ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਕਮੇਟੀ ਅੱਧੀਨ ਚਲ ਰਹੇ ਸਕੂਲਾਂ ਤੇ ਵਿਵਾਦ ਗਹਿਰਾ ਜਾਣ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਮੌਜੂਦਾ ਪ੍ਰਬੰਧਕਾਂ ਨੂੰ ਪੁੱਛਿਆ ਹੈ ਕਿ ਸਾਨੂੰ ਅਤੇ ਸੰਗਤਾਂ ਨੂੰ ਦਸਿਆ ਜਾਏ ਕਿ ਸਕੂਲਾਂ ਦਾ ਭਵਿੱਖ ਕੀ ਹੈ ਓਹ ਪੰਥ ਕੋਲ ਰਹਿਣਗੇ, ਸਰਕਾਰ ਅੱਧੀਨ ਜਾਣਗੇ ਜਾਂ ਗੁਰੂਘਰਾਂ ਦੀ ਕੋਈ ਜਾਇਦਾਦ ਵੇਚੀ ਜਾਏਗੀ..? ਉਨ੍ਹਾਂ ਦਸਿਆ ਕਿ ਕਮੇਟੀ ਦੇ ਦੋ-ਦੋ ਇੰਸਟੀਟਿਊਟ ਅਤੇ ਆਈਟੀਆਈ ਬੰਦ ਹੋ ਚੁੱਕੇ ਹਨ ਤੇ ਮਾਮਲਾ ਅਦਾਲਤ ਵਿਚ ਚਲ ਰਿਹਾ ਹੈ । ਉਨ੍ਹਾਂ ਕਿਹਾ ਕਿ ਤਕਰੀਬਨ ਇੱਕ ਸਾਲ ਪਹਿਲਾਂ ਹਰਮੀਤ ਸਿੰਘ ਕਾਲਕਾ ਨੇ ਕਿਹਾ ਸੀ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਿੱਲੀ ਕਮੇਟੀ ਦੇ ਹੈ ਹੀ ਨਹੀ । ਆਪਣੀ ਕਹੀ ਉਸ ਗੱਲ ਨੂੰ ਪੁਗਾਉੰਦੇ ਹੋਏ ਹਰਮੀਤ ਸਿੰਘ ਕਾਲਕਾ ਅਤੇ ਪਾਰਟੀ ਨੇ ਸਾਡੀ ਇਸ ਵਿਰਾਸਤ ਨੂੰ ਸਰਕਾਰੀ ਜਿੰਦਰੇ ਲੱਗਣ ਜਾਂ ਸਰਕਾਰ ਦੇ ਹਵਾਲੇ ਕਰਨ ਦੀ ਨੌਬਤ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋ ਅਸੀ ਦਿੱਲੀ ਕਮੇਟੀ ਛੱਡੀ ਸੀ ਤਦ 123 ਕਰੋੜ ਰੁਪਏ ਗੁਰੂਘਰ ਕੋਲ ਸਨ । ਅਜ 311 ਕਰੋੜ ਰੁਪਏ ਦੇ ਕਰਜ਼ੇ ਨਾਲ ਹਰ ਮਹੀਨੇ ਕਰੋੜਾਂ ਦਾ ਘਾਟਾ ਵੱਧ ਰਿਹਾ ਹੈ, ਤਨਖਾਹਾਂ ਨਹੀਂ ਦਿੱਤੀ ਜਾ ਰਹੀਆਂ, ਬਿੱਲਾਂ ਦਾ ਭੁਗਤਾਨ ਰੁਕਿਆ ਹੋਇਆ ਹੈ, ਪਰ ਖਰਚਿਆਂ ਤੇ ਲਗਾਮ ਨਹੀਂ ਕੱਸੀ ਜਾ ਰਹੀ ਹੈ । ਉਨ੍ਹਾਂ ਦਸਿਆ ਕਿ ਜਿੰਨਾ ਗੁਰਸਿੱਖਾਂ ਤੇ ਪਰਿਵਾਰਾਂ ਨੇ ਆਪਣੀ ਕਿਰਤ ਕਮਾਈ ਨਾਲ ਇਹਨਾਂ ਸੰਸਥਾਵਾਂ ਨੂੰ ਖੜ੍ਹਾ ਕੀਤਾ ਸੀ ਉਹਨਾਂ ਤੇ ਕੀ ਬੀਤਦੀ ਹੋਵੇਗੀ, ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀ ਪੈਂਦਾ ਕਿ ਜੇਕਰ ਸਕੂਲ ਬੰਦ ਹੋਣ ਨਾਲ ਕਿੰਨੇ ਹੀ ਸਟਾਫ਼ ਦੇ ਘਰਾਂ ਦੇ ਚੁੱਲ੍ਹੇ ਬੰਦ ਹੋਣਗੇ ਜਾਂ ਸਾਡਾ ਭਵਿੱਖ, ਸਾਡੇ ਬੱਚਿਆਂ ਤੇ ਕੀ ਅਸਰ ਪਵੇਗਾ । ਅੰਤ ਵਿਚ ਉਨ੍ਹਾਂ ਸਲਾਹ ਦੇਂਦਿਆਂ ਕਿਹਾ ਕਿ ਅਦਾਲਤਾਂ ਅੰਦਰ ਗੁਰੂਘਰ ਦੀ ਜਾਇਦਾਦ ਦੇ ਵੇਰਵੇ ਦੇਣ ਨਾਲ ਜਿਆਦਾ ਚੰਗਾ ਹੋਵੇਗਾ ਕਿ ਤੁਸੀਂ ਸਭ ਆਪਣੀਆਂ ਜਾਇਦਾਦਾਂ ਬਾਰੇ ਦਸੋ ਅਤੇ ਉਨ੍ਹਾਂ ਨੂੰ ਵੇਚ ਕੇ ਸਕੂਲਾਂ ਦੀ ਅਤੇ ਹੋਰ ਰੁਕੇ ਹੋਏ ਪੇਮਿੰਟਾ ਦਾ ਭੁਗਤਾਨ ਕਰੋ ਜਿਸ ਨਾਲ ਪੰਥ ਦੀ ਧਰੋਹਰ ਬਚ ਸਕੇ ।