।
ਮਾਸਿਕ ਧਰਮ ਦੌਰਾਨ ਸਰੀਰ ਵਿੱਚੋਂ ਗੰਦਾ ਲਹੂ ਨਿਕਲਦਾ ਹੈ ਜਿਸਨੂੰ ਸੈਨੇਟਰੀ ਨੈਪਕਿਨ ਸੋਖਦੀ ਰਹਿੰਦੀ ਹੈ। ਇਸ ਦੌਰਾਨ ਸਰੀਰ ਕਈ ਤਰ੍ਹਾਂ ਦੇ ਸੰਕ੍ਰਮਣ ਦੇ ਪ੍ਰਤੀ ਅਤਿ ਸੰਵੇਦਨਸੀਲ ਹੋ ਜਾਂਦਾ ਹੈ। ਅਜਿਹੇ ਵਿੱਚ ਜਿਆਦਾ ਦੇਰ ਤੱਕ ਇੱਕ ਹੀ ਪੈਡ ਦੇ ਇਸਤੇਮਾਲ ਨਾਲ ਗੁਪਤ ਅੰਗਾਂ ਵਿੱਚ ਸੰਕ੍ਰਮਣ ਦਾ ਖਤਰਾ ਵੱਧ ਜਾਂਦਾ ਹੈ। ਇਹਨਾਂ ਦਿੱਕਤਾਂ ਤੋਂ ਬਚੇ ਰਹਿਣ ਲਈ ਸੈਨੇਟਰੀ ਨੈਪਕਿਨ ਨੂੰ ਸਮੇਂ-ਸਮੇਂ ਤੇ ਬਦਲਦੇ ਰਹੋ। ਸਿਹਤ ਮਾਹਰਾਂ ਅਨੁਸਾਰ ਮਾਸਿਕ ਧਰਮ ਦੇ ਦੌਰਾਨ ਸਵੱਛਤਾ ਦਾ ਧਿਆਨ ਰੱਖਦੇ ਹੋਏ ਹਰ 5-6 ਘੰਟੇ ਤੇ ਪੈਡ ਨੂੰ ਜ਼ਰੂਰ ਬਦਲੋ। ਹਰ ਵਾਰ ਪੈਡ ਦੀ ਵਰਤੋਂ ਤੋਂ ਬਾਅਦ ਇਸਨੂੰ ਸਹੀ ਤਰੀਕੇ ਨਾਲ ਨਿਪਟਾਉਣਾ ਜ਼ਰੂਰੀ ਹੁੰਦਾ ਹੈ। ਸੈਨੇਟਰੀ ਨੈਪਕਿਨ ਨੂੰ ਚੰਗੀ ਤਰ੍ਹਾਂ ਨਾਲ ਕਾਗਜ਼ ਵਿੱਚ ਲਪੇਟ ਕੇ ਹੀ ਕੂੜੇਦਾਨ ਵਿੱਚ ਸੁੱਟੋ ਅਤੇ ਫਿਰ ਹੱਥਾਂ ਨੂੰ ਸਾਫ਼ ਕਰਨਾ ਨਾ ਭੁੱਲੋ। ਵਰਤੇ ਗਏ ਸੈਨੇਟਰੀ ਨੈਪਕਿਨ ਨੂੰ ਖੁੱਲੇ ਵਿੱਚ ਸੁੱਟਣ ਤੇ ਕੀਟਾਣੂਆਂ ਅਤੇ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਸੈਨੇਟਰੀ ਨੈਪਕਿਨ ਨੂੰ ਟੋਆਇਲਟ ਵਿੱਚ ਫਲੱਸ਼ ਨਾ ਕਰੋ।

ਮਾਸਿਕ ਧਰਮ ਦੇ ਦੌਰਾਨ ਗੁਪਤ ਅੰਗਾਂ ਦੀ ਸਾਫ਼-ਸਫ਼ਾਈ ਬਹੁਤ ਜ਼ਰੂਰੀ ਹੋ ਜਾਂਦੀ ਹੈ, ਅਜਿਹਾ ਕਰਕੇ ਤੁਸੀਂ ਸੰਕ੍ਰਮਣ ਦੇ ਖ਼ਤਰੇ ਨੂੰ ਘੱਟ ਕਰ ਸਕਦੇ ਹੋ। ਸੈਨੇਟਰੀ ਨੈਪਕਿਨ ਨੂੰ ਹਟਾਉਣ ਦੇ ਬਾਅਦ ਵੀ ਬੈਕਟੀਰੀਆ ਸਰੀਰ ਨਾਲ ਚਿਪਕੇ ਰਹਿ ਸਕਦੇ ਹਨ। ਕਈ ਔਰਤਾਂ ਕੈਮੀਕਲ ਯੁਕਤ ਉਤਪਾਦਾਂ ਨੂੰ ਗੁਪਤ ਅੰਗਾਂ ਦੀ ਸਾਫ਼-ਸਫ਼ਾਈ ਦੇ ਲਈ ਪ੍ਰਯੋਗ ਵਿੱਚ ਲਿਆਉਂਦੀਆਂ ਹਨ ਲੇਕਿਨ ਇਸ ਨੂੰ ਸਿਹਤ ਮਾਹਰ ਸਹੀ ਤਰੀਕਾ ਨਹੀਂ ਮੰਨਦੇ। ਹਰ ਵਾਰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਨਾਲ ਗੁਪਤ ਅੰਗਾਂ ਦੀ ਸਾਫ਼-ਸਫ਼ਾਈ ਕਰੋ। ਸਿਹਤ ਮਾਹਰਾਂ ਦੇ ਅਨੁਸਾਰ ਮਾਸਿਕ ਧਰਮ ਦੇ ਦੌਰਾਨ ਤੁਹਾਡਾ ਪੀ.ਐੱਚ. ਪੱਧਰ ਵੀ ਵੱਧ ਸਕਦਾ ਹੈ, ਇਸਨੂੰ ਨਿਯੰਤ੍ਰਣ ਵਿੱਚ ਰੱਖਣ ਦੇ ਲਈ ਸਮੇਂ-ਸਮੇਂ ਤੇ ਪਾਣੀ ਪੀਂਦੇ ਰਹਿਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਪਾਣੀ ਪੀਂਦੇ ਰਹਿਣ ਨਾਲ ਸੰਕ੍ਰਮਣ ਦੇ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ, ਨਾਲ ਹੀ ਇਹ ਤੁਹਾਨੂੰ ਡਿਹਾਈਡ੍ਰੇਸ਼ਨ ਤੋਂ ਵੀ ਬਚਾਉਂਦਾ ਹੈ।
ਮਾਹਵਾਰੀ ਦੇ ਦਿਨਾਂ ਵਿੱਚ ਰੋਜ਼ਾਨਾ ਨਹਾਉਣਾ ਚਾਹੀਦਾ ਹੈ। ਪੈਡ/ਕੱਪੜੇ/ਕੱਪ ਨੂੰ ਬਦਲਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਬਣ ਨਾਲ ਹੱਥ ਜ਼ਰੂਰ ਧੋਵੋ। ਮਾਹਵਾਰੀ ਦੇ ਦਿਨਾਂ ਵਿੱਚ ਆਪਣੇ ਨਾਲ ਵਾਧੂ ਪੈਡ ਨਾਲ ਰੱਖੋ। ਗੁਪਤ ਅੰਗਾਂ ਤੇ ਸਾਬਣ, ਕਰੀਮ, ਪਰਫਿਊਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਸਾਦੇ ਸਾਫ਼ ਪਾਣੀ ਨਾਲ ਗੁਪਤ ਅੰਗਾਂ ਨੂੰ ਸਾਫ਼ ਕਰਨਾ ਚਾਹੀਦਾ ਹੈ। ਹਰ 5-6 ਘੰਟਿਆਂ ਬਾਅਦ ਸੈਨੇਟਰੀ ਨੈਪਕਿਨ/ਪੈਡ/ਕੱਪੜੇ/ਕੱਪ ਨੂੰ ਬਦਲਦੇ ਰਹਿਣਾ ਚਾਹੀਦਾ ਹੈ।

ਪੈਡ ਅਜੇ ਵੀ ਬਹੁਤੀਆਂ ਔਰਤਾਂ ਦੀ ਪਹੁੰਚ ਤੋਂ ਦੂਰ ਹਨ, ਜਿਸ ਕਾਰਨ ਅਜਿਹੀਆਂ ਔਰਤਾਂ ਸੈਨੇਟਰੀ ਪੈਡਾਂ ਦੀ ਬਜਾਏ ਕੱਪੜੇ ਦੀ ਵਰਤੋਂ ਕਰਨ ਲਈ ਮਜਬੂਰ ਹਨ। ਇੰਨੇ ਸਾਲ ਪਹਿਲਾਂ ਪੈਡ ਦੀ ਖੋਜ ਤੋਂ ਬਾਅਦ ਵੀ ਇਹ ਅੱਜ ਤੱਕ ਸਾਰੀਆਂ ਔਰਤਾਂ ਤੱਕ ਨਹੀਂ ਪਹੁੰਚਿਆ ਹੈ।

ਮਾਹਵਾਰੀ ਦੌਰਾਨ ਸਵੱਛਤਾ ਸੰਬੰਧੀ ਯੋਗ ਜਾਣਕਾਰੀ ਦੀ ਘਾਟ ਸਦਕਾ ਕਈ ਔਰਤਾਂ ਨੂੰ ਇਨਫੈਕਸ਼ਨਾਂ ਨਾਲ ਵੀ ਜੂਝਣਾ ਪੈਂਦਾ ਹੈ, ਆਪਣੇ ਪਰਿਵਾਰ ਅਤੇ ਸਾਥੀਆਂ ਨੂੰ ਉਤਸ਼ਾਹਿਤ ਕਰੋ ਕਿ ਮਾਹਵਾਰੀ ਨਾਲ ਸੰਬੰਧਤ ਗੱਲਾਂ ਸਾਂਝੀਆਂ ਕਰਨ ਲਈ ਇੱਕ ਚੰਗਾ ਮਾਹੌਲ ਬਣਾਉਣ। ਮਾਨਵੀ ਹੋਂਦ ਲਈ ਮਾਹਵਾਰੀ ਜ਼ਰੂਰੀ ਹੈ, ਆਓ ਇਸਨੂੰ ਸੌਖਾਲਾ, ਸਵੱਛ ਅਤੇ ਸਨਮਾਨਜਨਕ ਬਣਾਈਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>