‘ਦਮਦਮੀ ਟਕਸਾਲ’ : ਸਿੱਖ ਪੰਥ ਦੀ ਸਿਰਮੌਰ ਜਥੇਬੰਦੀ

ਖ਼ਾਲਸੇ ਦੀ ਸਿਰਜਣਾ ਭਾਰਤ ਦੇ ਮੱਧਕਾਲੀਨ ਇਤਿਹਾਸ ਦੀ ਇਕ ਅਜਿਹੀ ਅਦੁੱਤੀ ਘਟਨਾ ਹੈ, ਜਿਸ ਨੇ ਵਿਲੱਖਣ ਜੀਵਨ ਜੁਗਤ ਅਤੇ ਮਾਨਵ ਹਿਤਕਾਰੀ ਸਮਾਜ ਉਸਾਰੀ ਨੂੰ ਰੂਪਮਾਨ ਕੀਤਾ। ਮੁਗ਼ਲ ਹਕੂਮਤ ਦੇ ਜ਼ੁਲਮਾਂ ਤੋਂ ਹਿੰਦ ਨੂੰ ਨਿਜਾਤ ਦਿਵਾਉਣ ਲਈ ਜਦੋਂ 1699 ਦੀ ਵਿਸਾਖੀ ’ਤੇ ਅੰਮ੍ਰਿਤ ਸੰਚਾਰ ਰਾਹੀਂ ਖ਼ਾਲਸੇ ਦੀ ਸਿਰਜਣਾ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਿਰਪਾਨ ਸੂਤਦਿਆਂ ਸੀਸ ਅਰਪਣ ਕਰਨ ਵਾਲੇ ਸਿੱਖਾਂ ਨੂੰ ਅੱਗੇ ਆਉਣ ਲਈ ਲਲਕਾਰਿਆ ਤਾਂ ਸੀਸ ਭੇਂਟ ਕਰਨ ਲਈ ਤਤਪਰ ਇਕ ਇਕ ਕਰਕੇ ਗੁਰੂ ਸਾਹਿਬ ਦੇ ਸਨਮੁੱਖ ਆਉਣ ਵਾਲੇ ਪੰਜ ਪਿਆਰੇ ਭਾਰਤ ਦੇ ਕੋਨੇ ਕੋਨੇ ਤੋਂ ਅਤੇ ਭਿੰਨ ਭਿੰਨ ਜਾਤ- ਬਰਾਦਰੀਆਂ ਨਾਲ ਸੰਬੰਧਿਤ ਸਨ। ਇਹੀ ਖ਼ਾਲਸੇ ਦੀ ਖ਼ੂਬਸੂਰਤੀ ਸੀ ਅਤੇ ਹੈ।

ਦਸ ਗੁਰੂ ਸਾਹਿਬਾਨ ਵੱਲੋਂ ਵਰੋਸਾਈ ਖ਼ਾਲਸੇ ਨੇ ਮਜ਼ਲੂਮ ਤੇ ਗ਼ਰੀਬ ਦੀ ਰੱਖਿਆ ਅਤੇ ਅਨਿਆਂਏ ਵਿਰੁੱਧ ਡਟ ਕੇ ਪਹਿਰਾ ਦੇਣ ਦੀ ਪਰੰਪਰਾ ਉੱਪਰ ਹਮੇਸ਼ਾਂ ਪਹਿਰਾ ਦਿੱਤਾ। ਅਠਾਰ੍ਹਵੀਂ ਸਦੀ ’ਚ ਅਫ਼ਗ਼ਾਨਿਸਤਾਨ ਦੇ ਧਾੜਵੀ ਅਹਿਮਦ ਸ਼ਾਹ ਅਬਦਾਲੀ ਦੀ ਸ਼ਕਤੀ ਸ਼ਾਲੀ ਫ਼ੌਜ ਨਾਲ ਖ਼ਾਲਸੇ ਨੇ ਜ਼ਬਰਦਸਤ ਟੱਕਰ ਲਈ, ਉਸ ਤੋਂ ਭਾਰਤ ਦਾ ਲੁੱਟਿਆ ਮਾਲ ਅਸਬਾਬ ਹੀ ਵਾਪਸ ਨਹੀਂ ਖੋਹ ਲਿਆ ਜਾਂਦਾ ਰਿਹਾ ਸਗੋਂ ਭਾਰਤ ਦੀਆਂ ਧੀਆਂ ਨੂੰ ਵੀ ਉਨ੍ਹਾਂ ਤੋਂ ਛਡਵਾ ਕੇ ਘਰ ਘਰ ਭੇਜਣਾ ਕੀਤਾ। ਮੁਗ਼ਲਾਂ ਅਤੇ ਅਫਗਾਨੀਆਂ ਖ਼ਿਲਾਫ਼ ਲੜੀਆਂ ਗਈਆਂ ਉਨ੍ਹਾਂ ਜੰਗਾਂ ’ਚ ਦਮਦਮੀ ਟਕਸਾਲ ਦੀ ਅਹਿਮ ਭੂਮਿਕਾ ਰਹੀ ਹੈ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਰੋਸਾਈ ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ‘ਦਮਦਮੀ ਟਕਸਾਲ’ ਦੀ ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਆਪਣੀ ਇੱਕ ਅਹਿਮ ਅਤੇ ਵਿਲੱਖਣ ਪਛਾਣ ਹੈ ਅਤੇ ਅੱਜ ਵੀ ਸਿੱਖ ਮਾਨਸਿਕਤਾ ਨਾਲ ਅਟੁੱਟ ਤੇ ਅਕੱਟ ਰਿਸ਼ਤੇ ਨਾਲ ਬੱਝੀ ਹੋਈ ਹੈ।

ਦਮਦਮੀ ਟਕਸਾਲ ਦੀ ਸਥਾਪਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ 7 ਅਗਸਤ 1706 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਅਤੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਥਾਪਿਆ ਗਿਆ। 1704 ਈ. ਵਿਚ ਮੁਕਤਸਰ ਦੀ ਜੰਗ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ । ਜਿੱਥੇ ਦਸਮੇਸ਼ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੰਘਾਂ ਨਾਲ ਗੁਰਬਾਣੀ ਦੇ ਅਰਥ ਪੜ੍ਹਾਉਣ ਦੇ ਕੀਤੇ ਵਾਅਦੇ ਨੂੰ ਪੂਰਿਆਂ ਕਰਨਾ ਸੀ। ਜਦੋਂ ਦਸਵੇਂ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਨਿਵਾਸ ਕਰਦੇ ਸਨ, ਉਸ ਵਕਤ ਇਕ ਦਿਨ ਇਕ ਪ੍ਰੇਮੀ ਸਿੰਘ ਪੰਜ ਗ੍ਰੰਥੀ ਦਾ ਨਿੱਤਨੇਮ ਬੜੀ ਸ਼ਰਧਾ ਨਾਲ ਜ਼ੁਬਾਨੀ ਕਰ ਰਿਹਾ ਸੀ। ਜੋ ਗੁਰੂ ਸਾਹਿਬ ਨੂੰ ਸੁਣਾਈ ਦੇ ਰਿਹਾ ਸੀ। ’ਦੱਖਣੀ ਓਅੰਕਾਰ’ ਦੀ ਬਾਣੀ ਪੜ੍ਹਦਿਆਂ ਜਦੋਂ ਪੰਗਤੀ ’ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ।। ਨੂੰ  ਸਿੰਘ ਨੇ ’’ਕੈ’’ ਦੀ ਥਾਂ ’’ਕੇ’’ ਪੜ੍ਹ ਗਿਆ। ਗੁਰੂ ਸਾਹਿਬ ਨੇ ਇਹ ਸੁਣ ਕੇ ਦੋ ਵਾਰੀ ਸਿੰਘ ਨੂੰ ਗੁਰਬਾਣੀ ਦਾ ਸ਼ੁੱਧ ਪਾਠ ਕਰਨ ਲਈ ਕਿਹਾ। ਸਿੰਘ ਬਾਣੀ ਪੜ੍ਹਨ ਵਿਚ ਮਗਨ ਸੀ, ਅਵਾਜ਼ ਨਾ ਸੁਣੀ, ਸੋਧ ਨਾ ਕੀਤੀ ਅਤੇ ਅੱਗੇ ਪੜ੍ਹੀ ਗਿਆ। ਤਾਂ ਹਜ਼ੂਰ ਨੇ ਇਕ ਸਿੰਘ ਭੇਜ ਕੇ ਤਾੜਨਾ ਕਰਵਾਈ ਤੇ ਚਾਟਾਂ ਮਰਵਾਈਆਂ। ਉਸੇ ਦਿਨ ਹੀ ਸਿੰਘ ਦੀਵਾਨ ’ਚ ਆ ਕੇ ਬੇਨਤੀ ਕੀਤੀ ਕਿ ਕਿ ਸਤਿਗੁਰੂ ਜੀ ਜੇਕਰ ਗੁਰਬਾਣੀ ਪੜ੍ਹਦਿਆਂ ਤਮਾਚੇ ਵੀ ਵੱਜਦੇ ਹਨ ਤਾਂ ਸਾਡੀ ਕਲਿਆਣ ਕਿਵੇਂ ਹੋਵੇਗੀ? ਇਹ ਸੁਣ ਸਤਿਗੁਰੂ ਜੀ ਨੇ ਕਿਹਾ, ’’ਸਿੰਘਾ, ਗੁਰਬਾਣੀ ਸਾਡੇ ਅੰਗ ਹਨ। ਤੂੰ ਗੁਰਬਾਣੀ ਗ਼ਲਤ ਪੜ੍ਹਦਾ ਸੀ, ਸਾਨੂੰ ਜੋ ਖੇਦ ਗੁਰਬਾਣੀ ਗ਼ਲਤ ਪੜ੍ਹਨ ਤੋਂ ਹੋਇਆ ਹੈ, ਤੈਨੂੰ ਚਪੇੜਾਂ ਨਾਲ ਨਹੀਂ ਹੋਇਆ।’’ ਇਹ ਸੁਣ ਸਿੰਘ ਦੀ ਨਰਾਜ਼ਗੀ ਘਟੀ ਅਤੇ ਨਿਮਰਤਾ ਨਾਲ ਪੁੱਛਿਆ, ਸਤਿਗੁਰੂ ਜੀ ਕ੍ਰਿਪਾ ਕਰਕੇ ਦੱਸੋ ਕਿਥੋਂ ਗ਼ਲਤ ਪੜ੍ਹਦਾ ਸੀ, ਸੋ ਸੋਧ ਲਵਾਂ। ਮਹਾਰਾਜ ਨੇ ਕਿਹਾ ਦੱਖਣੀ ਓਅੰਕਾਰ ਦੀ ’ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰ ਸੂਰਾ।। ਨੂੰ ’’ਕੈ’’ ਦੀ ਥਾਂ ’’ਕੇ’’ ਪੜ੍ਹਿਆ। ਜਿਸ ਕਰਕੇ ਅਰਥ ਦਾ ਉਲਟਾ ਅਨਰਥ ਹੋ ਗਿਆ। ਕਿਉਂਕਿ ‘ਕਰਤੇ’ ਵਾਹਿਗੁਰੂ ਦੀ ਮਰਿਆਦਾ ਨੂੰ ਕਰਤਾ ਆਪ, ਜਾਣਦਾ ਹੈ (ਕੈ) ਅਥਵਾ ਗੁਰੂ ਸੂਰਮੇ ਜਾਣਦੇ ਹਨ। ਪਰ (ਕੇ) ਦਾ ਅਰਥ ਹੈ ’ਕੀ’ ਸਤਿਗੁਰੂ ਸੂਰਮੇ (ਕੇ) ਕੀ ਜਾਣਦੇ ਹਨ ? ਭਾਵ ਨਹੀਂ ਜਾਣਦੇ। ਜੇ ਸਤਿਗੁਰੂ ਸੂਰਮੇ ਹੀ ਮਰਿਆਦਾ ਨੂੰ ਨਹੀਂ ਜਾਣਦੇ ਤਾਂ ਹੋਰ ਕੌਣ ਜਾਣਨਗੇ ? ਸੋ ਹੇ ਖ਼ਾਲਸਾ ਜੀ ! ਸਭ ਸਿੰਘ ਗੁਰਬਾਣੀ ਨੂੰ ਸੋਧ ਕੇ, ਵਿਚਾਰ ਕੇ ਤੇ ਚਿੱਤ ਟਿਕਾ ਕੇ ਪੜ੍ਹਿਆ ਕਰੇ। ਇਹ ਸੁਣ ਕੇ ਭਾਈ ਦਇਆ ਸਿੰਘ ਜੀ ਆਦਿ, ਮੁਖੀ ਸਿੰਘਾਂ ਨੇ ਬੇਨਤੀ ਕੀਤੀ, ‘ਹੇ ਗ਼ਰੀਬ ਨਿਵਾਜ ਜੀ’, ਆਪ ਕ੍ਰਿਪਾ ਕਰਕੇ ਗੁਰਬਾਣੀ ਦੇ ਅਰਥ ਪੜ੍ਹਾਓ ਜੀ। ਅਰਥਾਂ ਬਿਨਾਂ ਗੁਰਬਾਣੀ ਦੀ ਸ਼ੁੱਧੀ ਅਸ਼ੁੱਧੀ ਦਾ ਪਤਾ ਨਹੀਂ ਲੱਗਦਾ। ਤਾਂ ਹਜ਼ੂਰ ਨੇ ਫ਼ਰਮਾਇਆ ਸਿੰਘੋ ! ਸਾਡਾ ਇਕਰਾਰ ਰਿਹਾ, ਹੁਣ ਤਾਂ ਧਰਮ ਯੁੱਧ ਦਾ ਸਮਾਂ ਹੈ, ਜੰਗ ਤੋਂ ਵਿਹਲੇ ਹੋ ਕੇ ਅਰਥ ਪੜ੍ਹਾਵਾਂਗੇ।

ਜਦੋਂ ਕਲਗ਼ੀਧਰ ਪਿਤਾ ਜੀ, ਸਰਬੰਸ ਵਾਰ ਕੇ ਮੁਕਤਸਰ ਸਾਹਿਬ ਟੁੱਟੀ ਗੰਢ ਕੇ, ਸਾਬੋ ਕੀ ਤਲਵੰਡੀ ਆਏ ਤਾਂ ਸਿੰਘਾਂ ਨੇ ਬੇਨਤੀ ਕੀਤੀ, ਹਜ਼ੂਰ ਜੋ ਆਪ ਜੀ ਨੇ ਗੁਰਬਾਣੀ ਦੇ ਅਰਥ ਪੜ੍ਹਾਉਣ ਦਾ ਇਕਰਾਰ ਕੀਤਾ ਸੀ, ਸੋ ਕ੍ਰਿਪਾ ਕਰਕੇ ਪੂਰਾ ਕਰੋ ਜੀ। ਤਾਂ ਮਹਾਰਾਜ ਜੀ ਨੇ ਕਿਹਾ, “ਤੁਸੀਂ ਧੀਰ ਮੱਲ ਦੇ ਪਾਸ ਕਰਤਾਰਪੁਰ ਸਾਹਿਬ ਜਾਓ, ਪੰਜਵੇਂ ਪਾਤਿਸ਼ਾਹ ਜੀ ਨੇ ਜੋ ਗੁਰਬਾਣੀ ਦੀ ਬੀੜ ਰਚੀ ਹੈ, ਉਹ ਸਰੂਪ ਲੈ ਆਵੋ, ਨਾਲੇ ਉਸ ਵਿਚ ਨੌਵੇਂ ਪਾਤਸ਼ਾਹ ਜੀ ਦੀ ਗੁਰਬਾਣੀ ਚੜ੍ਹਾ ਦੇਈਏ।” ਸਤਿਗੁਰਾਂ ਦਾ ਹੁਕਮ ਮੰਨ ਕੇ ਮੁਖੀ ਸਿੰਘ ਧੀਰ ਮੱਲ ਕੋਲ ਗਏ ਤਾਂ ਧੀਰ ਮੱਲ ਨੇ ਉਤਰ ਦਿੱਤਾ, “ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਵੇਂ ਸਰੂਪ ਵਿਚ ਤਿਆਰ ਕੀਤੀ ਹੈ, ਆਪ ਵੀ ਸਤਿਗੁਰੂ ਜੀ ਉਨ੍ਹਾਂ ਦੇ ਸਰੂਪ ਹੀ ਹਨ, ਆਪ ਕੰਠੋਂ ਕਿਉਂ ਨਹੀਂ ਰਚ ਲੈਂਦੇ।” ਇਹ ਸੁਣ ਕੇ ਸਿੰਘਾਂ ਨੇ ਵਾਪਸ ਆ ਕੇ ਹਜ਼ੂਰ ਦੇ ਸਨਮੁੱਖ ਬੇਨਤੀ ਕੀਤੀ, ਮਹਾਰਾਜ ਜੀ ਧੀਰ ਮੱਲ ਤਾਂ ਇਸ ਪ੍ਰਕਾਰ ਕਹਿੰਦਾ ਹੈ। ਧੀਰ ਮੱਲ ਦਾ ਜਵਾਬ ਸੁਣ ਕੇ ਹਜ਼ੂਰ ਆਪ, ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਕਲਮਾਂ, ਸਿਆਹੀ ਤੇ ਕਾਗ਼ਜ਼ ਦਾ ਪ੍ਰਬੰਧ ਕਰਨ ਦੀ ਸੇਵਾ ਲਾਈ ਅਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਆਪਣੀ ਪਵਿੱਤਰ ਰਸਣਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠੋਂ ਉਚਾਰਨ ਲੱਗੇ। ਐਸੀ ਅਗੰਮੀ ਕਲਮ ਚਲੀ, ਕਿ ‘ਜਪੁਜੀ ਸਾਹਿਬ, ਰਹਿਰਾਸ ਸਾਹਿਬ, ਤੇ ਕੀਰਤਨ ਸੋਹਿਲਾ’ ਤਕ ਗੁਰਬਾਣੀ ਪਹਿਲੇ ਦਿਨ ਹੀ ਲਿਖੀ ਗਈ ਅਤੇ ਸ਼ਾਮ ਨੂੰ ਸਾਰੀ ਬਾਣੀ ਦੇ ਅਰਥ ਸੰਗਤਾਂ ਨੂੰ ਸੁਣਾਏ। ਇਸ ਤਰ੍ਹਾਂ ਗੁਰਬਾਣੀ ਦੀ ਲਿਖਾਈ, ਪੜ੍ਹਾਈ ਅਤੇ ਅਰਥ ਸ਼ੁਰੂ ਹੋਏ। ਹਜ਼ੂਰ ਅੰਮ੍ਰਿਤ ਵੇਲੇ ਜਿੰਨੀ ਗੁਰਬਾਣੀ ਲਿਖਵਾਇਆ ਕਰਦੇ, ਪਿਛਲੇ ਪਹਿਰ ਉਤਨੀ ਦੇ ਹੀ 48 ਸਿੰਘਾਂ ਅਤੇ ਬੇਅੰਤ ਸੰਗਤਾਂ ਨੂੰ ਅਰਥ ਪੜ੍ਹਾਇਆ ਕਰਦੇ। ਇਸ ਪ੍ਰਕਾਰ  ਸੰਮਤ 1762 ਕੱਤਕ ਸੁਦੀ ਪੂਰਨਮਾਸ਼ੀ ਤੋਂ ਅਰੰਭ ਕਰ ਕੇ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿਚ 1763 ਬਿਕਰਮੀ 23 ਸਾਵਣ ( ਸੰਨ 1706ਈ ) ’ਚ ‘ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਮੇਤ, “ੴਤੋਂ ਲੈ ਕੇ ਅਠਾਰਹ ਦਸ ਬੀਸ’ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਪੂਰਨ ਹੋਇਆ।  ਇਸੇ ਵਕਤ ਹੀ ਅਰਥਾਂ ਦੀ ਟਕਸਾਲ ਆਰੰਭ ਹੋਈ। ਇੱਥੇ ਹੀ ਸਤਿਗੁਰਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਮੁਖੀ ਥਾਪਦਿਆਂ ਸੰਗਤ ਨੂੰ ਗੁਰਬਾਣੀ ਦਾ ਸੁੱਧ ਉਚਾਰਨ ਸਰਵਣ ਕਰਾਉਣ ਅਤੇ ਅਰਥ ਪੜਾਉਣ ਦੀ ਸੇਵਾ ਸੌਂਪੀ ।

ਅਫਗਾਨੀ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਦੇ ਹਮਲਿਆਂ ਦੌਰਾਨ ਸਿੱਖਾਂ ਦੇ ਜ਼ਬਰਦਸਤ ਟੱਕਰ ਕਾਰਨ ਅਬਦਾਲੀ ਸਿੱਖਾਂ ਦਾ ਸਖ਼ਤ ਵਿਰੋਧੀ ਬਣ ਗਿਆ ਅਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁੱਲ ਗਿਆ। ਅਬਦਾਲੀ ਨੇ 1757 ਈ: ਦੇ ਵਿਚ ਦਿੱਲੀ ਜਾਂਦਾ ਹੋਇਆ ਅੰਮ੍ਰਿਤਸਰ ਸ਼ਹਿਰ ਨੂੰ ਲੁੱਟਿਆ ਅਤੇ ਸ਼ਹਿਰ ਦੀਆਂ ਇਮਾਰਤਾਂ ਨੂੰ ਢਾਹਿਆ। ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖ਼ਬਰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨਿਵਾਸ ਕਰ ਰਹੇ ਬਾਬਾ ਦੀਪ ਸਿੰਘ ਜੀ ਨੂੰ ਮਿਲੀ ਤਾਂ ਉਹ ਕਰੋਧ ਵਿਚ ਆਗਿਆ। ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਭੰਗ ਕਰਨ ਵਾਲਿਆਂ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ ਅਤੇ ਸਿੰਘਾਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤਾ। ਸਿੰਘਾਂ ਦੀ ਚੜ੍ਹਾਈ ਬਾਰੇ ਅਫ਼ਗ਼ਾਨੀਆਂ ਨੂੰ ਖ਼ਬਰ ਮਿਲ ਚੁੱਕੀ ਸੀ। ਉਸ ਵਕਤ ਅੰਮ੍ਰਿਤਸਰ ਸ਼ਹਿਰ ਤੋਂ ਕੁਝ ਦੂਰ ਗੋਹਲਵੜ ਪਿੰਡ ਕੋਲ ਜਥੇ ਦੇ ਸਿੰਘਾਂ ਦਾ ਦੁਸ਼ਮਣ ਫ਼ੌਜ ਟਾਕਰਾ ਹੋਇਆ। ਅਫਗਾਨੀ ਸਿੰਘਾਂ ਦੇ ਕਰਤਬ ਦੇਖ ਅਸ਼ ਅਸ਼ ਕਰ ਉੱਠੇ। ਅਫ਼ਗ਼ਾਨ ਕਮਾਂਡਰ ਜਹਾਨ ਖ਼ਾਨ ਨੇ ਵੀ ਬਾਬਾ ਦੀਪ ਸਿੰਘ ਨਾਲ ਦਵੰਦ ਯੁੱਧ ਦੀ ਇੱਛਾ ਜਤਾਈ। ਬਾਬਾ ਦੀਪ ਸਿੰਘ ਨੇ ਉਸ ਨਾਲ  ਪਿੰਡ ਚਬਾ ਅਤੇ ਪਿੰਡ ਗੁਰੂਵਾਲੀ ਦੇ ਵਿਚਕਾਰ ਮੈਦਾਨ ਏ ਜੰਗ ਵਿਚ ਦਵੰਦ ਯੁੱਧ ਕੀਤਾ। ਜਿੱਥੇ ਦੋਹਾਂ ਦੇ ਘੋੜੇ ਮਾਰੇ ਗਏ ਅਤੇ ਸੰਜੋਅ ਵੀ ਟੁੱਟ ਗਈਆਂ। ਅਖੀਰ ਦੋਹਾਂ ਦੇ ਆਪਸ ਵਿਚੀਂ ਸਾਂਝੇ ਵਾਰ ਨਾਲ ਦੋਹਾਂ ਦੇ ਸੀਸ ਲੱਥ ਗਏ। ( ਜਿਥੇ ਅੱਜ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ, ਸੁਭਾਈਮਾਨ ਹੈ ਅਤੇ ਸੰਤ ਬਾਬਾ ਦਰਸ਼ਨ ਸਿੰਘ ਸੇਵਾ ਕਰਵਾ ਰਹੇ ਹਨ )

’ਚਲੀ ਤੇਗ ਅਤਿ ਬੇਗ ਸੈਂ, ਦੁਹੂੰ ਕੇਰ ਬਲ-ਵਾਰ।।

ਉਤਰ ਗਏ ਸਿਰ ਦੁਹੂੰ ਕੇ, ਪਰਸ-ਪਰੈਂ ਇਕ ਸਾਰ।।’’ (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)
ਬਾਬਾ ਜੀ ਦਾ ਸੀਸ ਧੜ ਤੋਂ ਅਲੱਗ ਹੋ ਜਾਣ ਸਦਕਾ ਸਰੀਰ ਜ਼ਮੀਨ ’ਤੇ ਡਿਗ ਪਿਆ। ਇਹ ਕੌਤਕ ਦੇਖ ਇਕ ਸਿੰਘ ਨੇ ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕੀਤੀ, ਕਿ ਬਾਬਾ ਜੀ ਤੁਸਾਂ ਅਰਦਾਸ ਕੀਤੀ ਸੀ ਸੀਸ ਸੁਧਾਸਰ ਜਾ ਕੇ ਗੁਰੂ ਦੇ ਚਰਨਾਂ ‘ਚ ਭੇਟ ਕਰਨਾ ਹੈ। ਇਹ ਹੁਣ ਕੀ ਭਾਣਾ ਵਰਤਾਇਆ ਜੇ? ਸੁਧਾਸਰ ਇਥੋ ਦੋ ਕੋਹ ਦੂਰ ਹੈ।

ਢਿਗ ਤੈ ਏਕ ਸਿੰਘ ਪਿਖਿ ਕਹਯੋ। ਪਰਣ ਤੁਮਾਰਾ ਦੀਪ ਸਿੰਘ ਰਹਯੋ।

ਗੁਰਪੁਰਿ ਜਾਇ ਸੀਸ ਮੈਂ ਦੈਹੋਂ। ਸੋ ਤੇ ਦੋਇ ਕੋਸ ਇਸ ਠੈਹੋਂ।। (ਸ੍ਰੀ ਗੁਰੁ ਪੰਥ ਪ੍ਰਕਾਸ਼- ਕ੍ਰਿਤ, ਗਿਆਨੀ ਗਿਆਨ ਸਿੰਘ)
ਫੇਰ ਕੀ ਸੀ ਬਚਨ ਕੇ ਬਲੀ ਸੂਰਬੀਰ ਯੋਧੇ ਬਾਬਾ ਜੀ ਦਾ ਧੜ ਹਰਕਤ ਵਿਚ ਆਇਆ ਅਤੇ ਉਨ੍ਹਾਂ ਆਪਣਾ ਪਾਵਨ ਸੀਸ ਖੱਬੇ ਹੱਥ ’ਤੇ ਧਰ ਕੇ ਸਜੇ ਹੱਥ ਨਾਲ ਆਪਣਾ ਸਵਾ ਮਣ ਦਾ ਤਿੱਖਾ ਖੰਡਾ ਵਾਹੁੰਦੇ ਹੋਏ ਲੜਦੇ ਚਲੇ ਗਏ। ਬਾਬਾ ਦੀਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਤਕ ਜਾ ਪਹੁੰਚੇ ਤਾਂ ਸਿੰਘਾਂ ਨੇ ਜਿੱਤ ਦੇ ਜੈਕਾਰੇ ਗੁੰਜਾਏ, ਬਾਬਾ ਜੀ ਨੇ ਸੀਸ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਟ ਕਰਦਿਆਂ ਸੱਚਖੰਡ ਨੂੰ ਪਿਆਨਾ ਕੀਤਾ।

ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਬਾਅਦ ਦਮਦਮੀ ਟਕਸਾਲ ਦੇ ਦੂਸਰੇ ਮੁਖੀ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ, ਜਿਨ੍ਹਾਂ ਨੇ ਅਬਦਾਲੀ ਦੀਆਂ ਫ਼ੌਜਾਂ ਨਾਲ ਲੜਦਿਆਂ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਆਪਾ ਵਾਰਿਆ, ਜਿਨ੍ਹਾਂ ਦਾ ਸ਼ਹੀਦੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਗਰ ਹੈ। ਆਪ ਜੀ ਤੋਂ ਬਾਅਦ ਭਾਈ ਸੂਰਤ ਸਿੰਘ ਜੀ, ਭਾਈ ਗੁਰਦਾਸ ਸਿੰਘ ਜੀ, ਭਾਈ ਸੰਤ ਸਿੰਘ ਜੀ, ਸੰਤ ਦਯਾ ਸਿੰਘ ਜੀ, ਸੰਤ ਗਿਆਨੀ ਭਗਵਾਨ ਸਿੰਘ ਜੀ, ਸੰਤ ਹਰਨਾਮ ਸਿੰਘ ਬੇਦੀ ਜੀ, ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਅਤੇ ਉਨ੍ਹਾਂ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਗਿਆਰ੍ਹਵੇਂ ਮੁਖੀ ਹੋਏ ਹਨ, ਜਿਨ੍ਹਾਂ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਹਿੰਦੁਸਤਾਨ ਦੀ ਆਜ਼ਾਦੀ ਲਈ ਵੀ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਤੋ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਲਗਭਗ 48 ਸਾਲ ਮੁਖੀ ਰਹੇ। ਉਨ੍ਹਾਂ ਵੀ ਜਥੇਬੰਦੀ ‘ਚ ਵਿਦਿਆਰਥੀਆਂ ਨੂੰ ਗੁਰਬਾਣੀ ਦੇ ਸੰਥਿਆ, ਕਥਾ ਕੀਰਤਨ ਦੀ ਵੱਡੀ ਸਿਖਲਾਈ ਦਿੱਤੀ, ਫਲਸਰੂਪ ਉਨ੍ਹਾਂ ਦੇ ਸਮੇਂ ਅਤੇ ਉਨ੍ਹਾਂ ਤੋਂ ਬਾਅਦ ਵੀ ਜਥੇ ਤੋਂ ਸਿੱਖਿਆ ਪ੍ਰਾਪਤ ਸਿੰਘ ਤਖ਼ਤਾਂ ਦੇ ਜਥੇਦਾਰ, ਸਿੰਘ ਸਾਹਿਬਾਨ ਅਤੇ ਗੁਰੂ ਘਰਾਂ ਦੇ ਗ੍ਰੰਥੀ ਤੇ ਪ੍ਰਚਾਰਕ ਵਜੋਂ ਸੇਵਾ ਨਿਭਾਉਂਦੇ ਰਹੇ। ਸੰਤ ਬਾਬਾ ਕਰਤਾਰ ਸਿੰਘ ਜੀ ਖ਼ਾਲਸਾ ਦਮਦਮੀ ਟਕਸਾਲ ਦੇ ਤੇਹਰਵੇ ਮੁਖੀ ਸਨ, ਨੇ 8 ਸਾਲਾਂ ਦੇ ਸਮੇਂ ਦੌਰਾਨ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਸਿੱਖੀ ਦੇ ਵਿਰੁੱਧ ‘ਚ ਕੰਮ ਕਰ ਰਹੇ ਦੇਹਧਾਰੀ ਗੁਰੂਡੰਮ ਦੇ ਖ਼ਿਲਾਫ਼ ਬਹੁਤ ਵੱਡੀ ਲਹਿਰ ਚਲਾਈ। ਦੇਸ਼ ਭਰ ਵਿੱਚ ਵੱਡੇ ਵੱਡੇ ਨਗਰ ਕੀਰਤਨ ਆਯੋਜਿਤ ਕਰ ਹਕੂਮਤ ਵੱਲੋਂ ਲਗਾਈ ਗਈ ਐਮਰਜੈਂਸੀ ਵਿਰੁੱਧ ਅੱਗੇ ਹੋ ਕੇ ਪ੍ਰਚਾਰ ਕੀਤਾ। ਉਨ੍ਹਾਂ ਤੋਂ ਪਿੱਛੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਬਣੇ। ਬਾਬਾ ਠਾਕੁਰ ਸਿੰਘ ਦੇ ਮਗਰੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਹਨ। ਜੋ ਦਮਦਮੀ ਟਕਸਾਲ ਨੂੰ ਸਥਾਪਿਤ ਕਰਨ ਦਾ ਮਕਸਦ ਤਹਿਤ ਸਿੱਖ ਸੰਗਤ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ, ਗੁਰਬਾਣੀ ਦਾ ਸ਼ੁੱਧ ਉਚਾਰਨ, ਗੁਰਬਾਣੀ ਦੇ ਅਰਥ, ਗੁਰ ਇਤਿਹਾਸ ਅਤੇ ਰਹਿਤ ਮਰਿਆਦਾ ਦੇ ਸੰਪੂਰਨ ਨਿਯਮਾਂ ’ਤੇ ਪਹਿਰਾ ਦੇਣ, ਸੰਗਤ ਨੂੰ ਅੰਮ੍ਰਿਤ ਛਕਾਉਣ ਅਤੇ ਗੁਰ ਸਿੱਖੀ ਦੇ ਲੜ ਲਾਉਣ ਦੀ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਇਹ ਕਹਿਣ ‘ਚ ਕੋਈ ਅੱਤਕਥਨੀ ਨਹੀਂ ਹੋਵੇਗੀ ਕਿ ਦਮਦਮੀ ਟਕਸਾਲ ਨੇ ਜਿੰਨੇ ਪਾਠੀ, ਗਿਆਨੀ, ਰਾਗੀ, ਪ੍ਰਚਾਰਕ ਤੇ ਕਥਾਵਾਚਕ ਪੈਦਾ ਕੀਤੇ ਹਨ, ਸ਼ਾਇਦ ਹੀ ਕੋਈ ਹੋਰ ਸੰਸਥਾ ਇਸ ਕਾਰਜ ਨੂੰ ਇਨ੍ਹੀਂ ਸਫਲਤਾ ਪੂਰਵਕ ਕਰ ਸਕੀ ਹੋਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਦੇ 317 ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ 7 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਵਿਖੇ ਕਰਾਇਆ ਜਾ ਰਿਹਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>