ਜੱਗੀ ਬਰਾੜ ਸਮਾਲਸਰ ਦਾ ਕਹਾਣੀ ਸੰਗ੍ਰਹਿ ‘ਕੈਨੇਡੀਅਨ ਪਾਸਪੋਰਟ’ ਜ਼ਿੰਦਗੀ ਦੀ ਜਦੋਜਹਿਦ ਦਾ ਸ਼ੀਸ਼ਾ : ਉਜਾਗਰ ਸਿੰਘ

WhatsApp Image 2023-02-05 at 21.30.16.resizedਜੱਗੀ ਬਰਾੜ ਸਮਾਲਸਰ ਬਹੁਪੱਖੀ ਸਾਹਿਤਕਾਰ ਹੈ। ਉਸ ਦੀਆਂ 5 ਪੁਸਤਕਾਂ ਜਿਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ ‘ਕੱਤਣੀ’, ‘ਵੰਝਲੀ’ ਅਤੇ ‘ਕਸਤੂਰੀ’, ਇਕ ਕਹਾਣੀ ਸੰਗ੍ਰਹਿ ‘ਉਹਦੀ ਡਾਇਰੀ ਦੇ ਪੰਨੇ’ ਅਤੇ ਇਕ ਵਾਰਤਕ ਦੀ ਪੁਸਤਕ ‘ਸਮਾਲਸਰ ਮੇਰਾ ਪਿੰਡ’ ਪ੍ਰਕਾਸ਼ਤ ਹੋ ਚੁੱਕੀਆਂ ਹਨ। ਵਿਚਾਰ ਅਧੀਨ ਕਹਾਣੀ ਸੰਗ੍ਰਹਿ ‘ਕੈਨੇਡੀਅਨ ਪਾਸਪੋਰਟ’  ਉਸ ਦੀ ਛੇਵੀਂ ਵਡ ਅਕਾਰੀ ਰੰਗਦਾਰ ਮੁੱਖ ਕਵਰ ਵਾਲੀ ਪੁਸਤਕ ਹੈ। ਜੱਗੀ ਬਰਾੜ ਸਮਾਲਸਰ ਨੇ ਸਕੂਲ ਵਿੱਚ ਪੜ੍ਹਦਿਆਂ ਹੀ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ‘ਉਹਦੀ ਡਾਇਰੀ ਦੇ ਪੰਨੇ’ 1988 ਵਿੱਚ ਕਾਲਜ ਪੜ੍ਹਦਿਆਂ ਹੀ ਪ੍ਰਕਾਸ਼ਤ ਹੋ ਗਿਆ ਸੀ। ‘ਕੈਨੇਡੀਅਨ ਪਾਸਪੋਰਟ’ ਕਹਾਣੀ ਸੰਗ੍ਰਹਿ ਵਿੱਚ 40 ਕਹਾਣੀਆਂ ਹਨ। ਕਹਾਣੀਕਾਰ ਨੇ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਸੰਜੀਦਗੀ ਨਾਲ ਵਾਚਿਆ ਹੈ, ਫਿਰ ਉਨ੍ਹਾਂ ਨੂੰ ਆਪਣੀ ਕਾਬਲੀਅਤ ਨਾਲ ਕਲਮੀ ਰੂਪ ਦਿੱਤਾ ਹੈ। ਲੇਖਕਾ ਦੀ ਸਮਾਜਿਕ ਤਾਣੇ ਬਾਣੇ ਨੂੰ ਅਨੁਭਵ ਕਰਨ ਦੀ ਪ੍ਰਵਿਰਤੀ ਜ਼ਿਆਦਾ ਹੈ। ਬਿਲਕੁਲ ਇਸ ਲਈ ਜੱਗੀ ਬਰਾੜ ਸਮਾਲਸਰ ਨੇ ਸਮਾਜਿਕ ਜੀਵਨ ਅਤੇ ਉਸ ਨਾਲ ਸੰਬੰਧਤ ਘਟਨਾਵਾਂ ਨੂੰ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ ਹੈ। ਇਨ੍ਹਾਂ ਕਹਾਣੀਆਂ ਵਿੱਚ ਬਹੁਰੰਗੀ ਦੁਨੀਆਂ ਦੇ ਸਾਰੇ ਰੰਗ ਬਾਖ਼ੂਬੀ ਦੱਸੇ ਹਨ। ਹਰ ਕਹਾਣੀ ਦਾ ਸੰਬੰਧ ਕੈਨੇਡਾ ਅਤੇ ਪੰਜਾਬ ਨਾਲ ਜੋੜਿਆ ਹੋਇਆ ਹੈ। ਸਾਰੀਆਂ ਹੀ ਕਹਾਣੀਆਂ ਠੇਠ ਮਲਵਈ ਪੰਜਾਬੀ ਬੋਲੀ ਵਿੱਚ ਲਿਖੀਆਂ ਗਈਆਂ ਹਨ। ਸ਼ਬਦਾਵਲੀ ਦਿਹਾਤੀ ਪੰਜਾਬ ਦੀ ਸਰਲ ਅਤੇ ਉਸੇ ਤਰ੍ਹਾਂ ਕੈਨੇਡਾ ਵਿੱਚ ਬੋਲੀ ਜਾਂਦੀ ਅੰਗਰੇਜ਼ੀ ਨੁਮਾ ਪੰਜਾਬੀ ਹੈ। ਜਿਵੇਂ ਫਿਫੜੀਆਂ, ਘਤਿਤਾਂ, ਦੁੱਧ ਧੋਤੀ, ਪਾਣੀ ‘ਚ ਮਧਾਣੀ ਅਤੇ ਨਾਗਵਲ ਆਦਿ ਸ਼ਬਦ ਹਨ। ਕਹਾਣੀਆਂ ਦੀ ਰੌਚਕਤਾ ਬਰਕਰਾਰ ਰਹਿੰਦੀ ਹੈ ਕਿਉਂਕਿ ਹਰ ਘਟਨਾ ਦੀ ਕੜੀ ਇਕ ਦੂਜੀ ਨਾਲ ਜੁੜੀ ਹੋਈ ਹੈ। ਰੌਚਕਤਾ ਇਤਨੀ ਹੈ ਕਿ ਕਹਾਣੀ ਨੂੰ ਪਾਠਕ ਅੱਧ ਵਿਚਕਾਰ ਛੱਡ ਨਹੀਂ ਸਕਦਾ। ਵਾਰਤਕ ਦਾ ਵਹਿਦ ਦਰਿਆ ਦੇ ਵਹਿਣ ਦੀ ਤਰ੍ਹਾਂ ਵਹਿੰਦਾ ਹੋਇਟਾ ਛੱਲਾਂ ਮਾਰਦਾ ਹੈ ਕਿਉਂਕਿ ਜੱਗੀ ਬਰਾੜ ਸਮਾਲਸਰ ਕਵਿਤਰੀ ਵੀ ਹੈ। ਇਸ ਕਰਕੇ ਉਸ ਦੀ ਵਾਰਤਕ ਵਿੱਚ ਰਵਾਨਗੀ ਵੀ ਹੈ। ਮੁਹਾਵਰਿਆਂ ਦੀ ਲੋੜ ਅਨੁਸਾਰ ਵਰਤੋਂ ਕੀਤੀ ਗਈ ਹੈ, ਉਦਾਹਰਣ ਲਈ  ‘ਨੰਗੇ ਨੂੰ ਕੱਤਣਾ ਸਿਖਾ ਦਿੰਦੀ ਹੈ’ ‘ਲੋੜ ਖੱਟੇ ਦਾ ਮਿੱਠਾ ਬਣਾ ਦੇਣਾ’, ਸੌ ਹੱਥ ਰੱਸਾ ਸਿਰੇ ਤੇ ਗੰਢ’, ‘ਸੱਤੀਂ ਕੱਪੜੀਂ ਅੱਗ ਲੱਗਣਾ’, ‘ਨਵੀਂਆਂ ਗੁੱਡੀਆਂ ਨਵੇਂ ਪਟੋਲੇ’, ‘ਬਾਂਝ ਕੀ ਜਾਣੇ ਪ੍ਰਸੂਤਾਂ ਦੀਆਂ ਪੀੜਆਂ’, ‘ਕਾਲੇ ਕਦੇ ਨਾ ਹੋਣ ਬੱਗੇ ਭਾਵੇਂ ਸੌ ਮਣ ਸਾਬਣ ਲੱਗੇ’, ਅੱਖਾਂ ਨਾਲ ਮਿਰਚਾਂ ਭੋਰਨਾ’ ਅਤੇ ‘ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ’ ਆਦਿ। ਹਾਲਾਂ ਕਿ ਜੱਗੀ ਬਰਾੜ ਸਮਾਲਸਰ ਦਾ ਇਹ ਦੂਜਾ ਕਹਾਣੀ ਸੰਗ੍ਰਹਿ ਹੈ ਪ੍ਰੰਤੂ ਲੇਖਕਾ ਇਸ ਕਹਾਣੀ ਸੰਗ੍ਰਹਿ ਤੋਂ ਬਾਅਦ ਇਕ ਪ੍ਰੌੜ੍ਹ ਕਹਾਣੀਕਾਰ ਦੇ ਤੌਰ ‘ਤੇ ਉਭਰਕੇ ਆ ਗਈ ਹੈ। ਆਮ ਕਹਾਣੀਆਂ ਨਾਲੋਂ ਇਹ ਵੱਖਰੀ ਕਿਸਮ ਦੀਆਂ ਨਿਵੇਕਲੀਆਂ ਕਹਾਣੀਆਂ ਹਨ, ਜਿਵੇਂ ‘ਮੱਥੇ ਦਾ ਕਸੇਵਾਂ’ ਕਹਾਣੀ ਸ਼ੁਰੂ ਵਿੱਚ ਤਾਂ ਕੈਨੇਡਾ ਵਿੱਚ ਨਸ਼ੇ, ਰੂੜੀਵਾਦੀ ਤੇ ਸ਼ੱਕੀ ਸੋਚ ਬਾਰੇ ਦੱਸਿਆ ਹੈ ਅਤੇ ਵਿਧਵਾ ਮਨਮੀਤ ਨੂੰ ਪਤੀ ਪ੍ਰੀਤ ਦੀ ਮੌਤ ਤੋਂ ਬਾਅਦ ਸੱਸ ਵੱਲੋਂ ਪੇਕੇ ਭੇਜਣ ਦਾ ਪ੍ਰਭਾਵ ਗ਼ਲਤ ਸੋਚ ਦਾ ਪ੍ਰਤੀਕ ਬਣਦਾ ਲੱਗਦਾ ਹੈ ਪ੍ਰੰਤੂ ਕਹਾਣੀ ਦੇ ਅੰਤ ਵਿੱਚ ਜਦੋਂ ਸੱਸ ਇਹ ਕਹਿੰਦੀ ਹੈ ਕਿ ਪੇਕੇ ਮੈਂ ਇਸ ਕਰਕੇ ਭੇਜ ਰਹੀ ਹਾਂ ਤਾਂ ਜੋ ਇਹ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ। ਫਿਰ ਕਹਾਣੀ ਦਾ ਉਸਾਰੂ ਪੱਖ ਸਾਹਮਣੇ ਆਉਂਦਾ ਹੈ। ਕਹਾਣੀ ਜੱਗੀ ਬਰਾੜ ਸਮਾਲਸਰ ਦੀ ਅਗਾਂਹਵਧੂ ਸੋਚ ਦੀ ਲਖਾਇਕ ਹੈ। ਪਰਵਾਸ ਦੀ ਜਦੋਜਹਿਦ ਵਾਲੀ ਜ਼ਿੰਦਗੀ ਦੀ ਹੂਬਹੂ ਸੰਜੀਦਗੀ ਨਾਲ ਤਸਵੀਰ ਪੇਸ਼ ਕੀਤੀ ਹੈ। ਲੇਖਕਾ ਘਟਨਾਵਾਂ ਨੂੰ ਦਿ੍ਰਸ਼ਟਾਂਤਿਕ ਬਣਾ ਦਿੰਦੀ ਹੈ, ਜਿਵੇਂ ਪਾਠਕ ਸਭ ਕੁਝ ਆਪ ਵੇਖ ਰਿਹਾ ਹੋਵੇ। ਬਹੁਤੀਆਂ ਕਹਾਣੀਆਂ ਫਸਟ ਪਰਸਨ ਵਿੱਚ ਲਿਖੀਆਂ ਹੋਈਆਂ ਹਨ, ਕਹਾਣੀ ਪੜ੍ਹਨ ਤੋਂ ਇਉਂ ਅਹਿਸਾਸ ਹੁੰਦਾ ਹੈ ਕਿ ਜਿਵੇਂ ਇਹ ਸਾਰੀਆਂ ਕਹਾਣੀ ਜੱਗੀ ਬਰਾੜ ਸਮਾਲਸਰ ਦੇ ਨਿੱਜੀ ਤਜ਼ਰਬਿਆਂ ‘ਤੇ ਅਧਾਰਤ ਹਨ। ਇਸ ਸੰਗ੍ਰਹਿ ਦੀਆਂ ਕਹਾਣੀਆਂ ਕੈਨੇਡਾ ਵਿੱਚ ਵਸ ਰਹੇ ਪੰਜਾਬੀ ਭਾਈਚਾਰੇ ਦੇ ਦਰਦ ਦਾ ਪ੍ਰਗਟਾਵਾ ਕਰਦੀਆਂ ਹਨ। ਕੈਨੇਡਾ ਵਿੱਚ ਕਿਵੇਂ ਹੋਰ ਦੇਸਾਂ ਵਿੱਚੋਂ ਆ ਕੇ ਲੋਕ ਵਸੇ ਹਨ ਅਤੇ ਉਨ੍ਹਾਂ ਕਿਸ ਪ੍ਰਕਾਰ ਸਥਾਨਕ ਮੂਲ ਨਿਵਾਸੀ ਕੈਨੇਡੀਅਨ ਨੂੰ ਅਣਡਿਠ ਕਰਕੇ ਆਪਣੀ ਸਰਵਉਚਤਾ ਕਾਇਮ ਕੀਤੀ ਹੈ। ‘ਈਗਲ ਫ਼ੈਦਰ’ ਅਤੇ ‘ਪਵਨ ਗੁਰੂ ਪਾਣੀ ਪਿਤਾ’ ਕਹਾਣੀਆਂ ਕੈਨੇਡੀਅਨ ਮੂਲ ਨਿਵਾਸੀਆਂ ਨਾਲ ਰੈਜੀਡੈਂਸ਼ਲ ਸਕੂਲਾਂ ਅਤੇ ਉਨ੍ਹਾਂ ਦੀਆਂ ਕਾਲੋਨੀਆਂ ਵਿੱਚ ਕੀਤੇ ਜਾਂਦੇ ਅਣਮਨੁਖੀ ਵਰਤਾਰੇ ਬਾਰੇ ਵੀ ਸੁਚੱਜੀ ਜਾਣਕਾਰੀ ਦਿੱਤੀ ਗਈ ਹੈ। ਲੇਖਕਾ ਨੇ ਇਨ੍ਹਾਂ ਘਟਨਾਵਾਂ ਦੀ ਪੰਜਾਬ ਦੇ ਕਾਲੇ ਦਿਨਾ ਨਾਲ ਤੁਲਨਾਂ ਵੀ ਕੀਤੀ ਹੈ ਕਿਉਂਕਿ ਪੰਜਾਬ ਵਿੱਚ ਵੀ ਅਜਿਹੇ ਢੰਗ ਨਾਲ ਕੀਤਾ ਗਿਆ ਸੀ। ਕਹਾਣੀ ਸੰਗ੍ਰਹਿ ਦੇ ਸਿਰਲੇਖ ਵਾਲੀ ਕਹਾਣੀ ‘ਕੈਨੇਡੀਅਨ ਪਾਸਪੋਰਟ’ ਪੰਜਾਬ ਦੇ 1984 ਦੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਦੇ ਹਾਲਾਤ ਦਾ ਝੰਬਿਆ ਹੋਇਆ ਮੇਹਰ ਗ਼ੈਰ ਕਾਨੂੰਨੀ ਢੰਗ ਨਾਲ ਪਹਿਲਾਂ ਅਮਰੀਕਾ ਅਤੇ ਫਿਰ ਕੈਨੇਡਾ ਪਹੁੰਚ ਜਾਂਦਾ ਹੈ। ਕੈਨੇਡਾ ਦਾ ਪਾਸਪੋਰਟ ਲੈਣ ਲਈ ਕੀਤੀ ਜਦੋਜਹਿਦ ਦੀ ਤਸਵੀਰ ਬਹੁਤ ਹੀ ਦਿਲਚਸਪ ਢੰਗ ਨਾਲ ਲਿਖੀ ਗਈ ਹੈ। ਕਿਵੇਂ ਪੰਜਾਬ ਵਿੱਚ ਪਿੱਛੇ ਭੈਣ ਭਰਾ ਅਤੇ ਰਿਸ਼ਤੇਦਾਰ ਚੂੰਡਣ ਵਿੱਚ ਲੱਗੇ ਰਹਿੰਦੇ ਹਨ, ਜਿਸ ਦੇ ਸਿੱਟੇ ਵਜੋਂ ਮੇਹਰ ਆਪਣੀ ਜੀਵਨ ਸਾਥਣ ਦਾ ਭਰੋਸਾ ਵੀ ਗੁਆ ਬੈਠਦਾ ਹੈ। ਪਿੰਡ ਭਰਾ ਉਸ ਦੀ ਜਾਇਦਾਦ ‘ਤੇ ਕਾਬਜ਼ਾ ਕਰ ਲੈਂਦੇ ਹਨ। ਕਹਾਣੀਆਂ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਨਸ਼ਿਆਂ ਦਾ ਪ੍ਰਕੋਪ ਪੰਜਾਬ ਦੀ ਤਰ੍ਹਾਂ ਕੈਨੇਡਾ ਵਿੱਚ ਭਾਰੂ ਹੈ। ਪੰਜਾਬੀ ਕੈਨੇਡਾ ਵਿੱਚ ਆ ਕੇ ਵੀ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ। ਕਹਾਣੀਕਾਰ ਨੇ ਵਿਸ਼ੇ ਵੀ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਚੁਣੇ ਹਨ, ਜਿਵੇਂ ਜ਼ਾਤਪਾਤ, ਵਹਿਮ ਭਰਮ, ਪੰਜਾਬੀ ਔਰਤਾਂ ਦੀ ਮਾਨਸਿਕਤਾ ਭਾਵੇਂ ਪੰਜਾਬ ਤੇ ਭਾਵੇਂ ਕੈਨੇਡਾ ਇਕੋ ਜਹੀ ਹੈ,  ਜਾਇਦਾਦਾਂ ਦੇ ਝਗੜੇ ਝੇੜੇ, ਅਕਲ ਨਾਲੋਂ ਸ਼ਕਲ ਸੂਰਤ ਨੂੰ ਤਰਜੀਹ,  ਪਰਵਾਸ ਵਿੱਜ ਜਾਣ ਲਈ ਵਰਤੇ ਜਾਂਦੇ ਹੱਥਕੰਡੇ, ਇਸ਼ਕ ਦਾ ਅਧਵਾਟੇ ਟੁੱਟਣਾ, ਨਿੰਦਿਆ ਚੁਗਲੀ, ਗੱਪ ਛੱਪ ਆਦਿ ਹਨ। ਕਹਾਣੀਕਾਰ ਨੇ ਕੈਨੇਡਾ ਵਿੱਚ ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦਿਲਚਸਪ ਕਹਾਣੀਆਂ ਦੇ ਰੂਪ ਵਿੱਚ ਲਿਖਕੇ ਕਮਾਲ ਕਰ ਦਿੱਤੀ ਹੈ। ਆਮ ਤੌਰ ‘ਤੇ ਅਜਿਹੀਆਂ ਸਮੱਸਿਆਵਾਂ ਬਾਰੇ ਲੇਖ ਲਿਖੇ ਜਾਂਦੇ ਹਨ। ਜਿਵੇਂ ਕੈਨੇਡਾ ਦੀ ਸਿਹਤ ਪ੍ਰਣਾਲੀ ਬਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਕਹਾਣੀਆਂ ਵਿੱਚ ਘਟਨਾਵਾਂ ਦੀਆਂ ਉਦਹਰਣਾ ਦੇ ਕੇ ਦੱਸਿਆ ਗਿਆ ਹੈ। ਕਈ ਕਹਾਣੀਆਂ ਵਿੱਚ ਜੱਗੀ ਬਰਾੜ ਸਮਾਲਸਰ ਨੇ ਇਕ ਦੀ ਥਾਂ ਕਈ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬੀਆਂ ਦੀ ਮਾਨਸਿਕਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਹੈ ਕਿ ਪਰਵਾਸ ਵਿੱਚ ਆ ਕੇ ਉਹ ਕੈਨੇਡਾ ਦੇ ਸਿਆਸਤਦਾਨਾ ਨਾਲ ਤਸਵੀਰਾਂ ਖਿਚਵਾਉਂਦੇ ਹਨ, ਭਾਵੇਂ ਉਨ੍ਹਾਂ ਦੇ ਵਿਚਾਰਾਂ ਦੇ ਆਪਸੀ ਮਤਭੇਦ ਵੀ ਹੋਣ। ਵਾਲੰਟੀਅਰਜ਼ ਨੂੰ ਪੀਜ਼ੇ ਅਤੇ ਸਮੋਸਿਆਂ ਦੇ ਲਾਲਚ ਦੇ ਕੇ ਤਸਵੀਰਾਂ ਖਿਚਾਈਆਂ ਜਾਂਦੀਆਂ ਹਨ। ਕੈਨੇਡੀਅਨ ਪੰਜਾਬੀ ਪੰਜਾਬ ਜਾ ਕੇ ਪੰਜਾਬੀ ਸਿਆਸਤਦਾਨਾਂ ਨਾਲ ਤਸਵੀਰਾਂ ਖਿਚਾਉਂਦੇ ਹਨ। ਦਾਨ ਦੇਣ ਬਾਰੇ ਕੈਨੇਡਾ ਅਤੇ ਪੰਜਾਬ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਪੰਜਾਬ ਵਿੱਚ ਤਾਂ ਪੱਖੇ ਦਾਨ ਕਰਕੇ ਉਨ੍ਹਾਂ ‘ਤੇ ਨਾਮ ਲਿਖ ਦਿੱਤਾ ਜਾਂਦਾ ਹੈ ਪ੍ਰੰਤੂ ਪਰਵਾਸ ਵਿੱਚ ਅੰਗ ਦਾਨ ਨੂੰ ਦਾਨ ਸਮਝਿਆ ਜਾਂਦਾ ਹੈ। ਇਥੋਂ ਤੱਕ ਕਿ ਬੱਚੇ ਦਾ ਨਾੜੂਆ ਦਾਨ ਕੀਤਾ ਜਾਂਦਾ ਹੈ, ਜੋ ਉਸ ਦੇ ਮਾਪਿਆਂ ਨੂੰ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਵਰਤਿਆ ਜਾ ਸਕਦਾ ਹੈ। ਪੰਜਾਬੀ ਵਿਦਿਆਰਥੀਆਂ ਬਾਰੇ ਵੀ ਦਿਲਚਸਪ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਉਨ੍ਹਾਂ ਨੂੰ ਸੈਟਲ ਹੋਣ ਅਤੇ ਪੀ.ਆਰ ਲੈਣ ਲਈ ਜਦੋਜਹਿਦ ਕਰਨੀ ਪੈਂਦੀ ਹੈ। ਪਰਵਾਸ ਵਿੱਚ ਬੱਚਿਆਂ ਨੂੰ ਕੁੱਤਿਆਂ ਦਾ ਪਿਆਰ ਕਿਵੇਂ ਪ੍ਰਭਾਵਤ ਕਰਦਾ ਹੈ। ‘ਫ਼ਲਾਈਟ ਨੰਬਰ ਵੱਨ ਏਟੀ ਟੂ’  ਕਹਾਣੀ ਸਾਬਤ ਕਰਦੀ ਹੈ ਕਿ ਅਜਿਹੀਆਂ ਹਿਰਦੇਵੇਦਿਕ ਘਟਨਾਵਾਂ ਇਨਸਾਨ ਦੇੇ ਚੇਤਿਆਂ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਇਹ ਕਹਾਣੀ ਪੰਜਾਬ ਦੇ ਕਾਲੇ ਦਿਨਾ ਦੀਆਂ ਘਟਨਾਵਾਂ ਨੂੰ ਵੀ ਯਾਦ ਕਰਵਾਉਂਦੀ ਹੈ ਕਿ ਕਿਵੇਂ ਪੰਜਾਬੀਆਂ ਨੇ ਸੰਤਾਪ ਭੋਗਿਆ ਹੈ।  ਜੱਗੀ ਬਰਾੜ ਸਮਾਲਸਰ ਪ੍ਰਸੰਸਾ ਦੀ ਪਾਤਰ ਹੈ ਕਿਉਂਕਿ ਉਨ੍ਹਾਂ ਆਪਣੀਆਂ ਲਗਪਗ ਸਾਰੀਆਂ ਕਹਾਣੀਆਂ ਦੇ ਨਾਮ ਵੀ ਬੜੇ ਵਧੀਆ ਅਤੇ ਦਿਲ ਨੂੰ ਟੁੰਬਣ ਵਾਲੇ ਲਿਖੇ ਹਨ, ਜਿਨ੍ਹਾਂ ਨੂੰ ਪੜ੍ਹਕੇ ਕਹਾਣੀ ਪੜ੍ਹਨ ਲਈ ਪਾਠਕ ਵਿੱਚ ਉਤੇਜਨਾ ਪੈਦਾ ਹੋ ਜਾਂਦੀ ਹੈ। ਉਦਾਹਰਣ ਲਈ ਕੈਨੇਡੀਅਨ ਪਾਸਪੋਰਟ, ਮੁਰਦਾ ਖਤ, ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ, ਤਿੰਨ ਗੋਤ, ਸਮੋਸਾ ਕਲਚਰ, ਨਾਨਕਾ ਢੇਰੀ, ਪਾਰੋ, ਗੂੰਗਾ ਸੱਚ, ਛੋਟੀ ਮੌਮ ਅਤੇ ਨਾ ਜਾ ਬਰ੍ਹਮਾ ਨੂੰ, ਲੇਖ ਜਾਣਗੇ ਨਾਲੇ ਆਦਿ। ਕਹਾਣੀਕਾਰ ਦੀ ਸੋਚ ਅਤੇ ਤਕਨੀਕ ਤੋਂ ਜ਼ਾਹਰ ਹੁੰਦਾ ਹੈ ਕਿ ਭਵਿਖ ਵਿੱਚ ਹੋਰ ਵੀ ਸਾਰਥਿਕ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰਕੇ ਪੰਜਾਬੀਆਂ ਅਤੇ ਕੈਨੇਡੀ ਪੰਜਾਬੀਆਂ ਦਾ ਮਾਰਗ ਦਰਸ਼ਨ ਕਰੇਗੀ।

260 ਪੰਨਿਆਂ, 495 ਰੁਪਏ ਕੀਮਤ ਵਾਲਾ ਇਹ ਕਹਾਣੀ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>