ਗਿਆਨੀ ਜ਼ੈਲ ਸਿੰਘ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਾ ਦਿੱਤਾ?

ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਦੇ ਦਿਮਾਗ ਵਿੱਚ ਇਕ ਸਵਾਲ ਵਾਰ ਵਾਰ ਦਸਤਕ ਦੇ ਰਿਹਾ ਹੈ ਕਿ ਗਿਆਨੀ ਜ਼ੈਲ ਸਿੰਘ ਸਿੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਣ ਦੇ ਬਾਵਜੂਦ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਲਿਊ ਸਟਾਰ ਅਪ੍ਰੇਸ਼ਨ, ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਹੋਏ ਕਤਲੇਆਮ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ? Screenshot_2023-05-28_00-59-16.resizedਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਹੋਣ ਦੇ ਨਾਤੇ ਭਾਰਤੀ ਫ਼ੌਜਾਂ ਦੇ ਕਮਾਂਡਰ-ਇਨ-ਚੀਫ਼ ਸਨ। ਉਨ੍ਹਾਂ ਦੇ ਸਵਰਗਵਾਸ ਹੋਣ ਤੋਂ 28 ਸਾਲ ਬਾਅਦ ਵੀ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਬਲਿਊ ਸਟਾਰ ਅਪ੍ਰੇਸ਼ਨ ਕਰਨ ਸਮੇਂ ਫ਼ੌਜ ਨੂੰ ਅੰਦਰ ਦਾਖ਼ਲ ਹੋਣ ਦੀ ਇਜ਼ਾਜ਼ਤ ਦੇਣਾ ਇਕ ਗੁੰਝਲਦਾਰ ਬੁਝਾਰਤ ਬਣੀ ਹੋਈ ਹੈ। ਪੰਜਾਬ ਦੇ ਲੋਕ ਖਾਸ ਤੌਰ ‘ਤੇ ਸਿੱਖ ਜਗਤ ਅਜੇ ਤੱਕ ਇਸ ਗੱਲ ਤੋਂ ਹੈਰਾਨ ਹਨ ਕਿ ਗਿਆਨੀ ਜ਼ੈਲ ਸਿੰਘ ਨੇ ਬਲਿਊ ਸਟਾਰ ਅਪ੍ਰੇਸ਼ਨ ਦੌਰਾਨ ਸ਼ਹੀਦ ਕੀਤੀ ਗਈ ਸੰਗਤ, ਪੰਜਾਬ ਦੇ ਸਾਰੇ ਗੁਰਦਆਰਿਆਂ ਵਿੱਚ ਪੁਲਿਸ ਦੇ ਦਾਖ਼ਲ ਹੋਣ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਤਲ, ਦਿੱਲੀ ਅਤੇ ਸਮੁੱਚੇ ਦੇਸ਼ ਵਿੱਚ ਹੋਏ ਕਤਲੇਆਮ ਤੋਂ ਬਾਅਦ ਅਸਤੀਫਾ ਕਿਉਂ ਨਹੀਂ ਦਿੱਤਾ? ਜਦੋਂ ਕਿ ਉਨ੍ਹਾਂ ਨੂੰ ਸਿੱਖ ਧਰਮ ਦਾ ਮੁੱਦਈ ਸਮਝਿਆ ਜਾਂਦਾ ਸੀ। ਅਜੇ ਤੱਕ ਦੇਸ਼ ਦੇ ਲੋਕ ਗਿਆਨੀ ਜ਼ੈਲ ਸਿੰਘ ਨੂੰ ਦੋਸ਼ੀ ਠਹਿਰਾਉਣ ਲੱਗਿਆਂ ਬਿਲਕੁਲ ਹੀ ਝਿਜਕਦੇ ਨਹੀਂ। ਲੋਕਾਂ ਦੇ ਮਨਾਂ ਵਿੱਚ ਗਿਆਨੀ ਜ਼ੈਲ ਸਿੰਘ ਬਾਰੇ ਗੁੱਸਾ ਹੈ। ਹਾਲਾਂ ਕਿ ਹੁਣ ਤੱਕ ਬਲਿਊ ਸਟਾਰ ਅਪ੍ਰੇਸ਼ਨ ਸੰਬੰਧੀ ਪ੍ਰਕਾਸ਼ਤ ਹੋਈਆਂ ਪੁਸਤਕਾਂ ਅਤੇ ਦਸਤਾਵੇਜ਼ ਗਿਆਨੀ ਜ਼ੈਲ ਸਿੰਘ ਦੇ ਸੋਰਸਜ਼ ਲਿਖਦੇ ਹਨ ਕਿ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਦੀ ਇਜ਼ਾਜ਼ਤ ਤੋਂ ਬਿਨਾ ਹੀ ਇਹ ਕਾਰਵਾਈ ਕੀਤੀ ਸੀ।

ਸੁਭਾਰਤਾ ਭੱਟਾਚਾਰੀਆ ਜੋ ਅੰਗਰੇਜ਼ੀ ਦੇ ਮੈਗਜ਼ੀਨ ‘ਸੰਡੇ ਗਾਰਡੀਅਨ’ ਦੇ ਸੰਪਾਦਕ ਰਹੇ ਹਨ, ਉਨ੍ਹਾਂ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਗਿਆਨੀ ਜ਼ੈਲ ਸਿੰਘ ਨੂੰ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੀ ਸਰਕਾਰ ਨੇ ਬਲਿਊ ਸਟਾਰ ਅਪ੍ਰੇਸ਼ਨ ਬਾਰੇ ਹਨ੍ਹੇਰੇ ਵਿੱਚ ਰੱਖਿਆ ਸੀ। ਉਨ੍ਹਾਂ ਨੂੰ ਫ਼ੌਜ ਦੀ ਕਾਰਵਾਈ ਬਾਰੇ ਦੱਸਿਆ ਹੀ ਨਹੀਂ ਗਿਆ ਸੀ। ਇਥੋਂ ਤੱਕ ਕਿ ਭਿਣਕ ਵੀ ਨਹੀਂ ਪੈਣ ਦਿੱਤੀ ਸੀ। ਬਲਿਊ ਸਟਾਰ ਅਪ੍ਰੇਸ਼ਨ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਗਿਆਨੀ ਜ਼ੈਲ ਸਿੰਘ ਨੂੰ ਰਵਾਇਤੀ ਤੌਰ ‘ਤੇ ਮਿਲਕੇ ਆਏ ਸਨ। ਪੰਜਾਬ ਦੀ ਸਥਿਤੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਸੀ। ਉਨ੍ਹਾਂ ਨੂੰ ਫ਼ੌਜਾਂ ਦੇ ਹਰਿਮੰਦਰ ਵਿੱਚ ਦਾਖ਼ਲ ਹੋਣ ਤੋਂ ਬਾਅਦ ਮੀਡੀਆ ਰਾਹੀਂ ਪਤਾ ਲੱਗਿਆ ਸੀ। ਇਥੋਂ ਤੱਕ ਕਿ ਰਾਸ਼ਟਰਪਤੀ ਭਵਨ ਦੇ ਸਾਰੇ ਟੈਲੀਫ਼ੋਨ ਟੇਪ ਕੀਤੇ ਜਾਂਦੇ ਸਨ ਕਿਉਂਕਿ ਰਾਸ਼ਟਰਪਤੀ ਦੇ ਡਿਪਟੀ ਪ੍ਰੈਸ ਸਕੱਤਰ ਤਰਲੋਚਨ ਸਿੰਘ ਨੂੰ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਛੁੱਟੀ ‘ਤੇ ਭੇਜ ਦਿੱਤਾ ਗਿਆ ਸੀ। Screenshot_2023-05-28_00-59-42.resizedਉਨ੍ਹਾਂ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਅਖ਼ਬਾਰਾਂ ਨੂੰ ਬਲਿਊ ਸਟਾਰ ਅਪ੍ਰੇਸ਼ਨ ਦੇ ਵਿਰੁੱਧ ਖ਼ਬਰਾਂ ਲਗਾਉਣ ਲਈ ਜਾਣਕਾਰੀ ਦਿੱਤੀ ਅਤੇ ਭੜਕਾਇਆ ਸੀ। ਲੋਕਾਂ ਨੂੰ ਗਿਆਨੀ ਜ਼ੈਲ ਸਿੰਘ ਨਾਲ ਇਹ ਵੀ ਨਰਾਜ਼ਗੀ ਹੈ ਕਿ ਜਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ ਭਰੋਸੇ ਵਿੱਚ ਲਏ ਤੋਂ ਬਿਨਾ ਹਰਿਮੰਦਰ ਸਾਹਿਬ ਅਤੇ ਸਮੁੱਚੇ ਪੰਜਾਬ ਦੇ ਗੁਰੂ ਘਰਾਂ ਤੇ ਫ਼ੌਜ ਦਾ ਹਮਲਾ ਕਥਿਤ ਅਤਵਾਦੀ ਕੱਢਣ ਦੀ ਆੜ ਵਿੱਚ ਕਰਵਾਇਆ ਸੀ ਤਾਂ ਫਿਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਗਿਆਨੀ ਜ਼ੈਲ ਸਿੰਘ ਨੇ ਪ੍ਰੋਟੋਕਲ ਅਤੇ ਸਥਾਪਤ ਪਰੰਪਰਾਵਾਂ ਦੇ ਵਿਰੁੱਧ ਕਿਉਂ ਚੁਕਾਈ  ਸੀ? ਇਹ ਗੱਲਾਂ ਅਜੇ ਤੱਕ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਰੜਕਦੀਆਂ ਹਨ। ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ, ਉਦੋਂ ਗਿਆਨੀ ਜ਼ੈਲ ਸਿੰਘ ਨਾਰਥ ਯਮਨ ਦੇ ਦੌਰੇ ‘ਤੇ ਗਏ ਹੋਏ ਸਨ। ਖ਼ਬਰ ਮਿਲਦਿਆਂ ਹੀ ਪਹਿਲਾਂ ਉਨ੍ਹਾਂ ਆਪਣੇ ਸਕੱਤਰ ਅਸ਼ੋਕ ਬੰਦੋਪਾਧਿਆਏ ਨੂੰ ਯਮਨ ਵਿੱਚ ਸਥਿਤ ਭਾਰਤੀ ਅੰਬੈਸੀ ਤੋਂ ਭਾਰਤੀ ਸੰਵਿਧਾਨ ਦੀ ਕਾਪੀ ਮੰਗਵਾਈ। ਫਿਰ ਉਹ ਤੁਰੰਤ ਸਾਨਾ ਤੋਂ ਵਾਪਸ ਭਾਰਤ ਆਉਣ ਲਈ ਜਹਾਜ ਵਿੱਚ ਬੈਠਕੇ ਸਕੱਤਰ ਦੀ ਮਦਦ ਨਾਲ ਉਨ੍ਹਾਂ ਸੰਵਿਧਾਨ ਪੜ੍ਹਿਆ, ਸੰਵਿਧਾਨ ਦੀ ਧਾਰਾ 74 ਅਨੁਸਾਰ ਰਾਸ਼ਟਰਪਤੀ ਕੌਂਸਲ ਆਫ ਮਨਿਸਟਰਜ਼ ਦੀ ਸਲਾਹ ਮੰਨਣ ਲਈ ਪਾਬੰਦ ਹੈ ਪ੍ਰੰਤੂ ਧਾਰਾ 75 ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਨ ਦੀ ਸ਼ਕਤੀ ਦਿੰਦਾ ਹੈ ਅਤੇ ਮੰਤਰੀ ਪ੍ਰੀਸ਼ਦ ਪ੍ਰਧਾਨ ਮੰਤਰੀ ਦੀ ਸਿਫ਼ਾਰਸ਼ ਤੇ ਨਿਯੁਕਤ ਕਰ ਸਕਦਾ ਹੈ। ਗਿਆਨੀ ਜ਼ੈਲ ਸਿੰਘ ਨੇ ਭੱਟਾਚਾਰੀਆ ਨੂੰ ਅੱਗੋਂ ਦੱਸਿਆ ਕਿ ‘‘ਮੈਂ ਮਹਿਸੂਸ ਕੀਤਾ ਕਿ ਪ੍ਰਧਾਨ ਮੰਤਰੀ ਉਸ ਨੂੰ ਹੀ ਬਣਾਉਣਾ ਚਾਹੀਦਾ, ਜਿਸ ਨੇਤਾ ਨੂੰ ਲੋਕ ਸਭਾ ਵਿੱਚ ਬਹੁਮਤ ਹੋਵੇ।’’ ਫਿਰ ਉਨ੍ਹਾਂ ਕਿਹਾ ਕਿ ‘ਇੰਦਰਾ ਗਾਂਧੀ ਸੰਜੇ ਗਾਂਧੀ ਨੂੰ ਆਪਣਾ ਉਤਰ ਅਧਿਕਾਰੀ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਸੰਜੇ ਗਾਂਧੀ ਦੀ ਏਅਰ ਕਰੈਸ਼ ਵਿੱਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਰਾਜੀਵ ਗਾਂਧੀ ਨੂੰ ਪਾਇਲਟ ਦੀ ਨੌਕਰੀ ਛੁਡਵਾ ਕੇ ਸਿਆਸਤ ਵਿੱਚ ਲਿਆਂਦਾ ਸੀ। ਇੰਦਰਾ ਗਾਂਧੀ ਦੀ ਕਿਰਪਾ ਨਾਲ ਹੀ ਮੈਂ (ਗਿਆਨੀ ਜ਼ੈਲ ਸਿੰਘ) ਰਾਸ਼ਟਰਪਤੀ ਬਣਿਆ ਹਾਂ, ਇਸ ਲਈ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਠੀਕ ਰਹੇਗਾ’। ਰਾਸ਼ਟਰਪਤੀ ਨੇ ਆਪਣੇ ਸਕੱਤਰ ਨੂੰ ਜਹਾਜ ਵਿੱਚੋਂ ਹੀ ਰਾਜੀਵ ਗਾਂਧੀ ਨਾਲ ਗੱਲ ਕਰਵਾਉਣ ਲਈ ਕਿਹਾ। ਸਕੱਤਰ ਨੇ ਸਲਾਹ ਦਿੱਤੀ ਕਿ ਜਹਾਜ ਵਿੱਚੋਂ ਰੇਡੀਓ ਟਰਾਂਸਮਿਸ਼ਨ ਤੇ ਗੱਲ ਕਰਨੀ ਠੀਕ ਨਹੀਂ ਕਿਉਂਕਿ ਗੱਲ ਪਾਕਿਸਤਾਨ ਵਿੱਚ ਲੀਕ ਹੋ ਸਕਦੀ ਹੈ। ਗਿਆਨੀ ਜ਼ੈਲ ਸਿੰਘ ਦਿੱਲੀ ਏਅਰਪੋਰਟ ਤੋਂ ਸਿੱਧੇ ਆਲ ਇੰਡੀਆ ਮੈਡੀਕਲ ਇਨਸਟੀਚਿਊਟ ਵਿੱਚ ਗਏ, ਜਿਥੇ ਇੰਦਰਾ ਗਾਂਧੀ ਦੀ ਮਿ੍ਰਤਕ ਦੇਹ ਪਈ ਸੀ। ਰਸਤੇ ਵਿੱਚ ਅਤੇ ਆਲ ਇੰਡੀਆ ਇਨਸਟੀਚਿਊਟ ਵਿੱਚ ਰਾਸ਼ਟਰਪਤੀ ਦੀ ਕਾਫ਼ਲੇ ਤੇ ਹਮਲਾ ਵੀ ਹੋਇਆ ਸੀ। ਆਲ ਇੰਡੀਆ ਇਨਸਟੀਚਿਊਟ ਵਿੱਚ ਜਦੋਂ ਗਿਆਨੀ ਜ਼ੈਲ ਸਿੰਘ ਪਹੁੰਚੇ ਤਾਂ ਰਾਜੀਵ ਗਾਂਧੀ ਉਥੇ ਮੌਜੂਦ ਸਨ। ਗਿਆਨੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਦੇ ਮੋਢੇ ‘ਤੇ ਹੱਥ ਰੱਖਿਆ ਅਤੇ ਅਫ਼ਸੋਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਆ ਕੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਲਈ ਕਿਹਾ। ਪ੍ਰੋਟੋਕੋਲ ਅਤੇ ਸਥਾਪਤ ਪਰੰਪਰਾਵਾਂ ਅਨੁਸਾਰ ਜਿਵੇਂ ਪਹਿਲਾਂ 1964 ਵਿੱਚ ਪੰਡਤ ਜਵਾਹਰ ਲਾਲ ਨਹਿਰੂ ਅਤੇ 1966 ਵਿੱਚ ਲਾਲ ਬਹਾਦਰ ਸ਼ਾਸ਼ਤਰੀ ਦੀਆਂ ਮੌਤਾਂ ਤੋਂ ਬਾਅਦ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੰਤਰੀ ਗੁਲਜ਼ਾਰੀ ਲਾਲ ਨੰਦਾ ਨੂੰ ਕੰਮ ਚਲਾਊ ਪ੍ਰਧਾਨ ਮੰਤਰੀ ਦੀ ਸਹੁੰ ਚੁਕਵਾਈ ਗਈ ਸੀ। ਉਸੇ ਤਰ੍ਹਾਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਮੰਤਰੀ ਮੰਡਲ ਵਿੱਚ ਸਭ ਤੋਂ ਸੀਨੀਅਰ ਮੰਤਰੀ ਪ੍ਰਣਾਬ ਮੁਕਰਜੀ ਸਨ। ਇਸ ਲਈ ਉਨ੍ਹਾਂ ਨੂੰ ਸਹੁੰ ਚੁਕਾਉਣੀ ਬਣਦੀ ਸੀ। ਪ੍ਰੰਤੂ ਗਿਆਨੀ ਜ਼ੈਲ ਸਿੰਘ ਨੇ ਰਾਜੀਵ ਗਾਂਧੀ ਨੂੰ ਸਹੁੰ ਚੁੱਕਾ ਦਿੱਤੀ ਸੀ।

ਗਿਆਨੀ ਜ਼ੈਲ ਸਿੰਘ ਸੰਜੇ ਗਾਂਧੀ ਨੂੰ ਆਪਣਾ ਰਹਿਨੁਮਾ ਕਹਿੰਦੇ ਸਨ ਕਿਉਂਕਿ ਹੁਸ਼ਿਆਰਪੁਰ ਦੀ ਉਪ ਚੋਣ ਜਿੱਤਣ ਤੋਂ ਤੁਰੰਤ ਬਾਅਦ ਗਿਆਨੀ ਜ਼ੈਲ ਸਿੰਘ ਨੂੰ ਭਾਰਤ ਦਾ ਗ੍ਰਹਿ ਮੰਤਰੀ ਬਣਵਾ ਦਿੱਤਾ ਸੀ। ਜਦੋਂ ਗਿਆਨੀ ਜ਼ੈਲ ਸਿੰਘ ਨੂੰ ਕਾਂਗਰਸ ਪਾਰਟੀ ਨੇ ਰਾਸ਼ਟਰਪਤੀ ਦਾ ਉਮੀਦਵਾਰ ਬਣਾਇਆ ਸੀ ਤਾਂ ਗਿਆਨੀ ਜ਼ੈਲ ਸਿੰਘ ਉਦੋਂ ਭਾਰਤ ਦੇ ਗ੍ਰਹਿ ਮੰਤਰੀ ਸਨ। ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਦੇ ਹੁੰਦਿਆਂ ਲਗਪਗ ਢਾਈ ਸਾਲ ਗਿਆਨੀ ਜ਼ੈਲ ਸਿੰਘ ਰਾਸ਼ਟਰਪਤੀ ਰਹੇ। ਇਕ ਪਰੰਪਰਾ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਚਲੀ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਭਵਨ ਜਾ ਕੇ ਸਰਕਾਰ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਹੈ। ਪ੍ਰੰਤੂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਰਾਸ਼ਟਰਪਤੀ ਨੂੰ ਕਦੀਂ ਵੀ ਰਾਸ਼ਟਰਪਤੀ ਭਵਨ ਜਾ ਕੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਨਹੀਂ ਦਿੱਤੀ। ਇਥੋਂ ਤੱਕ ਕਿ ਕਦੀਂ ਕੋਈ ਮੰਤਰੀ ਵੀ ਨਹੀਂ ਭੇਜਿਆ। ਇਸ ਦੇ ਉਲਟ ਇਕ ਕੇਂਦਰੀ ਮੰਤਰੀ ਰਾਸ਼ਟਰਪਤੀ ਬਾਰੇ ਗ਼ਲਤ ਬਿਆਨੀ ਕਰਦਾ ਰਿਹਾ। ਹਾਲਾਂ ਕਿ ਰਾਜੀਵ ਗਾਂਧੀ ਨੂੰ ਪਤਾ ਸੀ ਕਿ ਰਾਸ਼ਟਰਪਤੀ ਕੋਲ ਅਸੀਮ ਸ਼ਕਤੀਆਂ ਹਨ। ਦੋਹਾਂ ਦਰਮਿਆਨ ਸੰਬੰਧ ਐਸੇ ਵਿਗੜੇ ਕਿ ਜਦੋਂ 1986 ਵਿੱਚ ਸੰਵਿਧਾਨ ਦੀ ਧਾਰਾ 74 ਵਿੱਚ ਤਬਦੀਲੀ ਕਰਕੇ ਸੰਵਿਧਾਨ  ਸੋਧ ਬਿਲ  42 ਅਤੇ 44 ਕੇਂਦਰ ਸਰਕਾਰ ਨੇ ਦੋਹਾਂ ਸਦਨਾ ਵਿੱਚ ‘ਪੋਸਟਲ ਬਿਲ’ ਜਿਸ ਵਿੱਚ ਡਾਕ ਖੋਲ੍ਹ ਕੇ ਪੜ੍ਹਨ ਦਾ ਅਧਿਕਾਰ ਸਰਕਾਰ ਨੂੰ ਦੇਣਾ ਸੀ, ਪਾਸ ਕਰਕੇ ਰਾਸ਼ਟਰਪਤੀ ਕੋਲ ਪ੍ਰਵਾਨਗੀ ਲਈ ਭੇਜਿਆ ਤਾਂ ਗਿਆਨੀ ਜ਼ੈਲ ਸਿੰਘ ਨੇ ਪ੍ਰਵਾਨ ਤਾਂ ਕੀ ਕਰਨਾ ਸੀ, ਬਿਲ ਵਾਪਸ ਵੀ ਨਹੀਂ ਕੀਤਾ ਸੀ।  ਮੁੜਕੇ ਉਹ ਬਿਲ ਕਾਨੂੰਨ ਹੀ ਨਹੀਂ ਬਣ ਸਕਿਆ। ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਦੂਜਾ ਗਿਆਨੀ ਜ਼ੈਲ ਸਿੰਘ ਦਾ ਸਖ਼ਤ ਕਦਮ ਇਹ ਸੀ ਕਿ 1983 ਵਿੱਚ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀ ਵਿੱਚ ਚੋਣ ਵਿੱਚ ਤੇਲਗੂ ਦੇਸ਼ਮ ਪਾਰਟੀ ਦੇ ਐਨ.ਟੀ.ਰਾਮਾ.ਰਾਓ ਕਾਂਗਰਸ ਪਾਰਟੀ ਨੂੰ ਹਰਾ ਕੇ ਭਾਰੀ ਬਹੁਮਤ ਨਾਲ ਜਿੱਤਕੇ ਮੁੱਖ ਮੰਤਰੀ ਬਣ ਗਏ ਸੀ। ਉਸ ਤੋਂ ਕਾਫੀ ਸਮਾਂ ਬਾਅਦ ਉਹ ਅਮਰੀਕਾ ਵਿੱਚ ਇਲਾਜ਼ ਕਰਵਾਉਣ ਲਈ ਚਲੇ ਗਏ। ਕਾਂਗਰਸ ਪਾਰਟੀ ਨੇ ਰਾਜਪਾਲ ਰਾਮ ਲਾਲ ਠਾਕੁਰ ‘ਤੇ ਪ੍ਰਭਾਵ ਪਾ ਕੇ ਰਾਮਾ.ਰਾਓ ਮੰਤਰੀ ਮੰਡਲ ਦੇ ਵਿਤ ਮੰਤਰੀ ਐਨ.ਭਾਸਕਰ ਰਾਓ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਵਾ ਦਿੱਤੀੇ।  ਐਨ.ਟੀ.ਰਾਮਾਰਾਓ ਜਦੋਂ ਇਲਾਜ਼ ਕਰਵਾ ਕੇ ਵਾਪਸ ਆਏ ਤਾਂ ਉਹ ਇਸ ਸੰਵਿਧਾਨਿਕ ਧੱਕੇ ਦੇ ਵਿਰੁੱਧ ਗਿਆਨੀ ਜ਼ੈਲ ਸਿੰਘ ਕੋਲ 160 ਵਿਧਾਇਕ ਲੈ ਕੇ ਰਾਸ਼ਟਰਪਤੀ ਭਵਨ ਪਹੁੰਚ ਗਏ। ਰਾਸ਼ਟਰਪਤੀ ਦਫ਼ਤਰ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਦਫਤਰ ਫ਼ੋਨ ਕਰਕੇ ਆਪਣਾ ਪ੍ਰਤੀਨਿਧ ਭੇਜਣ ਲਈ ਕਿਹਾ। ਪ੍ਰਧਾਨ ਮੰਤਰੀ ਦੇ ਪ੍ਰਤੀ ਨਿਧ ਦੇ ਸਾਹਮਣੇ ਸਾਰੇ ਵਿਧਾਨਕਾਰਾਂ ਦੀ ਪ੍ਰੇਡ ਹੋਈ ਅਤੇ ਸ਼ਨਾਖ਼ਤੀ ਕਾਰਡ ਵਿਖਾਏ ਗਏ। ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਲਿਖਕੇ ਭੇਜ ਦਿੱਤਾ ਕਿ ਰਾਜਪਾਲ ਆਪਣਾ ਫ਼ੈਸਲਾ ਬਦਲ ਦਵੇ। ਰਾਜਪਾਲ ਨੇ ਆਪਣਾ ਫ਼ੈਸਲਾ ਬਦਲਕੇ ਐਨ.ਟੀ.ਰਾਮਾ.ਰਾਓ ਨੂੰ ਦੁਬਾਰਾ ਮੁੱਖ ਮੰਤਰੀ ਦੀ ਸਹੁੰ ਚੁਕਵਾਈ। ਗਿਆਨੀ ਜ਼ੈਲ ਸਿੰਘ ਨੇ ਰਾਜਪਾਲ ਨੂੰ ਬਰਖਾਸਤ ਕਰਨ ਦੇ ਹੁਕਮ ਵੀ ਕਰ ਦਿੱਤੇ। ਨਵਾਂ ਰਾਜਪਾਲ ਏ.ਪੀ.ਕੁਮੁਦਬੇਨ.ਜੋਸ਼ੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਰਾਜ ਦੀ ਸਿਆਸਤ ਵਿੱਚ ਦਖ਼ਅੰਦਾਜ਼ੀ ਨਾ ਕਰੇ। ਸ਼੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਲੋਕ ਸਭਾ ਦੀਆਂ ਆਮ ਚੋਣਾ ਹੋਈਆਂ  ਕਾਂਗਰਸ ਪਾਰਟੀ ਨੂੰ 400 ਤੋਂ ਵਧੇਰੇ ਸੀਟਾਂ ਤੇ ਜਿੱਤ ਪ੍ਰਾਪਤ ਹੋਈ, ਜਿਸਨੇ ਰਾਸ਼ਟਰਪਤੀ ਨਾਲ ਸੰਬੰਧਾਂ ਵਿੱਚ ਹੋਰ ਖਟਾਸ ਵਧਾ ਦਿੱਤੀ।

ਇਸ ਤੋਂ ਬਾਅਦ ਰਾਜੀਵ ਗਾਂਧੀ ਸਰਕਾਰ ਨੇ ਗਿਆਨੀ ਜ਼ੈਲ ਸਿੰਘ ਨੂੰ ਵਿਦੇਸ਼ ਦੌਰਿਆਂ ‘ਤੇ ਭੇਜਣ ਦੀ ਥਾਂ ਉਪ ਰਾਸ਼ਟਰਪਤੀ ਆਰ.ਵੈਂਕਟਾਰਤਨਮ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਗਿਆਨੀ ਜ਼ੈਲ ਸਿੰਘ ਆਪਣੀ 5 ਸਾਲ 1982-87 ਦੀ ਟਰਮ ਵਿੱਚ ਸਿਰਫ 4 ਦੇਸ਼ਾਂ ਦੇ ਦੌਰੇ ‘ਤੇ ਗਏ ਸਨ। ਰਾਸ਼ਟਰਪਤੀ ਨੂੰ ਕੀਤੀ ਜਾਂਦੀ ਰਵਾਇਤੀ ਬਰੀਫਿੰਗ ਬੰਦ ਕਰ ਦਿੱਤੀ। ਰਾਸ਼ਟਰਪਤੀ ਭਵਨ ਵਿੱਚ ਜਿਹੜੇ ਦਰਬਾਰ ਹੁੰਦੇ ਸਨ, ਉਹ ਬੰਦ ਕਰਵਾ ਦਿੱਤੇ ਗਏ। ਰਾਸ਼ਟਰਪਤੀ ਭਵਨ ਦੇ ਸਾਰੇ ਟੈਲੀਫ਼ੋਨ ਦੀ ਟੇਪਿੰਗ ਸ਼ੁਰੂ ਕਰ ਦਿੱਤੀ ਗਈ। ਰਾਸ਼ਟਰਪਤੀ ਨੂੰ ਮਿਲਣ ਵਾਲੇ ਸਾਰੇ ਵਿਅਕਤੀਆਂ ਤੇ ਨਜ਼ਰਸਾਨੀ ਕੀਤੀ ਜਾਣ ਲੱਗ ਪਈ। ਜਦੋਂ ਗਿਆਨੀ ਜੀ ਨੇ ਕਿਸੇ ਨਾਲ ਗੱਲ ਕਰਨੀ ਹੁੰਦੀ ਤਾਂ ਮੁਗਲ ਗਾਰਡਨ ਵਿੱਚ ਸੈਰ ਕਰਦਿਆਂ ਗੱਲ ਕਰਦੇ ਸਨ ਕਿਉਂਕਿ ਕਮਰਿਆਂ ਵਿੱਚ ਅਜਿਹੇ ਯੰਤਰ ਲਗਾਏ ਸਨ ਜਿਨ੍ਹਾਂ ਰਾਹੀਂ ਗੱਲਬਾਤ ਸੁਣੀ ਜਾਂਦੀ ਸੀ। ਗਿਆਨਂ ਜੀ ਨੇ ਇਕ ਵਿਜਟਰ ਨੂੰ ਇਸ ਨਜ਼ਰਸਾਨੀ ਬਾਰੇ ਪਾਕਿਸਤਾਨ ਦੇ ਇਕ ਸ਼ਾਇਰ ਉਸਤਾਦ ਦਾਮਨ ਦਾ ਸ਼ਿਅਰ ਵਿਅੰਗ ਨਾਲ ਸੁਣਾਇਆ ਸੀ-

‘‘ਅੰਦਰ ਮੌਜਾਂ ਹੀ ਮੌਜਾਂ, ਬਾਹਰ ਫ਼ੌਜਾਂ ਹੀ ਫ਼ੌਜਾਂ’’

ਇਥੋਂ ਤੱਕ ਕਿ ਚੀਫ਼ ਆਫ਼ ਆਰਮੀ ਸਟਾਫ ਕੇ ਸੁੰਦਰਜੀ ਰਾਸ਼ਟਰਪਤੀ ਨੂੰ ਕਮਾਂਡਰ ਇਨ ਚੀਫ ਲਿਖਣ ਦੀ ਥਾਂ ਡੀਅਰ ਪ੍ਰੈਜੀਡੈਂਟ ਲਿਖਣ ਲੱਗ ਪਏ। ਗਿਆਨੀ ਜ਼ੈਲ ਸਿੰਘ ਇਕ ਕਿਸਮ ਨਾਲ ‘ਪਿੰਜਰੇ ਵਿੱਚ ਤੋਤਾ’ ਬਣਕੇ ਰਹਿ ਗਏ।

ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਤੋਂ ਗਿਆਨੀ ਜ਼ੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਕਿ ਹਰਿਮੰਦਰ ਸਾਹਿਬ ਵਿੱਚ ਫ਼ੌਜਾਂ ਭੇਜਣ ਲਈ ਤੁਹਾਨੂੰ ਸਿੱਖ ਪੰਥ ਵਿੱਚੋਂ ਕਿਉਂ ਨਾ ਕੱਢਿਆ ਜਾਵੇ? ਗਿਆਨੀ ਜ਼ੈਲ ਸਿੰਘ ਨੇ ਆਪਣੇ ਪ੍ਰੈਸ ਸਕੱਤਰ ਤਰਲੋਚਨ ਸਿੰਘ ਰਾਹੀਂ ਜਵਾਬ ਭੇਜਕੇ ਜਥੇਦਾਰ ਸਾਹਿਬਾਨ ਨੂੰ ਸੰਤੁਸ਼ਟ ਕਰਵਾਇਆ, ਜਿਸ ਕਰਕੇ ਪੰਥ ਵਿੱਚੋਂ ਛੇਕਣ ਦੀ ਸਮੱਸਿਆ ਖ਼ਤਮ ਹੋਈ। ਗਿਆਨੀ ਜ਼ੈਲ ਸਿੰਘ ਨੇ ਆਪਣੇ ਹਮਦਰਦਾਂ ਨੂੰ ਦੱਸਿਆ ਸੀ ਕਿ ਜੇਕਰ ਉਹ ਅਸਤੀਫ਼ਾ ਦੇ ਦਿੰਦੇ ਤਾਂ ਸਿੱਖਾਂ ਲਈ ਹੋਰ ਖ਼ਤਰਾ ਪੈਦਾ ਹੋ ਜਾਣਾ ਸੀ। ਹੋ ਸਕਦਾ ਘੁਮੰਡੀ ਸਰਕਾਰ ਹੋਰ ਕਤਲੇਆਮ ਕਰਵਾ ਦਿੰਦੀ ਕਿਉਂਕਿ ਬਹੁਤ ਸਾਰੇ ਸਿੱਖ ਪੰਜਾਬ ਤੋਂ ਬਾਹਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਕਾਰੋਬਾਰ ਵੀ ਖ਼ਤਮ ਹੋ ਜਾਂਦੇ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>