ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ : ਉਜਾਗਰ ਸਿੰਘ

IMG_1139.resizedਗੁਰਭਜਨ ਗਿੱਲ ਪੰਜਾਬੀ ਸਾਹਿਤ, ਸਭਿਆਚਾਰ, ਮਾਨਵੀ ਹਿਤਾਂ ਅਤੇ ਪੰਜਾਬੀ ਕਦਰਾਂ ਕੀਮਤਾਂ ਨੂੰ ਪ੍ਰਣਾਇਆ ਹੋਇਆ ਕਵੀ ਹੈ। ਉਹ ਬਹੁ-ਰੰਗੀ, ਬਹੁ-ਪਰਤੀ, ਬਹੁ-ਪੱਖੀ ਅਤੇ ਬਹੁ-ਦਿਸ਼ਾਵੀ ਸਾਹਿਤਕਾਰ ਹੈ। ਉਸ ਦਾ ਰੁਬਾਈ ਸੰਗ੍ਰਹਿ ਜਲ ਕਣ ਪੜ੍ਹਕੇ ਉਸ ਨੂੰ ਕੋਮਲ ਮਨ, ਕੋਮਲ ਕਲਾ ਅਤੇ ਕੋਮਲ ਭਾਵਨਾਵਾਂ ਦਾ ਕਵੀ ਕਿਹਾ ਜਾ ਸਕਦਾ ਹੈ। ਇਨ੍ਹਾਂ ਰੁਬਾਈਆਂ ਵਿੱਚ ਉਹ ਲੋਕਾਈ ਦੇ ਦਰਦ ਦੀ ਚੀਸ ਨੂੰ ਮਹਿਸੂਸ ਕਰਦਾ ਹੋਇਆ, ਉਸ ਨੂੰ ਆਪਣਾ ਦਰਦ ਸਮਝਕੇ ਕਾਵਿ ਰੂਪ ਦਿੰਦਾ ਹੈ। ਉਸ ਨੂੰ ਲੋਕ ਕਵੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਦੀਆਂ ਰੁਬਾਈਆਂ ਲੋਕਾਂ ਦੀ ਆਮ ਬੋਲ ਚਾਲ ਸਮੇਂ ਬੋਲੀ ਜਾਂਦੀ ਠੇਠ ਪੰਜਾਬੀ ਵਿੱਚ ਲਿਖੀਆਂ ਹੋਈਆਂ ਹਨ। ਉਸ ਦੀ ਸ਼ਬਦਾਵਲੀ ਮਾਖ਼ਿਉਂ ਮਿੱਠੀ ਹੈ, ਜੋ ਪਾਠਕ ਦੇ ਦਿਲ ਨੂੰ ਮੋਂਹਦੀ ਹੈ।

ਭਲੇ ਪੁਰਸ਼ ਦਾ ਸਾਥ, ਮਿੱਠਾ ਜੀਕਣ ਗੰਨਾ।
ਮਿੱਧ, ਨਿਚੋੜ, ਮਰੋੜੋ ਭਾਵੇਂ, ਰਸ ਦਾ ਭਰ ਦਏ ਛੰਨਾ।
ਕੜ੍ਹ ਕੇ ਗੁੜ ਦਾ ਰੂਪ ਧਾਰਦੈ, ਸ਼ੱਕਰ ਤੇ ਖੰਡ ਮਿੱਠਾ।
ਕਿਣਕਾ ਜੇ ਇਸ ਕੋਲੋਂ ਸਿੱਖ ਲਏਂ, ਫਿਰ ਮੈਂ ਤੈਨੂੰ ਮੰਨਾਂ।

ਭਾਵੇਂ ਇਸ ਰੁਬਾਈ ਦੇ ਅਰਥ ਮਿਹਨਤ ਮੁਸ਼ੱਕਤ ਕਰਨ ਨਾਲ ਹਨ, ਜੇ ਮਨੁੱਖ ਗੰਨੇ ਤੋਂ ਕੁਝ ਸਿੱਖ ਸਕੇ ਤਾਂ ਉਹ ਵੀ ਅਮੋਲਕ ਬਣ ਸਕਦੈ। ਉਹ ਮੋਹ ਵੰਤਾ ਸ਼ਇਰ ਹੈ। ਉਸ ਦੀਆਂ ਰੁਬਾਈਆਂ ਲੋਕ ਹਿਤਾਂ ‘ਤੇ ਪਹਿਰਾ ਦਿੰਦੀਆਂ ਹਨ। ਇਨ੍ਹਾਂ ਰੁਬਾਈਆਂ ਵਿੱਚ ਉਹ ਅਜਿਹੇ ਸਾਹਿਤਕ ਤੁਣਕੇ ਮਾਰਦਾ ਹੈ, ਜਿਨ੍ਹਾਂ ਦਾ ਸੇਕ ਜ਼ਿਆਦਤੀਆਂ ਕਰਨ ਵਾਲਿਆਂ ਦਾ ਦਮ ਘੁੱਟਣ ਲਾ ਦਿੰਦਾ ਹੈ। ਉਸ ਦੀਆਂ ਰੁਬਾਈਆਂ ਦੀਆਂ ਟਕੋਰਾਂ ਸਾਹਿਤਕ ਦਿਲਾਂ ਨੂੰ ਟੁੰਬਦੀਆਂ ਹਨ। ਉਹ ਆਪਣੀਆਂ ਰੁਬਾਈਆਂ ਵਿੱਚ ਮਾਨਵੀ ਜ਼ਜ਼ਬਿਆਂ ਨੂੰ ਦਿ੍ਰਸ਼ਟਾਂਤਿਕ ਰੂਪ ਦਿੰਦਾ ਹੈ। ਸ਼ਾਇਰ ਦੀਆਂ ਰੁਬਾਈਆਂ ਦੇ ਵਿਅੰਗ ਵੀ ਤਿੱਖੇ ਹੁੰਦੇ ਹਨ। ਉਹ ਜ਼ੁਅਰਤ ਅਤੇ ਬੇਬਾਕੀ ਨਾਲ ਨਿਧੱੜਕ ਹੋ ਕੇ ਰੁਬਾਈਆਂ ਲਿਖਦਾ ਹੈ। IMG_1140.resizedਗੁਰਭਜਨ ਗਿੱਲ ਦੇ ਜਲ ਕਣ ਰੁਬਾਈ ਸੰਗ੍ਰਹਿ ਵਿੱਚ 660 ਰੁਬਾਈਆਂ ਹਨ, ਉਸ ਨੇ ਜ਼ਿੰਦਗੀ ਦੇ ਹਰ ਖੇਤਰ ਬਾਰੇ ਰੁਬਾਈ ਲਿਖੀ ਹੈ, ਜਿਸ ਦਾ ਮਨੁੱਖੀ ਜਨ-ਜੀਵਨ ਤੇ ਸਿੱਧੇ/ਅਸਿੱਧੇ ਢੰਗ ਨਾਲ ਚੰਗਾ/ਬੁਰਾ ਪ੍ਰਭਾਵ ਪੈਂਦਾ ਹੋਵੇ। ਜ਼ਿੰਦਗੀ ਦੇ ਹਰ ਰੰਗ ਦੁੱਖ-ਸੁੱਖ, ਖ਼ੁਸ਼ੀ-ਗ਼ਮੀ, ਆਸ਼ਾ-ਨਿਰਾਸ਼ਾ, ਇਸ਼ਕ-ਮੁਸ਼ਕ, ਸਮਾਜਿਕ-ਆਰਥਿਕ, ਫ਼ੁੱਲ-ਬੀਜ, ਫਸਲ-ਅਕਲ, ਦਰਿਆ-ਸਮੁੰਦਰ, ਚੰਨ-ਸੂਰਜ, ਜ਼ਮੀਨ -ਅਸਮਾਨ, ਗ਼ਰੀਬ-ਅਮੀਰ ਦੀ ਵੰਨਗੀ ਇਸ ਸੰਗ੍ਰਹਿ ਵਿੱਚ ਮਿਲਦੀ ਹੈ। ਇਸ ਰੁਬਾਈ ਸੰਗ੍ਰਹਿ ਦੀਆਂ ਰੁਬਾਈਆਂ ਦੀ ਵਿਚਾਰਧਾਰਾ ਮਾਨਵੀ ਸਭਿਅਤਾ, ਸਭਿਆਚਾਰ, ਸਮਾਜਿਕ, ਆਰਥਿਕ ਅਤੇ ਧਾਰਮਿਕ ਗਿਰਾਵਟ ਨੂੰ ਦੂਰ ਕਰਨਾ ਹੈ। ਉਹ ਆਧੁਨਿਕਤਾ ਦੇ ਦੌਰ ਵਿੱਚ ਪਰੰਪਰਾਤਮਿਕ ਸਰਗਰਮੀਆਂ ਨੂੰ ਸੰਜੀਦਗੀ ਨਾਲ ਵਿਚਾਰ ਕਰਕੇ ਵਰਤਮਾਨ ਲੋੜਾਂ ਅਨੁਸਾਰ ਬਦਲਣ ਦੀ ਪੁਰਜ਼ੋਰ ਪ੍ਰਤੀਨਿਧਤਾ ਕਰਦਾ ਹੈ। ਇਸ ਰੁਬਾਈ ਸੰਗ੍ਰਹਿ ਦੀ ਪਹਿਲੀ ਰੁਬਾਈ ਵਿੱਚ ਸ਼ਾਇਰ ਲਿਖਦਾ ਹੈ, ਇਹ ਸੋਚਿਆ ਵੀ ਨਹੀਂ ਸੀ, ਗ਼ਰਜ਼ਾਂ ਇਨਸਾਨ ਨੂੰ ਇਤਨੇ ਨੀਵੇਂ ਪੱਧਰ ‘ਤੇ ਲੈ ਜਾਣਗੀਆਂ, ਇਨਸਾਨ ਕੁਰਸੀ ਦੀ ਖ਼ਾਤਰ ਹਰ ਹੀਲਾ ਵਰਤੇਗਾ। ਉਹ ਇਸ ਦੇ ਨਾਲ ਹੀ ਕਹਿੰਦਾ ਹੈ ਕਿ ਲਾਲਸਾਵਾਂ ਕਦੀਂ ਵੀ ਪੂਰੀਆਂ ਨਹੀਂ ਹੋ ਸਕਦੀਆਂ। ਸਬਰ ਸੰਤੋਖ਼ ਰੱਖਣ ਦੀ ਤਾਕੀਦ ਕਰਦਾ ਹੋਇਆ ਕਹਿੰਦਾ ਹੈ ਕਿ ਇਨਸਾਨ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਬਾਅਦ ਵਿੱਚ ਪਛਤਾਉਣ ਦਾ ਕੋਈ ਲਾਭ ਨਹੀਂ ਹੋਵੇਗਾ। ਸ਼ਾਇਰ ਕੁਝ ਰੁਬਾਈਆਂ ਵਿੱਚ  ਰੁੱਖਾਂ ਦੀ ਅਹਿਮੀਅਤ ਦਾ ਜ਼ਿਕਰ ਕਰਦਾ ਹੋਇਆ, ਉਨ੍ਹਾਂ ਦੀ ਰੱਖਿਆ ਅਤੇ ਸਿੱਖਿਆ ਲੈਣ ਦੀ ਗੱਲ ਕਰਦਾ ਹੈ। ਰੁੱਖ ਮੀਂਹ ਝੱਖੜ ਦੇ ਦੁੱਖ ਸਹਿ ਕੇ ਵੀ ਤੁਹਾਨੂੰ ਛਾਂ ਅਤੇ ਲੱਕੜ ਦਿੰਦਾ ਹੈ। ਇਨਸਾਨ ਨੂੰ ਵਕਤ ਤੋਂ ਸਿੱਖਣ ਦੀ ਤਾਕੀਦ ਕਰਦਾ ਹੈ, ਤੋਤੇ ਟੁੱਕ ਰਹੇ, ਭਾਵ ਤੁਹਾਨੂੰ ਖੋਰਾ ਲੱਗ ਰਿਹਾ ਹੈ, ਤੂੰ ਹੌਸਲੇ ਛੱਡੀ ਬੈਠਾ ਹੈਂ। ਮੋਹ, ਹੰਕਾਰ, ਕਰੋਧ ਅਤੇ ਕਾਮ ਇਨਸਾਨ ਦੇ ਵੈਰੀ ਹਨ, ਇਨ੍ਹਾਂ ਤੋਂ ਬਚਣ ਲਈ ਕਹਿੰਦਾ ਹੈ। ਉਹ ਇਨਸਾਨ ਨੂੰ ਰੂਹ ਤੋਂ ਰੂਹ ਤੱਕ ਪਹੁੰਚਣ ਦਾ ਸੰਦੇਸ਼ ਦਿੰਦਾ ਹੈ। ਉਹ ਇਨਸਾਨ ਨੂੰ ਵਿਓਪਾਰ ਬਣਨ ਤੋਂ ਰੋਕਦਾ ਹੈ। ਮੁਸ਼ਕਲਾਂ ਵਿੱਚੋਂ ਨਿਕਲਣ ਦਾ ਹਵਾਵਾਂ ਤੋਂ ਪੁੱਛੋ। ਖ਼ੁਸ਼ੀਆਂ ਇਨਸਾਨ ਦੇ ਅੰਦਰ ਹੀ ਹਨ, ਬਾਹਰ ਝਾਕਣ ਦੀ ਲੋੜ ਨਹੀਂ। ਭੱਟਕਣ ਦੀ ਥਾਂ ਸਹਿਜਤਾ ਦਾ ਪੱਲਾ ਫੜੋ, ਨਿਸ਼ਾਨਾ ਨਿਸਚਤ ਕਰਕੇ ਸਫਲਤਾ ਮਿਲ ਸਕਦੀ ਹੈ। ਚੁਸਤ ਚਾਲਾਕ ਲੋਕ ਮੋਹਰੀ ਹੋਏ ਫਿਰਦੇ ਹਨ ਅਤੇ ਲੋਕਾਂ ਵਿੱਚ ਵੰਡੀਆਂ ਪਾ ਕੇ ਮੌਜਾਂ ਕਰਦੇ ਹਨ। ਮਿਹਨਤ ਮੁਸ਼ੱਕਤ ਕਰਨ ਵਾਲੇ ਦੁੱਖ ਦਰਦ ਹੰਢਾਉਂਦੇ ਹਨ। ਕਿਸਾਨ ਖ਼ੁਸ਼ਹਾਲ ਨਹੀਂ ਹੋ ਰਿਹਾ ਪ੍ਰੰਤੂ ਕਿਸਾਨਾ ਦੀਆਂ ਵਸਤਾਂ ਵੇਚਣ ਵਾਲੇ ਫ਼ੈਸਲੇ ਕਰ ਕੇ ਖ਼ੁਸ਼ਹਾਲ ਹੁੰਦੇ ਹਨ। ਗੁਰਭਜਨ ਗਿੱਲ ਨੌਜਵਾਨਾ ਨੂੰ ਜੀਵਨ ਵਿੱਚ ਸਫ਼ਲਤਾ ਲਈ ਸਵੈ-ਰੋਜ਼ਗਾਰ ਕਰਨ ਤੇ ਜ਼ੋਰ ਦਿੰਦਾ ਹੈ। ਪੰਜਾਬੀਆਂ ਦੀ ਅਣਖ਼, ਹਿੰਮਤ ਅਤੇ ਦਲੇਰੀ ਦੀਆਂ ਰੁਬਾਈਆਂ ਵੀ ਹਨ। ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਮ ਹੈ। ਹੌਸਲਾ ਸਫਲਤਾ ਦਾ ਸੰਕੇਤ  ਹੈ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ। ਰੁਬਾਈਆਂ ਇਹ ਵੀ ਕਹਿ ਰਹੀਆਂ ਹਨ ਕਿ ਸਾਡੇ ਲੋਕ ਰਾਤੋ ਰਾਤ ਅਮੀਰ ਹੋਣ ਦੇ ਸੁਪਨੇ ਸਿਰਜ ਕੇ ਗ਼ਲਤ ਰਸਤੇ ਪੈ ਰਹੇ ਹਨ। ਗੁਰਭਜਨ ਗਿੱਲ ਨੇ ਕਈ ਰੁਬਾਈਆਂ ਨੇਤਾਵਾਂ ਦੇ ਕਿਰਦਾਰ ਬਾਰੇ ਲਿਖੀਆਂ ਹਨ। ਸ਼ਾਇਰ ਨੇ ਸਮਾਜ ਦੇ ਸਾਰੇ ਵਰਗਾਂ ਦੇ ਹਿਤਾਂ ‘ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਿਸਾਨਾ ਨਾਲ ਸਰਕਾਰਾਂ ਵੱਲੋਂ ਕੀਤੇ ਜਾਂਦੇ ਵਿਤਕਰੇ ਬਾਰੇ ਗੁਰਭਜਨ ਗਿੱਲ ਲਿਖਦੇ ਹਨ-

ਲਾਲੀ ਤੇ ਹਰਿਆਲੀ ਵਾਲੀਆਂ ਹੁਣ ਜਦ ਪੈਲੀਆਂ ਖ਼ਤਰੇ ਵਿੱਚ ਨੇ,
ਸਿਰਲੱਥਾਂ, ਰਖਵਾਲਿਆਂ ਨੂੰ ਅੱਜ ਫੇਰ ਪੰਜਾਬ ਉਡੀਕ ਰਿਹਾ ਹੈ।
ਏਸੇ ਤਰ੍ਹਾਂ-ਸ਼ਬਦ ਵਿਹੂਣੀ ਬੰਜਰ ਧਰਤੀ, ਮਰਦੀ ਮਰਦੀ ਮਰ ਜਾਂਦੀ ਹੈ,
ਸੁਪਨੇ ਅੰਦਰ ਤੜਕਸਾਰ ਮੈਂ, ਵੇਖਿਆ ਇਹ  ਪੰਜਾਬ ਦਾ ਚਿਹਰਾ।

ਤਿੰਨ ਖੇਤੀ ਕਾਨੂੰਨਾ ਬਾਰੇ ਗੁਰਭਜਨ ਗਿੱਲ ਨੇ ਕਿਸਾਨਾ ਦੀ ਜਦੋਜਹਿਦ ਦਾ ਜ਼ਿਕਰ ਕਰਦਿਆਂ ਲਿਖਿਆ ਹੈ-

ਰਾਜਿਆ ਰਾਜ ਕਰੇਂਦਿਆ, ਹੱਥ ਅਕਲ ਨੂੰ ਮਾਰ,
ਕਾਲ਼ੇ ਘੜੇ ਕਨੂੰਨ ਤੂੰ, ਮੱਚ ਗਈ ਹਾਹਾਕਾਰ।
ਕਿਰਤੀ ਅਤੇ ਕਿਸਾਨ ਨੂੰ ਪਾਲ਼ੇ ਧਰਤੀ ਮਾਤਾ,
ਖੋਹ ਨਾ ਮੂੰਹ ‘ਚੋਂ ਬੁਰਕੀਆਂ, ਹੱਥ ਅਕਲ ਨੂੰ ਮਾਰ।

ਸ਼ਬਦ ਦੀ ਮਹੱਤਤਾ ਬਾਰੇ ਵੀ ਸ਼ਾਇਰ ਨੇ ਰੁਬਾਈਆਂ ਲਿਖੀਆਂ ਹਨ। ਸ਼ਬਦ ਦੇ ਲੜ ਲੱਗਣ ਦੀ ਪ੍ਰੇਰਨਾ ਦਿੰਦਾ ਹੈ। ਸਮਾਜ ਨੂੰ ਧੀ ਦੀ ਮਹੱਤਤਾ ਬਾਰੇ ਕਈ ਰੁਬਾਈਆਂ ਲਿਖੀਆਂ ਹਨ। ਧੀਆਂ ਦੀ ਦੁਰਦਸ਼ਾ ਦਾ ਵਰਣਨ ਕਰਦਾ ਸ਼ਾਇਰ ਲਿਖਦਾ ਹੈ-

ਹਰ ਦੂਜੇ ਦਿਨ ਵੇਖ ਰਹੇ ਹਾਂ, ਜ਼ਿੰਦਗੀ ਹੈ ਬਘਿਆੜਾਂ ਅੱਗੇ।
ਧੀ ਪੁੱਛਦੀ ਹੈ ਬਾਬਲ ਕੋਲੋਂ, ਤੈਨੂੰ ਇਹ ਸੱਚ ਕਿੱਦਾਂ ਲੱਗੇ?
ਅੱਧੀ ਰਾਤੀਂ ਸਿਵਾ ਬਾਲਿਆ, ਸੂਰਜ ਤੋਂ ਕਾਨੂੰਨ ਵੀ ਕੰਬਿਆ,
ਸੂਰਮਿਆਂ ਦੀ ਧਰਤੀ ਉਤੇ, ਸਾਰੇ ਮਰਦ ਬਣੇ ਕਿਉਂ ਢੱਗੇ?
ਇਸ ਧਰਤੀ ਨੇ ਰੱਖਣੀ ਕਾਇਮ ਦਾਇਮ ਸ਼ਾਨ ਸਲਾਮਤ।
ਰਂੱਖਣੀ ਬਹੁਤ ਜ਼ਰੂਰੀ ਮਿੱਤਰੋ ਬਾਲੜੀਆਂ ਦੀ ਜਾਨ ਸਲਾਮਤ।
ਜਿਸ ਬਗੀਚੇ ਦਾ ਹੀ ਮਾਲੀ ਖਿੜਨੋਂ ਪਹਿਲਾਂ ਡੋਡੀਆਂ ਤੋੜੇ,
ਕਿੱਦਾਂ ਸਾਬਤ ਰਹਿ ਸਕਦਾ ਹੈ, ਉਸ ਨਗਰੀ ਈਮਾਨ ਸਲਾਮਤ।
ਸ਼ਾਇਰ ਇਹ ਵੀ ਲਿਖਦਾ ਹੈ, ਦੁੱਖ ਸੁੱਖ ਦੋਵੇਂ ਜ਼ਿੰਦਗੀ ਦਾ ਹਿੱਸਾ ਹਨ-
ਦੁੱਖ ਸੁੱਖ ਦੋਵੇਂ ਬਰਾਬਰ ਤੁਰਦੇ ਜੀਵਨ ਪਹੀਏ।
ਧੁੱਪਾਂ ਨਾਲ ਬਰਾਬਰ ਛਾਵਾਂ ਜਿੱਥੇ ਮਰਜ਼ੀ ਰਹੀਏ।

ਬਗਲਿਆਂ ਨੂੰ ਪ੍ਰਤੀਕ ਦੇ ਤੌਰ ‘ਤੇ ਇਹ ਸਮਾਜ ਦੇ ਦੋਖੀਆਂ ਲਈ ਵਰਤਿਆ ਹੈ। ਧਾਰਮਿਕ ਜਾਲ ਵਿੱਚ ਫਸਣ ਤੋਂ ਬਚਣਾ ਜ਼ਰੂਰੀ ਹੈ। ਧਾਰਮਿਕ ਕੱਟੜਵਾਦੀਆਂ ਨੂੰ ਨਿਸ਼ਾਨੇ ‘ਤੇ ਲਿਆ ਅਤੇ ਹਓਮੈ ਨੂੰ ਤਿਆਗਣ ‘ਤੇ ਜ਼ੋਰ ਦਿੱਤਾ ਹੈ। ਅਮੀਰ ਗ਼ਰੀਬ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਸ਼ਾਇਰ ਨੇ ਰਿਸ਼ਤਿਆਂ ਨੂੰ ਸਦਭਾਵਨਾ ਵਾਲੇ ਰੱਖਣ ਲਈ ਕਿਹਾ ਹੈ-

ਕਦੇ ਮੁਸੀਬਤ ਆ ਜਾਵੇ ਤਾਂ, ਡਰਨਾ ਨਹੀਂ, ਘਬਰਾਉਣਾ ਵੀ ਨਾ,
ਰਿਸ਼ਤੇ ਤੇਰੀ ਢਾਲ ਬਣਨਗੇ, ਹਰ ਮੁਸ਼ਕਿਲ ਨੂੰ ਮੋੜ ਦੇਣਗੇ।

ਗੁਰਭਜਨ ਗਿੱਲ ਆਪਣੀਆਂ ਰੁਬਾਈਆਂ ਵਿੱਚ ਅਨੇਕਾਂ ਰੰਗ ਬਿਖੇਰ ਰਿਹਾ ਹੈ। ਜਿਹੜੇ ਲੋਕ ਹਿੰਮਤ ਨਹੀਂ ਕਰਦੇ ਉਨ੍ਹਾਂ ਨੂੰ ਬਿਮਾਰਾਂ ਦਾ ਦਰਜਾ ਦਿੰਦਾ ਹੈ। ਜ਼ਿੰਦਗੀ ਦੇ ਸਫਰ ਵਿੱਚ ਇਨਸਾਨ ਨੂੰ ਆਪਣੇ ਤੋਂ ਜ਼ਿਆਦਾ ਸਫ਼ਲ ਲੋਕਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਤੁਹਾਡੇ ਪਿੱਛੇ ਵੀ ਹੋਰ ਲੋਕ ਹੁੰਦੇ ਹਨ। ਗ਼ਲਤੀ ਤੋਂ ਸਬਕ ਸਿੱਖਣਾ ਸਿਆਣਪ ਹੁੰਦੀ ਹੈ। ਕੂੜ ਦਾ ਭਾਂਡਾ ਇਕ ਨਾ ਇਕ ਦਿਨ ਟੁੱਟਣਾ ਹੀ ਹੁੰਦਾ, ਸਬਰ ਸੰਤੋਖ ਇਨਸਾਨ ਦੇ ਗਹਿਣੇ ਹਨ। ਵਹਿਮ, ਭਰਮ ਅਤੇ ਭਟਕਣਾ ਜ਼ਿੰਦਗੀ ਤਬਾਹ ਕਰ ਦਿੰਦੇ ਹਨ। ਦੁਨੀਆ ਮਤਲਬੀ ਹੈ, ਸੁੱਖ ਵੇਲੇ ਸਾਥ ਦਿੰਦੀ ਹੈ, ਦੁੱਖ ਮੌਕੇ ਸਾਥ ਛੱਡ ਜਾਂਦੀ ਹੈ। ਬਿਗਾਨੀ ਆਸ ‘ਤੇ ਕਦੇ ਵੀ ਨਾ ਰਹੋ। ਹਰ ਵਕਤ ਚੁਸਤੀ ਚਲਾਕੀ ਹੀ ਨਹੀਂ ਕਰਦੇ ਰਹਿਣਾ ਚਾਹੀਦਾ। ਮਿਹਨਤ ਦਾ ਫ਼ਲ ਹਮੇਸ਼ਾ ਮਿੱਠਾ ਹੁੰਦਾ-

ਖੰਭਾਂ ਵਾਲੇ ਮੁੜ ਆਉਂਦੇ ਨੇ ਸੂਰਜ ਤੀਕ ਉਡਾਰੀ ਭਰ ਕੇ।
ਹਿੰਮਤ ਵਾਲੇ ਰੋਜ਼ ਪਰਤਦੇ ਡੂੰਘੇ ਸ਼ਹੁ ਸਾਗਰ ਨੂੰ ਤਰਕੇ।
ਬੇਹਿੰਮਤੇ ਤਾਂ ਬੈਠੇ ਰਹਿੰਦੇ ਮਰ ਗਏ ਮਰ ਗਏ ਕਹਿੰਦੇ,
ਤੁਰਦੇ ਨਹੀਂ, ਬੱਸ ਰੀਂਘ ਰਹੇ ਨੇ, ਜੀਂਦੇ ਜੀਅ ਹੀ ਮੌਤੋਂ ਡਰ ਕੇ।

ਜਲ ਕਣ ਰੁਬਾਈ ਸੰਗ੍ਰਹਿ 144 ਪੰਨਿਆਂ, 200 ਰੁਪਏ ਕੀਮਤ, ਸਚਿਤਰ ਰੰਗਦਾਰ ਮੁੱਖ ਕਵਰ ਅਤੇ ਰਵੀ ਪ੍ਰਕਾਸ਼ਨ ਅੰਮਿ੍ਰਤਸਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>