‘ਪੰਜਾਬੀ ਕਹਾਣੀਕਾਰ ਡਾ.ਤੇਜਵੰਤ ਮਾਨ’ ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ : ਉਜਾਗਰ ਸਿੰਘ

IMG_0433.resizedਡਾ.ਸਤਿੰਦਰ ਕੌਰ ਮਾਨ ਦੁਆਰਾ ਸੰਪਾਦਿਤ ਪੁਸਤਕ ‘ਪੰਜਾਬੀ ਕਹਾਣੀਕਾਰ ਡਾ.ਤੇਜਵੰਤ ਮਾਨ’  ਵਿੱਚ 36 ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਦੀਆਂ ਕਹਾਣੀਆਂ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬੀ ਦੇ ਸਿਰਮੌਰ 33 ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਦੀਆਂ ਕਹਾਣੀਆਂ ਬਾਰੇ ਲਿਖੀਆਂ ਚਿੱਠੀਆਂ ਦੀਆਂ ਟਿਪਣੀਆਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇੱਕ ਸਪੁੱਤਰੀ ਵੱਲੋਂ ਆਪਣੇ ਪਿਤਾ ਦੀਆਂ ਕਹਾਣੀਆਂ ਪ੍ਰਤੀ ਸਾਹਿਤਕਾਰਾਂ ਦੀਆਂ ਪ੍ਰਤੀਕਿ੍ਰਆਵਾਂ ਦੇ ਕੇ ਸਾਹਿਤਕ ਜਗਤ ਨੂੰ ਪੜਚੋਲ ਕਰਨ ਦਾ ਮੌਕਾ ਦਿੱਤਾ ਹੈ। ਇਸ ਪੁਸਤਕ ਵਿੱਚ ਬਹੁਤੇ ਸਾਹਿਤਕਾਰਾਂ ਨੇ ਤੇਜਵੰਤ ਮਾਨ ਦੇ ਪੰਜਾ ਕਹਾਣੀ ਸੰਗ੍ਰਹਿ ਵਿੱਚੋਂ ਤਿੰਨ ਕਹਾਣੀ ਸੰਗ੍ਰਹਿ, ‘ਪਾਗਲ ਔਰਤ ਸਭਿਅ ਆਦਮੀ’, ‘ਆਧੁਨਿਕ ਦੰਦ ਕਥਾ’ ਅਤੇ ‘ਸਾਬਣਦਾਨੀ’ ਬਾਰੇ ਹੀ ਆਪਣੇ ਵਿਚਾਰ ਦਿੱਤੇ ਹਨ। ਮੁੱਖ ਤੌਰ ‘ਤੇ ਤੇਜਵੰਤ ਮਾਨ ਲੋਕ ਨਾਇਕ ਕਹਾਣੀਕਾਰ ਹੈ ਕਿਉਂਕਿ ਉਹ ਅਜਿਹੇ ਲੋਕਾਂ ਦੀ ਗੱਲ ਕਰਦਾ ਹੈ, ਜਿਹੜੇ ਲੋਕਾਂ ਨੂੰ ਸਮਾਜ ਨੇ ਅਣਡਿਠ ਕੀਤਾ ਹੋਇਆ ਹੈ। ਤੇਜਵੰਤ ਮਾਨ ਦੀਆਂ ਕਹਾਣੀਆਂ ਦੀ ਖ਼ੂਬੀ ਹੈ ਕਿ ਸਮਾਜ ਵਿੱਚ ਜਿਹੜੇ ਵਿਤਕਰੇ ਸਰਦੇ ਪੁਜਦੇ ਲੋਕਾਂ ਅਤੇ ਸ਼ਾਸ਼ਤ ਵਰਗ ਵੱਲੋਂ ਹੋ ਰਹੇ ਹਨ, ਉਨ੍ਹਾਂ ਨੂੰ ਹੂ-ਬ-ਹੂ ਲਿਖਣ ਤੋਂ ਗੁਰੇਜ਼ ਨਹੀਂ ਕਰਦਾ। ਭਾਵੇਂ ਕੁਝ ਆਲੋਚਕ ਅਜਿਹੀਆਂ ਘਟਨਾਵਾਂ ਨੂੰ ਸਾਹਿਤ ਹੀ ਨਹੀਂ ਮੰਨਦੇ ਪ੍ਰੰਤੂ ਤੇਜਵੰਤ ਮਾਨ ਬੇਬਾਕੀ ਨਾਲ ਲਿਖਦੇ ਹਨ। ਇਸ ਪੁਸਤਕ ਦੇ ਸ਼ੁਰੂ ਕਵਿਤਾ ਰਾਹੀਂ ਪ੍ਰਸਿੱਧ ਕਵੀ ਰਵਿੰਦਰ ਭੱਠਲ ਨੇ  ‘ਜਿਊਣੇ ਮੌੜ ਦੀ ਰੂਹ’ ਦੇ ਸਿਰਲੇਖ ਹੇਠ ਡਾ.ਤੇਜਵੰਤ ਮਾਨ ਦੇ ਰੇਖਾ ਚਿਤਰ ਰਾਹੀਂ ਦਿ੍ਰਸ਼ਟਾਂਤਿਕ ਦਰਸ਼ਨ ਕਰਵਾ ਦਿੱਤੇ ਹਨ। ਉਨ੍ਹਾਂ ਡਾ.ਮਾਨ ਦੇ ਸਾਰੇ ਗੁਣ ਔਗੁਣ ਲਿਖਕੇ ਕਹਾਣੀ ਲਿਖਣ ਤੋਂ ਕਿਨਾਰਾਕਸ਼ੀ ਕਰਨ ‘ਤੇ ਦੁੱਖ  ਪ੍ਰਗਟ ਕੀਤਾ ਹੈ। ਪੁਸਤਕ ਦੀ ਸੰਪਾਦਕ ਡਾ.ਸਤਿੰਦਰ ਕੌਰ ਮਾਨ ਜੋ ਡਾ.ਤੇਜਵੰਤ ਮਾਨ ਦੀ ਸਪੁੱਤਰੀ ਹੈ, ਨੇ ਉਨ੍ਹਾਂ ਦੇ ਸਖ਼ਤ ਸੁਭਾਅ ਬਾਰੇ ਲਿਖਦਿਆਂ ਉਨ੍ਹਾਂ ਨੂੰ ਕਹਿਣੀ ਅਤੇ ਕਰਨੀ ਦਾ ਮਾਲਕ ਕਿਹਾ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਡਾ.ਤੇਜਵੰਤ ਮਾਨ ਆਪਣੀ ਵਿਚਾਰਧਾਰਾ ਆਪਣੇ ਪਾਤਰਾਂ ਰਾਹੀਂ ਪ੍ਰਗਟਾਉਂਦੇ ਹਨ। ਸੁਖਵਿੰਦਰ ਸੁੱਖੀ ਨੇ ਡਾ.ਤੇਜਵੰਤ ਮਾਨ ਨੂੰ ਮਨੁੱਖੀ ਰਿਸ਼ਤਿਆਂ ਖਾਸ ਤੌਰ ‘ਤੇ ਔਰਤਾਂ ਦੀਆਂ ਤ੍ਰਾਸਦੀਆਂ ਦਾ ਚਿਤੇਰਾ ਕਿਹਾ ਹੈ, ਜੋ ਉਨ੍ਹਾਂ ਦੀਆਂ ਮਾਨਸਿਕ ਲਾਲਸਾਵਾਂ ਨੂੰ ਸੁਚੱਜੇ ਢੰਗ ਨਾਲ ਚਿਤਰ ਦਿੰਦੇ ਹਨ। ਤਰਸੇਮ ਨੇ ‘ਪਾਗਲ ਔਰਤ ਸਭਿਅ ਆਦਮੀ ਕਹਾਣੀ’ ਦੀਆਂ ਪਰਤਾਂ ਖੋਲ੍ਹਦਿਆਂ ਇਸ ਕਹਾਣੀ ਦੀ ਦੁੱਖਦੀ ਰਗ ‘ਤੇ ਹੱਥ ਧਰਦਿਆਂ ਅਮੀਰ ਗ਼ਰੀਬ ਦਾ ਅੰਤਰ, ਅਮੀਰਾਂ ਦੀ ਗ਼ਰੀਬਾਂ ਬਾਰੇ ਮਾਨਸਿਕਤਾ, ਗ਼ਰੀਬ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਅਤੇ ਨਿਰਦੋਸ਼ ਲੋਕਾਂ ਨੂੰ ਸਜਾ ਵਰਗੇ ਮਹੱਤਵਪੂਰਨ ਨੁਕਤਿਆਂ ਦਾ ਵਰਣਨ ਕੀਤਾ ਹੈ। ਇਹ ਕਹਾਣੀ ਸਾਡੇ ਸਮਾਜਿਕ ਤਾਣੇ ਬਾਣੇ ਦੇ ਦਰਦ ਦੀ ਤਰਜਮਾਨੀ ਕਰਦੀ ਹੈ।  ਰਵਿੰਦਰ ਭੱਠਲ ‘ਬਾਗੀ ਮਨੁੱਖ ਦਾ ਹੁੰਗਾਰਾ-ਪਾਗਲ ਔਰਤ ਸਭਿਅ ਆਦਮੀ’ ਸਿਰਲੇਖ ਵਿੱਚ ਲਿਖਦੇ ਹਨ ਕਿ ਤੇਜਵੰਤ ਮਾਨ ਗ਼ਰੀਬ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਇਕ ਸ਼ਬਦ ਜਾਂ ਵਾਕ ਵਿੱਚ ਸਾਰੀ ਕਹਾਣੀ ਦਾ ਸਾਰ ਦੇ ਦਿੰਦਾ ਹੈ। ਗੁਰਸ਼ਰਨ ਸਿੰਘ ‘ਸਫਲ ਪਾਤਰ ਸਿਰਜਣ’ ਸਿਰਲੇਖ ਅਧੀਨ ਲਿਖਦੇ ਹਨ ਕਿ ਕਹਾਣੀਕਾਰ ਕਮਾਲ ਦੇ ਪਾਤਰ ਸਿਰਜਦਾ ਹੈ, ਜਿਹੜੇ ਬਾਗੀ ਮਨੁੱਖ ਦਾ ਹੁੰਗਾਰਾ ਭਰਦੇ ਹਨ। ਡਾ.ਟੀ.ਆਰ.ਵਿਨੋਦ ਨੇ ‘ਕਿਰਤੀ ਵਰਗ ਦੀ ਮਾਨਸਿਕਤਾ’ ਵਿੱਚ ਲਿਖਿਆ ਹੈ ਕਿ ਤੇਜਵੰਤ ਮਾਨ ਕਿਰਤੀ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਅਬਲਾ ਲੋਕਾਂ ਦਾ ਨੁਮਾਇੰਦਾ ਬਣਦਾ ਹੈ।  ਅਬਦੁਲ ਗਫੂਰ ਕੁਰੈਸ਼ੀ ਲਿਖਦੇ ਹਨ ਕਿ ਕਹਾਣੀਕਾਰ ਇਕ ਸਤਰ ਵਿੱਚ ਕਹਾਣੀ ਕਹਿਣ ਦੀ ਕਲਾ ਹੈ। ਸੰਤ ਸਿੰਘ ਸੇਖ਼ੋਂ ਤੇਜਵੰਤ ਮਾਨ ਨੂੰ ਦੇਹ ਰੋਮਾਂਸਵਾਦ ਦਾ ਵਿਰੋਧੀ ਕਹਿੰਦਾ ਹੈ। ਈਸ਼ਰ ਸਿੰਘ ਅਟਾਰੀ ‘ਚੁੱਪ ਅਤੇ ਖਾਮੋਸ਼ ਪਾਤਰਾਂ ਦੀ ਬਗ਼ਾਬਤ’ ਸਿਰਲੇਖ ਵਿੱਚ ਕਹਿੰਦੇ ਹਨ ਕਿ ਡਾ.ਤੇਜਵੰਤ ਮਾਨ ਤਤਕਾਲੀ ਘਟਨਾਵਾਂ ਅਤੇ ਸਥਿਤੀਆਂ ਤਤਕਾਲੀ ਟਿਪਣੀਆਂ, ਚਰਚਾ, ਕਟਾਖ਼ਸ਼ ਅਤੇ ਚੋਟਾਂ ਕੱਸਦਾ ਹੈ। ਓਮ ਪ੍ਰਕਾਸ਼ ਗਾਸੋ ਕਹਾਣੀਕਾਰ ਦੀਆਂ ਕਹਾਣੀਆਂ ਦੀ ਮਰਯਾਦਾ ਸਰਾਪੀ ਹੋਈ ਜ਼ਿੰਦਗੀ ਦੇ ਹੱਕਾਂ ਦੀ ਆਵਾਜ਼ ਬਣਕੇ ਦਲਿਤ ਅਤੇ ਸ਼ੋਸ਼ਤ ਲੋਕਾਂ ਵਾਸਤੇ ਉਪਰਾਲਾ ਕਰਨਾ ਹੈ। ਸੁਰਜੀਤ ਬਰਾੜ ਕਹਿੰਦਾ ਮਾਨ ਆਪਣੇ ਇੱਛਤ ਯਥਾਰਥ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਕਰਨਜੀਤ ਲਿਖਦਾ ਹੈ ਕਿ ਮਾਨ ਆਪਣੀਆਂ ਕਹਾਣੀਆਂ ਵਿੱਚ ਕਾਟਵਾਂ ਵਿਅੰਗ ਮਾਰਦਾ ਹੈ। ਮਾਨ ਦੀ ਸਮਾਜਿਕ ਪਰਿਵਰਤਨ ਲਈ ਤੀਬਰ ਇੱਛਾ ਹੈ। ਕਰਤਾਰ ਸਿੰਘ ਕੰਵਲ ਅਨੁਸਾਰ ਕਹਾਣੀਕਾਰ ਛੋਟੇ ਆਕਾਰ ਵਾਲੀ ਕਹਾਣੀ ਰਾਹੀਂ ਵੱਡੀ ਗੱਲ ਕਰ ਜਾਂਦਾ ਹੈ। ਬਘੇਲ ਸਿੰਘ ਬੱਲ ਕਹਿੰਦਾ ਮਾਨ ਦਾ ਦਿ੍ਰਸ਼ਟੀਕੋਣ ਸਮਾਜਿਕ-ਯਥਾਰਥਵਾਦੀ ਹੈ। ਜਗਜੀਤ ਸਿੰਘ ਛਾਬੜਾ ਨੇ ਕਿਹਾ ਹੈ ਕਿ ਤੇਜਵੰਤ ਮਾਨ ਨੇ ਮਿੰਨੀ ਕਹਾਣੀ ਦੀ ਨਵੀਂ ਟਕਨੀਕ ਅਪਣਾਈ ਹੈ। ਉਸ ਦੀਆਂ ਕਹਾਣੀਆਂ ਦੀ ਸਫਲਤਾ ਅਨੁਭਵ ਦੇ ਸੰਘਣੇ-ਪਣ ਅਤੇ ਤੀਬਰਤਾ ਕਰਕੇ ਹੈ। ਲੇਖਕ ਸਮਾਜਵਾਦੀ ਯਥਾਰਥ ਨੂੰ ਪੇਸ਼ ਕਰਦਾ ਹੈ। ਉਸ ਦੀ ਨੀਝ ਤਿੱਖੀ ਹੈ, ਜਿਸ ਕਰਕੇ ਕੌੜੇ ਯਥਾਰਥ ਦਾ ਡੂੰਘਾ ਅਧਿਐਨ ਪੇਸ਼ ਕਰਦਾ ਹੈ। ਪ੍ਰੋ.ਜੋਗਾ ਸਿੰਘ ਉਸ ਦੀਆਂ ਕਹਾਣੀਆਂ ਨੂੰ ਸਮਾਜਿਕ ਵਰਤਾਰਾ ਕਹਿੰਦਾ ਹੈ। ਮੁਖਤਾਰ ਗਿੱਲ ਤੇਜਵੰਤ ਮਾਨ ਦੀ ਕਲਮ ਨੂੰ ਜਾਨਦਾਰ ਮੰਨਦਾ ਹੈ। ਉਸ ਨੇ ਬਲਵਾਨ ਕਹਾਣੀਆਂ ਲਿਖਣ ਦੀ ਪਿਰਤ ਪਾਈ ਹੈ। ਸੁਰਜੀਤ ਸਿੰਘ ਸੇਠੀ ਤੇਜਵੰਤ ਮਾਨ ਨੂੰ ਕਰੂਡ ਅਤੇ ਲਾਊਡ ਡੰਗ ਮਾਰਨ ਵਾਲਾ ਕਹਾਣੀਕਾਰ ਕਹਿੰਦਾ ਹੈ। ਡਾ.ਪ੍ਰੀਤਮ ਸੈਨੀ ਕਹਾਣੀਕਾਰ ਨੂੰ ਮੱਧ ਸ਼੍ਰੇਣੀ ਦੇ ਹਾਸੋਹੀਣੇ ਚਿਤਰ ਪੇਸ਼ ਕਰਨ ਦੇ ਨਾਲ ਨੀਵੀਂ ਸ਼੍ਰੇਣੀ ਦੇ ਜੀਵਨ ਵਲ ਕਰੁਣਾਮਈ ਸੰਕੇਤ ਕਰਦਾ ਹੈ। ਗੁਰਮੁਖ ਸਿੰਘ ਜੀਤ ਉਸ ਨੂੰ ਪ੍ਰਗਤੀਵਾਦ ਕਹਾਣੀਕਾਰ ਕਹਿੰਦਾ ਹੈ। ਡਾ.ਭਗਤ ਸਿੰਘ ਬੇਦੀ ਅਨੁਸਾਰ ਕਹਾਣੀਕਾਰ ਦੀਆਂ ਕਹਾਣੀਆਂ ਦੇ ਪਾਤਰ ਸਰਮਾਏਦਾਰਾਂ ਦੀਆਂ ਤਥਾ ਕਥਿਤ ਜੀਵਨ ਜਿਓਣ ਦੀਆਂ ਸ਼ਰਤਾਂ ਵਿਰੁਧ ਬਗਾਬਤ ਕਰਦੇ ਹਨ। ਡਾ.ਜੋਗਿੰਦਰ ਸਿੰਘ ਨਿਰਾਲਾ ਅਨੁਸਾਰ ਤੇਜਵੰਤ ਮਾਨ ਨੇ ਪੰਜਾਬੀ ਕਹਾਣੀ ਦੀ ਆਤਮਾ ਨੂੰ ਪਹਿਚਾਨ ਕੇ ਇਸ ਦੇ ਨਵੇਂ ਨਿਸ਼ਾਨੇ ਘੜਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀਆਂ ਕਹਾਣੀਆਂ ਤਤਕਾਲੀਨ ਸਮੇਂ ਦਾ ਯਥਾਰਥ ਤੇ ਆਲੋਚਨਾਤਮਿਕ ਦਸਤਾਵੇਜ਼ ਹੋ ਨਿਬੜੀਆਂ ਹਨ। ਉਹ ਸਮਾਜ ਦੀਆਂ ਤੰਦਰੁਸਤ, ਅਗਾਂਹਵਧੂ ਤੇ ਮਾਨਵ-ਹਿਤੈਸ਼ੀ ਕਦਰਾਂ ਕੀਮਤਾਂ ਨੂੰ ਸਮਰਪਤ ਲੇਖਕ ਹੈ। ਰਵਿੰਦਰ ਸੰਧੂ ਤੇਜਵੰਤ ਮਾਨ ਦਾ ਅੰਦਾਜ਼ ਦਿ੍ਰੜ੍ਹ ਸੰਕਲਪੀ ਅਤੇ ਨਿਸ਼ਚੇਵਾਦ ਰੁਝਾਨ ਵਾਲਾ ਕਹਿੰਦਾ ਹੈ। ਉਹ ਬੇਖ਼ੌਫ਼ ਹੋ ਕੇ ਕਹਾਣੀਆਂ ਲਿਖਦਾ ਹੈ। ਉਹ ਚੇਤਨ ਤੇ ਸੰਵੇਦਨਸ਼ੀਲ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਦੀ ਬੋਲੀ ਸਰਲ ਅਤੇ ਸਪਸ਼ਟ ਹੁੰਦੀ ਹੈ। ਨਿਰੰਜਣ ਬੋਹਾ ਤੇਜਵੰਤ ਮਾਨ ਦੀਆਂ ਕਹਾਣੀਆਂ  ਮਨੁੱਖ ਨੂੰ ਆਪਣੇ ਅੰਦਰਲੀ ਸਦੀਵੀ ਜੁਝਾਰੂ ਸ਼ਕਤੀ ਦਾ ਅਹਿਸਾਸ ਕਰਵਾਉਣ ਵਾਲੀਆਂ ਕਹਿੰਦਾ ਹੈ। ਉਹ ਇਹ ਸਿੱਧ ਕਰਨ ਵਿੱਚ ਸਫਲ ਰਿਹਾ ਹੈ ਕਿ ਉਸ ਦੀਆਂ ਕਹਾਣੀਆਂ ਦੀ ਸਾਰਥਿਕਤਾ ਤੇ ਪ੍ਰਸੰਗਿਤਾ ਆਪਣੇ ਰਚਨਾ ਕਾਲ ਦੇ ਸਮੇਂ ਵਾਂਗ ਅੱਜ ਵੀ ਬਰਕਰਾਰ ਹੈ। ਤੀਰਥ ਸਿੰਘ ਢਿਲੋਂ ਤੇਜਵੰਤ ਮਾਨ ਨੂੰ ਸਮਾਜਿਕ ਦੰਭਾਂ, ਅਡੰਬਰਾਂ, ਜੁੱਗਰਦੀ ਤੇ ਦੋਗਲੇਪਨ ਦੇ ਪੜਛੇ ਉਧੇੜਨ ਵਾਲਾ ਕਹਾਣੀਕਾਰ ਕਹਿੰਦਾ ਹੈ। ਹਰਨੇਕ ਸਿੰਘ ਕੋਮਲ ਉਸ ਨੂੰ ਵੰਨ ਸੁਵੰਨੇ ਵਿਸ਼ਿਆਂ ਦਾ ਕਹਾਣੀਕਾਰ ਮੰਨਦੇ ਹਨ। ਉਸ ਕੋਲ ਨਵੀਂ ਤਕਨੀਕ ਦੀ ਨਿਪੁੰਨਤਾ ਅਤੇ ਅਧੁਨਿਕ ਭਾਵ-ਬੋਧ ਦੀ ਸੂਝ ਸਭ ਤੋਂ ਵੱਧ ਹੈ। ਸੁਰਿੰਦਰ ਕੈਲੇ ਅਨੁਸਾਰ ਤੇਜਵੰਤ ਮਾਨ ਅਗਾਂਹਗਧੂ, ਲੋਕ ਪੱਖੀ ਤੇ ਸਿਆਸਤੀ ਚਾਲਾਂ ਤੋਂ ਸੁਚੇਤ ਬੁੱਧੀਜੀਵੀ ਲੇਖਕ ਹੈ। ਸੰਪਾਦਕ ਨੇ ਇਸ ਪੁਸਤਕ ਵਿੱਚ ਵੱਖ-ਵੱਖ ਸਮੇਂ ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਨੂੰ ਲਿਖੀਆਂ ਚਿੱਠੀਆਂ ਵੀ ਸ਼ਾਮਲ ਕੀਤੀਆਂ ਹਨ। ਪਹਿਲੀ ਸੱਟੇ ਇਹ ਚਿੱਠੀਆਂ ਫਾਲਤੂ ਲੱਗਦੀਆਂ ਹਨ ਪ੍ਰੰਤੂ ਜੇਕਰ ਨੀਝ ਨਾਲ ਵਾਚਿਆ ਜਾਵੇ ਤਾਂ ਇਹ ਚਿੱਠੀਆਂ ਬਹੁਤ ਹੀ ਸਾਰਥਿਕ ਹਨ ਕਿਉਂਕਿ ਕਈ ਵਾਰ ਸਾਹਿਤਕਾਰ ਆਪਣੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿੱਚ ਵੱਡੀ ਗੱਲ ਕਹਿਣ ਵਿੱਚ ਵਿਸ਼ਵਾਸ਼ ਰੱਖਦੇ ਹੁੰਦੇ ਹਨ। ਕਈ ਵਾਰ ਵੱਡੇ ਸਾਹਿਤਕਾਰਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ। ਫਿਰ ਉਹ ਚਿੱਠੀਆਂ ਲਿਖਕੇ ਹੀ ਆਪਣੀ ਰਾਇ ਭੇਜ ਦਿੰਦੇ ਹਨ। ਇਹ ਚਿੱਠੀਆਂ ਇਸ ਪੁਸਤਕ  ਰਾਹੀਂ ਇਤਿਹਾਸ ਦਾ ਹਿੱਸਾ ਬਣ ਗਈਆਂ ਹਨ।

119 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>