ਇਤਿਹਾਸ ਦੇ ਪੰਨਿਆ ਤੋਂ ਇਕ ਨਾ ਭੁਲਣ ਵਾਲਾ ਮਹਾਨ ਜਰਨੈਲ- ਬਾਬਾ ਬੰਦਾ ਸਿੰਘ ਬਹਾਦਰ

ਕਲਗੀਧਰ ਪਾਤਿਸ਼ਹਾ ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ,  ਨਿਤਾਣਿਆ,  ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ  ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ  ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ। ਆਪਣੇ ਅੰਤਿਮ ਸਮੇ ਵਿਚ  ਇਸ ਮਿਸ਼ਨ  ਨੂੰ ਜਾਰੀ ਰਖਣ ਲਈ ਉਨਾ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਬਹਾਦਰ ਸਿੰਘ ਨੂੰ ਧਾਪੜਾ  ਦੇਕੇ ਪੰਜਾਬ ਵਲ ਨੂੰ ਤੋਰਿਆ ਜਿਸਨੇ ਹਕੂਮਤ ਵਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ ਲਾਮਬੰਧ ਕਰਕੇ ਬੜੇ ਥੋੜੇ ਸਮੇ ਵਿਚ ਹੀ  ਸਿਖ ਇਤਿਹਾਸ ਵਿਚ ਪਹਿਲੀ ਵਾਰੀ ਖਾਲਸਾ ਰਾਜ ਸਥਾਪਤ ਕੀਤਾ।  ਗੁਰੂ ਗੋਬਿੰਦ ਸਿੰਘ ਵਲੋਂ  ਦਬੀ ਕੁਚਲੀ, ਸਤਹੀਣ,  ਨਿਰਾਸ਼ ਜਨਤਾ ਨੂੰ  ਉਦਮ,  ਆਤਮ ਸਨਮਾਨ,  ਆਤਮ ਵਿਸ਼ਵਾਸ,  ਝੂਝ ਮਰਨ ਤੇ ਫਤਹਿ ਦੀ ਚੜਦੀ ਕਲਾ ਦਾ ਮੁੜ ਸੁਨੇਹਾ ਦਿਤਾ ਉਦੋਂ ਜਦੋਂ ਕੋਮ ਨਿਰਾਸ਼ ਹੋ ਚੁਕੀ ਸੀ, ਥਕ ਚੁਕੀ ਸੀ ਤੇ ਲਗਪਗ ਖ਼ਤਮ ਹੋ ਚੁਕੀ ਸੀ।

ਬੰਦਾ ਸਿੰਘ ਬਹਾਦਰ ਭਾਰਤੀ ਇਤਿਹਾਸ ਦੇ ਮਹਾਨ ਸਿੱਖ ਜਰਨੈਲ ਅਤੇ ਯੋਧਿਆਂ ਵਿੱਚੋਂ ਇੱਕ ਹੋਏ ਹਨ ਅਤੇ ਉਹਨਾਂ ਦਾ ਜੀਵਨ ਇਤਿਹਾਸ ਵੀ ਬਹੁਤ ਦਿਲਚਸਪ ਹੈ।

ਇਹ ਇਤਿਹਾਸ ਵਿਚ ਇਕ ਨਾ ਭੁਲਣ ਵਾਲਾ ਉਹ ਮਹਾਨ ਜਰਨੈਲ ਸੀ ਜਿਸਨੇ ਜੋਰ ਜ਼ਬਰ ਤੇ ਜੁਲਮ ਦੇ ਖਿ਼ਲਾਫ਼ ਹਕੂਮਤ ਨਾਲ ਟੱਕਰ ਲੈਕੇ ਮੁਗਲ ਸਮਰਾਜ ਦੀਆਂ ਜੜਾ ਹਿਲਾ ਦਿਤੀਆਂ।  ਜਿਸਨੇ ਪੰਜਾਬ ਦੀ ਧਰਤੀ ਤੇ ਤਕਰੀਬਨ 8 ਸਾਲ ਆਪਣੇ ਘੋੜਿਆਂ ਦੀਆਂ ਪੈੜਾਂ ਦੇ ਨਿਸ਼ਾਨ ਛਡੇ ਤੇ  ਪੰਜਾਬ ਵਿਚ ਸਿਖ ਕੋਮ ਨੂੰ ਥੋੜੇ ਸਮੇ ਵਿਚ ਹੀ ਇਕ  ਜ਼ਬਰਦਸਤ ਰਾਜਨੀਤਕ ਤਾਕਤ ਵਿਚ ਬਦਲ ਕੇ ਰੱਖ ਦਿਤਾ।  ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇਤਨਾ ਮਜਬੂਤ ਕਰ ਦਿਤਾ ਕਿ ਫਿਰ ਲੰਬੇ ਸਮੇ ਤਕ ਕੋਈ ਵੈਰੀ ਹਿਲਾ ਨਹੀ ਸਕਿਆ।  ਜਾਬਰ ਮੁਗਲ ਹਕੂਮਤ ਦੇ ਬਾਦਸ਼ਾਹ ਸਿਖਾਂ ਦਾ ਖ਼ੁਰਾ ਖੋਜ ਮਿਟਾਂਦੇ ਮਿਟਾਂਦੇ ਆਪ ਮਿਟ ਗਏ ਪਰ ਸਿਖੀ ਨਹੀਂ  ਮਿਟਾ  ਸਕੇ।  ਬੰਦਾ ਬਹਾਦਰ   ਦੀ   1709-1716,  ਸਤ ਸਾਲ  ਦੀ ਅਗਵਾਈ  ਨੇ ਸਉਥ ਏਸ਼ੀਆ ਦੀ ਸਭ ਤੋਂ ਵਡੇ ਮੁਗਲ  ਸਮਰਾਜ ਦੀਆ ਨੀਹਾਂ  ਖੋਖਲੀਆਂ ਕਰ  ਦਿਤੀਆਂ।  ਅਖਿਰ ਜੁਲਮ ਤੇ ਅਨਿਆਂ  ਦੇ ਖਿਲਾਫ਼ ਜੂਝਦਿਆਂ ਜੂਝਦਿਆਂ  ਜੂਨ 1716 ਵਿਚ ਆਪਣੇ 740 ਸਾਥੀਆਂ ਸਮੇਤ ਜਿਸ ਹੋਂਸਲੇ,  ਚਾਅ,ਖੇੜੇ ਤੇ ਚੜਦੀ ਕਲਾ ਨਾਲ ਸ਼ਹਾਦਤ ਪਾਈ, ਉਹ ਵੀ ਦੁਨੀਆਂ ਦੀ  ਇਕ ਵਿਲਖਣ ਸ਼ਹਾਦਤ ਦੀ ਮਿਸਾਲ ਹੈ ।

ਉਹ ਰਾਜੌਰੀ ਵਿੱਚ ਅਕਤੂਬਰ 27, 1670 ਲਛਮਣ ਦਾਸ,  ਰਾਜਪੂਤ ਘਰਾਣੇ ਵਿਚ ਪੈਦਾ ਹੋਏ। ਮਾਂ- ਪਿਓ ਨੂੰ ਸ਼ੋਕ ਸੀ ਕਿ ਉਨ੍ਹਾ  ਦਾ ਪੁਤਰ ਵੀ ਇਕ ਬਹਾਦਰ ਯੋਧਾ ਬਣੇ,  ਇਸ ਲਈ ਸ਼ੁਰੂ ਤੋ ਹੀ ਉਸ ਦੇ ਅੰਦਰ  ਅਸਤਰ ਸ਼ਸ਼ਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੋਕ ਪੈਦਾ ਕੀਤਾ।   ਬਚਪਨ ਵਿਚ ਜਦ ਉਸਦੇ ਹੱਥੋ   ਕਿਸੀ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ ਜੋ ਉਸਦੇ ਸਾਮਣੇ ਆਪਣੇ ਅਣਜੰਮੇ  ਬਚਿਆਂ ਸਮੇਤ ਤੜਪ ਤੜਪ ਕੇ ਮਰ ਗਈ ਜਿਸਨੂੰ ਦੇਖ ਕੇ ਉਸਦੇ ਦਿਲ ਨੂੰ ਇਤਨੀ ਭਾਰੀ ਸਟ ਲਗੀ ਕਿ ਉਹ ਆਪਣਾ ਘਰ ਬਾਰ ਤਿਆਗ ਕੇ ਵੈਰਾਗੀ ਹੋ ਗਿਆ।  ਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ, ਜਿਸਨੇ ਉਸਦਾ ਨਾਂ ਮਾਧੋ ਦਾਸ ਰਖ ਦਿਤਾ।  ਪਰ ਮਨ ਦੀ ਸ਼ਾਂਤੀ ਇਥੋਂ ਵੀ ਨਹੀ ਮਿਲੀ।  ਦੇਸ਼ ਭ੍ਰਮਣ ਲਈ ਜਾ ਤੁਰਿਆ।  ਨਾਸਕ ਪੰਚਵਟੀ ਦੇ ਸਥਾਨ ਤੇ ਉਸਦਾ ਮੇਲ  ਇਕ ਜੋਗੀ ਅਉਕੜ ਨਾਥ ਨਾਲ ਹੋਇਆ, ਜਿਸਦੀ ਸੇਵਾ ਵਿਚ ਰਹਿੰਦੀਆਂ  ਉਹ ਯੋਗ ਸਾਧਨਾ ਤੇ ਤਾਂਤਰਿਕ  ਵਿਦਿਆ ਵਿਚ ਮਾਹਿਰ ਹੋ ਗਿਆ।  ਤਿੰਨ ਸਾਲ ਅੳਕੜ ਨਾਥ ਦੀ ਸੇਵਾ ਵਿਚ ਰਹਿਣ ਤੋਂ ਬਾਦ ਉਸਦੀ ਮੋਤ ਹੋ ਗਈ।  ਸਾਰੀਆਂ ਰਿਧੀਆਂ ਸਿਧੀਆਂ,  ਜਾਦੂ ਟੂਣਿਆ, ਜੰਤਰ ਮੰਤਰ ਦੀ ਵਿਦਿਆ ਦੀਆਂ ਪੋਥੀਆਂ ਉਸਦੇ ਹਥ ਵਿਚ ਆ ਗਈਆਂ, ਤੇ ਉਸਨੇ ਬਹੁਤ ਜਲਦੀ ਇਸ ਤੇ  ਮਹਾਰਥ ਹਾਸਲ ਕਰ ਲਈ।  ਬਹੁਤ ਸਾਰੇ ਉਸਦੇ ਚੇਲੇ ਬਣ ਗਏ।  ਮਨੋਕਾਮਨਾਵਾਂ ਪੂਰਿਆ ਕਰਾਉਣ ਲਈ ਉਸ  ਕੋਲ ਭੀੜ ਲਗੀ ਰਹਿੰਦੀ,  ਜਿਸ ਕਰਕੇ ੳਹ ਬਹੁਤ ਹੰਕਾਰੀ ਵੀ ਹੋ ਗਿਆ

ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜ ਪੁਜੇ  ਤਾਂ ਉਨ੍ਹਾ  ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ।  ਆਉਖੜ ਦੀ ਮੋਤ ਤੋ ਬਾਦ ਬੰਦਾ ਵੀ ਭ੍ਰਮਣ ਕਰਦਾ ਕਰਦਾ ਨਦੇੜ ਆ ਪਹੁੰਚਿਆ ਤੇ ਰਾਵੀ ਦੇ ਕੰਢੇ ਆਪਣੇ ਕਰਿਸ਼ਮੇ ਦਿਖਾਣ ਲਗਾ।  ਨਦੇੜ ਦੀਆਂ ਸੰਗਤਾ ਵਿਚੋ ਕਿਸੇ ਸਿਖ ਨੇ ਬੰਦਾ ਬਹਾਦਰ ਬਾਰੇ ਦਸਿਆ ਕੀ ੳਹ ਰਿਧੀਆਂ ਸਿਧੀਆਂ ਨਾਲ ਤਖਤ ਤੇ ਸੰਤਾ ਮਹਾਤਮਾ ਨੂੰ ਬਿਠਾਕੇ ਫਿਰ ਤਖਤ ਉਲਟਾਕੇ ਬੜਾ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਨੇ ਹਸ ਕੇ ਕਿਹਾ ਕੀ ਸਾਨੂੰ ਇਸ ਵੇਲੇ ਤਖਤ ਉਲਟਾਉਣ  ਵਾਲਾ  ਬੰਦਾ ਹੀ  ਚਾਹੀਦਾ ਹੈ।

ਫਿਰ 1708 ਵਿਚ ਉਹ ਸਿੱਖ ਧਰਮ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲੇ ਅਤੇ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲ ਕੇ ਸਿੱਖ ਧਰਮ ਵਿੱਚ ਆਏ ਅਤੇ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੰਸਾਰ ਤੋਂ ਜਾਣ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਸਿੱਖ ਫੌਜ ਦਾ ਆਗੂ ਬਣਾਇਆ ਅਤੇ ਮੁਗਲਾਂ ਨਾਲ ਲੜਨ ਅਤੇ ਪੰਜਾਬ ਨੂੰ ਆਜ਼ਾਦ ਕਰਨ ਲਈ ਪੰਜਾਬ ਭੇਜਿਆ। ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਪ੍ਰਾਪਤ ਕਰਕੇ ਪੰਜਾਬ ਵੱਲ ਕੂਚ ਕੀਤਾ।

ਉਸਨੇ ਸੋਨੀਪਤ ਵਿੱਚ ਮੁਗਲਾਂ ਵਿਰੁੱਧ ਪਹਿਲੀ ਲੜਾਈ ਲੜੀ ਅਤੇ ਮੁਗਲ ਫੌਜ ਨੂੰ ਹਰਾਇਆ। ਬੰਦਾ ਸਿੰਘ ਨੇ ਸੋਨੀਪਤ ਵਿੱਚ ਮੁਗਲਾਂ ਨੂੰ ਹਰਾ ਕੇ ਭੂਨਾ ਤੋਂ ਮੁਗ਼ਲ ਖ਼ਜ਼ਾਨਾ ਖੋਹ ਲਿਆ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਮਾਣਾ ‘ਤੇ ਵੱਡਾ ਹਮਲਾ ਕੀਤਾ ਅਤੇ ਮੁਗਲਾਂ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ। ਉਸਨੇ ਮੁਗਲ ਫੌਜ ਨੂੰ ਮਾਰ ਦਿੱਤਾ। ਅਤੇ ਇੱਥੇ ਬੰਦਾ ਸਿੰਘ ਬਹਾਦਰ ਨੇ ਆਪਣਾ ਸਭ ਤੋਂ ਵੱਡਾ ਕਾਰਨਾਮਾ ਕੀਤਾ। ਇਸਨੇ ਸਰਹਿੰਦ ਦੇ ਮੁਗਲ ਗਵਰਨਰ ਵਜ਼ੀਰ ਖਾਨ ਦੇ ਹੁਕਮ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਜਿਉਂਦਿਾ ਚਿੰਣਾ ਦੇਣ ਵਾਲੇ ਦੋ ਜੱਲਾਦਾਂ ਨੂੰ ਸ਼ਸ਼ਕ ਬੈਗ ਅਤੇ ਬਾਸ਼ਾਲ ਬੈਗ ਆਪਣੇ ਕਬਜ਼ੇ ਵਿਚ ਲੈ ਲਿਆ। ਬੰਦਾ ਸਿੰਘ ਨੇ ਉਨ੍ਹਾਂ ਨੂੰ ਫਾਂਸੀ ਦਿੱਤੀ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਅੰਸ਼ਕ ਰੂਪ ਵਿਚ ਬਦਲਾ ਲਿਆ। ਇਸ ਤੋਂ ਬਾਅਦ ਬੰਦਾ ਸਿੰਘ ਨੇ ਘੁਰਾਮ ‘ਤੇ ਹਮਲਾ ਕੀਤਾ ਅਤੇ ਮੁਗਲਾਂ ਨੂੰ ਦੁਬਾਰਾ ਹਰਾ ਕੇ ਇਸ ‘ਤੇ ਕਬਜ਼ਾ ਕਰ ਲਿਆ।

ਘੁਰਾਮ ਵਿੱਚ ਜਿੱਤ ਤੋਂ ਬਾਅਦ ਬੰਦਾ ਸਿੰਘ ਨੇ ਕਪੂਰੀ ਉੱਤੇ ਹਮਲਾ ਕੀਤਾ। ਕਪੂਰੀ ਦਾ ਗਵਰਨਰ ਕਦਮ-ਉਦ-ਦੀਨ ਬਹੁਤ ਜ਼ਾਲਮ ਸੀ ਅਤੇ ਹਿੰਦੂਆਂ ਉੱਤੇ ਬਹੁਤ ਜ਼ੁਲਮ ਕਰਦਾ ਸੀ। ਬੰਦਾ ਸਿੰਘ ਨੇ ਉਸਨੂੰ ਜੰਗ ਵਿੱਚ ਮਾਰ ਦਿੱਤਾ ਅਤੇ ਕਪੂਰੀ ਜਿੱਤੀ ।ਕਪੂਰੀ ਤੋਂ ਬਾਅਦ ਬੰਦਾ ਸਿੰਘ ਨੇ ਸਢੌਰੇ ਉੱਤੇ ਹਮਲਾ ਕੀਤਾ। ਬੰਦਾ ਸਿੰਘ ਨੇ ਲੜਾਈ ਵਿੱਚ ਮੁਗ਼ਲ ਗਵਰਨਰ ਉਸਮਾਨ ਖ਼ਾਨ ਨੂੰ ਹਰਾਇਆ ਅਤੇ ਮਾਰਿਆ ਅਤੇ ਸਢੌਰੇ ਨੂੰ ਆਜ਼ਾਦ ਕਰਵਾਇਆ। ਸਢੌਰੇ ਤੋਂ ਬਾਅਦ ਬੰਦਾ ਸਿੰਘ ਨੇ ਮੁਖਲਿਸਪੁਰ ‘ਤੇ ਕਬਜ਼ਾ ਕਰ ਲਿਆ ਅਤੇ ਇਸ ਦਾ ਨਾਂ ਬਦਲ ਕੇ ਲੋਹਗੜ੍ਹ ਰੱਖ ਦਿੱਤਾ ਅਤੇ ਇਸ ਨੂੰ ਆਪਣੀ ਰਾਜਧਾਨੀ ਐਲਾਨ ਕਰ ਦਿੱਤਾ। ਫਿਰ ਬੰਦਾ ਸਿੰਘ ਦੇ ਜੀਵਨ ਅਤੇ ਕੈਰੀਅਰ ਦੀ ਸਭ ਤੋਂ ਮਹੱਤਵਪੂਰਨ ਲੜਾਈ ਆਈ. ਸਰਹਿੰਦ. ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ‘ਤੇ ਕਈ ਵਾਰ ਹਮਲੇ ਕੀਤੇ ਸਨ ਅਤੇ ਉਨ੍ਹਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਜੀਅ ਨੀਹਾਂ ਵਿਚ ਚਿੰਣਵਾ ਕੇ ਸ਼ਹੀਦ ਕਰ ਦਿੱਤਾ ਸੀ।ਬੰਦਾ ਅਤੇ ਸਿੱਖ ਉਸ ਦੀ ਫੌੜ ਉਸ ਨੂੰ ਫੜਨ ਲਈ ਬਹੁਤ ਹਲਚਲ  ਵਿਚ ਸੀ। ਇਸ ਤੋਂ ਇਲਾਵਾ ਉਸ ਨੇ ਬਹੁਤ ਸਾਰੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ।ਬੰਦਾ ਸਿੰਘ ਫ਼ੌਜ ਨਾਲ ਸਰਹਿੰਦ ਵੱਲ ਕੂਚ ਕੀਤਾ ਅਤੇ ਜਿਵੇਂ ਹੀ ਇਹ ਖ਼ਬਰ ਸਰਹਿੰਦ ਪਹੁੰਚੀ ਤਾਂ ਆਮ ਲੋਕ ਉਹਨਾਂ ਦਾ ਸਵਾਗਤ ਕਰਨ ਅਤੇ ਵਜ਼ੀਰ ਖ਼ਾਨ ਨਾਲ ਲੜਨ ਲਈ ਇਕੱਠੇ ਹੋ ਗਏ। ਭਿਆਨਕ ਲੜਾਈ ਹੋਈ ਅਤੇ ਬੰਦਾ ਸਿੰਘ ਬਹਾਦਰ ਅਤੇ ਭਾਈ ਫਤਿਹ ਸਿੰਘ ਨੇ ਜੰਗ ਵਿੱਚ ਵਜ਼ੀਰ ਖਾਨ ਨੂੰ ਮਾਰ ਦਿੱਤਾ ਅਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਦਾ ਬਦਲਾ ਲਿਆ। ਉਹ ਅੱਗੇ ਵਧੇ ਅਤੇ ਵਜ਼ੀਰ ਖਾਨ ਸੁਚਾਨੰਦ ਦੇ ਦੀਵਾਨ ਨੂੰ ਮਾਰ ਦਿੱਤਾ ਜਿਸਨੇ ਨੌਜਵਾਨ ਸਾਹਿਬਜ਼ਾਦਿਆਂ ਦੇ ਕਤਲ ਅਤੇ ਸਰਹਿੰਦ ਕਿਲ੍ਹੇ ਨੂੰ ਜਿੱਤਣ ਵਿੱਚ ਵੀ ਭੂਮਿਕਾ ਨਿਭਾਈ ਸੀ।

ਬਾਅਦ ਵਿੱਚ 1715 ਵਿੱਚ ਨਵੇਂ ਗਵਰਨਰ ਅਬਦੁਲ ਸਮਦ ਖ਼ਾਨ ਦੀ ਅਗਵਾਈ ਵਿੱਚ ਮੁਗ਼ਲ ਫ਼ੌਜ ਨੇ ਸੰਖਿਆਤਮਕ ਉੱਤਮਤਾ ਕਾਰਨ ਬੰਦਾ ਸਿੰਘ ਬਹਾਦਰ ਅਤੇ ਉਸਨਾਂ ਦੀ ਫ਼ੌਜ ਨੂੰ ਗੁਰੂਦਾਸ ਨੰਗਲ ਦੇ ਅੰਦਰ ਭਜਾ ਦਿੱਤਾ। ਸਖ਼ਤ ਘੇਰਾਬੰਦੀ 8 ਮਹੀਨਿਆਂ ਤੱਕ ਚੱਲੀ। ਪਰ ਦਸੰਬਰ 1715 ਵਿਚ ਮੁਗਲ ਬੰਦਾ ਵਿਚ ਤੋੜਨ ਵਿਚ ਕਾਮਯਾਬ ਹੋ ਗਏ ਅਤੇ ਉਸਹਨਾਂ ਦੇ ਸਾਥੀਆਂ ਨੂੰ ਫੜ ਲਿਆ ਗਿਆ। ਉਹਨਾਂ ਨੂੰ ਬੇਇੱਜ਼ਤ ਕਰਨ ਲਈ ਜਾਣਬੁੱਝ ਕੇ ਸ਼ਾਹੀ ਕੱਪੜੇ ਪਹਿਨਾਏ ਗਏ ਅਤੇ ਦਿੱਲੀ ਲਿਜਾਇਆ ਗਿਆ। ਉੱਥੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਅਤੇ ਉਹਨਾਂ ਨੇ ਅਤੇ ਸਾਰੇ ਬੰਦੀ ਸਿੱਖਾਂ ਨੇ ਇਨਕਾਰ ਕਰ ਦਿੱਤਾ। ਫਿਰ ਉਹਨਾਂ ਨੂੰ ਆਪਣੇ ਪੁੱਤਰ ਨੂੰ ਆਪਣੇ ਹੱਥਾਂ ਨਾਲ ਮਾਰਨ ਲਈ ਕਿਹਾ ਗਿਆ ਜਿਸ ਤੋਂ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਸਿੱਖ ਬੱਚੇ, ਔਰਤਾਂ ਨੂੰ ਨਹੀਂ ਮਾਰਦੇ। ਫਿਰ ਉਸਦਾ ਪੁੱਤਰ ਮਾਰਿਆ ਗਿਆ ਅਤੇ ਬੰਦਾ ਸਿੰਘ ਬਹਾਦਰ ਨੂੰ ਵੀ ਤਸੀਹੇ ਦੇ ਕੇ ਮਾਰਿਆ ਗਿਆ।

ਹਰੀਸ਼ ਢਿੱਲੋਂ ਲਿਖਦੇ ਹਨ,” ਕੋਤਵਾਲ ਸਰਬਰਾਹ ਖ਼ਾਨ ਦੇ ਇਸ਼ਾਰੇ ਉੱਪਰ ਅਜੈ ਸਿੰਘ ਦੇ ਤਲਵਾਰ ਨਾਲ ਟੁਕੜੇ ਕਰ ਦਿੱਤੇ ਗਏ। ਬੰਦਾ ਬਹਾਦਰ ਅਡੋਲ ਬੈਠੇ ਰਹੇ। ਅਜੈ ਸਿੰਘ ਉਹਨਾਂ ਦੇ ਪੁਤਰ ਦਾ ਦਿਲ ਉਨ੍ਹਾਂ ਦੇ ਸਰੀਰ ਵਿੱਚੋਂ  ਕੱਢ ਕੇ ਬੰਦਾ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਗਿਆ। ਇਸ ਤੋਂ ਬਾਅਦ ਜਲਾਦ ਨੇ ਆਪਣਾ ਧਿਆਨ ਬੰਦੇ ਵੱਲ ਮੋੜਿਆ।

ਉਨ੍ਹਾਂ ਦਾ ਮਾਸ ਨੋਚਿਆ ਗਿਆ। ਇਸ ਦੌਰਾਨ ਪੂਰੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੂੰ ਜ਼ਿੰਦਾ ਰੱਖਿਆ ਜਾਵੇ। ਆਖ਼ਰ ਕਈ ਤਸੀਹੇ ਦੇਣ ਮਗਰੋਂ ਜਲਾਦ ਨੇ ਬੰਦੇ ਦੇ ਸਿਰ ਨੂੰ ਧੜ ਤੋਂ ਵੱਖ ਕਰ ਦਿੱਤਾ।”

ਇਸ ਤਰ੍ਹਾਂ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਨ ਵਾਲੇ ਬੰਦਾ ਸਿੰਘ ਬਹਾਦਰ ਦੀ ਮਹਾਨ ਗਾਥਾ ਦਾ ਅੰਤ ਹੋ ਗਿਆ। ਲਛਮਣ ਦੇਵ ਤੋਂ ਮਾਧੋ ਦਾਸ ਅਤੇ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਤੱਕ ਦੀ ਮਹਾਨ ਯਾਤਰਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>