ਬਲਾਚੌਰ, ਉਮੇਸ਼ ਜੋਸ਼ੀ) – ਮਾਣਯੋਗ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਨਿਰਦੇਸਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਮੌਕੇ ਜਾਗਰੂਕਤਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਹੈਪੇਟਾਈਟਸ ਇਕ ਜਿਗਰ ਦੀ ਬਿਮਾਰੀ ਹੈ, ਜੋ ਵਾਇਰਸ ਰਾਹੀਂ ਫੈਲਦੀ ਹੈ। ਇਸਦੇ ਪੰਜ ਕਿਸਮਾਂ ਦੇ ਵਿਸ਼ਾਣੂਆਂ ਤੋਂ ਲੋਕ ਸੰਕੑਮਿਤ ਹੋ ਸਕਦੇ ਹਨ, ਜੋ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਏ ਤੇ ਈ ਦੂਸ਼ਿਤ ਪਾਣੀ ਪੀਣ ਨਾਲ, ਗਲੇ-ਸੜੇ ਫਲ ਖਾਣ ਜਾਂ ਬਿਨਾਂ ਹੱਥ ਧੋਤੇ ਖਾਣ ਨਾਲ ਫੈਲਦੀ ਹੈ। ਹੈਪੇਟਾਈਟਸ ਬੀ, ਸੀ ਤੇ ਡੀ ਜਿਸ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਨਸ਼ਿਆਂ ਦੇ ਟੀਕੇ ਵਰਤਣ, ਦੂਸ਼ਿਤ ਸੂਈਆਂ ਦੀ ਵਰਤੋਂ, ਮਰੀਜ਼ ਦੇ ਖ਼ੂਨ ਨਾਲ ਤੇ ਸਰੀਰ ‘ਤੇ ਟੈਟੂ ਬਣਾਉਣ ਕਾਰਨ ਫੈਲਦਾ ਹੈ। ਕਾਲੇ ਪੀਲੀਏ ਕਾਰਨ ਜਿਗਰ ਖਰਾਬ ਹੋ ਜਾਂਦਾ ਹੈ ਤੇ ਕਈ ਵਾਰ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ। ਇਨ੍ਹਾਂ ਵਿਚੋਂ ਹੈਪੇਟਾਈਟਸ ਬੀ ਤੇ ਸੀ ਜ਼ਿਆਦਾ ਖ਼ਤਰਨਾਕ ਹਨ, ਜਿਨ੍ਹਾਂ ਦਾ ਟੈਸਟ ਕਰਵਾਉੁਣਾ ਲਾਜ਼ਮੀ ਹੈ। ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉੁਣ ਤੋਂ ਪਹਿਲਾਂ, ਸਾਂਝੀਆਂ ਸੂਈਆਂ ਦੀ ਵਰਤੋਂ ਕਰਨ ਵਾਲਿਆਂ, ਅਸੁਰੱਖਿਅਤ ਸੰਭੋਗ ਕਰਨ ਵਾਲਿਆਂ, ਦੰਦਾਂ ਦਾ ਇਲਾਜ ਕਰਵਾਉਣ ਸਮੇਂ, ਖੂਨਦਾਨ ਕਰਨ ਮੌਕੇ, ਗਰਭਵਤੀ ਔਰਤ ਨੂੰ ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਲਸਿਸ ਮੌਕੇ ਅਤੇ ਹੈਲਥ ਕੇਅਰ ਵਰਕਰਾਂ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬਿਮਾਰੀ ਦਾ ਸਮਾਂ ਰਹਿੰਦਿਆਂ ਪਤਾ ਲੱਗ ਸਕੇ।ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਸੂਬੇ ਵਿੱਚੋਂ ਸਾਲ 2030 ਤੱਕ ਹੈਪੇਟਾਈਟਸ-ਸੀ ਨੂੰ ਖ਼ਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਤਹਿਤ ਜਿਲ੍ਹਾ ਹਸਪਤਾਲਾਂ, ਸਰਕਾਰੀ ਮੈਡੀਕਲ ਕਾਲਜਾਂ, ਏ.ਆਰ.ਟੀ. ਕੇਂਦਰਾਂ, ਓ.ਐਸ.ਟੀ. ਕੇਂਦਰਾਂ ਅਤੇ ਸਬ ਡਵੀਜਨਲ ਹਸਪਤਾਲਾਂ ਵਿਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਹੈਪੇਟਾਈਟਸ-ਸੀ ਦੇ ਮਰੀਜ਼ਾਂ ਦੀ ਇਲਾਜ ਦਰ ਕਾਫੀ ਜ਼ਿਆਦਾ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਹੈਪੇਟਾਈਟਸ-ਸੀ ਦੇ ਇਲਾਜ ਸਬੰਧੀ ਸੇਵਾਵਾਂ ਪ੍ਰਾਪਤ ਹੋ ਰਹੀਆਂ ਹਨ। ਡਾ. ਮਾਨ ਨੇ ਹੈਪੇਟਾਈਟਸ ਦੀ ਬਿਮਾਰੀ ਦੀ ਰੋਕਥਾਮ, ਲੱਛਣਾਂ ਤੇ ਇਲਾਜ ਬਾਰੇ ਬਾਰੀਕੀ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਦੇ ਲੱਛਣਾਂ ਵਿਚ ਹਲਕਾ ਬੁਖਾਰ, ਮਾਸਪੇਸ਼ੀਆਂ ‘ਚ ਦਰਦ , ਉਲਟੀਆਂ, ਪਿਸ਼ਾਬ ਦਾ ਰੰਗ ਗੂੜਾ ਤੇ ਪੀਲਾ ਹੋਣਾ ਸ਼ਾਮਲ ਹੈ। ਉਨ੍ਹਾਂ ਇਹ ਵੀ ਦੱਸਿਆ ਪੰਜਾਬ ਸਰਕਾਰ ਵੱਲੋਂ ਸਾਰੀਆਂ ਪਾਜ਼ੇਟਿਵ ਗਰਭਵਤੀ ਮਹਿਲਾਵਾਂ ਦੀ ਸਿਹਤਯਾਬੀ ਲਈ ਉਨ੍ਹਾਂ ਨੂੰ ਨਜ਼ਦੀਕੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੇ ਨਵਜੰਮੇ ਬੱਚੇ ਦੀ ਸਿਹਤ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਬਿਮਾਰੀ ਦਾ ਜੇ ਸਮੇਂ ‘ਤੇ ਪਤਾ ਲੱਗ ਜਾਵੇ ਤਾਂ ਉਸਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਉਸ ਦਾ ਇਲਾਜ ਸੰਭਵ ਹੈ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਮੇਂ-ਸਮੇਂ ’ਤੇ ਵੱਖ-ਵੱਖ ਬਿਮਾਰੀਆਂ ਪ੍ਰਤੀ ਸੁਚੇਤ ਕਰਨ ਲਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਬਿਮਾਰੀ ਦੇ ਲੱਛਣਾਂ ਤੇ ਬਚਾਅ ਸਬੰਧੀ ਪ੍ਰੇਰਿਤ ਕੀਤਾ ਜਾ ਸਕੇ।ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ, ਸਿਹਤ ਇੰਸਪੈਕਟਰ ਰਾਜਪਾਲ ਤੇ ਦਿਲਬਾਗ ਸਿੰਘ, ਦੀਦਾਰ ਚੰਦ, ਰਣਜੀਤ ਕੌਰ, ਰਣਜੀਤ ਕੁਮਾਰ, ਅਮਰਜੀਤ ਕੁਮਾਰ, ਸਤੀਸ਼ ਕੁਮਾਰ ਤੇ ਅਮਨਦੀਪ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।