ਪੰਜਾਬ ਦੇ ਲੋਕਾਂ ਨੇ ‘ਆਪ’ ਦਾ ਪੱਲਾ ਫੜ੍ਹ ਕੇ ਕੀਤੀ ਭਿਅੰਕਰ ਗਲਤੀ: ਗਜਿੰਦਰ ਸਿੰਘ ਦਲ ਖਾਲਸਾ

images (28).resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਅਜ ਦੇ ਮੌਜੂਦਾ ਹਾਲਾਤਾਂ ਬਾਰੇ ਪੁੱਛਣ ਤੇ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਅਗਰ ਅੱਜ ਦੀ ਸਿਆਸਤ ਤੋਂ ਭਾਵ ਭਾਰਤੀ ਵੋਟ ਤੰਤਰ ਦੀ ਸਿਆਸਤ ਹੈ ਤਾਂ ਮੈਂ ਇਸ ਵਿੱਚ, ਜਾਂ ਇਸ ਰਾਹੀਂ ਸਿੱਖ ਕੌਮ ਦਾ ਰੋਸ਼ਨ ਭਵਿੱਖ ਨਹੀਂ ਦੇਖਦਾ । ਪਿਛਲੇ ਪੰਜੱਤਰ ਸਾਲ ਦੀ ਸਿਆਸਤ ਅਤੇ ਸਿੱਖਾਂ ਵੱਲੋਂ ਇਸ ਵਿੱਚ ਲਏ ਹਿੱਸੇ ਵੱਲ ਵੇਖਿਆ ਜਾਵੇ ਤਾਂ ਸਿੱਖ ਲਗਾਤਾਰ ਲੂਜ਼ਰ ਦਿਖਾਈ ਦਿੰਦੇ ਹਨ । ਭਾਰਤੀ ਸਿਆਸਤ ਵਿੱਚ ਅਕਾਲੀ ਸਿਆਸਤ ਦਾ ਜੋ ਕਦੇ ਦੱਬਦਬਾ ਹੁੰਦਾ ਸੀ, ਉਹ ਵੀ ਗਵਾ ਲਿਆ ਹੈ । ਪੰਥਕ ਏਜੰਡੇ ਤੋਂ ਅਕਾਲੀ ਦਲ ਲਗਾਤਾਰ ਦੂਰ ਹੁੰਦਾ ਗਿਆ ਹੈ, ਤੇ ਬਾਦਲ ਪਰਿਵਾਰ ਨੇ ਤਾਂ ਇਸ ਦਾ ਕੱਖ ਵੀ ਨਹੀਂ ਛਡਿਆ । ਪੰਥਕ ਹਿੱਤਾਂ ਦੀ ਤਰਜਮਾਨ ਪਾਰਟੀ ਤੋਂ ਸੈਕੂਲਰ ਪਾਰਟੀ, ਤੇ ਉਹ ਵੀ ਆਰ ਐਸ ਐਸ ਦੀ ਝੋਲੀ ਵਿੱਚ ਪਈ ਹੋਈ, ਬਣਨ ਤੱਕ ਦਾ ਸਫਰ ਕੌਮ ਨੂੰ ਕੱਖੋਂ ਹੋਲੇ ਕਰਨ ਵਾਲੇ ਨਿਘਾਰ ਦਾ ਸਫਰ ਹੈ ।

ਉਨ੍ਹਾਂ ਦਸਿਆ ਕਿ ਕਾਂਗਰਸ ਅਤੇ ਬਾਦਲ ਦਲ ਤੋਂ ਮਾਯੂਸ ਹੋਏ ਪੰਜਾਬ ਦੇ ਲੋਕਾਂ ਨੇ ‘ਆਪ’ ਦਾ ਪੱਲਾ ਫੜ੍ਹ ਕੇ ਇੱਕ ਹੋਰ ਭਿਅੰਕਰ ਗਲਤੀ ਕਰ ਲਈ ਹੋਈ ਹੈ । ਪੰਥ ਅਤੇ ਪੰਜਾਬ ਲਈ ਉਮੀਦ ਕੇਵਲ ਅਤੇ ਕੇਵਲ, ਕੌਮੀ ਆਜ਼ਾਦੀ ਲਈ ਸੰਘਰਸ਼-ਸ਼ੀਲ ਜੱਥੇਬੰਦੀਆਂ ਦੇ ਨਾਲ ਜੁੜੀ ਹੋਈ ਹੈ । ਭਾਵੇਂ ਕਿ ਇਹਨਾਂ ਸਾਰੀਆਂ ਜੱਥੇਬੰਦੀਆਂ ਦਾ ਕੋਈ ਸਾਂਝਾ ਸਰੂਪ ਹਾਲੇ ਨਹੀਂ ਉਭਰਿਆ, ਪਰ ਇਹਨਾਂ ਦਾ ਰਸਤਾ ਸਹੀ ਹੈ । ਲੋੜ ਹੈ ਤਾਂ ਇਸ ਗੱਲ ਦੀ ਹੈ ਕਿ ਇਹਨਾਂ ਜੱਥੇਬੰਦੀਆਂ ਵਿੱਚਲਾ ਆਪਣੇ ਆਪ ਨੂੰ ਠੀਕ ਸਬਤ ਕਰਨ ਲਈ ਦੂਜਿਆਂ ਨੂੰ ਗਲਤ ਸਾਬਤ ਕਰਨ ਦਾ ਰੁਝਾਨ ਤਿਆਗਣਾ ਬਣਦਾ ਹੈ । ਨਵੇਂ ਪੁਰਾਣੇ ਦਾ ਵਿਵਾਦ ਵੀ ਬੇਲੋੜ੍ਹਾ ਹੈ । ਨਵਿਆਂ ਲਈ ਰਾਹ ਹਮੇਸ਼ਾਂ ਖੁਲ੍ਹਾ ਰਹਿੰਦਾ ਹੈ, ਤੇ ਪੁਰਾਣਿਆਂ ਦਾ ਆਪਣਾ ਸਤਿਕਾਰ ਹੋਣਾ ਚਾਹੀਦਾ ਹੁੰਦਾ ਹੈ । ਵਿਰੋਧ ਨਹੀਂ ਸਹਿਯੋਗ ਦੀ ਸਿਆਸਤ ਦਾ ਰਸਤਾ ਅਪਣਾਇਆ ਜਾਣਾ ਚਾਹੀਦਾ ਹੈ ।

ਉਨ੍ਹਾਂ ਕਿਹਾ ਕਿ ਅੱਜ ਦੀਆਂ ਮਿਸਲਾਂ/ ਜੱਥੇਬੰਦੀਆਂ ਅਗਰ ਆਪੋ ਆਪਣੇ ਝੰਡੇ ਕਾਇਕ ਰੱਖਣਾ ਚਾਹੁੰਦੀਆਂ ਹਨ, ਤਾਂ ਕੋਈ ਹਰਜ ਨਹੀਂ, ਪਰ ਕੌਮੀ ਝੰਡੇ ਤੇ ਕੌਮੀ ਹਿੱਤ ਦਾ ਮਾਣ ਸਤਿਕਾਰ ਸੱਭ ਤੋਂ ਉਪਰ ਰੱਖਣਾ ਬਣਦਾ ਹੈ । ਉਨ੍ਹਾਂ ਦਸਿਆ ਕਿ ਸਿੱਖ ਡੇਰੇਦਾਰੀ ਜਿਸ ਦੀਆਂ ਜੜ੍ਹਾਂ ਹਿੰਦੂ ਮਿੱਥਹਾਸ ਵਿੱਚ ਲੱਗੀਆਂ ਹੋਈਆਂ ਹਨ, ਦੇ ਵਧੇ ਹੋਏ ਪ੍ਰਭਾਵ ਨੇ ਧਾਰਮਿੱਕ ਤੌਰ ਤੇ ਪੰਥ ਨੂੰ ਖੇਰੂੰ ਖੇਰੂੰ ਕਰ ਦਿੱਤਾ ਹੈ । ਇਸ ਲਈ ਸਿਆਸੀ ਧੜ੍ਹੇਬੰਦੀਆਂ ਨਾਲੋਂ ਵੀ ਇਹ ਧਾਰਮਿੱਕ ਧੜ੍ਹੇਬੰਦੀਆਂ ਵਧੇਰੇ ਖਤਰਨਾਕ ਸਾਬਤ ਹੋ ਰਹੀਆਂ ਹਨ । ਪੰਥ ਦੀ ਪ੍ਰਵਾਨਤ ਤੇ ਸਾਂਝੀ ਧਾਰਮਿੱਕ ਮਰਿਯਾਦਾ ਤੋਂ ਵਧੇਰੇ ਕਾਬਿਲੇ ਕਬੂਲ ਹਾਲੇ ਪੰਥ ਕੋਲ ਹੋਰ ਕੁੱਝ ਨਹੀਂ ਹੈ । ਪੰਜ ਬਾਣੀਆਂ ਵਾਲੀ ਸਾਂਝੀ ਮਰਿਯਾਦਾ ਨੂੰ ਪ੍ਰਚਾਰਨ, ਪਰਸਾਰਨ, ਤੇ ਇਸ ਉਤੇ ਅਮਲ ਕਰਨਾ ਹੀ ਪੰਥ ਨੂੰ ਇੱਕਸੁਰ ਰੱਖਣ ਦਾ ਇੱਕੋ ਇੱਕ ਰਸਤਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਗੁਰਧਾਮ, ਖਾਸਕਰ ਹਜੂਰ ਸਾਹਿਬ ਦੀ ਮਰਿਯਾਦਾ ਦਾ ਤਾਂ ਪੂਰੀ ਤਰ੍ਹਾਂ ਹਿੰਦੂਕਰਣ ਹੋ ਚੁੱਕਾ ਹੈ । ਭਾਰਤੀ ਹਕੂਮੱਤ ਸੋਚੇ ਸਮਝੇ ਤਰੀਕੇ ਨਾਲ ਸਿੱਖੀ ਦੇ ਹਿੰਦੂਕਰਣ ਦੀ ਨੀਤੀ ਨੂੰ ਪ੍ਰਵਾਨ ਝੜਾਉਣ ਵਿੱਚ ਲੱਗੀ ਹੋਈ ਹੈ । ਇਸ ਨੂੰ ਠੱਲ੍ਹ ਇੱਕ ਮਜ਼ਬੂਤ ਸ਼੍ਰੋਮਣੀ ਕਮੇਟੀ ਤੇ ਸਿੱਖਾਂ ਦੀ ਆਪਣੀ ਵਿਲੱਖਣਤਾ ਪ੍ਰਤੀ ਅੰਦਰੂਨੀ ਦ੍ਰਿੜਤਾ ਹੀ ਪਾ ਸਕਦੀ ਹੈ । ਸਿੱਖੀ ਦੇ ਹਿੰਦੂਕਰਣ ਦੀ ਹਰ ਦਿਖਦੀ ਅਣਦਿਖਦੀ ਧਾਰਮਿੱਕ ਤੇ ਸਮਾਜਿਕ ਕੋਸ਼ਿਸ਼ ਦਾ ਹਰ ਪੱਧਰ ਉਤੇ ਸਖਤ ਵਿਰੋਧ ਕੀਤਾ ਜਾਣਾ ਚਾਹੀਦਾ ਹੈ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>