ਭਾਰਤ-ਕੈਨੇਡਾ ਮਾਮਲੇ ’ਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਪਾਸ ਕੀਤਾ ਇਕ ਵਿਸ਼ੇਸ਼ ਮਤਾ

Screenshot_2023-09-26_11-42-14.resizedਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੀ ਸੰਸਦ ਅੰਦਰ ਉਥੋਂ ਦੇ ਵਸਨੀਕ ਸਿੱਖ ਸ. ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਭਾਰਤੀ ਏਜੰਸੀਆਂ ਦੇ ਅਧਿਕਾਰੀਆਂ ਦਾ ਹੱਥ ਹੋਣ ਬਾਰੇ ਲਗਾਏ ਦੋਸ਼ਾਂ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਪਾਸ ਕੀਤੇ ਗਏ ਇਕ ਵਿਸ਼ੇਸ਼ ਮਤੇ ਵਿਚ ਕਿਹਾ ਗਿਆ ਕਿ ਕਿਸੇ ਵੀ ਦੇਸ਼ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਆਮ ਨਹੀਂ ਸਮਝਿਆ ਜਾਂਦਾ, ਸਗੋਂ ਦੇਸ਼ ਦੇ ਸੰਵਿਧਾਨ ਦੀ ਮਾਣ-ਮਰਯਾਦਾ ਦੇ ਦਾਇਰੇ ਵਿਚ ਤੱਥਾਂ ਅਧਾਰਿਤ ਮੰਨਿਆ ਜਾਂਦਾ ਹੈ। ਪਾਰਲੀਮੈਂਟ ਅੰਦਰ ਪ੍ਰਧਾਨ ਮੰਤਰੀ ਵੱਲੋਂ ਆਖੀ ਗਈ ਹਰ ਗੱਲ ਨੂੰ ਸਹਿਜੇ ਹੀ ਨਕਾਰਿਆ ਨਹੀਂ ਜਾ ਸਕਦਾ। ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਏਜੰਸੀਆਂ ’ਤੇ ਲਗਾਏ ਦੋਸ਼ਾਂ ਦੀ ਸੱਚਾਈ ਦੋਹਾਂ ਦੇਸ਼ਾਂ ਨੂੰ ਰਾਜਨੀਤੀ ਤੋਂ ਪਰ੍ਹੇ ਜਾ ਕੇ ਇਕ ਸੁਹਿਰਦ ਪਹੁੰਚ ਰਾਹੀਂ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ। ਜੇਕਰ ਇਸ ਨੂੰ ਕੇਵਲ ਰਾਜਨੀਤੀ ਕਰਕੇ ਹੀ ਦਬਾ ਦਿੱਤਾ ਜਾਂਦਾ ਹੈ ਤਾਂ ਇਹ ਮਾਨਵੀ ਅਧਿਕਾਰਾਂ ਨਾਲ ਨਾਇਨਸਾਫੀ ਮੰਨੀ ਜਾਵੇਗੀ। ਇਸ ਸਮੁੱਚੇ ਵਰਤਾਰੇ ਵਿਚ ਮੁੱਖ ਮੀਡੀਆ ਅਤੇ ਸ਼ੋਸ਼ਲ ਮੀਡੀਆ ਮੰਚਾਂ ’ਤੇ ਸਿੱਖ ਅਤੇ ਪੰਜਾਬ ਵਿਰੋਧੀ ਫੈਲਾਏ ਜਾ ਰਹੇ ਨਫ਼ਰਤੀ ਕੂੜ ਪ੍ਰਚਾਰ ਦੀ ਵੀ ਕਰੜੀ ਨਿੰਦਾ ਕਰਦਿਆਂ ਕਿਹਾ ਗਿਆ ਹੈ ਕਿ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਜਾਣਬੁਝ ਕੇ ਭਾਰਤ ਕੈਨੇਡਾ ਮਾਮਲਾ ਕੇਵਲ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ’ਤੇ ਹੀ ਕੇਂਦਰਿਤ ਕਰ ਦਿੱਤਾ ਗਿਆ ਹੈ।

ਅੰਤ੍ਰਿੰਗ ਕਮੇਟੀ ਨੇ ਮਤੇ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਮਸਲੇ ਨੂੰ ਸੰਜੀਦਗੀ ਨਾਲ ਲੈ ਕੇ ਇਸ ਵਿਚ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਵਾਲੇ ਲੋਕਾਂ ’ਤੇ ਕਾਰਵਾਈ ਕਰੇ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦੀ ਹੈ ਅਤੇ ਕਿਸੇ ਨਾਲ ਵੀ ਵੈਰ ਨਹੀਂ ਰੱਖਦੀ। ਕੁਝ ਲੋਕ ਮੌਜੂਦਾ ਸਥਿਤੀ ਨੂੰ ਕੌਮਾਂ ਵਿਚ ਵੰਡੀਆਂ ਪਾਉਣ ਲਈ ਇਕ ਹਥਿਆਰ ਵਜੋਂ ਵਰਤ ਰਹੇ ਹਨ, ਜਿਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।ਅੰਤ੍ਰਿੰਗ ਕਮੇਟੀ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਇਸ ਗੱਲ ਵੱਲ ਗੌਰ ਕਰੇ। ਇਹ ਵੀ ਕਿਹਾ ਗਿਆ ਕਿ ਜਿਹੜੀਆਂ ਸ਼ਕਤੀਆਂ ਸਿੱਖਾਂ ਦਾ ਅਕਸ ਖਰਾਬ ਕਰ ਰਹੀਆਂ ਹਨ, ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਸਿੱਖਾਂ ਅੰਦਰ ਪਨਪ ਰਹੀ ਬੇਵਿਸ਼ਵਾਸੀ ਨੂੰ ਖ਼ਤਮ ਕਰਨ ਵਾਸਤੇ ਵੀ ਢੁੱਕਵੇਂ ਕਦਮ ਚੁੱਕੇ ਜਾਣ।

ਇਸ ਵਿਸ਼ੇਸ਼ ਮਤੇ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਵੱਲੋਂ ਕਈ ਹੋਰ ਫੈਸਲੇ ਲੈਣ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਮਾਮਲੇ ਵੀ ਵਿਚਾਰੇ ਗਏ। ਇਕ ਮਤੇ ਵਿਚ ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਫ਼ੌਜੀ ਹਮਲੇ ਸਮੇਂ ਜੋਧਪੁਰ ਜੇਲ੍ਹ ਵਿਚ ਨਜ਼ਰਬੰਦ ਰਹੇ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਵਕੀਲਾਂ ਦੇ ਨਾਲ-ਨਾਲ ਇਸ ਵਿਚ ਸਹਾਇਤਾ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਨੋਇਡਾ ਉਤਰਪ੍ਰਦੇਸ਼ ਦੇ ਵਸਨੀਕ ਕਾਕਾ ਸਿਦਕਦੀਪ ਸਿੰਘ ਜਿਸ ਦੇ ਸਭ ਤੋਂ ਲੰਮੇ ਕੇਸ ਹੋਣ ਕਾਰਨ ਉਸ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਵਿਚ ਦਰਜ਼ ਹੋਣ ’ਤੇ ਉਸ ਨੂੰ ਵੀ ਸਨਮਾਨਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।

ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰਿਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸ. ਮੋਹਨ ਸਿੰਘ ਬੰਗੀ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਸੁਰਜੀਤ ਸਿੰਘ ਤੁਗਲਵਾਲ, ਸ. ਬਾਵਾ ਸਿੰਘ ਗੁਮਾਨਪੁਰਾ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਸ. ਗੁਰਨਾਮ ਸਿੰਘ ਜੱਸਲ, ਸ. ਪਰਮਜੀਤ ਸਿੰਘ ਖਾਲਸਾ, ਸ. ਸ਼ੇਰ ਸਿੰਘ ਮੰਡਵਾਲਾ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਤੇ ਸ. ਮਲਕੀਤ ਸਿੰਘ ਚੰਗਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਓਐਸਡੀ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਸਿਮਰਜੀਤ ਸਿੰਘ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ, ਸ. ਪਰਮਜੀਤ ਸਿੰਘ, ਸ. ਗੁਰਨਾਮ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਅਜ਼ਾਦਦੀਪ ਸਿੰਘ, ਸ. ਤਰਸੇਮ ਸਿੰਘ, ਸ. ਗੁਰਮੇਜ ਸਿੰਘ, ਐਕਸੀਅਨ ਸ. ਜਤਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>