ਫ਼ਾਜ਼ਿਲਕਾ ਵਿਖੇ ਪਰਵਾਸ ’ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ

WhatsApp Image 2023-07-31 at 8.40.04 AM.resizedਫ਼ਾਜ਼ਿਲਕਾ – ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣ ਦਾ ਵੱਧ ਰਿਹਾ ਰੁਝਾਨ ਅਖ਼ਬਾਰਾਂ ਦੀਆਂ ਖ਼ਬਰਾਂ ਤੋਂ ਪਰੇ ਸੈਮੀਨਾਰਾਂ ਅਤੇ ਬਹਿਸਾਂ ਦਾ ਵਿਸ਼ਾ ਬਣਨ ਲੱਗਾ ਹੈ। ਪਿਛਲੇ ਕੁਝ ਦਿਨਾਂ ਤੋਂ ਮਾਲਵਾ ਖੇਤਰ ਵਿੱਚ ਵਧ ਰਹੇ ਇਸ ਰੁਝਾਨ ਦੀਆਂ ਖ਼ਬਰਾਂ ਵੱਖ-ਵੱਖ ਅਖ਼ਬਾਰਾਂ ਅਤੇ ਯੂਨੀਵਰਸਿਟੀਆਂ ਦੀਆਂ ਖੋਜ ਰਿਪੋਰਟਾਂ ਦੀਆਂ ਸੁਰਖ਼ੀਆਂ ਬਣ ਰਹੀਆਂ ਹਨ। ਇਸ ਸਬੰਧ ਵਿਚ ਪੰਜਾਬ ਦੇ ਮਸਲਿਆਂ ‘ਤੇ ਸਰਗਰਮ ਸੰਸਥਾ ’ਪੰਜਾਬ ਜਾਗ੍ਰਿਤੀ ਲਹਿਰ’ ਵੱਲੋਂ ਫ਼ਾਜ਼ਿਲਕਾ ਦੇ ਡੀਏਵੀ ਕਾਲਜ ਐਜੂਕੇਸ਼ਨ ਵਿਖੇ ‘ਪੰਜਾਬੀ ਨੌਜਵਾਨਾਂ ਦਾ ਪਰਵਾਸ: ਕਾਰਨ ਅਤੇ ਨਤੀਜੇ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ ਙ ਉੱਘੇ ਸਮਾਜ ਸੇਵੀ ਸੁਬੋਧ ਵਰਮਾ ਦੀ ਅਗਵਾਈ ’ਚ ਕਰਾਏ ਗਏ ਸੈਮੀਨਾਰ ਵਿੱਚ ਇਲਾਕੇ ਦੀਆਂ ਵੱਖ-ਵੱਖ ਵਰਗਾਂ, ਸੰਸਥਾਵਾਂ, ਧਾਰਮਿਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਸੈਮੀਨਾਰ ’ਚ ਸਿੱਖ ਚਿੰਤਕ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋਫੈਸਰ ਸਰਚਾਂਦ ਸਿੰਘ, ਪ੍ਰੋਫੈਸਰ ਗੁਰਵਿੰਦਰ ਸਿੰਘ ਮੰਮਣਕੇ, ਸ. ਸ਼ਿਵਚਰਨ ਬਰਾੜ, ਨੈਸ਼ਨਲ ਐਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ, ਕਾਂਗਰਸੀ ਆਗੂ ਸੁਖਵੰਤ ਸਿੰਘ ਬਰਾੜ, ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਵੈਰਦ, ਬਾਬਾ ਸੋਹਣ ਸਿੰਘ ਜੰਡਵਾਲਾ ਭੀਮੇਸ਼ਾਹ ਅਤੇ ਅਸ਼ੋਕ ਸੋਨੀ ਨੇ ਵੀ ਆਪਣੇ ਵਿਚਾਰ ਰੱਖੇ।

ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਨੇ ਆਪਣੇ ਸੰਬੋਧਨ ਵਿੱਚ ਵਿਦੇਸ਼ਾਂ ਵਿੱਚ ਪਰਵਾਸ ਦੇ ਰੁਝਾਨ ਨੂੰ ਤੱਥਾਂ ਸਮੇਤ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬੀ ਪਰਵਾਸ ਦੇ ਆਦੀ ਹਨ, ਪਰ ਮੌਜੂਦਾ ਸਮੇਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਵਧੀ ਤੇਜ਼ੀ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਜੋ ਕਿ ਕੁਝ ਸਾਲਾਂ ਬਾਅਦ ਪੰਜਾਬ ਪੰਜਾਬ ਨਹੀਂ ਰਹੇਗਾ। ਉਨ੍ਹਾਂ ਪਰਵਾਸ ਦੇ ਅਜੋਕੇ ਰੁਝਾਨ ਲਈ ਪੰਜਾਬ ਦੀਆਂ ਪ੍ਰਸਥਿਤੀਆਂ ਨੂੰ ਜ਼ਿੰਮੇਵਾਰ ਮੰਨਿਆ । ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇ ਸਾਧਨ ਬਹੁਤ ਘੱਟ ਹੋਣ ਕਰਕੇ ਅੱਜ ਨੌਜਵਾਨਾਂ ਨੂੰ ਆਪਣੇ ਹੀ ਦੇਸ਼ ਵਿੱਚ ਭਵਿੱਖ ਨਜ਼ਰ ਨਹੀਂ ਆ ਰਿਹਾ ਹੈ। ਨੌਜਵਾਨੀ ਬੇਰੁਜ਼ਗਾਰੀ ਅਤੇ ਸਮਾਜ ਦੇ ਤਾਹਨਿਆਂ ਦੀ ਮਾਰ ਕਾਰਨ ਨਸ਼ਿਆਂ ਦੀ ਗ੍ਰਿਫ਼ਤ ‘ਚ ਆ ਚੁੱਕੀ ਹੈ। ਕਈ ਤਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਕੋਈ ਵੀ ਜ਼ੁਲਮ ਕਰਨ ਨੂੰ ਤਿਆਰ ਹਨ। ਜਿਸ ਦਾ ਸਿੱਟਾ ਗੈਂਗਵਾਰ ਅਤੇ ਲੁੱਟਾਂ ਖੋਹਾਂ ਦੀ ਭਰਮਾਰ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰਾਂ ਦੇ ਖੋਖਲੇ ਵਾਅਦਿਆਂ ਨੇ ਨੌਜਵਾਨਾਂ ਨੂੰ ਬਾਹਰ ਵੱਲ ਰੁਖ਼ ਕਰਨ ਲਈ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੈਲੀ ਅਰਾਜਕਤਾ ਅਤੇ ਬੇਰੁਜ਼ਗਾਰੀ ਮਾਪਿਆਂ ਨੂੰ ਆਪਣੇ ਬਚਿਆਂ ਦੀ ਸੁਰੱਖਿਆ ਲਈ ਵਿਦੇਸ਼ ਭੇਜਣ ਦਾ ਮੁੱਖ ਕਾਰਨ ਹਨ।  ਉਨ੍ਹਾਂ ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਨੂੰ ਠਲਣ ਲਈ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਣ ਅਤੇ ਵਿਦੇਸ਼ੀ ਪ੍ਰਸ਼ਾਸਨਿਕ ਸੁਵਿਧਾਵਾਂ ਲਾਗੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ’ਚ  ਸਰਕਾਰਾਂ ਪ੍ਰਤੀ ਉਦਾਸੀਨਤਾ ਅਤੇ ਦੇਸ਼ ਤੇ ਸਮਾਜ ਪ੍ਰਤੀ ਬੇਗਾਨਗੀ ਦੇ ਅਹਿਸਾਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਜੋ ਕਿ ਦੇਸ਼ ਦੇ ਭਵਿੱਖ ਲਈ ਵੀ ਖ਼ਤਰਨਾਕ ਹੋਵੇਗਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਲਈ ਨੌਜਵਾਨਾਂ ਮੁਲਵਾਨ ਮਨੁੱਖੀ ਸਰੋਤ ਹੈ। ਇਨ੍ਹਾਂ ਦੇ ਚਲੇ ਜਾਣ ਨਾਲ ਜਿੱਥੇ ਪੰਜਾਬ ਨੂੰ ਮਨੁੱਖੀ ਸਰੋਤਾਂ ਦਾ ਨੁਕਸਾਨ ਸਹਿਣਾ ਪੈ ਰਿਹਾ ਹੈ, ਉੱਥੇ ਹੀ ਪੰਜਾਬ ਨੂੰ ’’ਬੁੱਢੇ ਹੋਣ’’ ਦਾ ਸੰਕਟ ਵੀ ਦਰਪੇਸ਼ ਹੈ। ਪਹਿਲਾਂ ਕਮਾਈ ਪੰਜਾਬ ਆਉਂਦੀ ਸੀ, ਪਰ ਹੁਣ ਖ਼ਰਚੇ ਪੂਰੇ ਕਰਨ ਲਈ ਪੰਜਾਬ ਵਿਚੋਂ ਜ਼ਮੀਨ ਜਾਇਦਾਦ ਵੇਚ ਕੇ ਪੈਸਾ ਵਿਦੇਸ਼ਾਂ ’ਚ ਮੰਗਵਾਇਆ ਜਾ ਰਿਹਾ ਹੈ। ਅੱਜ ਪੰਜਾਬ ਦਾ ਕੇਵਲ ਪੈਸਾ ’’ਪੂੰਜੀ’’ ਹੀ ਬਾਹਰ ਨਹੀਂ ਜਾ ਰਹੀ ਸਗੋਂ ਪੜੇ ਲਿਖੇ ਅਤੇ ਹੁਨਰਮੰਦਾਂ ਦੇ ਜਾਣ ਨਾਲ ’’ਬੌਧਿਕਤਾ’’  ਬਰੇਨ ਡਰੇਨ ਵੀ ਹੋ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਪਰਵਾਸ ਤੋਂ ਬਚਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਅਨੇਕਾਂ ਨਾਜਾਇਜ਼ ਢੰਗਾਂ ਰਾਹੀਂ ਜਾਣ ਵਾਲੇ ਮੌਤ ਦੇ ਮੂੰਹ ਜਾ ਡਿਗਦੇ ਹਨ ਜਾਂ ਜੇਲ੍ਹਾਂ ਦੀ ਹਵਾ ਖਾਂਦੇ ਹਨ। ਉਨ੍ਹਾਂ ਪਰਵਾਸ ਨੂੰ ਦੇਸ਼ ਕੌਮ ਦੇ ਭਵਿੱਖ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪਰਵਾਸ ਦੀਆਂ ਦੁਸ਼ਵਾਰੀਆਂ ਅਤੇ ਚੁਨੌਤੀਆਂ ’ਤੇ ਰੌਸ਼ਨੀ ਪਾਈ। ਵਿਦੇਸ਼ਾਂ ਵਿਚ ਢਹਿ ਢੇਰੀ ਹੋ ਰਹੀਆਂ ਪੰਜਾਬੀ ਸਮਾਜਿਕ ਤੇ ਸਭਿਆਚਾਰਕ ਕਦਰਾਂ ਕੀਮਤਾਂ ’ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਪਰਵਾਸ ਨਾ ਤਾਂ ਰੋਕਿਆ ਜਾ ਸਕਦਾ ਹੈ ਅਤੇ ਨਾ ਹੀ ਰੋਕਿਆ ਜਾਣਾ ਬਣਦਾ ਹੈ, ਪਰ ਇਸ ਨੂੰ ਦੇਸ਼ ਸਮਾਜ ਦੇ ਹਿਤੂ ਬਣਾਇਆ ਜਾਣਾ ਚਾਹੀਦਾ ਹੈ।  ਭਾਰਤ ਨੂੰ ਦੇਸ਼ ਵਿਚ ਹੀ ਲੋਕਾਂ ਦੀਆਂ ਲੋੜਾਂ ਅਨੁਸਾਰ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ। ਜਿਹੜੇ ਸੱਜਣ ਪਰਵਾਸ ਕਰ ਕੇ ਪੱਕੇ ਤੌਰ ਉੱਤੇ ਬਾਹਰਲੇ ਦੇਸ਼ਾਂ ਵਿਚ ਵੱਸ ਜਾਂਦੇ ਹਨ, ਉਨ੍ਹਾਂ ਨੂੰ ਆਪਣੀ ਮਾਤ- ਭੂਮੀ ਨੂੰ ਭੁੱਲਣਾ ਜਾਂ ਦੁਰਕਾਰਨਾ ਨਹੀਂ ਚਾਹੀਦਾ । ਜਿਹੜੇ ਲੋਕ ਆਪਣੇ ਪਿੱਛੇ ਨੂੰ ਭੁੱਲ ਜਾਂਦੇ ਹਨ, ਉਨ੍ਹਾਂ ਦਾ ਭਵਿੱਖ ਵੀ ਨਹੀਂ ਹੁੰਦਾ। ਇਸ ਸਬੰਧੀ ਯਹੂਦੀਆਂ ਤੋਂ ਸਬਕ ਸਿੱਖਣ ਦੀ ਸਖ਼ਤ ਲੋੜ ਹੈ।

ਸਾਬਕਾ ਕੈਬਨਿਟ ਮੰਤਰੀ ਚੌਧਰੀ ਸੁਰਜੀਤ ਜਿਆਣੀ ਨੇ ਅਜੋਕੇ ਸੰਕਟ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਸਿਆਸੀ ਅਤੇ ਸਮਾਜਿਕ ਜੀਵਨ ਵਿੱਚੋਂ ਸ਼ਰਮ ਅਤੇ ਡਰ ਖ਼ਤਮ ਹੋ ਗਿਆ ਹੈ । ਸਰਕਾਰਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੀ ਗੰਭੀਰ ਨਹੀਂ ਹਨ। ਫਿਰ ਬੱਚਿਆਂ ਦੇ ਵਿਦੇਸ਼ ਜਾਣ ਨੂੰ ਰੋਕਣ ਲਈ ਕੀ ਯੋਜਨਾਵਾਂ ਬਣਾਈਆਂ ਜਾ ਸਕਦੀਆਂ ਹਨ? ਖੇਤੀਬਾੜੀ ਨਾਲ ਜੁੜੇ ਛੋਟੇ ਕਿਸਾਨਾਂ ਦੇ ਬੱਚਿਆਂ ਦੇ ਵਿਦੇਸ਼ ਜਾਣ ਦੇ ਰੁਝਾਨ ਬਾਰੇ ਉਨ੍ਹਾਂ ਕਿਹਾ ਕਿ ਪਰਵਾਸ ਨੂੰ ਉਦੋਂ ਠਲ ਪਵੇਗੀ ਜਦੋਂ ਦੇਸ਼ ਦਾ ਮੁੱਖ ਕਿੱਤਾ ਖੇਤੀਬਾੜੀ ਲਾਹੇਵੰਦ ਧੰਦਾ ਬਣੇਗਾ। ਦੇਸ਼ ਵਿੱਚ ਚੰਗੀ ਖੇਤੀ ਨੀਤੀ ਹੋਵੇਗੀ।

ਮੁਕਤਸਰ ਦੇ ਨੌਜਵਾਨ ਸ਼ਿਵਚਰਨ ਬਰਾੜ ਨੇ ਪੰਜਾਬੀਆਂ ਦੇ ਪ੍ਰਵਾਸ ’ਚ ਖੇਤੀ ਸੰਕਟ ਨੂੰ ਮੁੱਖ ਕਾਰਨ ਮੰਨਿਆ। ਪੰਜਾਬ ਖ਼ਾਸ ਕਰਕੇ ਮਾਲਵਾ ਖੇਤਰ ਵਿੱਚ ਖੇਤੀ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਨਾ ਤਾਂ ਸਬਸਿਡੀ ਦਾ ਲਾਭ ਮਿਲ ਰਿਹਾ ਹੈ, ਸਗੋਂ ਇਸ ਦੇ ਉਲਟ ਹਰ ਸਾਲ ਕੁਝ ਨਾ ਕੁਝ ਗਵਾ ਰਹੇ ਹਨ। ਅਜਿਹੇ ਹਾਲਾਤ ਵਿੱਚ ਛੋਟੇ ਜ਼ਿਮੀਂਦਾਰਾਂ ਕੋਲ ਆਪਣੀ ਜ਼ਮੀਨ ਵੇਚਣ ਅਤੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਹੈ। ਉਨ੍ਹਾਂ ਖੇਤੀ ਸੁਧਾਰ ਦੀ ਗਲ ਕੀਤੀ ਅਤੇ ਕਿਹਾ ਕਿ ਸ਼ਾਇਦ ਉਨ੍ਹਾਂ ਨੂੰ ਨਾ ਤਾਂ ਆਪਣੀ ਜ਼ਮੀਨ ਵੇਚਣੀ ਪਵੇਗੀ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਪਵੇਗਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰੋਫੈਸਰ ਗੁਰਵਿੰਦਰ ਸਿੰਘ ਮੰਮਣਕੇ ਨੇ ਕਿਹਾ ਕਿ ਕੁਝ ਲੋਕਾਂ ਲਈ ਵਿਦੇਸ਼ਾਂ ਵਿੱਚ ਪਰਵਾਸ ਫ਼ੈਸ਼ਨ ਅਤੇ ਸਿੱਖਿਆ ਦੀ ਗੱਲ ਹੋਵੇ, ਸੈਰ-ਸਪਾਟਾ ਵੀ ਹੋ ਸਕਦਾ ਹੈ, ਪਰ ਜ਼ਿਆਦਾਤਰ ਲੋਕਾਂ ਲਈ ਇਹ ਮਜਬੂਰੀ ਹੈ, ਕਿਉਂਕਿ ਇੱਥੋਂ ਦੀਆਂ ਸਰਕਾਰਾਂ ਰੁਜ਼ਗਾਰ, ਤਕਨੀਕੀ ਸਿੱਖਿਆ ਅਤੇ ਹੋਰ ਪੇਸ਼ੇਵਰ ਸਿੱਖਿਆ ਦੇ ਖੇਤਰ ਵਿੱਚ ਕੁਝ ਵੀ ਜ਼ਿਕਰਯੋਗ ਕੰਮ ਨਹੀਂ ਕਰ ਸਕੀਆਂ, ਜਿਸ ਕਾਰਨ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹਨ।

ਇਲਾਕੇ ਦੇ ਨੈਸ਼ਨਲ ਐਵਾਰਡੀ ਅਧਿਆਪਕ ਅਤੇ ਸੂਬਾ ਸਿੱਖਿਆ ਕਮੇਟੀ ਦੇ ਮੈਂਬਰ ਲਵਜੀਤ ਗਰੇਵਾਲ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਜਦੋਂ ਸਿਆਸੀ ਤੇ ਸਮਾਜਿਕ ਵਿਵਸਥਾ ਨੂੰ ਬਦਲਣ ਦੀਆਂ ਸੰਭਾਵਨਾਵਾਂ ਨਾਮੁਮਕਨ ਹਨ ਤਾਂ ਪਰਵਾਸ ਨੂੰ ਰੋਕਣਾ ਸੰਭਵ ਨਹੀਂ ਜਾਪਦਾ। ਜੇਕਰ ਠੋਸ ਯਤਨ ਕੀਤੇ ਜਾਣ ਤਾਂ ਵਿਦੇਸ਼ ਜਾਣ ਵਾਲਿਆਂ ਨੂੰ ਵਾਪਸ ਲਿਆਉਣ ਵਿੱਚ ਕੁਝ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਵਿਦੇਸ਼ ਜਾਣ ਵਾਲਿਆਂ ਬਾਰੇ ਗਰੇਵਾਲ ਨੇ ਦੱਸਿਆ ਕਿ 70 ਫ਼ੀਸਦੀ ਬੱਚੇ ਖੇਤੀਬਾੜੀ ਨਾਲ ਸਬੰਧਿਤ ਪਰਿਵਾਰਾਂ ਨਾਲ ਸਬੰਧਿਤ ਹਨ। ਗਰੇਵਾਲ ਨੇ ਕਿਹਾ ਕਿ ਨੌਜਵਾਨੀ ਆਪਣੇ ਆਪ ਨੂੰ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਲਈ ਭਾਰਤ ਨਾਲੋਂ ਵਿਦੇਸ਼ਾਂ ਨੂੰ ਬਿਹਤਰ ਸਮਝਦੀਆਂ ਹਨ।

ਇਸ ਮੌਕੇ ਸੈਮੀਨਾਰ ਦੇ ਮੁੱਖ ਪ੍ਰਬੰਧਕ ਸੁਬੋਧ ਵਰਮਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਵਿੱਦਿਅਕ ਅਦਾਰਿਆਂ ਵਿੱਚ ਫ਼ੀਸਾਂ ਦੇ ਰੂਪ ਵਿੱਚ ਕਰੀਬ 70000 ਕਰੋੜ ਰੁਪਏ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ, ਜੋ ਕਿ ਪੰਜਾਬ ਦੇ ਬਜਟ ਦਾ 40 ਫ਼ੀਸਦੀ ਬਣਦਾ ਹੈ।  ਪਿਛਲੇ 10 ਸਾਲਾਂ ‘ਚ ਵਿਦੇਸ਼ਾਂ ‘ਚ ਪੜ੍ਹਾਈ ਲਈ ਬੈਂਕਾਂ ਤੋਂ ਲਿਆ ਗਿਆ ਐਜੂਕੇਸ਼ਨ ਲੋਨ 1180 ਕਰੋੜ ਤੋਂ ਵਧ ਕੇ ਕਰੀਬ 8000 ਕਰੋੜ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪਰਵਾਸੀਆਂ ਦੀ ਨਵੀਂ ਪੀੜੀ ਪੰਜਾਬੀ ਸਭਿਆਚਾਰ ਅਤੇ ਕਦਰਾਂ ਕੀਮਤਾਂ ਤੋਂ ਦੂਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਵਿਚ ਇਕ ਜਾਂ ਦੋ ਬੱਚੇ ਹਨ ਅਤੇ ਜੇ ਉਹ ਵੀ ਅੱਖਾਂ ਤੋਂ ਓਹਲੇ ਹੋ ਜਾਣ ਤਾਂ ਫਿਰ ਬਿਮਾਰੀ ਜਾਂ ਦੁੱਖ ਸੁੱਖ ਵੇਲੇ ਮਾਪਿਆਂ ਦੀ ਸਾਰ ਲੈਣ ਵਾਲਾ ਕੌਣ ਹੋਵੇਗਾ? ਲੱਖਾਂ ਰੁਪਏ ਲਾ ਕੇ ਬਣਾਏ ਵੱਡੇ ਮਕਾਨ/ ਕੋਠੀਆਂ ਵਿਚ ਮਾਂ ਪਿਉ ਇਕੱਲੇ ਰਹਿ ਰਹੇ ਹਨ। ਦੂਜੇ ਪਾਸੇ ਦੇਸ਼ ਦਾ ਹੁਨਰ ਵਿਦੇਸ਼ ਜਾ ਰਿਹਾ ਹੈ ਅਤੇ ਉੱਥੇ ਪੱਕੇ ਤੌਰ ‘ਤੇ ਰਹਿਣ ਦਾ ਮਨ ਬਣਾਉਂਦੇ ਹਨ ਤਾਂ ਉਨ੍ਹਾਂ ਦੇ ਹੁਨਰ ਦਾ ਫ਼ਾਇਦਾ ਵਿਦੇਸ਼ ਉਠਾ ਰਿਹਾ ਹੈ। ਇਹ ਭਾਰਤ ਲਈ ਵੱਡੀ ਘਾਤਕ ਸਥਿਤੀ ਹੈ। ਸਰਕਾਰਾਂ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਨੇ ਪਰਿਵਾਰ ਤੋੜਨ ਦੇ ਨਾਲ ਨਾਲ ਮੁਲਕ ਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਢਾਂਚੇ ਨੂੰ ਡਾਵਾਂਡੋਲ ਕਰ ਕੇ ਰੱਖ ਦਿੱਤਾ ਹੈ।

ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਾਬਕਾ ਸਰਪੰਚ ਲਖਬੀਰ ਸਿੰਘ ਢਿੱਲੋਂ ਨੇ ਆਸ ਪ੍ਰਗਟਾਈ ਕਿ ਸੈਮੀਨਾਰ ਤੋਂ ਸ਼ੁਰੂ ਹੋਈ ਇਹ ਚਰਚਾ ਦੂਰ-ਦੂਰ ਤੱਕ ਪਹੁੰਚ ਕੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚੇਗੀ ਅਤੇ ਇਸ ਸਮੱਸਿਆ ਦਾ ਹੱਲ ਜ਼ਰੂਰ ਨਿਕਲੇਗਾ। ਇਸ ਮੌਕੇ ਜਨਰਲ ਸਕੱਤਰ ਅਸ਼ਵਨੀ ਫੁਟੇਲਾ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਦਨ ਕੌਂਸਲਰ ਅਤੇ ਕਾਂਗਰਸੀ ਆਗੂ ਸੁਰਿੰਦਰ ਪੱਪੂ ਕਾਲੜਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ, ਬਾਬੂਲਾਲ ਛੋਕਰਾ, ਰਾਜੇਸ਼ ਠੁਕਰਾਲ, ਰੌਸ਼ਨ ਲਾਲ ਵਰਮਾ, ਮਨੋਜ ਤ੍ਰਿਪਾਠੀ, ਲੀਲਾਧਰ ਸ਼ਰਮਾ, ਮੋਨਾ ਕਟਾਰੀਆ, ਦਕਸ਼ ਵਰਮਾ, ਆਦਿਤਿਆ ਵਰਮਾ, ਸ. ਪਾਰਥ, ਸੰਘ ਦੇ ਜ਼ਿਲ੍ਹਾ ਪ੍ਰਚਾਰਕ ਮੋਹਿਤ ਕੁਮਾਰ, ਰੀਗਲ ਗੋਇਲ ਸਮੇਤ ਸ਼ਹਿਰ ਅਤੇ ਪਿੰਡਾਂ ਦੇ ਸੂਝਵਾਨ ਤੇ ਮੁਹਤਬਰ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>