ਪੰਜਾਬੀ ਸਾਹਿਤ ਅਕਾਡਮੀ ਨੇ ਮਾਸਟਰ ਤਾਰਾ ਸਿੰਘ ਦੀਆਂ ਕਿਤਾਬਾਂ ਛਾਪ ਕੇ ਸੁਨਹਿਰੀ ਇਤਿਹਾਸ ਸਾਂਭ ਲਿਆ-ਸੁਖਜਿੰਦਰ ਰੰਧਾਵਾ

Photo- M. Tara Singh Books release function.resizedਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਸਟਰ ਤਾਰਾ ਸਿੰਘ ਵੱਲੋਂ ਲਿਖੀਆਂ ਗਈਆਂ ਸੱਤ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ। ਪੁਸਤਕਾਂ ਲੋਕ-ਅਰਪਣ ਕਰਦੇ ਹੋਏ ਉੱਘੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਇਹ ਕਿਤਾਬਾਂ ਛਾਪ ਕੇ ਸੁਨਹਿਰੀ ਇਤਿਹਾਸ ਸਾਂਭ ਲਿਆ ਹੈ।

ਮਾਸਟਰ ਤਾਰਾ ਸਿੰਘ ਸਿਰਫ਼ ਇਕ ਸਿਆਸੀ ਆਗੂ ਨਹੀਂ ਬਲਕਿ ਇਕ ਰਾਸ਼ਟਰਵਾਦੀ ਸਿੱਖ ਨੇਤਾ ਸਨ ਜਿਨ੍ਹਾਂ ਨੇ ਕੌਮਾਂਤਰੀ ਪੱਧਰ ’ਤੇ ਸਿੱਖ ਪਛਾਣ ਨੂੰ ਸਥਾਪਿਤ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਪੁਸਤਕਾਂ ਵਿਚੋਂ ਉਨ੍ਹਾਂ ਦੀ ਦੂਰ-ਅੰਦੇਸ਼ੀ ਤੇ ਵਿਲੱਖਣ ਸ਼ਖ਼ਸੀਅਤ ਸਾਫ਼ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵੱਡੇ ਕਾਰਜ ਜਿਨ੍ਹਾਂ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ ਉਹ ਨਿਭਾ ਨਹੀਂ ਰਹੀਆਂ ਹਨ ਪਰ ਲੇਖਕਾਂ ਵੱਲੋਂ ਸੀਮਿਤ ਸਰੋਤਾਂ ਨਾਲ ਚਲਾਈ ਜਾ ਰਹੀ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਕਰ ਰਹੀ ਹੈ। ਇਸ ਲਈ ਇਨ੍ਹਾਂ ਸੰਸਥਾਵਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।

ਇਸ ਮੌਕੇ ਸੁਖਜਿੰਦਰ ਰੰਧਾਵਾ ਦੇ ਨਾਲ ਗੁਰੂ ਨਾਨਕ ਦੇਵ ਯੂਨਵਿਰਸਿਟੀ ਦੇ ਸਾਬਕਾ ਵੀਸੀ ਡਾ. ਸ.ਪ. ਸਿੰਘ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਮਾਸਟਰ ਤਾਰਾ ਸਿੰਘ ਜੀ ਦੀ ਦੋਹਤਰੀ ਬੀਬੀ ਕਿਰਨਜੋਤ ਕੌਰ ਅਤੇ ਦੋਹਤਰੇ ਸ. ਮਨਬੀਰ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੇ ਮਾਸਟਰ ਤਾਰਾ ਸਿੰਘ ਦੀਆਂ ਲਿਖੀਆਂ ਪੁਸਤਕਾਂ ਮੇਰੀ ਯਾਦ, ਪ੍ਰੇਮ ਲਗਨ, ਗ੍ਰਹਿਸਤ-ਧਰਮ ਸਿਖਿਆ, ਪਿਰਮ ਪਿਆਲਾ, ਮੇਰਾ ਸਫ਼ਰਨਾਮਾ, ਕਿਉਂ ਵਰਨੀ ਕਿਵ ਜਾਣਾ ਤੇ ਬਾਬਾ ਤੇਗ਼ਾ ਸਿੰਘ ਲੋਕ-ਅਰਪਣ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ, ਵਿਰਸੇ ਤੇ ਇਤਿਹਾਸ ਨੂੰ ਸਾਂਭਣਾ ਪੰਜਾਬੀ ਸਾਹਿਤ ਅਕਾਡਮੀ ਦਾ ਇਤਿਹਾਸ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਆਖਿਆ ਕਿ ਮਾਸਟਰ ਤਾਰਾ ਸਿੰਘ ਜੀ ਰਾਜਨੀਤੀ ਅਤੇ ਸਾਹਿਤ ਦੀ ਉੱਚ-ਦੁਮਾਲੜੀ ਸ਼ਖ਼ਸੀਅਤ ਸਨ ਜਿਨ੍ਹਾਂ ਦੀਆਂ ਪੁਸਤਕਾਂ ਛਾਪ ਕੇ ਅਕਾਡਮੀ ਨੇ ਆਪਣਾ ਫ਼ਰਜ਼ ਨਿਭਾਇਆ ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਸ. ਪ. ਸਿੰਘ ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ। ਉਹ ਇਕ ਦੂਰ-ਦਿ੍ਰਸ਼ਟੀ ਵਾਲੇ ਆਗੂ ਤੇ ਵਿਦਵਾਨ ਸਨ। ਇਨ੍ਹਾਂ ਪੁਸਤਕਾਂ ਰਾਹੀਂ ਉਨ੍ਹਾਂ ਦੀ ਵਿਦਵਤਾ ਪ੍ਰਗਟ ਹੁੰਦੀ ਹੈ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਪੁਸਤਕਾਂ ਪ੍ਰਕਾਸ਼ਿਤ ਕਰਨ ਲਈ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਮਾਲੀ ਸਹਾਇਤਾ ਕੀਤੀ। ਨਾਲ ਹੀ ਉਨ੍ਹਾਂ ਨੇ ਇਨ੍ਹਾਂ ਪੁਸਤਕਾਂ ਨੂੰ ਸੰਪਾਦਤ ਕਰਨ ਲਈ ਡਾ. ਜਸਪ੍ਰੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

ਪੁਸਤਕਾਂ ਦੀ ਸੰਪਾਦਕ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਵੱਡਮੁੱਲੇ ਕਾਰਜ ਦੀ ਸੰਪਾਦਨਾ ਲਈ ਮੈਨੂੰ ਚੁਣਿਆ ਗਿਆ। ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਦੀਆਂ 7 ਨਵ-ਪ੍ਰਕਾਸ਼ਿਤ ਪੁਸਤਕਾਂ ਬਾਰੇ ਸੰਖੇਪ ਵਿਚ ਚਾਨਣਾ ਪਾਇਆ। ਬੀਬੀ ਕਿਰਨਜੋਤ ਕੌਰ ਹੋਰਾਂ ਨੇ ਇਸ ਮੌਕੇ ਆਖਿਆ ਕਿ ਮਾਸਟਰ ਤਾਰਾ ਸਿੰਘ ਦਾ ਰਿਣ ਮੋੜਨ ਲਈ ਜੋ ਕੰਮ ਪੰਥਕ ਸੰਸਥਾਵਾਂ ਨੂੰ ਕਰਨੇ ਚਾਹੀਦੇ ਸਨ ਉਹ ਵਡਮੁੱਲਾ ਕਾਰਜ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਕਰਕੇ ਮਾਸਟਰ ਤਾਰਾ ਸਿੰਘ ਦੀਆਂ ਲਿਖਤਾਂ ਨੂੰ ਗੌਰਵ ਪ੍ਰਦਾਨ ਕੀਤਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਵੈਦ ਆਈ.ਏ.ਐੱਸ., ਮਲਕੀਅਤ ਸਿੰਘ ਦਾਖਾ, ਹਰਦੀਪ ਢਿੱਲੋਂ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਕੇ. ਸਾਧੂ ਸਿੰਘ, ਹਰਬੰਸ ਮਾਲਵਾ, ਮਨਜਿੰਦਰ ਸਿੰਘ ਧਨੋਆ, ਪਰਮਜੀਤ ਕੌਰ ਮਹਿਕ, ਸੁਰਿੰਦਰ ਦੀਪ, ਪਰਮਜੀਤ ਸੋਹਲ, ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੰਤ ਜ਼ਫ਼ਰ, ਮਦਨ ਵੀਰਾ, ਦੀਪ ਜਗਦੀਪ ਸਿੰਘ, ਰਾਮ ਸਿੰਘ, ਕ੍ਰਿਸ਼ਨ ਕੁਮਾਰ ਬਾਵਾ, ਨਵਤੇਜ ਗੜਦੀਵਾਲਾ, ਅਮਰਜੀਤ ਸ਼ੇਰਪੁਰੀ, ਬਲਵਿੰਦਰ ਸਿੰਘ ਗਲੈਕਸੀ, ਸਰਬਜੀਤ ਸਿੰਘ ਵਿਰਦੀ, ਕੁਲਵਿੰਦਰ ਕੌਰ ਕਿਰਨ, ਬਲਕੌਰ ਸਿੰਘ ਗਿੱਲ, ਸਤਨਾਮ ਗਾਹਲੇ, ਸੰਜੀਵ ਕੁਮਾਰ, ਸਤਨਾਮ ਸਿੰਘ, ਚਰਨਜੀਤ ਸਿੰਘ, ਦਰਸ਼ਨ ਸਿੰਘ ਚੁੱਘ, ਸੰਪੂਰਨ ਸਨਮ, ਬਲਜੀਤ ਸਿੰਘ ਦੁਖੀਆ, ਰੁਪਿੰਦਰ ਸਿੰਘ ਬਸੰਤ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>