ਅਮਰੀਕਾ ‘ਤੇ 11 ਸਤੰਬਰ ਦੇ ਹਮਲੇ ਦੇ ਯਾਦਗਾਰੀ ਸਮਾਰੋਹ ‘ਚ ਓਹਾਇਓ ਦੇ ਸਿੱਖ ਭਾਈਚਾਰੇ ਨੇ ਕੀਤੀ ਸ਼ਮੂਲੀਅਤ

Attendees-911-Memorial.resizedਡੇਟਨ,(ਸਮੀਪ ਸਿੰਘ ਗੁਮਟਾਲਾ) : ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ ਸੈਂਕੜੇ ਹੋਰ ਸਥਾਨਕ ਅਮਰੀਕਨਾਂ ਨਾਲ 11 ਸਤੰਬਰ, 2001 ਨੂੰ ਨਿਉਯਾਰਕ ਵਿਖੇ ਵਰਲਡ ਟਰੇਡ ਸੈਂਟਰ ਟਾਵਰਾਂ ਅਤੇ ਪੈਂਟਾਗਨ ‘ਤੇ ਹੋਏ ਅੱਤਵਾਦੀ ਹਮਲਿਆਂ ਦੀ 22ਵੀਂ ਵਰ੍ਹੇਗੰਢ ਮਨਾਓਂਦੇ ਹੋਏ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲੱਗਦੇ ਬੀਵਰਕ੍ਰੀਕ ਸ਼ਹਿਰ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਇਹਨਾਂ ਟਾਵਰਾਂ ਦੀਆਂ ਇਮਾਰਤਾਂ ਵਿੱਚ ਅਤੇ ਆਲੇ ਦੁਆਲੇ 2600 ਤੋਂ ਵੱਧ ਲੋਕ ਮਾਰੇ ਗਏ ਸਨ ਜਦੋਂ ਅੱਤਵਾਦੀਆਂ ਨੇ ਹਵਾਈ ਜਹਾਜ਼ਾਂ ਨੂੰ ਅਗਵਾ ਕੀਤਾ ਅਤੇ ਟਾਵਰਾਂ ਨਾਲ ਟਕਰਾਅ ਦਿੱਤਾ। 186 ਲੋਕ ਪੈਂਟਾਗਨ ਵਿਖੇ ਜਹਾਜ਼ ਨਾਲ ਕੀਤੇ ਗਏ ਹਮਲੇ ਅਤੇ 40 ਪੈਨਸਿਲਵੇਨੀਆ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮਾਰੇ ਗਏ ਸਨ।

ਸਮਾਰੋਹ ਵਿੱਚ ਯਾਦਗਾਰ ਉੱਤੇ ਝੰਡਾ ਨੀਵਾਂ ਕੀਤਾ ਗਿਆ, ਫੌਜ ਦੇ ਜਵਾਨਾਂ ਵਲੌਂ ਫੁੱਲ ਚੜਾਏ ਗਏ, ਰਾਸ਼ਟਰੀ ਗੀਤ ਗਾਇਆ ਗਿਆ, ਇੱਕ ਰਸਮੀ ਘੰਟੀ ਵਜਾਈ ਗਈ ਅਤੇ ਚਾਰ ਜਹਾਜਾਂ ਵਲੋਂ ਫਲਾਈਓਵਰ ਕਰਕੇ ਸ਼ਰਧਾਂਜਲੀ ਦਿੱਤੀ ਗਈ। ਬੀਵਰਕ੍ਰੀਕ ਦੇ ਮੇਅਰ ਬੌਬ ਸਟੋਨ ਨੇ ਸ਼ਰਧਾਂਜਲੀ ਸੰਦੇਸ਼ ਦਿੱਤਾ।

SikhCommunityMembers_CityPoliceFireDepartment1.resizedਸਮਾਰੋਹ ਵਿੱਚ ਸ਼ਾਮਲ ਹੋਏ ਸਿੱਖ ਭਾਈਚਾਰੇ ਦੇ ਕਾਰਕੁਨ ਸਮੀਪ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਲਾਨਾ ਯਾਦਗਾਰੀ ਸਮਾਰੋਹ ਦਾ ਆਯੋਜਨ ਬੀਵਰਕ੍ਰੀਕ ਦੇ 9/11 ਮੈਮੋਰੀਅਲ ਵਿਖੇ ਕੀਤਾ ਜਾਂਦਾ ਹੈ ਤਾਂ ਜੋ ਉਸ ਦਿਨ ਗੁਆਚੀਆਂ ਜਾਨਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ ਜਾ ਸਕੇ। ਬੀਵਰਕ੍ਰੀਕ ਦੇ ਇਸ 9/11 ਮੈਮੋਰੀਅਲ ਵਿੱਚ ਸਟੀਲ ਦਾ ਇੱਕ 25-ਫੁੱਟ ਉੱਚਾ ਮੁੜਿਆ ਹੋਇਆ ਪਿਲਰ ਸਥਾਪਿਤ ਕੀਤਾ ਗਿਆ ਹੈ, ਜੋ ਹਮਲੇ ਤੋਂ ਪਹਿਲਾਂ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੀਆਂ 101ਵੀਂ ਅਤੇ 105ਵੀਂ ਮੰਜ਼ਿਲਾਂ ਦੇ ਵਿਚਕਾਰ ਲੱਗਾ ਹੋਇਆ ਸੀ। ਇਸ ਟੁਕੜੇ ਨੂੰ ਦੋ ਅੱਗ ਬੁਝਾਉ ਦਸਤਿਆਂ ਦੁਆਰਾ ਬੀਵਰਕ੍ਰੀਕ ਵਿੱਚ ਲਿਆਂਦਾ ਗਿਆ ਸੀ ਜੋ ਓਹੀਓ ਟਾਸਕ ਫੋਰਸ ਵਨ ਦਾ ਹਿੱਸਾ ਸਨ ਅਤੇ ਇਹਨਾਂ ਨੇ ਨਿਊਯਾਰਕ ਵਿੱਚ ਗਰਾਊਂਡ ਜ਼ੀਰੋ ਵਿਖੇ ਬਚਾਅ ਕਾਰਜਾਂ ਵਿੱਚ ਸਹਾਇਤਾ ਕੀਤੀ ਸੀ।

ਗੁਮਟਾਲਾ ਨੇ ਕਿਹਾ, “ਅਸੀਂ ਇਸ ਸਮਾਰੋਹ ਵਿੱਚ ਉਨ੍ਹਾਂ ਪੁਰਸ਼ਾਂ ਅਤੇ ਔਰਤਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ, ਜਿਨ੍ਹਾਂ ਨੇ ਇਹਨਾਂ ਹਮਲਿਆਂ ਵਿੱਚ ਆਪਣੀ ਜਾਣ ਗੁਆ ਦਿੱਤੀ ਅਤੇ ਜਿਸ ਵਿੱਚ ਅੱਗ ਬੁਝਾਊ ਅਮਲੇ ਦੇ ਮੈਂਬਰ, ਪੁਲਿਸ ਅਧਿਕਾਰੀ ਤੇ ਮੈਡੀਕਲ ਸੇਵਾਵਾਂ ਦੇ ਅਮਲੇ ਵੀ ਸ਼ਾਮਲ ਸਨ। ਅਸੀਂ ਫੌਜੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।”

ਹਰ ਸਾਲ ਸਿੱਖ ਭਾਈਚਾਰੇ ਵਲੋਂ ਬਲਬੀਰ ਸਿੰਘ ਸੋਢੀ ਨੂੰ ਵੀ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਇਸ ਹਮਲੇ ਤੋਂ ਚਾਰ ਦਿਨ ਬਾਅਦ ਉਹਨਾਂ ਦੇ ਮੀਸਾ, ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਦੱਸਣਯੋਗ ਹੈ ਕਿ ਉਸ ਸਮੇਂ ਹਮਲਾਵਰ 11 ਸਤੰਬਰ ਦੇ ਹਮਲਿਆਂ ਦਾ ਬਦਲਾ ਲੈਣ ਲਈ “ਮੁਸਲਮਾਨਾਂ ਨੂੰ ਮਾਰਨਾ” ਚਾਹੁੰਦਾ ਸੀ। ਇਹ 9/11 ਦੇ ਹਮਲੇ ਤੋਂ ਬਾਦ ਦਾ ਪਹਿਲਾ ਘਾਤਕ ਨਫ਼ਰਤੀ ਅਪਰਾਧ ਸੀ। ਇਸ ਤੋਂ ਬਾਦ ਸਿੱਖਾਂ, ਮੁਸਲਮਾਨਾਂ, ਦੱਖਣੀ ਏਸ਼ੀਆਈ ਅਤੇ ਹੋਰਨਾਂ ਵਿਰੁੱਧ ਨਫ਼ਰਤ ਅਤੇ ਵਿਤਕਰੇ ਦੀਆਂ ਘਟਨਾਵਾਂ ਦੀ ਇੱਕ ਲਹਿਰ ਦੀ ਸ਼ੁਰੂਆਤ ਹੋਈ।

ਇਸ ਸਮਾਰੋਹ ਵਿੱਚ ਭਾਗ ਲੈਣ ਵਾਲੇ ਸਿੱਖ ਸੋਸਾਇਟੀ ਆਫ ਡੇਟਨ ਦੇ ਮੈਂਬਰਾਂ ਵਿੱਚ ਡਾ. ਚਰਨਜੀਤ ਸਿੰਘ ਗੁਮਟਾਲਾ, ਅਵਤਾਰ ਸਿੰਘ ਸਪਰਿੰਗਫੀਲਡ, ਡਾ. ਦਰਸ਼ਨ ਸਿੰਘ ਸਹਿਬੀ ਅਤੇ ਪਰਮਿੰਦਰ ਸਿੰਘ ਬਾਸੀ ਸ਼ਾਮਲ ਸਨ।

ਇੱਥੇ ਇਹ ਦੱਸਣਾ ਵਰਨਣਯੋਗ ਹੈ ਕਿ ਵਰਲਡ ਟਰੇਡ ਸੈਂਟਰ ਦੇ ਬਹੁਰ ਸਾਰੇ ਇਹਨਾਂ ਪਿਲਰਾਂ ਨੂੰ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣਾਈਆਂ ਯਾਦਗਾਰਾਂ ‘ਤੇ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਕ ਕਿਸੇ ਵੀ ਸਮੇਂ ਸ਼ਰਧਾਂਜਲੀ ਭੇਂਟ ਕਰ ਸਕਦੇ ਹਨ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>