ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਉੱਤਰਾਖੰਡ ਦੇ ਰਾਜਪਾਲ ਲੈਫਟੀਨੈਟ ਜਨਰਲ ਸ. ਗੁਰਮੀਤ ਸਿੰਘ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤਿ੍ਰੰਗ ਮੈਂਬਰ ਸ. ਸ਼ੇਰ ਸਿੰਘ ਮੰਡ ਵਾਲਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸ. ਕੇਵਲ ਸਿੰਘ ਬਾਦਲ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਸ. ਗੁਰਮੀਤ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਉਨ੍ਹਾਂ ਲਈ ਖੁਸ਼ਹਾਲ ਅਤੇ ਮੁਬਾਰਕ ਪਲ ਹਨ। ਉਹ ਅੱਜ ਉਤਰਾਖੰਡ ਦੀ ਖੁਸ਼ਹਾਲੀ ਲਈ ਗੁਰੂ ਸਾਹਿਬ ਦੇ ਚਰਨਾਂ ਵਿਚ ਅਰਦਾਸ ਕਰਨ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿਛੋਕੜ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੋਣ ਕਰਕੇ ਉਨ੍ਹਾਂ ਦਾ ਬਚਪਨ ਇਥੇ ਹੀ ਬੀਤਿਆ ਅਤੇ ਵਾਹਿਗੁਰੂ ਦੇ ਆਸ਼ੀਰਵਾਦ ਸਦਕਾ ਉਹ ਫ਼ੌਜ ਵਿਚ ਉੱਚ ਅਹੁਦੇ ਤੱਕ ਪਹੁੰਚੇ ਅਤੇ ਅੱਜ ਉਤਰਾਖੰਡ ਦੇ ਗਵਰਨਰ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਪਣੇ ਪਰਿਵਾਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਹਨ। ਸ. ਗੁਰਮੀਤ ਸਿੰਘ ਨੇ ਕਿਹਾ ਕਿ ਉਤਰਾਖੰਡ ਵਿਚ ਕਈ ਇਹਿਤਾਸਕ ਅਸਥਾਨ ਸਥਿਤ ਹਨ ਅਤੇ ਉਨ੍ਹਾਂ ਦੇ ਮਨ ਦੀ ਇੱਛਾ ਹੈ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਧ ਤੋਂ ਵੱਧ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ. ਗੁਰਮੀਤ ਸਿੰਘ ਦੇਸ਼ ਦੀ ਫ਼ੌਜ ਵਿਚ ਉੱਚ ਅਹੁਦੇ ’ਤੇ ਰਹੇ ਅਤੇ ਅੱਜ ਉਤਰਾਖੰਡ ਵਿਚ ਬਤੌਰ ਗਵਰਨਰ ਸੇਵਾਵਾਂ ਨਿਭਾਅ ਰਹੇ ਹਨ। ਭਾਈ ਗਰੇਵਾਲ ਨੇ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਦਾ ਮਾਮਲਾ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਸਬੰਧੀ ਪਹਿਲਾਂ ਵੀ ਰਾਜਪਾਲ ਜੀ ਨਾਲ ਸਿੱਖ ਵਫ਼ਦ ਨੇ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਅਦਾਲਤ ਵਿਚ ਵੀ ਕੇਸ ਲੜਿਆ ਜਾ ਰਿਹਾ ਹੈ। ਸ. ਗੁਰਮੀਤ ਸਿੰਘ ਨੇ ਜਾਤੀ ਤੌਰ ’ਤੇ ਇਸ ਮਾਮਲੇ ਦੇ ਹੱਲ ਲਈ ਵੀ ਵਿਚਾਰ ਸਾਂਝੇ ਕੀਤੇ ਹਨ, ਜਿਸ ਦਾ ਅਸੀਂ ਧੰਨਵਾਦ ਕਰਦੇ ਹਾਂ। ਇਸ ਮੌਕੇ ਗਵਰਨਰ ਸ. ਗੁਰਮੀਤ ਸਿੰਘ ਦੀ ਪਤਨੀ ਸ੍ਰੀਮਤੀ ਗੁਰਮੀਤ ਕੌਰ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ ਤੇ ਹੋਰ ਮੌਜੂਦ ਸਨ।