ਹੜ੍ਹਾਂ ਦੇ ਰੋਕਥਾਮ ਲਈ ਵਿਸ਼ਾਲ ਤੇ ਠੋਸ ਯੋਜਨਾਬੰਦੀ ਦੀ ਲੋੜ

ਪੰਜਾਬ ਦੇ ਬਹੁਤੇ ਹਿੱਸੇ ਵਿਚ ਹੜ੍ਹ ਆਏ ਹੋਏ ਹਨ।  ਪੀੜਤ ਪ੍ਰਭਾਵਤ ਲੋਕ ਡਾਹਢੇ ਪ੍ਰੇਸ਼ਾਨ ਹਨ।  ਹਰ ਕੋਈ ਆਪਣੀ-ਆਪਣੀ ਪੱਧਰ ʼਤੇ ਬਚਣ-ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।  ਜਾਨ-ਮਾਲ ਦਾ ਵਡਾ ਨੁਕਸਾਨ ਹੋ ਰਿਹਾ ਹੈ।  ਅਖ਼ਬਾਰਾਂ ਦੇ ਪੰਨਿਆਂ ʼਤੇ ਟੈਲੀਵਿਜਨ ਦੀ ਸਕਰੀਨ ʼਤੇ ਦੁਖਦਾਈ ਤਸਵੀਰਾਂ ਨਜ਼ਰ ਆ ਰਹੀਆਂ ਹਨ।  ਪੰਜਾਬ ਵਿਚ ਹੜ੍ਹ ਪਹਿਲੀ ਵਾਰ ਨਹੀਂ ਆਏ।  ਪਰ ਇਹ ਆਉਂਦੇ ਕਿਉਂ-ਕਿਵੇਂ ਹਨ? ਕੀ ਇਨ੍ਹਾਂ ਤੋਂ ਬਚਿਆ ਜਾ ਸਕਦਾ ਹੈ? ਜੇ ਆ ਹੀ ਗਏ ਤਾਂ ਕੀ ਕੀਤਾ ਜਾਵੇ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ?  ਜਿਨ੍ਹਾਂ ਦੇ ਖੇਤਾਂ ਵਿਚ, ਜਿਨ੍ਹਾਂ ਦੇ ਘਰਾਂ ਵਿਚ ਹੜ੍ਹਾਂ ਦਾ ਸ਼ੂਕਦਾ ਪਾਣੀ ਆਣ ਵੜਦਾ ਹੈ ਉਹੀ ਜਾਣਦੇ ਹਨ ਉਨ੍ਹਾਂ ʼਤੇ ਕੀ ਬੀਤਦੀ ਹੈ।  ਕੋਈ ਦੂਸਰਾ ਉਸ ਭੈੜੀ ਡਰਾਉਣੀ ਪੀੜ ਦੀ ਸ਼ਿੱਦਤ ਤੱਕ ਨਹੀਂ ਪਹੁੰਚ ਸਕਦਾ।
ਹੜ੍ਹਾਂ ਲਈ ਵਧੇਰੇ ਕਰਕੇ ਪ੍ਰਾਕਿਰਤਕ ਕਾਰਨ ਜ਼ਿੰਮੇਵਾਰ ਹੁੰਦੇ ਹਨ।  ਜਿਵੇਂ ਲਗਾਤਾਰ ਲੰਮੇ ਸਮੇਂ ਲਈ ਭਾਰੀ ਵਰਖਾ ਦਾ ਪੈਣਾ।  ਪਰ ਰਾਹ ਵਿਚ ਮਨੁੱਖ ਦਆਰਾ ਡਾਹੇ ਅੜਿੱਕਿਆਂ ਕਾਰਨ ਵੀ ਹੜ੍ਹ ਆਉਂਦੇ ਹਨ।  ਜਾਂ ਆਏ ਹੋਏ ਹੜ੍ਹ ਨਾਲ ਰਲ ਕਿ ਇਹ ਸਥਿਤੀ ਨੂੰ ਹੋਰ ਸੰਗੀਨ ਬਣਾ ਦਿੰਦੇ ਹਨ।  ਲੰਮੀਆਂ ਕਾਰਗਰ ਯੋਜਨਾਵਾਂ ਉਲੀਕ ਕੇ, ਡੈਮਾਂ ਅਤੇ ਪਾਣੀ ਦੀਆਂ ਨਿਕਾਸ ਪ੍ਰਣਾਲੀਆਂ ਨੂੰ ਬਿਹਤਰ ਕਰਕੇ, ਵੱਡੀ ਪੱਧਰ ʼਤੇ ਰੁੱਖ ਅਤੇ ਬਨਸਪਤੀ ਲਗਾ ਕੇ ਹੀ ਭਿਆਨਕ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ।
ਧਰਤੀ ʼਤੇ ਸੱਭ ਤੋਂ ਵੱਧ ਹੜ੍ਹ ਨੀਦਰਲੈਂਡ ਵਿਚ ਆਉਂਦੇ ਹਨ।  ਦੂਸਰਾ ਨੰਬਰ ਬੰਗਲਾ ਦੇਸ਼ ਦਾ ਹੈ।  ਇਨ੍ਹਾਂ ਦੇਸ਼ਾਂ ਦੀ ਅੱਧੀ ਵਸੋਂ ਹਰ ਵੇਲੇ ਖ਼ਤਰੇ ਵਿਚ ਰਹਿੰਦੀ ਹੈ।  ਨੀਦਰਲੈਂਡ ਵਿਚ ਹੜ੍ਹਾਂ ਦੀ ਰੋਕਥਾਮ ਵੱਡਾ ਮੁੱਦਾ ਹੈ।  ਪਰੰਤੂ ਵਿਕਾਸ ਤਹਿਤ ਹੋ ਰਹੀ ਉਸਾਰੀ ਰੋਕਥਾਮ ਦੇ ਰਾਹ ਵਿਚ ਵੱਡੀ ਰੁਕਾਵਟ ਹੈ।
ਨੀਦਰਲੈਂਡ ਦਾ ਵਧੇਰੇ ਹਿੱਸਾ ਸਮੁੰਦਰੀ-ਤਲ ਤੋਂ ਨੀਵਾਂ ਹੈ।  ਇਸ ਲਈ ਉਥੇ ਹੜ੍ਹ ਆਏ ਹੀ ਰਹਿੰਦੇ ਹਨ ਪਰੰਤੂ ਉਸਨੇ ਇਸਦਾ ਸਥਾਈ ਠੋਸ ਹੱਲ ਲੱਭ ਲਿਆ ਹੈ।  ਦੁਨੀਆਂ ਦੇ ਬਹੁਤ ਸਾਰੇ ਦੇਸ਼ ਨੀਦਰਲੈਂਡ ਤੋਂ ਪਾਣੀ-ਪ੍ਰਬੰਧ ਸਿੱਖ ਰਹੇ ਹਨ।  ਸਾਲ 1953 ਵਿਚ ਨੀਦਰਲੈਂਡ ਵਿਚ ਵਿਨਾਸ਼ਕਾਰੀ ਹੜ੍ਹ ਆਏ ਸਨ।  ਛੇ ਸੌ ਵਰਗ ਮੀਲ ਹਿੱਸਾ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਿਆ ਸੀ।  ਬੱਸ ਉਦੋਂ ਤੋਂ ਨੀਦਰਲੈਂਡ ਨੇ ਪੱਕਾ ਇਰਾਦਾ ਕਰ ਲਿਆ ਸੀ ਹੜ੍ਹਾਂ ਨੂੰ ਕਾਬੂ ਕਰਨ ਦਾ, ਹੜ੍ਹਾਂ ਨੂੰ ਆਪਣੀ ਲੋੜ-ਸਹੂਲਤ ਅਨੁਸਾਰ ਵਰਤਣ ਢਾਲਣ ਦਾ।  ਇਹਦੇ ਲਈ ਹੜ੍ਹਾਂ ਦੀ ਰੋਕਥਾਮ ਦੀ ਦੁਨੀਆਂ ਭਰ ਦੀ ਤਕਨੀਕ ਨੂੰ ਸਮਝਦਿਆਂ, ਸਥਾਨਕ ਸਥਿਤੀਆਂ ਅਨਸਾਰ ਢਾਲ ਕੇ ਪ੍ਰਯੋਗ ਵਿਚ ਲਿਆਂਦਾ ਗਿਆ।  ਘਰ ਪਾਣੀ ਵਿਚ ਤਰਨ ਵਾਲੇ ਬਣ ਲਏ ਗਏ।  ਪਾਣੀ ਦੇ ਨਿਕਾਸੀ-ਪ੍ਰਬੰਧ ਨੂੰ ਬਿਹਤਰੀਨ ਰਪ ਦਿੱਤਾ ਗਿਆ ਅਤੇ ਉਸਦੀ ਦੇਖ-ਭਾਲ ʼਤੇ ਲਗਾਤਾਰ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।  ਸ਼ਹਿਰਾਂ ਵਿਚੋਂ ਪਾਣੀ ਬਾਹਰ ਕੱਢਣ ਲਈ ਪੰਪਿੰਗ ਸਿਸਟਮ ਦੀ ਵਿਵਸਥਾ ਕੀਤੀ ਗਈ।
ਸ਼ਹਿਰਾਂ ਵਿਚ ਸਮੁੰਦਰੀ ਕੰਢਿਆਂ ʼਤੇ ਵਿਸ਼ਾਲ ਗੇਟ ਬਣਾਏ ਗਏ ਹਨ ਜਿਹੜੇ ਪਾਣੀ ਨੂੰ ਰੋਕਣ ਦਾ ਕੰਮ ਕਰਦੇ ਹਨ।  ਜਦ ਹੜ੍ਹ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਉਥੇ ਪਾਣੀ ਦੀਆਂ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ।  ਆਮ ਲੋਕਾਂ ਨੇ ਵੀ ਹੜ੍ਹਾਂ ਨੂੰ ਆਪਣੀ ਸਹੂਲਤ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ।  ਪੰਪਿੰਗ ਸਿਸਟਮ ਨਾਲ ਸ਼ਹਿਰਾਂ ਵਿਚੋਂ ਕੱਢੇ ਗਏ ਪਾਣੀ ਨੂੰ ਖੇਤੀ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਨੀਦਰਲੈਂਡ ਹੀ ਨਹੀਂ ਹੁਣ ਤਾਂ ਹੋਰ ਬਹੁਤ ਸਾਰੇ ਦੇਸ਼ ਵੀ ਪਾਣੀ-ਪ੍ਰਬੰਧ ਲਈ ਵੱਡੀਆਂ ਕੋਸ਼ਿਸ਼ਾਂ ਕਰ ਰਹੇ ਹਨ।  ਜਿਵੇਂ ਲੰਡਨ ਦੀ ਥੇਮਸ ਨਦੀ ʼਤੇ ਮਕੈਨੀਕਲ ਬੈਰੀਅਰ ਬਣਿਆ ਹੋਇਆ ਹੈ, ਜਿਹੜਾ ਸ਼ਹਿਰ ਵਿਚ ਪਾਣੀ ਭਰਨ ਤੋਂ ਬਚਾਅ ਕਰਦਾ ਹੈ।  ਫਰਾਂਸ ਵਿਚ ਪਾਣੀ ਲਈ ਅਨੇਕਾਂ ਜਲ-ਭੰਡਾਰ ਤਿਆਰ ਕੀਤੇ ਗਏ ਹਨ।  ਜਾਪਾਨ ਨੇ ਜ਼ਮੀਨ ਦੇ ਹੇਠਾਂ ਦੁਨੀਆਂ ਦੀ ਸਭ ਤੋਂ ਵੱਡੀ ਹੜ੍ਹਾਂ ਦਾ ਰੁਖ ਮੋੜਨ ਵਾਲੀ ਸਹੂਲਤ ਤਿਆਰ ਕਰ ਲਈ ਹੈ।
ਤਕਨੀਕ ਅਤੇ ਦਿਮਾਗ਼ ਦੀ ਵਰਤੋਂ ਕਰਦਿਆਂ ਸਥਾਨਕ ਲੋੜਾਂ ਅਨੁਸਾਰ ਸਾਨੂੰ ਵੀ ਹੜ੍ਹਾਂ ਦੀ ਰੋਕਥਾਮ ਲਈ ਵੱਡੇ ਯਤਨ ਆਰੰਭਣੇ ਪੈਣਗੇ।  ਤਦ ਹੀ ਭਵਿੱਖ ਵਿਚ ਹੜ੍ਹਾਂ ਤੋਂ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਨਵਾਂ ਸੋਸ਼ਲ ਮੀਡੀਆ ਮੰਚ ਥਰੈਡਜ਼
ਥਰੈਡਜ਼ ਇਕ ਨਵਾਂ ਐਪ ਹੈ ਜਿਸਨੂੰ ਇੰਸਟਾਗ੍ਰਾਮ ਟੀਮ ਨੇ ਬਣਾਇਆ ਹੈ।  ਮੰਨਿਆ ਜਾ ਰਿਹਾ ਹੈ ਕਿ ਟਵਿੱਟਰ ਨੂੰ ਚੁਣੌਤੀ ਦੇਣ ਲਈ ਇਸਨੂੰ ਇੰਟਰਨੈਟ ਦਾ ਭਵਿੱਖ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ।  ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਇੰਸਟਾਗ੍ਰਾਮ ਤਰਜੀਹੀ ਤੌਰ ʼਤੇ ਤਸਵੀਰਾਂ ਅਤੇ ਵੀਡੀਓ ਦਾ ਮੰਚ ਹੈ ਉਥੇ ਥਰੈਡਜ਼ ਮੁੱਖ ਤੌਰ ʼਤੇ ਵਿਸ਼ਾ-ਸਮੱਗਰੀ ਅਤੇ ਵਿਚਾਰਾਂ ਨੂੰ ਉਭਾਰੇਗਾ।
ਖ਼ਬਰਾਂ ਆ ਰਹੀਆਂ ਹਨ ਕਿ ਇਸਨੂੰ ਵਰਤਣ ਵਾਲਿਆਂ ਦੀ ਗਿਣਤੀ ਤੱਤਫਟ 10 ਕਰੋੜ ਤੋਂ ਵਧੇਰੇ ਹੋ ਗਈ ਹੈ।  ਆਉਣ ਵਾਲੇ ਦਿਨਾਂ ਦੌਰਾਨ ਸੋਸ਼ਲ ਮੀਡੀਆ ਮੰਚਾਂ ਦਰਮਿਆਨ ਮੁਕਾਬਲਾ ਵਧਣ ਦੀ ਸੰਭਾਵਨਾ ਬਣ ਗਈ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>