ਫੇਰੇ (1949), ਵੰਡ ਤੋਂ ਬਾਅਦ ਪਾਕਿਸਤਾਨ ਦੀ ਪਹਿਲੀ ਪੰਜਾਬੀ ਫਿਲਮ ਜਿਸਦੇ ਸਾਰੇ ਕਿਰਦਾਰ ਹਿੰਦੂ ਸਨ, ਆਖਿਰ ਕੀ ਸੀ ਵੱਡਾ ਕਾਰਨ

images - 2023-08-07T191144.263.resizedਕੋਟਕਪੂਰਾ,(ਦੀਪਕ ਗਰਗ): ਵੰਡ ਤੋਂ ਬਾਅਦ ਪਾਕਿਸਤਾਨ ਦੀ ਪਹਿਲੀ ਪੰਜਾਬੀ ਫਿਲਮ “ਫੇਰੇ” (1949) ਦੀ ਕਹਾਣੀ, ਕਈ ਹੋਰ ਰੋਮਾਂਟਿਕ ਫਿਲਮਾਂ ਵਾਂਗ, ਕਲਾਸਿਕ ਪੰਜਾਬੀ ਸਾਹਿਤਕ ਮਹਾਂਕਾਵਿ “ਹੀਰ ਵਾਰਿਸ ਸ਼ਾਹ” ਤੋਂ ਪ੍ਰੇਰਿਤ ਸੀ। ਫਰਕ ਸਿਰਫ ਇੰਨਾ ਸੀ ਕਿ ਪਾਕਿਸਤਾਨ ਦੀ ਇਸ ਪਹਿਲੀ ਪੰਜਾਬੀ ਫਿਲਮ ਦੇ ਸਾਰੇ ਕਿਰਦਾਰ ਹਿੰਦੂ ਸਨ।

ਅੰਮ੍ਰਿਤਸਰ ਦੇ ਰਹਿਣ ਵਾਲੇ ਮਰਹੂਮ “ਅਰਜੁਨ ਸਿੰਘ ਵਿਰਦੀ” ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੰਜਾਬੀ , ਹਿੰਦੀ ਅਤੇ ਉਰਦੂ ਫਿਲਮਾਂ ਵੇਖਣ ਪ੍ਰਤੀ ਇਕ ਜੁਨੂੰਨ ਸੀ। ਡੀਵੀਡੀ ਦੇ ਯੁੱਗ ਵਿੱਚ ਉਨ੍ਹਾਂ ਨੇ ਬਹੁਤ ਸਾਰੀਆਂ, ਪੰਜਾਬੀ ਹਿੰਦੀ ਅਤੇ ਪਕਿਸਤਾਨੀ ਫਿਲਮਾਂ ਦੀਆਂ ਇਕੱਠੀਆਂ ਵੀ ਕੀਤੀਆਂ ਸਨ। ਉਨ੍ਹਾਂ ਨੇ ਇਹ  ਫਿਲਮ ਵੇਖੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਬੇਸ਼ਕ ਇਹ ਫਿਲਮ ਪਾਕਿਸਤਾਨ ‘ਚ ਬਣੀ ਸੀ। ਪਰ ਫਿਲਮ ਵਿੱਚ ਪੂਰੀ ਤਰ੍ਹਾਂ ਨਾਲ  ਸੀ।

ਦਰਅਸਲ, 15 ਅਗਸਤ 1947 ਤੋਂ ਪਹਿਲਾਂ ਅਖੰਡ ਭਾਰਤ ਦਾ ਹਿੱਸਾ ਰਹੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਬਹੁਤੀਆਂ ਮੁਢਲੀਆਂ ਫ਼ਿਲਮਾਂ ਵਿੱਚ ਹਿੰਦੂ ਕਿਰਦਾਰ ਸਨ, ਜਿਸਦਾ ਮੁੱਖ ਕਾਰਨ ਇਹ ਹੈ ਕਿ ਅਖੰਡ ਭਾਰਤ ਵਿੱਚ ਫ਼ਿਲਮਾਂ ਦੀ ਸ਼ੈਲੀ ਜਿਆਦਾਤਰ ਹਿੰਦੁਸਤਾਨੀ ਸੀ, ਜੋ ਬਹੁਗਿਣਤੀ ਆਬਾਦੀ ਨੂੰ ਵੀ ਦਰਸਾਉਂਦੀ ਸੀ। ਸਮੇਂ ਸਮੇਂ ਤੇ ਪੁਰਾਣੇ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮੌਜੂਦਾ ਪਾਕਿਸਤਾਨੀ ਪੰਜਾਬ ਦੇ ਕੁੱਝ ਇਲਾਕਿਆਂ ਵਿੱਚ ਵੀ ਹਿੰਦੂ ਅਤੇ ਸਿੱਖਾਂ ਦੀ ਬਹੁਗਿਣਤੀ ਸੀ, ਇਸੇ ਲਈ ਫਿਲਮਾਂ ਦੇ ਕਾਰੋਬਾਰ ਨਾਲ ਵੀ ਜ਼ਿਆਦਾਤਰ ਪੰਜਾਬੀ ਹਿੰਦੂ/ਸਿੱਖ ਚਿਹਰੇ ਹੀ ਜੁੜੇ ਹੋਏ ਸਨ ਅਤੇ ਉਨ੍ਹਾਂ ਨੂੰ ਸਾਹਮਣੇ ਰੱਖ ਕੇ ਫਿਲਮਾਂ ਬਣਾਈਆਂ ਜਾਂਦੀਆਂ ਸਨ। ਇਕ ਤੱਥ ਇਹ ਵੀ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਿਨਾਂ ਵਿੱਚ ਕੱਟੜ ਮੁਸਲਮਾਨਾਂ ਵਲੋਂ ਫਿਲਮਾਂ ਦੇਖਣਾ ਇੱਕ ਸਾਮਾਜਿਕ ਬੁਰਾਈ ਮੰਨਿਆ ਜਾਂਦਾ ਸੀ। ਇਹ ਫ਼ਿਲਮ ਵੀ ਇਸੇ ਸੰਦਰਭ ਵਿੱਚ ਬਣੀ ਸੀ। ਜਾਣਕਾਰੀ ਮੁਤਾਬਕ ਵੰਡ ਤੋਂ ਪਹਿਲਾਂ ਅਖੰਡ ਭਾਰਤ ਵਿਚ ਲਾਹੌਰ ਫਿਲਮ ਨਿਰਮਾਣ ਦਾ ਤੀਜਾ ਵੱਡਾ ਕੇਂਦਰ ਸੀ। ਜਦੋਂਕਿ ਪਹਿਲਾ ਕੇਂਦਰ ਬੰਬਈ ਅਤੇ ਦੁੱਜਾ ਕਲਕਤਾ ਸੀ।

ਹੱਥ ਵਿੱਚ ਅਲਗ ਮੁਲਕ ਆਉਣ ਦੀ ਡੋਰ ਆਉਣ ਤੋਂ ਬਾਅਦ ਪਾਕਿਸਤਾਨ ਦੇ ਸ਼ਾਸਕ ਚਾਹੇ ਜਿਹੜੇ ਵੀ ਦਾਅਵੇ ਕਰਦੇ ਰਹੇ ਹਨ। ਪਰ ਅਸਲ ਗੱਲ ਇਹ ਹੈ ਕਿ ਭਾਰਤ ਦੇ ਕੁੱਝ ਸਰਹੱਦੀ ਇਲਾਕਿਆਂ ਖਾਸਕਰ ਲਾਹੌਰ ਵਿਚ ਹਿੰਦੂ ਅਤੇ ਸਿੱਖਾਂ ਦੀ ਆਬਾਦੀ ਮੁਸਲਮਾਨਾਂ  ਨਾਲੋਂ ਜਿਆਦਾ ਸੀ ਅਤੇ ਲਾਹੌਰ ਇਲਾਕੇ ਅੰਦਰ ਲਗਭਗ 80 ਫੀਸਦੀ ਕਾਰੋਬਾਰਾਂ ਤੇ ਹਿੰਦੂ ਅਤੇ ਸਿੱਖਾਂ ਦਾ ਕਬਜਾ ਸੀ ਅਤੇ ਨਾਲ ਹੀ ਨਾਲ ਹੀ ਉਨ੍ਹਾਂ ਕੋਲ ਬੇਸ਼ਕੀਮਤੀ ਜਾਇਦਾਦਾਂ ਵੀ ਸਨ। ਵੰਡ ਦੌਰਾਨ ਦੇਸ਼ ਦੀ ਆਜਾਦੀ ਦੀ ਜਿਹੜੀ ਕੀਮਤ ਪਾਕਿਸਤਾਨ ਦੇ ਹਿੱਸੇ ਆਏ ਇਲਾਕਿਆਂ ਵਿਚ ਰਹਿੰਦੇ ਹਿੰਦੂ ਅਤੇ ਸਿੱਖਾਂ ਨੇ ਅਦਾ ਕੀਤੀ। ਉਸਦੀ ਤੁਲਨਾ ਹੋਰ ਸਾਰੀਆਂ ਕੁਰਬਾਨੀਆਂ ਤੇ ਭਾਰੀ ਪੈਂਦੀ ਹੈ। ਗੱਲ ਜੇਕਰ ਫਿਲਮ ਇੰਡਸਟਰੀ ਦੀ ਕਰੀਏ ਤਾਂ ਕੁਝ ਉਰਦੂ ਵੈਬਸਾਈਟਾਂ ਤੋਂ  ਮਿਲੀ ਜਾਣਕਾਰੀ ਮੁਤਾਬਿਕ ਵੰਡ ਤੋਂ ਪਹਿਲਾਂ ਲਾਹੌਰ ਵਿਚ ਘਟੋ ਘੱਟ 8 ਵੱਡੇ ਫਿਲਮ ਸਟੂਡੀਓ ਅਜਿਹੇ ਸਨ। ਜਿਨ੍ਹਾਂ ਦੀ ਮਲਕੀਅਤ ਹਿੰਦੂ ਸੇਠਾਂ ਕੋਲ ਸੀ।  1947 ਦੇ ਦੰਗਿਆਂ ਵਿੱਚ ਤਿੰਨ ਫਿਲਮ ਸਟੂਡੀਓ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ। ਜਿਨ੍ਹਾਂ ਵਿੱਚ ਪ੍ਰੇਸੀਡੇਂਟ ਅਤੇ ਇੰਪੀਰੀਅਲ ਤੋਂ ਇਲਾਵਾ, ਨਾਰਦਰਨ ਇੰਡੀਆ ਫਿਲਮ ਸਟੂਡੀਓ ਵੀ ਸੀ ਜਿੱਥੇ ਰਾਗਿਨੀ ਅਤੇ ਨਜਮੁਲ ਹਸਨ ਦੀ ਮਸ਼ਹੂਰ ਪੀਰੀਅਡ ਹਿੰਦੀ/ਉਰਦੂ ਫਿਲਮ ਦਾਸੀ (1944) ਬਣਾਈ ਗਈ ਸੀ, ਜੋ ਕਿ ਔਨਲਾਈਨ ਉਪਲਬਧ ਹੈ।

ਲਾਹੌਰ ਦੇ ਬਾਕੀ ਆਂਸ਼ਿਕ ਤਬਾਹ ਹੋਏ ਪੰਜ ਫਿਲਮ ਸਟੂਡੀਓ ਨੂੰ ਹੇਠ ਲਿਖੇ ਅਨੁਸਾਰ ਬਹਾਲ ਕੀਤਾ ਗਿਆ ਸੀ।

ਪੰਚੋਲੀ ਫਿਲਮ ਸਟੂਡੀਓ 1, ਅੱਪਰ ਮਾਲ ਲਾਹੌਰ
ਪੰਚੋਲੀ ਫਿਲਮ ਸਟੂਡੀਓ 2, ਮੁਸਲਿਮ ਟਾਊਨ ਲਾਹੌਰ
ਸ਼ੋਰੀ ਫਿਲਮ ਸਟੂਡੀਓ, ਮੁਲਤਾਨ ਰੋਡ ਲਾਹੌਰ
ਸਿਟੀ ਫਿਲਮ ਸਟੂਡੀਓ, ਮੈਕਲਿਓਡ ਰੋਡ ਲਾਹੌਰ
ਲੀਲਾ ਮੰਦਰ ਫਿਲਮ ਸਟੂਡੀਓ, ਫਿਰੋਜ਼ਪੁਰ ਰੋਡ ਲਾਹੌਰ

ਪੰਚੋਲੀ ਫਿਲਮ ਸਟੂਡੀਓ 1 ਅਤੇ 2  ਦਾ ਮਾਲਕ ਇੱਕ ਹਿੰਦੂ ਸਰਮਾਏਦਾਰ ਸੇਠ ਦਲ ਸੁੱਖ ਪੰਚੋਲੀ ਸੀ, ਜਿਹੜਾ ਵੰਡ ਤੋਂ ਪਹਿਲਾਂ ਲਾਹੌਰ ਫ਼ਿਲਮ ਜਗਤ ਦਾ ਬੇਤਾਜ ਬਾਦਸ਼ਾਹ ਸੀ, ਪਰ ਵੰਡ ਤੋਂ ਬਾਅਦ ਆਪਣੇ ਹੀ ਵਤਨ ਵਿੱਚ ਘੱਟ ਗਿਣਤੀ ਅਤੇ ਅਜਨਬੀ ਬਣ ਗਿਆ ਸੀ।

ਸੇਠ ਦਲਸੁਖ ਪੰਚੋਲੀ, ਪਾਕਿਸਤਾਨ ਦੀ ਸਥਾਪਨਾ ਤੋਂ ਪਹਿਲਾਂ, ਦੋ ਫਿਲਮ ਸਟੂਡੀਓ, ਇੱਕ ਫਿਲਮ ਕੰਪਨੀ ਅਤੇ ਕਈ ਸਿਨੇਮਾਘਰਾਂ ਦੇ  ਮਾਲਕ ਹੋਣ ਦੇ ਨਾਲ-ਨਾਲ ਇੱਕ ਉੱਘੇ ਫਿਲਮ ਵਿਤਰਕ ਵੀ ਸਨ, ਪਰ ਵੰਡ ਤੋਂ ਬਾਅਦ, ਲਾਹੌਰ ਦੀ ਅੱਧੀ ਤੋਂ ਵੱਧ ਗੈਰ-ਮੁਸਲਿਮ ਆਬਾਦੀ ਲਈ ਜੀਵਨ ਤੰਗ ਹੋ ਗਿਆ। ਜਿਸਦੇ ਚਲਦੇ ਉਹ ਉਹ ਆਪਣੀ ਜਾਨ ਬਚਾਉਣ ਲਈ ਆਪਣੀ ਦੌਲਤ ਅਤੇ ਜਾਇਦਾਦ ਛੱਡਣ ਲਈ ਮਜਬੂਰ ਹੋ ਗਏ। ਸੇਠ ਸਾਬ ਨੂੰ ਪਹਿਲੀ ਬਲਾਕਬਸਟਰ ਪੰਜਾਬੀ ਫ਼ਿਲਮ ਗੁਲ ਬਕਾਵਲੀ (1939) ਅਤੇ ਲਾਹੌਰ ਦੀ ਪਹਿਲੀ ਬਲਾਕਬਸਟਰ ਹਿੰਦੀ ਫ਼ਿਲਮ ਖ਼ਜ਼ਾਨਚੀ (1941) ਬਣਾਉਣ ਦਾ ਮਾਣ ਪ੍ਰਾਪਤ ਸੀ, ਜਿਸ ਨੇ ਪੂਰੇ ਅਖੰਡ ਭਾਰਤ ਵਿੱਚ ਕਾਰੋਬਾਰ ਦੇ ਨਵੇਂ ਰਿਕਾਰਡ ਕਾਇਮ ਕੀਤੇ। ਉਨ੍ਹਾਂ ਨੇ ਫਿਲਮ ਖਾਨਦਾਨ (1942) ਵਿੱਚ ਗਾਇਕਾ ਨੂਰ ਜਹਾਂ ਨੂੰ ਵੀ ਪੂਰੇ ਅਖੰਡ ਭਾਰਤ ਵਿੱਚ ਪੇਸ਼ ਕੀਤਾ। ਪਰ ਹਾਲਾਤ ਦੀ ਵਿਡੰਬਨਾ ਦੇਖੋ ਕਿ ਜਿਸ ਦੇਸ਼ ਨੂੰ ਉਨ੍ਹਾਂ ਨੇ ਵਸਾਇਆ, ਉਸੇ  ਦੇਸ਼ ਚ’ ਉਹ ਬੇਸਹਾਰਾ ਤੇ ਬੇਘਰ ਹੋ ਗਏ।

ਹਾਲਾਂਕਿ ਸੇਠ ਸਾਬ ਅਪਣੇ ਕਾਰੋਬਾਰ ਦੀ ਬਾਗਡੋਰ ਅਪਣੇ ਮੈਨੇਜਰ ਦੀਵਾਨ ਸਰਦਾਰੀ ਲਾਲ ਦੇ ਹੱਥ ਫੜਾ ਆਏ ਸੀ। ਕਾਰੋਬਾਰ ਨੂੰ ਸਮਝਣ ਲਈ ਕੁਝ ਸਮਾਂ ਤੱਕ ਪਾਕਿਸਤਾਨ ਨੇ ਉਸਨੂੰ ਆਪਨੇ ਨਾਲ ਰੱਖਿਆ ਪਰ ਬਾਅਦ ਵਿਚ ਉਹ ਵੀ ਅਚਾਨਕ ਸਕਰੀਨ ਤੋਂ ਗਾਇਬ ਹੋ ਗਏ। ਉਨ੍ਹਾਂ ਬਾਰੇ ਅੱਗੇ ਰਿਕਾਰਡ ਵੀ ਨਹੀਂ ਮਿਲਦਾ।

ਜਾਣਕਾਰੀ ਮੁਤਾਬਿਕ, ਕੁੱਝ ਸਮੇਂ ਬਾਅਦ ਮੁਸਲਿਮ ਟਾਊਨ ਵਿੱਚ ਸਥਿਤ ਸੇਠ ਸਾਬ ਦੇ ਇਕ ਫਿਲਮ ਸਟੂਡੀਓ ਨੂੰ ਲਾਹੌਰ ਇੱਕ ਸਥਾਨਕ ਪ੍ਰਭਾਵਸ਼ਾਲੀ ਪਰਿਵਾਰ ਨੇ ਅਬੈਂਡਡ ਪ੍ਰਾਪਰਟੀ ਐਕਟ ਤਹਿਤ ਆਪਣੇ  ਨਾ ਤੇ ਅਲਾਟ ਕਰਵਾਕੇ ਹਾਸਲ ਕਰ ਲਿਆ ਸੀ। “ਅਲਾਟਮੈਂਟ” ਜਾਂ “ਲੁੱਟਮਾਰ” ਪਾਕਿਸਤਾਨ ਵਿੱਚ ਸ਼ੁਰੂ ਤੋਂ ਹੀ ਆਮ ਰਹੀ ਹੈ, ਜੋ ਅੱਜ ਤੱਕ ਖਤਮ ਨਹੀਂ ਹੋਈ। ਸੇਠ ਪੰਚੋਲੀ ਅਤੇ ਦੀਵਾਨ ਸਰਦਾਰੀ ਲਾਲ ਤੋਂ ਬਾਅਦ,, ‘ਪੰਚੋਲੀ ਆਰਟ ਸਟੂਡੀਓਜ਼’ ਦੀ ਸਥਾਪਨਾ ਅਭਿਨੇਤਾ, ਫਿਲਮ ਨਿਰਮਾਤਾ ਅਤੇ ਨਜ਼ੀਰ ਦੁਆਰਾ ਕੀਤੀ ਗਈ ਸੀ ਜਿਸਨੇ ਇਸਦਾ ਨਾਂਅ ਬਦਲ ਕੇ ‘ਪੰਜਾਬ ਆਰਟ ਸਟੂਡੀਓਜ਼’ ਰੱਖਿਆ। ਉਸ ਨੂੰ ਕਿਸੇ ਵੀ ਤਰ੍ਹਾਂ ਦਾ ਪ੍ਰਬੰਧਨ ਦਾ ਤਜਰਬਾ ਨਹੀਂ ਸੀ, ਇਸ ਲਈ ਉਹ ਇਸ ਸਟੂਡੀਓ ਨੂੰ ਜ਼ਿਆਦਾ ਦੇਰ ਤੱਕ ਨਹੀਂ ਚਲਾ ਸਕਿਆ, ਪਰ ਇਸ ਸਮੇਂ ਦੌਰਾਨ ਉਹ ਪਾਕਿਸਤਾਨ ਦੀ ਪਹਿਲੀ ਪੰਜਾਬੀ, ਸੰਗੀਤਕ ਅਤੇ  ਸੁਪਰਹਿੱਟ ਫਿਲਮ ਫੇਰੇ (1949) ਬਣਾਉਣ ਵਿਚ ਜ਼ਰੂਰ ਕਾਮਯਾਬ ਹੋਇਆ।

ਪਾਕਿਸਤਾਨ ਦੀ ਇਸ ਪਹਿਲੀ ਪੰਜਾਬੀ, ਸੰਗੀਤਕ ਅਤੇ ਸੁਪਰਹਿੱਟ ਫਿਲਮ ਫੇਰੇ ਵੀਰਵਾਰ, 28 ਜੁਲਾਈ, 1949 ਨੂੰ ਲਾਹੌਰ ਦੇ ਪੈਲੇਸ ਸਿਨੇਮਾ ਵਿੱਚ ਰਿਲੀਜ਼ ਕੀਤੀ ਗਈ ਸੀ ਅਤੇ ਛੇ ਮਹੀਨੇ ਲਗਾਤਾਰ ਚੱਲਣ ਤੋਂ ਬਾਅਦ, ਇਸਨੂੰ ਪਾਕਿਸਤਾਨ ਦੀ ਪਹਿਲੀ ਸਿਲਵਰ ਜੁਬਲੀ ਫਿਲਮ ਐਲਾਨਿਆ ਗਿਆ ਸੀ।

ਪਾਕਿਸਤਾਨ ਮੀਡੀਆ ਦੇ ਦਾਅਵੇ ਮੁਤਾਬਕ ਫਿਲਮ “ਫੇਰੇ” ਪਾਕਿਸਤਾਨ ਦੀ ਪਹਿਲੀ ਸੁਪਰਹਿੱਟ ਸੰਗੀਤਕ ਫਿਲਮ ਸੀ। ਇਸਨੇ ਆਪਣੇ ਮੁੱਖ ਸਿਨੇਮਾ ‘ਤੇ ਸੋਲੋ ਸਿਲਵਰ ਜੁਬਲੀ (25 ਹਫ਼ਤੇ) ਮਨਾਈ, ਅਤੇ ਮਸ਼ਹੂਰ ਸੰਗੀਤਕ ਭਾਰਤੀ ਪੰਜਾਬੀ ਫਿਲਮ ਲੱਛੀ ਨਾਲ ਮੁਕਾਬਲਾ ਕੀਤਾ, ਜੋ ਕਿ ਕੈਸਰ ਸਿਨੇਮਾ ‘ਤੇ ਦਿਖਾਈ ਗਈ ਸੀ। ਦਿੱਲਗੀ, ਕਨੀਜ਼, ਦਰਦ ਅਤੇ ਪੁਕਾਰ ਇਸ ਸਮੇਂ ਵਿੱਚ ਲਾਹੌਰ ਦੇ ਸਿਨੇਮਾਘਰਾਂ ਵਿੱਚ ਹੋਰ ਵੱਡੀਆਂ ਭਾਰਤੀ ਫਿਲਮਾਂ ਸਨ।

ਵੰਡ ਤੋਂ ਬਾਅਦ ਭਾਰਤ ਦੀ ਪਹਿਲੀ ਪੰਜਾਬੀ ਫ਼ਿਲਮ ਵਜੋਂ
ਚਮਨ (1948), 7 ਅਗਸਤ,1948  ਨੂੰ ਲਾਹੌਰ ਵਿਖੇ ਰਿਲੀਜ਼ ਹੋਈ ਸੀ। ਇਸੇ ਦਿਨ ਪਾਕਿਸਤਾਨ ਦੀ ਪਹਿਲੀ ਉਰਦੂ ਫਿਲਮ “ਤੇਰੀ ਯਾਦ” (1948) ਵੀ ਰਿਲੀਜ਼ ਹੋਈ ਸੀ।

ਸ਼ੌਰੀ ਪਿਕਚਰਜ਼ ਦੀ ਸੰਗੀਤਕ ਪੰਜਾਬੀ ਫਿਲਮ “ਚਮਨ” (1948), ਜਿਸਦਾ ਪਹਿਲਾਂ ਸਿਰਲੇਖ “ਭਾਈਆ ਜੀ” ਸੀ, ਸ਼ੌਰੀ ਫਿਲਮ ਸਟੂਡੀਓਜ਼ ( ਬਾਅਦ ਵਿੱਚ ਸ਼ਾਹ ਨੂਰ ਫਿਲਮ ਸਟੂਡੀਓ), ਮੁਲਤਾਨ ਰੋਡ, ਲਾਹੌਰ ਵਿਖੇ ਬਣ ਰਹੀ ਸੀ, ਪਰ ਜਦੋਂ ਵੰਡ ਦੇ ਦੰਗਿਆਂ ਵਿੱਚ ਹਿੰਦੂ ਅਤੇ ਸਿੱਖ ਮਾਰੇ ਗਏ ਤਾਂ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ “ਰੂਪ ਕੇ ਸ਼ੌਰੀ” ਫਿਲਮ ਦਾ ਬਾਕੀ ਕੰਮ ਪੂਰਾ ਕਰਨ ਲਈ ਬੰਬਈ ਗਏ। ਇਸ ਫਿਲਮ ਵਿਚ ਉਨ੍ਹਾਂ ਦੀ ਅਭਿਨੇਤਰੀ ਪਤਨੀ ਮੀਨਾ ਸ਼ੌਰੀ ਹੀਰੋਇਨ ਸੀ ਜਦਕਿ “ਓਮ ਪ੍ਰਕਾਸ਼” ਨੇ ਮੁੱਖ ਭੂਮਿਕਾ ਨਿਭਾਈ ਸੀ। ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ “ਰੂਪ ਕੇ ਸ਼ੌਰੀ”  ਅਤੇ  “ਮੀਨਾ ਸ਼ੌਰੀ” ਦੇ ਵਿਆਹ ਦੀਆਂ ਖਬਰਾਂ 1952 ਵਿੱਚ ਸਾਹਮਣੇ ਆਈਆਂ। ਇਸ ਤੋਂ ਪਹਿਲਾਂ ਉਹ ਅੱਜ ਦੇ ਪ੍ਰਚਲਤ ਸ਼ਬਦ “ਲਿਵ ਇਨ ਪਾਰਟਨਰ” ਬਣਕੇ ਰਹਿ ਰਹੇ ਸੀ।

“ਚਮਨ”  (1948) ਫਿਲਮ ਦੇ ਦੋ ਸਦਾਬਹਾਰ ਗੀਤ ਸਨ ” ਸਾਰੀ  ਸਾਰੀ ਰਾਤ ਤੇਰਾ ਤਕਨੀ ਆਂ ਰਾਹ ।” ਅਤੇ ” ਚੰਨ ਕਿਥਾਂ ਗੁਜਾਰੀ ਆ ਰਾਤ ਵੇ ?” ਇਹ ਸੰਗੀਤਕ ਫ਼ਿਲਮ ਲਾਹੌਰ ਦੇ ਕੈਸਰ ਸਿਨੇਮਾ ਵਿੱਚ ਇੱਕ ਭਾਰਤੀ ਪੰਜਾਬੀ ਫ਼ਿਲਮ ਦੇ ਰੂਪ ਵਿੱਚ ਰਿਲੀਜ਼ ਕੀਤੀ ਗਈ ਸੀ ਅਤੇ ਬਹੁਤ ਸਫਲ ਰਹੀ ਸੀ।

ਇੱਥੇ ਦੱਸਣਾ ਬਣਦਾ ਹੈ ਕਿ 1945 ਵਿੱਚ, ਲਾਹੌਰ ਦੇ ਮੁਲਤਾਨ ਰੋਡ ‘ਤੇ ਸਥਾਪਤ ਪਹਿਲਾ ਫਿਲਮ ਸਟੂਡੀਓ, ‘ਸ਼ੌਰੀ ਫਿਲਮ ਸਟੂਡੀਓ’ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਰੌਸ਼ਨ ਲਾਲ ਸ਼ੌਰੀ ਅਤੇ ਉਨ੍ਹਾਂ ਦੇ ਬੇਟੇ ਰੂਪ ਕੇ ਸ਼ੋਰੀ ਵਲੋਂ ਬਣਾਇਆ ਗਿਆ ਸੀ, ਜਿਸ ਵਿੱਚ 100 ਕਨਾਲ ਜ਼ਮੀਨ ਸੀ ਅਤੇ ਸੀ। ਕੁੱਲ ਪੰਜ ਮੰਜ਼ਿਲਾਂ ਅਤੇ ਇੱਕ ਰਿਕਾਰਡਿੰਗ ਹਾਲ ਸੀ। ਇਹ ਸਟੂਡੀਓ ਲਾਹੌਰ ਵਿੱਚ ਬਣੀ ਰਿਕਾਰਡ-ਤੋੜ ਪੰਜਾਬੀ ਫ਼ਿਲਮ ਮੰਗਤੀ (1942) ਦੀ ਕਮਾਈ ਨਾਲ ਬਣਾਇਆ ਗਿਆ ਸੀ, ਜੋ ਲਗਾਤਾਰ ਇੱਕ ਸਾਲ ਤੱਕ ਚੱਲਣ ਵਾਲੀ ਅਖੰਡ ਭਾਰਤ ਦੀ ਪਹਿਲੀ ਆਲ  ਟਾਈਮ ਬਲਾਕ ਬਸਟਰ ਪੰਜਾਬੀ ਫ਼ਿਲਮ ਸੀ।

1947 ਦੇ ਦੰਗਿਆਂ ਵਿੱਚ ‘ਸ਼ੌਰੀ ਫਿਲਮ ਸਟੂਡੀਓ’ ਵੀ ਸਾੜ ਦਿੱਤਾ ਗਿਆ ਸੀ। ਪਾਕਿਸਤਾਨ ਦੀ ਸਥਾਪਨਾ ਤੋਂ ਬਾਅਦ ਜਦੋਂ ਮੈਡਮ ਨੂਰ ਜਹਾਂ ਅਤੇ ਉਨ੍ਹਾਂ ਦੇ ਪਤੀ ਸ਼ੌਕਤ ਹੁਸੈਨ ਰਿਜ਼ਵੀ ਨੇ ਪਾਕਿਸਤਾਨ ਵਾਪਸ ਆਉਣ ਦਾ ਫੈਸਲਾ ਕੀਤਾ ਤਾਂ ਉਨ੍ਹਾਂ ਕੋਲ ਤਜ਼ਰਬੇ ਦੀ ਘਾਟ ਦੇ ਬਾਵਜੂਦ, ਉਨ੍ਹਾਂ ਨੂੰ ‘ਸ਼ਾਹ ਨੂਰ ਸਟੂਡੀਓ’ ਨਾਂਅ ਦੇਕੇ ਇਹ ਫਿਲਮ ਸਟੂਡੀਓ ਅਲਾਟ ਕੀਤਾ ਗਿਆ।

ਇਸੇ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਸੇਠ ਦਲ ਸੁਖ ਪੰਚੋਲੀ ਦਾ ਦੂਜਾ ਫਿਲਮ ਸਟੂਡੀਓ ‘ਪੰਚੋਲੀ ਫਿਲਮ ਸਟੂਡੀਓਜ਼ 1′ ਜਾਂ ਲਾਹੌਰ ਦੇ ਅੱਪਰ ਮਾਲ ਖੇਤਰ ਵਿੱਚ ਨਹਿਰ ਦੇ ਨੇੜੇ ਸਥਿਤ ਪ੍ਰੈਜ਼ੀਡੈਂਟ ਸਟੂਡੀਓ’ ਸੀ। ਇਸ ਵਿੱਚ ਦੋ ਸ਼ੂਟਿੰਗ ਫਲੋਰ, ਇੱਕ ਪ੍ਰਯੋਗਸ਼ਾਲਾ ਅਤੇ ਕਈ ਦਫ਼ਤਰ ਸਨ। ਇਸ ਨੂੰ ਵੀ ਦੰਗਿਆਂ ਵਿੱਚ ਨੁਕਸਾਨ ਪਹੁੰਚਿਆ ਸੀ ਅਤੇ ਇਸ ਨੂੰ ਗਾਇਕਾ ਮੱਲਿਕਾ ਪੁਖਰਾਜ ਨੂੰ ਛੱਡੀ ਜਾਇਦਾਦ ਵਜੋਂ ਅਲਾਟ ਕੀਤਾ ਗਿਆ ਸੀ। ਅਲਾਟਮੈਂਟ ਤੋਂ ਬਾਅਦ ਇਸ ਸਟੂਡੀਓ ਦਾ ਨਾਂ ‘ਮੱਲਿਕਾ ਫਿਲਮ ਸਟੂਡੀਓਜ਼’ ਰੱਖਿਆ ਗਿਆ ਸੀ ਪਰ ਨਾ ਤਜਰਬੇਕਾਰੀ ਅਤੇ ਪ੍ਰਬੰਧਨ ਦੀ ਅਯੋਗਤਾ ਕਾਰਨ ਇਹ ਸਟੂਡੀਓ ਵੱਖ-ਵੱਖ ਹੱਥਾਂ ਵਿੱਚ ਹੀ ਰਿਹਾ।

ਹੁਣ ਇਕ ਬਾਰ ਅਸੀਂ ਫੇਰ ਤੋਂ ਪਾਕਿਸਤਾਨ ਦੀ ਪਹਿਲੀ ਪੰਜਾਬੀ ਫਿਲਮ “ਫੇਰੇ” ਵੱਲ ਮੁੜਦੇ ਹਾਂ।

ਫਿਲਮ “ਫੇਰੇ” (1949) ਦੀ ਸ਼ਾਨਦਾਰ ਸਫਲਤਾ।

“ਫੇਰੇ”  (1949)  ਇੱਕ ਸ਼ਾਨਦਾਰ ਸਫਲਤਾ ਸੀ। ਜਿਸਦੇ ਪਿੱਛੇ ਸਭ ਤੌਂ ਵੱਡਾ ਕਾਰਨ ਇਹੋ ਜਾਪਦਾ ਹੈ ਕਿ ਇਹ ਹਿੰਦੂਸਤਾਨੀ ਫਿਲਮ ਲੱਗੀ ਸੀ। ਇਸਦੇ ਗੀਤਾਂ ਅਤੇ ਸੰਵਾਦਾਂ ਤੋਂ ਅਜਿਹਾ ਨਹੀਂ ਜਾਪਦਾ ਸੀ ਕਿ ਇਹ ਅਖੰਡ ਭਾਰਤ ਚੋਂ ਟੁੱਟਕੇ ਬਣੇ ਹੋਏ ਇਕ ਨਵੇਂ ਮੁਲਕ ਦੀ ਫ਼ਿਲਮ ਹੈ।

ਇਸ ਤੋਂ ਪਹਿਲਾਂ ਪਾਕਿਸਤਾਨ ਦੀਆਂ ਸਾਰੀਆਂ ਪੰਜ ਫਿਲਮਾਂ ਉਰਦੂ ਭਾਸ਼ਾ ਵਿੱਚ ਰਿਲੀਜ਼ ਹੋਈਆਂ ਸਨ ਪਰ ਇਨ੍ਹਾਂ ਵਿੱਚੋਂ ਕੋਈ ਵੀ ਸਫਲ ਨਹੀਂ ਹੋ ਸਕੀ ਸੀ। ਨਵੇਂ ਮੂਲਕ ਦੀਆਂ ਇਨ੍ਹਾਂ ਫਿਲਮਾਂ ਵਿਚ ਉਹ ਮਹਿਕ ਨਹੀਂ ਸੀ, ਜਿਸਦੇ ਆਮ ਦਰਸ਼ਕ ਆਦੀ ਹੋ ਚੁੱਕੇ ਸਨ। ਦੂਜਾ ਉਸ ਸਮੇਂ ਪਾਕਿਸਤਾਨ ਵਿਚ ਬੰਬਈ  ਦੀਆਂ ਬਣੀਆਂ ਹਿੰਦੀ ਫਿਲਮਾਂ ਨਾਲੋਂ ਨਾਲ ਰਿਲੀਜ਼ ਹੋ ਰਹੀਆਂ ਸਨ ਜਿਹੜੀਆਂ ਹਰ ਲਿਹਾਜ ਨਾਲ ਇਨ੍ਹਾਂ ਫਿਲਮਾਂ ਨਾਲੋਂ ਬਿਹਤਰ ਸਨ।

ਕਿਉਂਕਿ 1949 ਵਿੱਚ ਭਾਰਤੀ ਫਿਲਮਾਂ ਦਾ ਸੁਨਹਿਰੀ ਦੌਰ ਸ਼ੁਰੂ ਹੋ ਗਿਆ ਸੀ ਅਤੇ ਹਰ ਖੇਤਰ ਵਿੱਚ ਮਹਾਨ ਕਲਾਕਾਰ ਸਾਹਮਣੇ ਆਏ ਸਨ। ਦਿਲੀਪ ਕੁਮਾਰ , ਰਾਜ ਕਪੂਰ , ਅਸ਼ੋਕ ਕੁਮਾਰ , ਨਰਗਿਸ , ਮਧੂ ਬਾਲਾ ਅਤੇ ਸੁਰੱਈਆ ਆਦਿ ਸ਼ਿਖਰਾਂ ‘ਤੇ ਪਹੁੰਚੇ। ਵੱਡੀਆਂ ਹਿੰਦੀ ਸੰਗੀਤਕ ਫਿਲਮਾਂ ਜਿਵੇਂ ਬਰਸਾਤ , ਅੰਦਾਜ਼ , ਦਰਦ, ਮਹਿਲ , ਬੜੀ ਬਹਿਨ, ਪਤੰਗਾ, ਸਿੰਗਾਰ, ਸ਼ਬਨਮ, ਦਿਲੱਗੀ ਅਤੇ ਦੁਲਾਰੀ ਇਸ ਸਾਲ ਰਿਲੀਜ਼ ਹੋਈਆਂ। ਇਕ ਰਿਪੋਰਟ ਮੁਤਬਿਕ ਅਗਸਤ 1949 ਵਿੱਚ ਲਾਹੌਰ ਦੇ ਸਿਨੇਮਾਘਰਾਂ ਵਿੱਚ 10 ਭਾਰਤੀ ਫਿਲਮਾਂ  “ਕਨੀਜ਼, ਦਿਲਲੱਗੀ, ਨੇਕੀ ਔਰ ਬਦੀ, ਲੱਛੀ (ਪੰਜਾਬੀ) ਬਾਜ਼ਾਰ, ਦਰਦ, ਸੰਯੋਗ, ਪੁਕਾਰ, ਸ਼ਬਨਮ, ਸਾਂਵਰੀਆ” ਆਦਿ ਚਲ ਰਹੀਆਂ ਸਨ।

ਇਸੇ ਸਾਲ ਆਜ਼ਾਦ ਭਾਰਤ ਦੀ ਦੁੱਜੀ ਪੰਜਾਬੀ ਫ਼ਿਲਮ ਲੱਛੀ (1949) ਵੀ ਰਿਲੀਜ਼ ਹੋਈ, ਜੋ ਫੇਰੇ (1949) ਦੀ ਅਸਲ ਮੁਕਾਬਲੇਬਾਜ਼ ਸੀ। ਇਹ ਫਿਲਮ ਸ਼ਮਸ਼ਾਦ ਬੇਗਮ ਦੇ ਇੱਕ ਸਦਾਬਹਾਰ ਗੀਤ ‘ਤੇ ਆਧਾਰਿਤ ਹੈ , ਜੋ ਕਿ ਭਾਰਤੀ ਪੰਜਾਬੀ ਫਿਲਮਾਂ ਦੀ ਸਭ ਤੋਂ ਸਫਲ ਗਾਇਕਾਵਾਂ ਵਿੱਚੋਂ ਇੱਕ ਹੈ, “ਮੇਰੀ ਲਗਦੀ ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜਗ ਜਾਨ ਦਾ”। ਕਾਰਨ ਯਾਦਗਾਰੀ ਹੈ।

ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫ਼ੀ ਦੇ ਗੀਤਾਂ ਵਾਲੀ ਇਹ ਪਹਿਲੀ ਭਾਰਤੀ ਪੰਜਾਬੀ ਫ਼ਿਲਮ ਸੀ । ਲਤਾ ਨੇ ਲਗਭਗ 20 ਪੰਜਾਬੀ ਫਿਲਮਾਂ ਵਿੱਚ 80 ਦੇ ਕਰੀਬ ਗੀਤ ਗਾਏ ਜਦਕਿ ਰਫੀ ਨੇ 250 ਦੇ ਕਰੀਬ ਪੰਜਾਬੀ ਗੀਤ ਗਾਏ। ਹੰਸ ਰਾਜ ਬਹਿਲ ਭਾਰਤੀ ਪੰਜਾਬੀ ਫਿਲਮਾਂ ਦੇ ਸਭ ਤੋਂ ਸਫਲ ਸੰਗੀਤਕਾਰ ਸਨ ਅਤੇ ਅਜ਼ੀਜ਼ ਕਸ਼ਮੀਰੀ ਨੇ ਅਣਗਿਣਤ ਸਦੀਵੀ ਪੰਜਾਬੀ ਗੀਤ ਲਿਖੇ। ਇਸ ਫਿਲਮ ਦਾ ਪ੍ਰਿੰਟ ਵੀ ਨਹੀਂ ਮਿਲ ਰਿਹਾ, ਜਿਸ ਬਾਰੇ ਖੋਜ ਕੀਤੀ ਜਾਂ ਰਹੀ ਹੈ।

ਪਾਕਿਸਤਾਨ ਦੀ ਪਹਿਲੀ ਪੰਜਾਬੀ ਫ਼ਿਲਮ ਫੇਰੇ (1949) ਦੀ ਅਸਾਧਾਰਨ ਸਫ਼ਲਤਾ ਨੂੰ ਸਮਝਣ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਮਾਂ-ਬੋਲੀ ਦੀ ਮਹੱਤਤਾ ਦੁਨੀਆਂ ਦੀ ਕਿਸੇ ਹੋਰ ਭਾਸ਼ਾ ਨਾਲ ਨਹੀਂ ਮਿਲ ਸਕਦੀ । ਸਿੱਖਿਆ ਅਤੇ ਮਨੋਰੰਜਨ, ਜੋ ਮਾਤ ਭਾਸ਼ਾ ਵਿੱਚ ਸੰਭਵ ਹੈ, ਉਹ ਕਿਸੇ ਰਾਸ਼ਟਰੀ, ਪ੍ਰੇਰਿਤ ਜਾਂ ਅੰਤਰਰਾਸ਼ਟਰੀ ਭਾਸ਼ਾ ਵਿੱਚ ਸੰਭਵ ਨਹੀਂ ਹੈ। ਅਜਿਹੀ ਸਾਧਾਰਨ ਅਤੇ ਆਮ ਸਮਝ ਵਾਲੀ ਗੱਲ ਨੂੰ ਕੱਟੜ ਅਤੇ ਸੌੜੀ ਸੋਚ ਵਾਲੇ ਲੋਕ ਨਹੀਂ ਸਮਝ ਸਕਦੇ।

ਭਾਰਤੀ  ਅਤੇ ਪਾਕਿਸਤਾਨੀ ਫ਼ਿਲਮਾਂ ਵਿੱਚ ਫ਼ਿਲਮੀ ਗੀਤਾਂ ਨੂੰ ਸਭ ਤੋਂ ਵੱਧ ਮਹੱਤਵ ਮਿਲਦਾ ਹੈ। ਅਦਾਕਾਰਾਂ ਦੀ ਪ੍ਰਸਿੱਧੀ ਆਰਜ਼ੀ ਹੁੰਦੀ ਸੀ ਪਰ ਫ਼ਿਲਮੀ ਗੀਤਾਂ ਦੀ ਪ੍ਰਸਿੱਧੀ ਸਦੀਵੀ ਰਹੀ ਹੈ। ਇਹੀ ਕਾਰਨ ਹੈ ਕਿ ਪੁਰਾਣੇ ਜ਼ਮਾਨੇ ਦੀਆਂ ਜ਼ਿਆਦਾਤਰ ਫਿਲਮਾਂ ਉਨ੍ਹਾਂ ਦੇ ਅਦਾਕਾਰਾਂ ਜਾਂ ਕਿਰਦਾਰਾਂ ਦੀ ਬਜਾਏ ਉਨ੍ਹਾਂ ਦੇ ਗੀਤਾਂ ਲਈ ਯਾਦ ਕੀਤੀਆਂ ਜਾਂਦੀਆਂ ਹਨ।

ਪਾਕਿਸਤਾਨ ਦੀ ਪਹਿਲੀ ਸੰਗੀਤਕ ਫਿਲਮ ਫੇਰੇ (1949) ਦੀ ਸਫਲਤਾ ਮੁੱਖ ਤੌਰ ‘ਤੇ ਇਸਦੇ ਸਦਾਬਹਾਰ ਅਤੇ ਪ੍ਰਸਿੱਧ ਗੀਤਾਂ ਕਾਰਨ ਵੀ ਸੀ। ਸੁਰੀਲੀਆਂ ਧੁਨਾਂ ਤੋਂ ਇਲਾਵਾ , ਮਹਾਨ ਸੰਗੀਤਕਾਰ, ਬਾਬਾ ਜੀ ਏ ਚਿਸ਼ਤੀ ਨੇ ਬਾਬਾ ਆਲਮ ਸਿਆਹ ਪੋਸ਼ ਦੇ ਨਾਲ ਕਈ ਸੁਪਰਹਿੱਟ ਗੀਤ ਵੀ ਲਿਖੇ , ਜਿਨ੍ਹਾਂ ਨੂੰ ਮਨਵਰ ਸੁਲਤਾਨਾ ਅਤੇ ਇਨਾਇਤ ਹੁਸੈਨ ਭੱਟੀ ਦੁਆਰਾ ਗਾਇਆ ਗਿਆ ਸੀ। ਇੱਕ ਮਾਨਤਾ ਇਹ ਵੀ ਹੈ ਕਿ ਬਾਬਾ ਚਿਸ਼ਤੀ ਨੇ ਇੱਕ ਦਿਨ ਵਿੱਚ ਇਸ ਫ਼ਿਲਮ ਦੇ ਸੱਤ ਗੀਤ ਲਿਖੇ, ਰਚੇ ਅਤੇ ਰਿਕਾਰਡ ਕੀਤੇ।

ਫਿਲਮ ਫੇਰੇ (1949) ਪ੍ਰਿੰਟ ਵਿੱਚ ਉਪਲਬਧ ਨਹੀਂ ਹੈ ਪਰ ਇਸ ਦੇ ਗੀਤ ਯੂਟਿਊਬ ‘ਤੇ ਸੁਣੇ ਜਾ ਸਕਦੇ ਹਨ। ਯੂ ਟਿਉਬ ਦੇ ਇਕ ਲਿੰਕ ਵਿੱਚ ਇਸਦਾ ਟ੍ਰੇਲਰ ਟਾਈਪ ਵਰਜਨ ਮਿਲਦਾ ਹੈ। ਜਿਹੜਾ ਕਰੀਬ 15 ਮਿੰਟਾਂ ਦਾ ਹੈ। ਸੰਭਾਵਨਾ ਹੈ ਕਿ ਕੋਈ ਫਿਲਮ ਪ੍ਰੇਮੀ ਇਸਦਾ ਪੂਰਾ ਪ੍ਰਿੰਟ ਵੀ ਲੱਭ ਲਭੇ।

This entry was posted in ਫ਼ਿਲਮਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>