ਦਵਿੰਦਰ ਬਾਂਸਲ ਦਾ ਕਾਵਿ ਸੰਗ੍ਰਹਿ ‘ਜੀਵਨ ਰੁੱਤ ਦੀ ਮਾਲਾ’ ਮੁਹੱਬਤਾਂ ਦਾ ਸਿਰਨਾਮਾ : ਉਜਾਗਰ ਸਿੰਘ

IMG_1338.resizedਦਵਿੰਦਰ ਬਾਂਸਲ ਇਸਤਰੀ ਦੀ ਪੀੜਤ ਗੁੰਝਲਦਾਰ ਮਾਨਸਿਕਤਾ ਨੂੰ ਇਕ ਸੁਨਹਿਰੀ ਮਾਲਾ ਵਿੱਚ ਪ੍ਰੋਣ ਵਾਲੀ ਕਵੀ ਹੈ। ਦਵਿੰਦਰ ਬਾਂਸਲ ਨੂੰ ਕਵਿਤਰੀ ਲਿਖਣਾ ਵੀ ਉਸ ਦੀ ਸੋਚ ਦਾ ਲਖਾਇਕ ਨਹੀਂ। ਉਹ ਬੁਲੰਦ ਆਵਾਜ਼ ਵਾਲੀ ਮੁਹੱਬਤ ਨੂੰ ਪ੍ਰਣਾਈ ਦਲੇਰ ਪ੍ਰੰਤੂ ਸੂਖ਼ਮ ਭਾਵੀ ਇਸਤਰੀ ਹੈ। ਪਿਆਰ, ਮੁਹੱਬਤ ਤੇ ਇਸ਼ਕ ਉਸ ਦੀ ਜ਼ਿੰਦਗੀ ਦਾ ਮਕਸਦ ਹਨ। ਉਸ ਦਾ ਜਨਮ ਕੀਨੀਆਂ ਦੇ ਨੈਰੋਬੀ ਵਿੱਚ ਹੋਇਆ, ਪਲੀ ਤੇ ਪੜ੍ਹੀ ਇੰਗਲੈਂਡ ਵਿੱਚ ਅਤੇ ਰਹਿ ਕੈਨੇਡਾ ਵਿੱਚ ਰਹੀ ਹੈ, ਇਸ ਦੇ ਬਾਵਜੂਦ ਪੰਜਾਬੀ ਵਿੱਚ ਕਵਿਤਾਵਾਂ ਲਿਖਦੀ ਹੈ। ਉਸ ਦੀ ਪੰਜਾਬੀ ਵਿੱਚ ਦਿਲਚਸਪੀ ਵੇਖ ਕੇ ਪੰਜਾਬੀ ਦੇ ਖ਼ਤਮ ਹੋਣ ਬਾਰੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ। ਦਵਿੰਦਰ ਬਾਂਸਲ ਦਾ ਪਹਿਲਾ ਕਾਵਿ ਸੰਗ੍ਰਹਿ ‘ਮੇਰੀਆਂ ਝਾਂਜਰਾਂ ਦੀ ਛਣਛਣ’ 1998 ਵਿੱਚ ਪ੍ਰਕਾਸ਼ਤ ਹੋਇਆ ਸੀ। 25 ਸਾਲ ਬਾਅਦ ਦੂਜਾ ਕਾਵਿ ਸੰਗ੍ਰਹਿ ‘ਜੀਵਨ ਰੁੱਤ ਦੀ ਮਾਲਾ’ ਪ੍ਰਕਾਸ਼ਤ ਹੋਇਆ ਹੈ। ਉਹ ਗਿਣਤੀ ਮਿਣਤੀ ਦੀ ਥਾਂ ਕਵਿਤਾ ਦੇ ਮਿਆਰ ਵਿੱਚ ਵਿਸ਼ਵਾਸ਼ ਰੱਖਦੀ ਹੈ। ਇਸ ਕਾਵਿ ਸੰਗ੍ਰਹਿ ਵਿੱਚ ਦਵਿੰਦਰ ਬਾਂਸਲ ਦੀਆਂ 69 ਕਵਿਤਾਵਾਂ ਹਨ, ਜਿਹੜੀਆਂ ਰੰਗ ਵਿਰੰਗੀਆਂ ਵੰਗਾਂ ਦਾ ਤਰ੍ਹਾਂ ਅਤੇ ਇਸਤਰੀ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀਆਂ ਹਨ। ਕਵਿਤਾਵਾਂ ਦੇ ਇਹ ਰੰਗ ਇਸਤਰੀ ਦੇ ਮਨੋਭਾਵਾਂ ਦੇ ਉਤਰਾਅ ਚੜ੍ਹਾਅ ਦਾ ਦਿ੍ਰਸ਼ਟਾਂਤਿਕ ਰੂਪ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਕਵਿਤਾਵਾਂ ਸੱਚੇ-ਸੁੱਚੇ ਪਿਆਰ, ਮੁਹੱਬਤ ਅਤੇ ਇਸ਼ਕ ਦੀ ਬਾਤ ਹੀ ਪਾਉਂਦੀਆਂ ਹਨ। ਆਪਣੀਆਂ ਕਵਿਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਕਸ਼ਮੀਰ ਬਾਂਸਲ ਨੂੰ ਦਿੰਦੀ ਹੈ, ਜਿਸ ਨੇ ਦਵਿੰਦਰ ਬਾਂਸਲ ਨੂੰ ਹਮੇਸ਼ਾ ਕਵਿਤਾਵਾਂ ਲਿਖਣ, ਮਨਮਰਜ਼ੀ ਅਤੇ ਖੁਲ੍ਹਦਿਲੀ ਨਾਲ ਜੀਵਨ ਜਿਓਣ ਲਈ ਉਤਸ਼ਾਹਤ ਕੀਤਾ ਹੈ। ਇਸ ਕਰਕੇ ਕਵੀ ਨੇ ਇਸ ਕਾਵਿ ਸੰਗ੍ਰਹਿ ਦਾ ਸਮਰਪਣ ਆਪਣੇ ਪਤੀ ਦੇ ਨਾਮ ਕਵਿਤਾ ਲਿਖਕੇ ਕੀਤਾ ਹੈ। ਭਾਵੇਂ ਕਵੀ ਨੇ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਆਈਆਂ ਅੜਚਣਾਂ ਅਤੇ ਕਠਨਾਈਆਂ ਨੂੰ ਪੇਸ਼ ਕੀਤਾ ਹੈ ਪ੍ਰੰਤੂ ਦਵਿੰਦਰ ਬਾਂਸਲ ਦੀ ਕਮਾਲ ਇਹ ਹੈ ਕਿ ਉਹ ਇਨ੍ਹਾਂ ਕਵਿਤਾਵਾਂ ਰਾਹੀਂ ਸਮੁੱਚੀ ਇਸਤਰੀ ਜ਼ਾਤੀ ਦੀਆਂ ਭਾਵਨਾਵਾਂ ਅਤੇ ਅੰਤਰੀਵ ਪੀੜ/ਦਰਦ ਦਰਸਾਉਣ ਵਿੱਚ ਸਫਲ ਹੋਈ ਹੈ। ਇਨ੍ਹਾਂ ਕਵਿਤਾਵਾਂ ਵਿੱਚ ਸਮਾਜਿਕ ਤਾਣੇ ਬਾਣੇ ਵਿੱਚ ਵਿਚਰ ਰਹੀ ਇਸਤਰੀ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀ ਹੈ, ਉਨ੍ਹਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਔਰਤ ਹਰ ਸਮਾਜਿਕ ਬੁਰਾਈ ਦਾ ਸਾਹਮਣਾ ਕਰਦੀ ਹੋਈ ਸਫਲ ਹੁੰਦੀ ਹੈ। ਇਸਤਰੀ ਦੇ ਰਾਹ ਵਿੱਚ ਸਮਾਜ ਅਨੇਕਾਂ ਰੁਕਾਵਟਾਂ ਪਾਉਂਦਾ ਹੈ ਪ੍ਰੰਤੂ ਉਹ ਸਹਿਜਤਾ ਅਤੇ ਸੰਜਮ ਨਾਲ ਵਿਵਹਾਰ ਕਰਦੀ ਸਫਲ ਹੁੰਦੀ ਹੈ। ਕਵੀ ਸਮਝਦੀ ਹੈ ਕਿ ਔਰਤ ਸੁੰਦਰ ਵੀ ਹੋਣੀ ਚਾਹੀਦੀ ਹੈ ਪ੍ਰੰਤੂ ਸੁੰਦਰਤਾ ਦੇ ਨਾਲ ਸੀਰਤ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਦਵਿੰਦਰ ਬਾਂਸਲ ਸੁੰਦਰ ਤੇ ਸੀਰਤ ਦਾ ਮੁਜੱਸਮਾ ਅਤੇ ਕਵਿਤਾ ਤੇ ਕਲਾ ਦਾ ਸੁਮੇਲ ਹੈ। ਉਸ ਦੀ ਕਵਿਤਾ ਵਿਸਮਾਦੀ, ਸੂਖ਼ਮ, ਸੁਹਜ ਤੇ ਸਹਿਜਾਤਮਿਕ, ਜਦੋਜਹਿਦ, ਜੀਵਨ ਜਾਚ ਅਤੇ ਬਗ਼ਾਬਤੀ ਰੰਗ ਵਿਖੇਰਦੀ ਹੈ। ‘ਸਾਡਾ ਚਾਨਣ’ ਕਵਿਤਾ ਵਿੱਚ ਬਗ਼ਾਬਤ ਦੀ ਸੁਰ ਵੇਖੋ-

ਐ ਜ਼ਮਾਨੇ!

ਬੜਾ ਹੀ ਸਹਿ ਲਿਆ ਅਸੀਂ ਚੁੱਪ-ਚੁੱਪੀਤੇ, ਹਰ ਸਿਤਮ ਤੇਰਾ

ਹੁਣ ਤੋੜ ਦੇਣਾ ਹੈ ਮੈਂ ਹਰ ਇਕ ਪਿੰਜਰਾ।

‘ਸਵੈ-ਭਰੋਸੇ ਦੀ ਤਾਕਤ’ ਕਵਿਤਾ ਵਿੱਚ ਉਹ ਕਹਿੰਦੀ ਹੈ-

ਬੁਰਿਆਈ ਦਾ ਪਰਬਤ, ਜਿੰਨਾ ਮਰਜ਼ੀ ਹੋਵੇ ਵੱਡਾ

ਰਸਤੇ ਜਿੰਨੇ ਹੋਣ ਕੰਡਿਆਲੇ, ਪਰ ਮੇਰੀ ਹਿੰਮਤ ਦੇ ਸਾਹਵੇਂ ਹਨ

ਸਭ ਗੌਣ

ਮੈਂ ਸਦਾ ਤੁਰਦੀ ਰਹਿੰਦੀ ਹਾਂ, ਮੇਰੇ ਕਦਮਾਂ ਤਲੇ ਦੀ ਜ਼ਮੀਨ ਨੂੰ ਕਰ ਪੱਧਰ

ਲੈਂਦੀ ਹਾਂ ਰਸਤੇ ਤਲਾਸ਼, ਜਿਨ੍ਹਾਂ ਉਤੇ ਸਫ਼ਰ ਕਰਦੀ ਹਾਂ

ਸਵੈ-ਭਰੋਸੇ ਸੰਗ।

ਦਵਿੰਦਰ ਬਾਂਸਲ ਦੀਆਂ ਇਹ ਕਵਿਤਾਵਾਂ ਸਮੁੱਚੀ ਇਸਤਰੀ ਜਾਤੀ ਦੀਆਂ ਭਾਵਨਾਵਾਂ ਦਾ ਪ੍ਰਤੀਕ ਬਣਦੀਆਂ ਹਨ। ਉਸ ਦੀਆਂ ਕਵਿਤਾਵਾਂ ਕਹਿੰਦੀਆਂ ਹਨ ਕਿ ਇਸਤਰੀ ਨੂੰ ਕਮਜ਼ੋਰ ਨਾ ਸਮਝਿਆ ਜਾਵੇ। ਵਰਤਮਾਨ ਸਮੇਂ ਵਿੱਚ ਉਹ ਹਰ ਸਮੱਸਿਆ ਦਾ ਹਲ ਜਾਣਦੀ ਹੈ। ‘ਜਜ਼ਬੇ ਦੀ ਸੰਪੂਰਨਤਾ’ ਕਵਿਤਾ ਵਿੱਚ ਇਸ਼ਕ ਮੁਹੱਬਤ ਦੀ ਗੱਲ ਕਰਦੀ ਹੈ-

ਭਰ ਲਓ ਜੀ ਇੱਕ ਘੜਾ ਇਸ਼ਕ ਦਾ, ਭਰ ਵਗਦਾ ਦਰਿਆ ਇਸ਼ਕ ਦਾ

ਭਰ ਲਓ ਜੀ ਇੱਕ ਪ੍ਰੀਤ ਪਿਆਲਾ, ਕਰ ਲਓ ਜੀਵਨ ਹੋਰ ਸੁਖਾਲਾ

ਭਰ ਲਓ ਬੁੱਕ ਮੁਹੱਬਤ ਵਾਲਾ।

IMG_1337.resizedਰੂਹ ਨਾਲ ਕੀਤੇ ਇਸ਼ਕ ਨੂੰ ਦਵਿੰਦਰ ਬਾਂਸਲ ਖ਼ੂਬਸੂਰਤ ਜ਼ਿੰਦਗੀ ਜਿਓਣ ਦਾ ਸਾਧਨ ਮੰਨਦੀ ਹੈ। ਇਸ ਨਾਲ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਉਹ ਇਸਤਰੀਆਂ ਨੂੰ ਪਰਮਾਤਮਾ ਵੱਲੋਂ ਤੋਹਫ਼ੇ ਦੇ ਵਿੱਚ ਮਿਲੀ ਜ਼ਿੰਦਗੀ ਨੂੰ ਮਾਨਣ ਦੀ ਪ੍ਰੇਰਨਾ ਦਿੰਦੀ ਹੈ। ਭਾਵੇਂ ਉਸ ਦੀਆਂ ਕੁਝ ਕਵਿਤਾਵਾਂ ਵਿੱਚੋਂ ਦਵਿੰਦਰ ਬਾਂਸਲ ਦੀ ਬੀਮਾਰੀ ਕਰਕੇ ਉਦਾਸੀ ਝਲਕ ਰਹੀ ਹੈ ਪ੍ਰੰਤੂ ਉਸ ਦੇ ਉਤਸ਼ਾਹ ਵਿੱਚ ਹਿੰਮਤ ਬਰਕਰਾਰ ਹੈ। ‘ਨਵੇਂ ਯੁੱਗ ਦੀ ਸ਼ੁਰੂਆਤ’ ਕਵਿਤਾ ਵਿੱਚ ਇਹ ਵੀ ਕਹਿੰਦੀ ਹੈ ਕਿ ਹਰ ਰਾਹ ‘ਤੇ ਲੋੜਾਂ ਲਈ ਸ਼ਰਤਾਂ’, ਜ਼ਿੰਮੇਵਾਰੀਆਂ ਦੇ ਅਹਿਸਾਸ ਹਨ ਪ੍ਰੰਤੂ ਹਰ ਸਾਹ ਵਿੱਚ ਇਕ ਪਿਆਸ ਛੁਪੀ ਹੋਈ ਹੈ। ਉਸ ਦੀ ਪ੍ਰਾਪਤੀ ਲਈ ਜਦੋ-ਜਹਿਦ ਜ਼ਰੂਰੀ ਹੈ। ‘ਉਜਲ ਭਵਿਖ ਦੀ ਤਲਾਸ਼’ ਵਿੱਚ ਖ਼ੁਦਗਰਜ਼ੀ, ਆਪੋ ਧਾਪੀ, ਮਿਹਨਤ ਮੁਸ਼ੱਕਤ ਅਤੇ ਹਓਮੈ ਦਾ ਜ਼ਿਕਰ ਕਰਦੀ ਕਹਿੰਦੀ ਹੈ ਕਿ ਦਿਨ-ਬ-ਦਿਨ ਮੁਹੱਬਤ ਖ਼ੁਰ ਰਹੀ ਹੈ। ਇਕ ਹੋਰ ਕਵਿਤਾ ਵਿੱਚ ਉਹ ਲਿਖਦੀ ਹੈ ਕਿ ਮੁਹੱਬਤ ਉਸ ਦੀਆਂ ਰਗਾਂ ‘ਚ ਵਹਿੰਦੀ ਹੈ। ਦੁਨੀਆਂ ਨੂੰ ਬਹੁਰੰਗੀ ਦਸਦੀ ਹੋਈ ਦਵਿੰਦਰ ਕਹਿੰਦੀ ਹੈ ਕਿ ਮਰਦ ਦਰਦਮੰਦ ਹੋਣ ਦਾ ਢੌਂਗ ਰਚਦੇ ਹਨ ਪ੍ਰੰਤੂ ਬੇਵਫ਼ਾ ਹੁੰਦੇ ਹੋਏ ਔਰਤਾਂ ‘ਤੇ ਜ਼ੁਲਮ ਢਾਹੁੰਦੇ ਹਨ। ਔਰਤ ਨੂੰ ਹਮੇਸ਼ਾ ਪਰਖ ਅਤੇ ਕਸੌਟੀਆਂ ਨਾਲ ਨਾਪਿਆ ਜਾਂਦਾ ਹੈ, ਜਦੋਂ ਕਿ ਉਹ ਕੋਮਲ ਕਲਾ ਦਾ ਪ੍ਰਤੀਕ ਹੁੰਦੀ ਹੈ। ਕਿਸੇ ਵਿੱਚ ਵਧੇਰੇ ਦਿਲਚਸਪੀ ਲੈਣਾ ਸ਼ੋਸ਼ਣ ਨੂੰ ਸੱਦਾ ਦੇਣਾ ਹੈ। ਕਈ ਵਾਰ ਔਰਤ ਆਪਣੀ ਬਰਬਾਦੀ ਦਾ ਆਪ ਹੀ ਕਾਰਨ ਬਣਦੀ ਹੈ। ਉਸ ਨੂੰ ਚੁਣੌਤੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਗ਼ਲਤ ਧਾਰਨਾਵਾਂ ਦਾ ਵਿਰੋਧ ਵੀ ਜ਼ਰੂਰੀ ਹੈ। ਦੁਨੀਆਂ ਵਿੱਚ ਦੋਵੇਂ ਤਰ੍ਹਾਂ ਚੰਗੇ ਤੇ ਮਾੜੇ ਲੋਕ ਹੁੰਦੇ ਹਨ। ਨਿਰਾਸ਼ਾ ਵਿੱਚੋਂ ਹੀ ਆਸ਼ਾ ਜਨਮ ਲੈਂਦੀ ਹੈ। ਦਵਿੰਦਰ ਬਾਂਸਲ ਆਸ਼ਾਵਾਦੀ ਹੋਣ ਕਰਕੇ ਇਸਤਰੀਆਂ ਨੂੰ ਜ਼ਿੰਦਗੀ ਨੂੰ ਗਤੀਸ਼ੀਲ ਬਣਾਉਣ ਲਈ ਪ੍ਰੇਰਦੀ ਹੈ। ਝੂਠੇ ਰਿਸ਼ਤਿਆਂ ਤੋਂ ਪ੍ਰਹੇਜ਼ ਕਰੋ। ਔਰਤ ਨੇ ਲੁੱਟ ਦਾ ਸਾਮਾਨ ਅਤੇ ਸ਼ਾਜ਼ਸ਼ ਦਾ ਸ਼ਿਕਾਰ ਬਣਨ ਤੋਂ ਬਚਣਾ ਹੈ। ਮਰਦਾਂ ਦੀ ਬੇਵਫ਼ਾਈ ਤੋਂ ਤੰਗ ਆ ਕੇ ਖ਼ੁਦਕਸ਼ੀਆਂ ਕਰਨ ਵਾਲੀਆਂ ਇਸਤਰੀਆਂ ਨੂੰ ਬੁਰਾਈਆਂ ਵਿਰੁੱਧ ਲੜਨ ਲਈ ਹੌਸਲਾ ਦਿੰਦੀ ਹੋਈ ਜੀਵਨ ਬਸਰ ਕਰਨ ਦਾ ਸਨੇਹਾ ਦਿੰਦੀ ਹੈ। ਮੁਹੱਬਤ ਨੂੰ ਉਹ ਬੰਦਗੀ ਕਹਿੰਦੀ ਹੈ। ਹਰ ਰਾਤ ਨੂੰ ਉਹ ਵਸਲ, ਸ਼ਗਨਾਂ ਅਤੇ ਸੌਗਾਤਾਂ ਦੀ ਰਾਤ ਕਹਿੰਦੀ ਹੈ। ਉਹ ਇਸਤਰੀਆਂ ਨੂੰ ਸਲਾਹ ਦਿੰਦੀ ਹੈ ਕਿ ਉਹ ਆਪਣੀ ਮਹੱਤਤਾ ਨੂੰ ਸਮਝਦੇ ਹੋਏ ਨੂੰਹਾਂ ਨੂੰ ਧੀਆਂ ਸਮਝਣ ਦੀ ਹਿੰਮਤ ਕਰਨ। ਉਸ ਦੀਆਂ ਕਵਿਤਾਵਾਂ ਕਹਿੰਦੀਆਂ ਹਨ ਕਿ ਔਰਤਾਂ ਵਿੱਚ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ। ਪੁੱਤਰਾਂ ਨੂੰ ਵੀ ਉਹ ਹੀ ਜਨਮ ਦਿੰਦੀਆਂ ਹਨ। ਔਰਤਾਂ ਨੂੰ ਆਤਮ ਮੰਥਨ ਕਰਨਾ ਬਣਦਾ ਹੈ। ਸੰਵੇਦਨਸ਼ੀਲ ਬਣਕੇ ਮਰਦ ਤੇ ਔਰਤ ਨੂੰ ਰੂਹਾਂ ਦਾ ਮੇਲ ਕਰਨਾ ਚਾਹੀਦਾ। ਮਰਦ ਤੇ ਔਰਤ ਇਕ ਦੂਜੇ ਦੇ ਪੂਰਕ ਹਨ। ਵਾਸ਼ਨਾ ਦੀ ਥਾਂ ਪਿਆਰ ਦਾ ਸੰਕਲਪ ਜ਼ਰੂਰੀ ਹੈ। ਮੁਕਾਬਲੇਬਾਜ਼ੀ ਵਿੱਚ ਨਹੀਂ ਪੈਣਾ ਚਾਹੀਦਾ। ਸਮਾਜਿਕ ਵਿਕਾਸ ਲਈ ਨਫ਼ਰਤਾਂ ਤੇ ਝਗੜੇ ਝੇੜੇ ਖ਼ਤਮ ਕਰਕੇ ਸਦਭਾਵਨਾ ਦਾ ਵਾਤਾਵਰਨ ਬਣਾਓ। ਪਰਿਵਾਰ ਦੀ ਬਿਹਤਰੀ ਲਈ ਦੋਹਾਂ ਦਾ ਯੋਗਦਾਨ ਬਰਾਬਰ ਹੁੰਦਾ ਹੈ। ਕਵੀ ਔਰਤ ਨੂੰ ਆਪਣੀਆਂ ਭਾਵਨਾਵਾਂ ਅਨੁਸਾਰ ਸੁਪਨੇ ਲੈਣ ਲਈ ਕਹਿੰਦੀ ਹੈ। ਕਵੀ ਔਰਤ ਨੂੰ  ਫ਼ਰਜ਼ਾਂ ਦੇ ਨਾਲ ਹੱਕਾਂ ਲਈ ਲੜਨ ਤੇ ਖੜ੍ਹਨ ਲਈ ਸੁਝਾਆ ਦਿੰਦੀ ਹੈ। ਉਹ ਕਹਿੰਦੀ ਹੈ ਔਰਤ ਜਿਥੇ ਕੋਮਲ ਹੈ, ਉਥੇ ਨਾਲ ਹੀ ਉਹ ਜੰਗਲ ਦੀ ਕੰਡਿਆਲੀ ਵੇਲ ਵੀ ਹੈ। ਉਹ ਗੁੰਗੀ ਬਹਿਰੀ ਨਹੀਂ, ਆਪਣੀ ਹੋਂਦ ਲਈ ਬੋਲ ਵੀ ਸਕਦੀ ਹੈ। ਦਵਿੰਦਰ ਬਾਂਸਲ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਦੀ ਹੋਈ ਕਹਿੰਦੀ ਹੈ ਕਿ ਗਿਆਨ ਅਜਿਹਾ ਮਿੱਠਾ ਫਲ ਹੈ ਜਿਹੜਾ, ਅਧਿਕਾਰਾਂ, ਵਿਚਾਰਾਂ, ਗ਼ਲਤੀਆਂ, ਸਿਆਣਪ ਅਤੇ ਸਹਿਜਤਾ ਪ੍ਰਦਾਨ ਕਰਦਾ ਹੈ। ਗੁੱਸੇ ਦੇ ਨੁਕਸਾਨ ਬੜੇ ਖ਼ਤਰਨਾਕ ਸਿੱਟੇ ਨਿਕਲਦੇ ਹਨ। ਦਵਿੰਦਰ ਔਰਤਾਂ ਦੀਆਂ ਭਾਵਨਾਵਾਂ ਬਾਰੇ ਕਹਿੰਦੀ ਹੈ ਕਿ ਇਕੱਲੀ ਔਰਤ ਦਾ ਸਮਾਜ ਵੈਰੀ ਹੈ, ਉਹ ਉਸ ਨੂੰ ਜੰਗਲੀ ਜਾਨਵਰ ਬਣਕੇ ਨੋਚਣਾ ਚਾਹੁੰਦਾ ਹੈ। ਪਰ ਉਸ ਦੀ ਪਿਆਸ ਨਹੀਂ ਬੁਝਦੀ। ਭਰੂਣ ਹੱਤਿਆ ਬਾਰੇ ਦਾਦੀ, ਨਾਨੀ, ਭੂਆ ਦਾ ਜ਼ਿਕਰ ਕਰਦੀ ਔਰਤ ਨੂੰ ਔਰਤ ਦੀ ਦੁਸ਼ਮਣ ਗਰਦਾਨਦੀ ਹੈ। ਔਰਤ ਨੂੰ ਸਾਰੀ ਉਮਰ ਜ਼ਿੰਮੇਵਾਰੀਆਂ ਘੇਰੀ ਰਖਦੀਆਂ ਹਨ। ਦਵਿੰਦਰ ਬਾਂਸਲ ਨੇ 10 ਕਵਿਤਾਵਾਂ ਔਰਤ ਤੇ ਮਰਦ ਦੇ ਸੰਬੰਧਾਂ ਦੀ ਤਰਜਮਾਨੀ ਕਰਨ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਬੇਟੀ ਬਚਾਓ ਦਾ ਨਾਅਰਾ ਸਿਰਫ ਰਾਜਨੀਤਕ ਸਟੰਟ ਹੈ ਪ੍ਰੰਤੂ ਸਮਾਜ ਦੀ ਸਿਰਜਕ, ਸ਼ਿ੍ਰਸ਼ਟੀ ਦੀ ਚਾਲਕ ਤੇ ਪ੍ਰੇਮ ਦੀ ਪਾਲਕ ਨੂੰ ਉਹ ਮਾਣ ਨਹੀਂ ਮਿਲਦਾ। ਉਹ ਔਰਤਾਂ ਨੂੰ ਜੁਝਾਰੂ ਲੜਕੀ ਨੌਦੀਪ ਕੌਰ ਤੋਂ ਪ੍ਰੇਰਨਾ ਲੈਣ ਦੀ ਤਾਕੀਦ ਕਰਦੀ ਹੈ।

160 ਪੰਨਿਆਂ, 170 ਰੁਪਏ/5 ਡਾਲਰ/5 ਪੌਂਡ ਕੀਮਤ ਵਾਲੇ ਕਾਵਿ ਸੰਗ੍ਰਹਿ ਨੂੰ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>