ਪ੍ਰਵੇਸ਼ ਸ਼ਰਮਾ ਦੀ ਸਵੈ-ਜੀਵਨੀ ‘ਇਹ ਜ਼ਿੰਦਗੀ ਦਾ ਕਾਰਵਾਂ’:ਪ੍ਰੇਰਨਾ ਸ੍ਰੋਤ : ਉਜਾਗਰ ਸਿੰਘ

thumbnail(8).resizedਪ੍ਰਵੇਸ਼ ਸ਼ਰਮਾ ਪੰਜਾਬੀ, ਹਿੰਦੀ, ਅੰਗਰੇਜ਼ੀ, ਸੰਸਕਿ੍ਰਤ ਅਤੇ ਉਰਦੂ ਭਾਸ਼ਾਵਾਂ ਦਾ ਭਾਸ਼ਾਵਾਂ  ਵਿਦਵਾਨ ਹੈ। ਇਸ ਤੋਂ ਇਲਾਵਾ ਉਹ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਦਾ ਵਿਅੰਗਕਾਰ ਲੇਖਕ ਹੈ। ਉਹ ਅਨੁਵਾਦਕ ਵੀ ਕਮਾਲ ਦਾ ਹੈ, ਉਸ ਦਾ ਕੀਤਾ ਅਨੁਵਾਦ ਮੌਲਿਕ ਰਚਨਾ ਹੀ ਹੁੰਦਾ ਹੈ।  ਉਹ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰ ਵਿਭਾਗ ਦਾ ਸੇਵਾ ਮੁਕਤ ਸੀਨੀਅਰ ਅਧਿਕਾਰੀ ਹੈ। ਇਸ ਵਿਭਾਗ ਵਿੱਚ ਜਾਣ ਤੋਂ ਪਹਿਲਾਂ ਉਹ ਬੈਂਕ ਅਤੇ ਲੜਕੀਆਂ ਦੇ ਇੱਕ ਦਿਹਾਤੀ ਪ੍ਰਾਈਵੇਟ ਕਾਲਜ ਵਿੱਚ ਅੰਗਰੇਜ਼ੀ ਦਾ ਲੈਕਚਰਾਰ ਅਤੇ ਪਿ੍ਰੰਸੀਪਲ ਵੀ ਰਿਹਾ ਹੈ। ਉਸ ਦੀ ਸਵੈ-ਜੀਵਨੀ ਬੜੀ ਦਿਲਚਸਪ ਅਤੇ ਜ਼ਿੰਦਗੀ ਦੀ ਜਦੋਜਹਿਦ ਦਾ ਦਸਤਾਵੇਜ ਹੈ। ਐਮ.ਏ.ਕਰਕੇ ਬੇਰੋਜ਼ਗਾਰੀ ਦੀ ਮਾਰ ਤੋਂ ਬਚਣ ਲਈ ਚੌਕੀਦਾਰ ਦੀ ਨੌਕਰੀ ਲਈ ਵੀ ਅਰਜ਼ੀ ਦਿੰਦਾ ਹੈ ਪ੍ਰੰਤੂ ਉਥੇ ਵੀ ਨਮੋਸ਼ੀ ਮਿਲਦੀ ਹੈ।  ਚਪੜਾਸੀ ਦੀ ਨੌਕਰੀ ਕਰਨ ਦਾ ਮੰਤਵ ਆਪਣੀ ਪੜ੍ਹਨ ਦੀ ਪ੍ਰਵਿਰਤੀ ਨੂੰ ਪੱਠੇ ਪਾਉਣ ਲਈ ਅਰਜ਼ੀ ਦਿੱਤੀ ਗਈ ਕਿਉਂਕਿ ਦਿਨ ਨੂੰ ਪੜ੍ਹਾਈ ਕਰਿਆ ਕਰੇਗਾ। ਕਮਾਲ ਦੀ ਸੋਚ ਹੈ ਪ੍ਰਵੇਸ਼ ਸ਼ਰਮਾ ਦੀ, ਉਸ ਦਾ ਭਾਵ ਇਸ ਛੋਟੀ ਨੌਕਰੀ ਦਾ ਮਹੱਤਵ ਵਧਾਉਣਾ ਸੀ, ਨੌਕਰੀ ਕੋਈ ਵੱਡੀ ਛੋਟੀ ਨਹੀਂ ਹੁੰਦੀ, ਇਨਸਾਨ ਦੀ ਮਾਨਸਿਕਤਾ ਤੇ ਸੋਚ ਅਜਿਹੀ ਹੋ ਸਕਦੀ ਹੈ। ਭਰਿਸ਼ਟਾਚਾਰ ਦੀ ਪ੍ਰਵਿਰਤੀ ਦਾ ਪਾਜ ਐਡਹਾਕ ਬੈਂਕ ਦੀ ਨੌਕਰੀ ਲਈ ਮੈਨੇਜਰ ਨੂੰ ਇਕ ਮਹੀਨੇ ਦੀ ਤਨਖ਼ਾਹ ਦੇ ਕੇ ਉਘਾੜਿਆ ਹੈ। ਇਹ ਸਵੈ-ਜੀਵਨੀ ਆਮ ਸਵੈ-ਜੀਵਨੀਆਂ ਵਰਗੀ ਨਹੀਂ ਸਗੋਂ ਵਿਲੱਖਣ ਕਿਸਮ ਦੀ ਹੈ। ਇਸ ਵਿੱਚ ਉਸ ਨੇ ਆਪਣੇ ਜੀਵਨ ਦੇ ਸਾਰੇ ਰੰਗਾਂ ਨੂੰ ਬਾਖ਼ੂਬੀ ਵਰਣਨ ਕੀਤਾ ਹੈ, ਕੋਈ ਵੀ ਰੰਗ ਫਿੱਕਾ ਨਹੀਂ ਪੈਣ ਦਿੱਤਾ। ਆਮ ਤੌਰ ‘ਤੇ ਲੋਕ ਸਵੈ-ਜੀਵਨੀ ਲਿਖਣ ਲੱਗਿਆਂ ਸਿਰਫ ਆਪਣੀਆਂ ਪ੍ਰਾਪਤੀਆਂ ਦਾ ਹੀ ਜ਼ਿਕਰ ਕਰਦੇ ਹਨ ਪ੍ਰੰਤੂ ਪ੍ਰਵੇਸ਼ ਸ਼ਰਮਾ ਨੇ ਆਪਣੀਆਂ ਊਣਤਾਈਆਂ ਅਤੇ ਅਸਫਲਤਾਵਾਂ ਨੂੰ ਵੀ ਬੇਬਾਕੀ ਨਾਲ ਲਿਖਿਆ ਹੈ। ਉਸ ਨੇ ਆਪਣੀ ਕੋਈ ਵੀ ਗੱਲ ਲੁਕਾਈ ਨਹੀਂ ਸਗੋਂ ਫਿਰ ਉਸ ਨੂੰ ਦਰੁਸਤ ਕਰਿਆ ਹੈ। ਪਾਠਕ ਇਕ ਵਾਰ ਪੜ੍ਹਨਾ ਸ਼ੁਰੂ ਕਰਕੇ ਪੂਰੀ ਸਵੈ-ਜੀਵਨੀ ਪੜ੍ਹਨ ਤੋਂ ਬਿਨਾ ਰਹਿ ਨਹੀਂ ਸਕਦੇ ਕਿਉਂਕਿ ਲਘੂ ਲੇਖਾਂ ਦੀ ਲੜੀ ਨਾਲ ਲੜੀ ਜੁੜਦੀ ਜਾਂਦੀ ਹੈ। ਹਰ ਚੈਪਟਰ ਇਕ ਦੂਜੇ ਤੋਂ ਵਧੇਰੇ ਦਿਲਚਸਪੀ ਵਾਲਾ ਹੁੰਦਾ ਹੈ। ਇਸ ਸਵੈ-ਜੀਵਨੀ ਵਿੱਚ ਉਸ ਨੇ ਪ੍ਰਾਇਮਰੀ ਸਕੂਲ ਤੋਂ ਲੈ ਜ਼ਿੰਦਗੀ ਵਿੱਚ ਵਿਚਰਦਿਆਂ ਹਰ ਮੌਕੇ ਆਪਣੇ ਰਾਹ ਵਿੱਚ ਆਈਆਂ ਵੰਗਾਰਾਂ ਦੇ ਦਿਲਚਸਪ ਪਹਿਲੂ ਲਿਖਦਿਆਂ ਕੋਈ ਝਿਜਕ ਮਹਿਸੂਸ ਨਹੀਂ ਕੀਤੀ। ਸਕੂਲ, ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਜਿਹੜੇ ਤਜ਼ਰਬੇ ਹਾਸਲ ਕੀਤੇ ਉਹ ਲਾਜਵਾਬ ਹਨ। thumbnail (1)(6).resizedਪ੍ਰਵੇਸ਼ ਐਨਾ ਭੋਲਾ ਸੀ ਕਿ ਯੂਨੀਵਰਸਿਟੀ ਦੀ ਜਮਾਤਣ ਨੂੰ ਭੈਣ ਜੀ ਕਹਿਕੇ ਸ਼ਰਮਿੰਦਾ ਹੋਣਾ ਪਿਆ। ਪ੍ਰਵੇਸ਼ ਦੀ ਸਵੈ-ਜੀਵਨੀ ਵਰਤਮਾਨ ਸਮੇਂ ਵਿੱਚ ਕੁੜੀਆਂ ਮੁੰਡਿਆਂ ਦੀ ਬੋਲਚਾਲ ਦੀ ਸ਼ਬਦਾਵਲੀ ਪੁਰਾਣੇ ਮਾਡਲਾਂ ਨੂੰ ਅਚੰਭਿਤ ਕਰਦੀ ਹੈ। ਰੈਗਿੰਗ ਦੀ ਪ੍ਰਵਿਰਤੀ ਨਵੇਂ ਪੜ੍ਹਾਕੂਆਂ ਲਈ ਆਫ਼ਤ ਬਣ ਜਾਂਦੀ ਹੈ ਪ੍ਰੰਤੂ ਪ੍ਰਵੇਸ਼ ਸ਼ਰਮਾ ਵਰਗਾ ਬੁੱਧੀਜੀਵੀ ਵਿਦਿਆਰਥੀ ਅਜਿਹੇ ਮਕੜਜਾਲ ਵਿੱਚੋਂ ਵੀ ਬਾਖ਼ੂਬੀ ਨਿਕਲ ਜਾਂਦਾ ਹੈ। ਦਫ਼ਤਰਾਂ ਦੀ ਕਾਰਗੁਜ਼ਾਰੀ, ਆਪਸੀ ਖਹਿਬਾਜ਼ੀ, ਚੁਸਕੀਆਂ, ਚੋਹਲ ਮੋਹਲ, ਨੋਕ ਝੋਕ ਅਤੇ ਦਫ਼ਤਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵਿਵਹਾਰ ਦੇ ਆਪਸੀ ਸੰਬੰਧਾਂ ਨੂੰ ਬੜੇ ਸੁਚੱਜੇ ਦਿ੍ਰਸ਼ਟਾਂਤਿਕ ਢੰਗ ਨਾਲ ਲਿਖਿਆ ਗਿਆ ਹੈ। ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਪ੍ਰਵੇਸ਼ ਸ਼ਰਮਾ ਨਾਲ ਨਹੀਂ ਸਗੋਂ ਤੁਹਾਡੇ ਨਾਲ ਵਾਪਰਦਾ, ਤੁਸੀਂ ਸਭ ਕੁਝ ਆਪ ਵੇਖ ਰਹੇ ਹੋ। ਦਫ਼ਤਰਾਂ ਵਿੱਚ ਸਦਭਾਵਨਾ ਦਾ ਮਾਹੌਲ ਬਣਾਉਣ ਅਤੇ ਦਫ਼ਤਰੀ ਕਾਰਜ਼ਕੁਸ਼ਲਤਾ ਨੂੰ ਸਹਿਜਤਾ ਨਾਲ ਵਧਾਉਣ ਲਈ ਕਿਹੜੇ ਢੰਗ ਵਰਤਣੇ ਚਾਹੀਦੇ ਹਨ,ਉਨ੍ਹਾਂ ਬਾਰੇ ਵੀ ਲਿਖਿਆ ਹੈ। ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਜੇਕਰ ਅਸੀਂ ਸਾਥੀ ਮੁਲਾਜ਼ਮਾ ਦਾ ਸਤਿਕਾਰ ਕਰਾਂਗੇ ਤਾਂ ਹੀ ਸਾਨੂੰ ਸਤਿਕਾਰ ਮਿਲੇਗਾ। ਇਕ ਹੋਰ ਗੱਲ ਬਾਕੀ ਜੀਵਨੀਆਂ ਨਾਲੋਂ ਇਹ ਵੱਖਰੀ ਹੈ ਕਿ ਪ੍ਰਵੇਸ਼ ਸ਼ਰਮਾ ਦਾ ਜਿਹੜੇ ਵੀ ਵਿਅਕਤੀਆਂ ਨਾਲ ਵਾਹ ਪਿਆ ਹੈ, ਉਨ੍ਹਾਂ ਦੇ ਰੇਖਾ ਚਿਤਰ ਲਿਖਕੇ, ਉਨ੍ਹਾਂ ਤੋਂ ਕੁਝ ਸਿਖਣ ਅਤੇ ਕੁਝ ਗ਼ਲਤੀਆਂ ਦੂਰ ਕਰਨ ਦਾ ਉਤਸ਼ਾਹ ਮਿਲੇਗਾ। ਮੇਰਾ ਖਿਆਲ ਹੈ ਕਿ ਉਨ੍ਹਾਂ ਨੇ ਇਹ ਰੇਖਾ ਚਿਤਰ ਲਿਖਿਦਿਆਂ ਮਹਿਸੂਸ ਕੀਤਾ ਹੋਵੇਗਾ ਕਿ ਇਨ੍ਹਾਂ ਨੂੰ ਪੜ੍ਹਕੇ ਪਾਠਕ ਆਪੋ ਆਪਣੇ ਵਿਵਹਾਰ ਵਿੱਚ ਤਬਦੀਲੀ ਲਿਆ ਸਕਣਗੇ। ਹੋ ਸਕਦਾ ਉਨ੍ਹਾਂ ਅਚੇਤ ਮਨ ਹੀ ਅਜਿਹੇ ਰੇਖਾ ਚਿਤਰ ਲਿਖੇ ਹੋਣ, ਪਰ ਗੱਲਾਂ ਸੱਚੀਆਂ ਤੇ ਖ਼ਰੀਆਂ ਹਨ। ਪ੍ਰਵੇਸ਼ ਸਰਮਾ ਦੇ ਪਿਤਾ ਦੀ ਹਰ ਤੀਜੇ ਦਿਨ ਬਦਲੀ ਇਮਾਨਦਾਰ ਮੁਲਾਜ਼ਮਾ ਦੀ ਤ੍ਰਾਸਦੀ ਬਾਰੇ ਜਾਣਕਾਰੀ ਦਾ ਪ੍ਰਗਟਾਵਾ ਕਰਦੀ ਹੈ। ਸਕੂਲਾਂ ਵਿੱਚ ਨਕਲ ਦੀ ਪ੍ਰਵਿਰਤੀ ਦਾ ਵੀ ਪਾਜ ਖੋਲਿ੍ਹਆ ਹੈ। ਭਾਗਵੰਤੀ ਪਟਵਾਰਨ ਅਤੇ ਗੌਰਾਂ ਦੇ ਟਿਪੀਕਲ ਕਿਰਦਾਰ ਪੁਰਾਣੇ ਸਮੇਂ ਵਿੱਚ ਦਿਹਾਤੀ ਇਸਤਰੀਆਂ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਮਮਤਾ ਦੇ ਇਸ਼ਕ ਦੀ ਦਲੇਰੀ ਦਾ ਮਿਰਜ਼ਾ ਸਾਹਿਬਾਂ ਦੇ ਇਸ਼ਕ ਨਾਲ ਤੁਲਨਾ ਕਰਕੇ ਪ੍ਰਵੇਸ਼ ਸ਼ਰਮਾ ਨੇ ਮਮਤਾ ਦੇ ਕਰੈਕਟਰ ਨੂੰ ਚਮਕਾ ਦਿੱਤਾ ਹੈ। ਖ਼ਚਰਾ ਬੁੜ੍ਹਾ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਬਜ਼ੁਰਗਾਂ ਦਾ ਇਕ ਪਾਤਰ ਹੈ। ‘ਮੁਹੱਬਤ ਦਾ ਕਲ-ਕਲ ਵਹਿੰਦਾ ਚਸ਼ਮਾ-ਸ਼ਤੀਸ਼’ ਵਿੱਚ ਪ੍ਰਵੇਸ਼ ਸ਼ਰਮਾ ਨੇ ਦੋਸਤੀ ਦੇ ਸਹੀ ਅਰਥ ਲਿਖ ਦਿੱਤੇ ਹਨ। ਸਤ ਨਰਾਇਣ ਦੀ ਕਥਾ ਕਰਵਾਉਣ ਵਾਲੀ ਗੱਲ ਬਾਕਮਾਲ ਢੰਗ ਨਾਲ ਲਿਖੀ ਹੈ। ਹੋਸਟਲ ਦੀ ਜ਼ਿੰਦਗੀ ਅਤੇ ਮਹਿੰਦਰ ਸਿੰਘ ਵਰਗੇ ਦੋਸਤਾਂ ਦਾ ਵਰਿ੍ਹਆਂ ਬਾਅਦ ਆ ਕੇ ਅਚਾਨਕ ਮਿਲਣ ਦਾ ਮਾਣ ਦੋਸਤੀ ਨੂੰ ਹੋਰ ਪੀਢੀ ਕਰਦਾ ਹੈ। ਸਿਰਲੇਖ ਵੇਖਦਿਆਂ ਹੀ ਪੜ੍ਹਨ ਦੀ ਦਿਲਚਸਪੀ ਪੈਦਾ ਕਰਨ ਦਾ ਵਲ ਸ਼ਰਮਾ ਜੀ ਕੋਲ ਬਾਖ਼ੂਬੀ ਹੈ। ਕੱਚ ਦਾ ਜ਼ੇਵਰ ਗੱਲ ਤਾਂ ਨਿਗਾਹ ਕਮਜ਼ੋਰ ਹੋਣ ਤੋਂ ਬਾਅਦ ਐਨਕ ਲਗਾਉਣ ਦੀ ਹੈ, ਪ੍ਰੰਤੂ ਸਿਰਲੇਖ ਪਾਠਕ ਨੂੰ ਪੁਸਤਕ ਪੜ੍ਹਨ ਲਈ ਮਜ਼ਬੂਰ ਕਰ ਦਿੰਦਾ ਹੈ।  ਭਰਿਸ਼ਟ ਲੋਕਾਂ ਨੂੰ ਸੀ.ਬੀ.ਆਈ. ਦਾ ਨਾਮ ਹੀ ਡਰਾ ਦਿੰਦਾ ਹੈ। ਇਸ ਸਵੈ-ਜੀਵਨੀ ਦਾ ਲਗਪਗ ਸਾਰੇ ਹੀ ਪਾਤਰ ਬਹੁਤ ਹੀ ਦਿਲਚਸਪ ਅਤੇ ਆਪੋ ਆਪਣੇ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਹਨ। ਪ੍ਰਵੇਸ਼ ਸ਼ਰਮਾ ਨੂੰ ਨੌਕਰੀ ਦੌਰਾਨ ਮੀਡੀਆ ਨਾਲ ਸੰਬੰਧਤ ਕੰਮ ਵੀ ਕਰਨਾ ਪਿਆ। ਹਾਲਾਂ ਕਿ ਉਹ ਆਪ ਆਲ ਇੰਡੀਆ ਰੇਡੀਓ ਦਾ ਪ੍ਰਤੀਨਿਧ ਰਿਹਾ ਹੈ, ਇਸ ਕਰਕੇ ਉਸ ਨੂੰ ਮੀਡੀਆ ਦੇ ਕੰਮ ਦੀ ਪੂਰੀ ਜਾਣਕਾਰੀ ਸੀ ਪ੍ਰੰਤੂ ਉਸ ਦੇ ਲੇਖ ਪੜ੍ਹਨ ਤੋਂ ਆਮ ਪਾਠਕ ਨੂੰ ਪਤਾ ਲਗਦਾ ਹੈ ਕਿ ਮੀਡੀਆ ਦਾ ਕੰਮ ਜੋਖ਼ਮ ਭਰਿਆ ਹੈ ਕਿਉਂਕਿ ਮੀਡੀਆ ਕਰਮੀ ਆਪਣੇ ਆਪ ਨੂੰ ਆਮ ਪਰਜਾ ਤੋਂ ਉਤਮ ਸਮਝਦੇ ਹਨ। ਮੈਨੂੰ ਪ੍ਰਵੇਸ਼ ਸ਼ਰਮਾ ਦੀ ਇਹ ਸਾਹਿਤਕ ਸਵੈ-ਜੀਵਨ ਲਗਦੀ ਹੈ ਕਿਉਂਕਿ ਉਸ ਦੀ ਸ਼ਬਦਾਵਲੀ ਨੇ ਸਾਹਿਤਕ ਪਿਉਂਦ ਦਿੱਤੀ ਹੋਈ ਹੈ।
ਸਾਬਕਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>