ਅੰਮ੍ਰਿਤਸਰ – ਪੰਜਾਬ ਅੰਦਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਹਤ ਸੇਵਾਵਾਂ ਨਿਰੰਤਰ ਜਾਰੀ ਹਨ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ, ਗੁਰਦੁਆਰਾ ਸ੍ਰੀ ਚਰਨਕੰਵਲ ਸਾਹਿਬ ਬੰਗਾ ਅਤੇ ਗੁਰਦੁਆਰਾ ਸਾਹਿਬ ਬਜੀਦਪੁਰ ਫਿਰੋਜ਼ਪੁਰ ਤੋਂ ਲੋੜਵੰਦਾਂ ਤੱਕ ਲੰਗਰ ਅਤੇ ਹੋਰ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕੁਝ ਇਲਾਕਿਆਂ ਵਿਚ ਮੁੜ ਪਾਣੀ ਆਉਣ ਕਾਰਨ ਫਸੇ ਲੋਕਾਂ ਲਈ ਗੁਰਦੁਆਰਾ ਸਾਹਿਬਾਨ ਤੋਂ ਤਿਆਰ ਕੀਤਾ ਲੰਗਰ ਭੇਜਣ ਦੇ ਨਾਲ-ਨਾਲ ਪਸ਼ੂਆਂ ਲਈ ਚਾਰੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਰਾਹਤ ਟੀਮਾਂ ਕਾਰਜ ਕਰ ਰਹੀਆਂ ਹਨ। ਸ. ਪ੍ਰਤਾਪ ਸਿੰਘ ਅਨੁਸਾਰ ਲੰਗਰ ਤੋਂ ਇਲਾਵਾ ਮੱਕੀ ਦੇ ਅਚਾਰ ਅਤੇ ਹਰੇ ਚਾਰੇ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਇਲਾਕਿਆਂ ਦੇ ਨਗਰ ਮੰਡੀ ਹਰੀਕੇ, ਵੈਰੋਵਾਲ ਬੰਨ੍ਹ, ਰਾਜੇਵਾਲ, ਧੂੰਦਾ ਕਾਵੇ, ਹੁਸੈਨਪੁਰ, ਮਿਰਜ਼ਾਪੁਰ, ਟੇਂਡੀ ਵਾਲਾ, ਕਾਲੂ ਵਾਲਾ, ਹਜ਼ਾਰਾ ਸਿੰਘ ਵਾਲਾ, ਗੱਟੀ ਰਾਜੋਕੇ, ਗਜਨੀ ਵਾਲਾ, ਚੱਕ ਹਜ਼ਾਰੇ ਵਾਲਾ, ਹੁਸੇਨੀਵਾਲਾ, ਮੁੱਠਿਆਂ ਵਾਲਾ, ਬੰਡਾਲਾ, ਆਸ਼ੀ ਕੇ, ਰੋਡੇ ਵਾਲਾ, ਗੱਟਾ ਬਾਦਸ਼ਾਹ, ਆਲੇ ਵਾਲਾ, ਫੱਤੇਵਾਲਾ, ਮਾਸ਼ੀ ਕੇ, ਸੁਲਤਾਨ ਵਾਲਾ, ਨਿਜ਼ਾਮ ਵਾਲਾ, ਚਾਂਦੀ ਵਾਲਾ, ਭਾਨੇਕੇ, ਭੱਖੜਾ, ਝੰਡੀਆਂ ਵਾਲਾ, ਖੁੰਦਰ ਗੱਟੀ, ਜੱਲੋਕੇ, ਕਾਲੂ ਵਾਲਾ, ਕੀਲਚੇ, ਕਾਵਾਂ ਵਾਲੇ ਪੱਤਣ, ਹਸਤਾ ਕਲਾਂ, ਬੱਗੇ ਵਾਲਾ, ਭੰਗੇ ਵਾਲਾ, ਬਸਤੀ ਰਾਮ ਲਾਲ ਆਦਿ ਵਿਚ ਪਹੁੰਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਸ਼ਕਲ ਦੇ ਸਮੇਂ ਮਾਨਵਤਾ ਨਾਲ ਖੜ੍ਹਨਾ ਸ਼੍ਰੋਮਣੀ ਕਮੇਟੀ ਆਪਣਾ ਫ਼ਰਜ਼ ਸਮਝਦੀ ਹੈ ਅਤੇ ਗੁਰੂ ਦਰਸਾਏ ਮਾਰਗ ਅਨੁਸਾਰ ਸਿੱਖ ਸੰਸਥਾ ਲੋੜਵੰਦਾਂ ਲਈ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਲੋੜਵੰਦ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਨੇੜਲੇ ਗੁਰਦੁਆਰਾ ਸਾਹਿਬਾਨ ਵਿਖੇ ਸੰਪਰਕ ਕਰਨ, ਤਾਂ ਜੋ ਉਨ੍ਹਾਂ ਨੂੰ ਲੰਗਰ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਦਿੱਤੀਆਂ ਜਾ ਸਕਣ।
ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਸੇਵਾਵਾਂ ਲਗਾਤਾਰ ਜਾਰੀ
This entry was posted in ਪੰਜਾਬ.