ਸ਼ਾਇਰ ਹਰਨੇਕ ਗਿੱਲ ਦੀ ਪਹਿਲੀ ਬਰਸੀ ‘ਤੇ ਵਿਸ਼ੇਸ਼ ਸ਼ਰਧਾ ਦੇ ਸ਼ਬਦ

IMG-20231006-WA0208.resized10 ਅਕਤੂਬਰ ਨੂੰ  ਹਰਨੇਕ ਗਿੱਲ  ‘ਹੈ’ ਤੋਂ  ‘ਸੀ ‘ ਹੋ ਗਿਆ ਸੀ । ਉਹ ਪੰਜਾਬੀ ਦਾ ਹੋਣਹਾਰ ਸ਼ਾਇਰ ਸੀ । ਉਸ ਦੀਆਂ  ਕਵਿਤਾਵਾਂ ਨੇ ਪੰਜਾਬੀ ਕਵਿਤਾ ਦੇ ਮੁਹਾਂਦਰੇ ਨੂੰ ਨਵਾਂਪਣ ਦਿੱਤਾ।ਉਸ ਦੀ ਉਮਰ ਅਜੇ ਜਾਣ ਵਾਲੀ ਨਹੀਂ ਸੀ ਪਰ ਫਿਰ ਵੀ ਉਹ 10 ਅਕਤੂਬਰ 2022 ਨੂੰ  ਕਿਸੇ ਅਣਡਿੱਠੜੇ ਦੇਸ਼ ਚਲਾ ਗਿਆ। “ਜਿਸਮ ਮੇਰੇ ਦੀਆਂ ਕੰਧਾਂ, ਯਾਰੋ ਢਹਿ ਚੱਲੀਆਂ, ਰਹਿ ਚੱਲੀ ਵਿੱਚ ਦਿਲ ਦੇ ਇੱਕ ਮਜ਼ਾਰ  ਜਿਹੀ”,  ਮੌਤ  ਦਾ ਜ਼ਿਕਰ ਉਸ ਦੀਆਂ ਕਵਿਤਾਵਾਂ ਵਿੱਚ ਬਾਰ-ਬਾਰ ਆਉਂਦਾ ; ਮੜ੍ਹੀਆਂ ਵਿੱਚ ਮਲਿਆਂ ਨੂੰ , ਪਏ ਨੇ ਸੂਹੇ ਬੇਰ , ਮਰਨ ਨੂੰ ਜੀ ਕਰੇ।” ਉਹ ਦਾ ਇੱਕ ਪੂਰਾ ਗੀਤ ਹੀ ਮੌਤ ਦੇ ਰਹੱਸਾ ਨੂੰ ਖੋਲਦਾ।

“ਚੱਲ ਭਰੀਏ ਪਰਵਾਜਾਂ ਸ਼ਾਮਾਂ ਹੋ ਚੱਲੀਆਂ
ਸੱਦਣ ਕਿਤਿਓ ਵਾਜ਼ਾ ਸ਼ਾਮਾਂ ਹੋ ਚੱਲੀਆਂ
ਮੁੱਕ ਚੱਲਿਆ ਹੈ ਯਾਰੋ ਸਾਡਾ ਗੀਤ ਵੀ

ਹਾਉਕਾ ਭਰਿਆ ਸਾਜ਼ਾਂ  ਸ਼ਾਮਾਂ ਹੋ ਚੱਲੀਆਂ …।”  ਉਸ ਦਾ ਕਾਹਲਾਪਣ ਉਸ ਨੂੰ ਸਾਥੋੰ ਸਦ‍ਾ ਲਈ ਲੈ ਗਿਆ ਪਰ ਸੁਖਨਵਰ ਕਿਤੇ ਨਹੀਂ ਜਾਂਦੇ । ਉਹ ਸ਼ਬਦਾਂ ਦੇ ਰੂਪ ਵਿੱਚ ਹਮੇਸ਼ਾ ਰਹਿੰਦੇ  ਹਨ।’ਕੀ ਕਵੀਆਂ ਦਾ ਆਉਣਾ ਜਾਣਾ, ਕੀ ਮਸਤੀ ਸੰਗ ਟੁਰਨਾ ‘ ਵਾਂਗ ਹਰਨੇਕ ਦਾ ਆਪਣੀਆਂ   ਕਵਿਤਾਵਾਂ ਦੇ ਨਾਲ ਠੁਮਕ-ਠੁਮਕ ਚੱਲਣਾ  ਬਨਾਉਟੀ  ਨਹੀਂ ਸੀ ਸਗੋਂ ਬੜੀ ਬੇਬਾਕੀ ਨਾਲ ਸਮਾਜ ਦੀ ਪਰਦਾਕਸ਼ੀ ਵੀ ਕਰਨ ਵਾਲਾ ਸੀ। ਕਵੀ ਦੀ ਗੈਰ -ਹਾਜ਼ਰੀ ਵਿੱਚ ਕਵਿਤਾਵਾਂ ਦਾ ਹਾਜ਼ਰ ਰਹਿਣਾ, ਕਵੀ ਦੀ ਸਦੀਵਤਾ ਦੀ ਗਵਾਹੀ ਹੈ।ਹਰਨੇਕ ਨੂੰ ਉਸ ਦੀਆਂ ਕਵਿਤਾਵਾਂ ਨਾਲੋਂ  ਅਲੱਗ ਰੱਖ ਕੇ ਨਹੀਂ ਵੇਖਿਆ ਜਾ ਸਕਦਾ ।ਹਰਨੇਕ ਦੀਆਂ ਕਵਿਤਾਵਾਂ ਉਸ ਦਾ ਆਪਣਾ  ਹੀ ਧੁਰਾ ਸੀ , ਜਿਸ ਦੇ ਦੁਆਲੇ ਉਹ ਆਪ ਘੁੰਮਿਆ ਸੀ । ਇਸ਼ਕ ਨੇ  ਉਸ ਦਾ ਅਜਿਹਾ ਸੰਤੁਲਨ ਵਿਗਾੜਿਆ ਕਿ ਉਹ ਸ਼ਾਇਰ ਹੋ ਗਿਆ ।ਇਸ ਦੀ ਉਸ ਨੇ ਆਪ ਪੁਸ਼ਟੀ ਕੀਤੀ;ਮੈਨੂੰ ਕੋਝੇ ਨੂੰ ਕਵੀ ਬਣਾ ਦੇੰਦਾ, ਤੇਰਾ ਹੇਰਵਾ…।”  ਅੱਜ ਦੇ ਕਵੀ ਦੀ ਕਵਿਤਾ ਕਿਤੇ ਅਤੇ ਕਵੀ ਕਿਤੇ ਪਿਆ ਮਿਲਦਾ ਹੈ। ਇਸ ਕਰਕੇ ਹੀ ਹਰਨੇਕ ਕਹਿੰਦਾ ਹੈ ਕਿ ‘ ਤਾਰੇ ਹੈਰਾਨ ਨੇ , ਹਨੇਰਾ ਕਵਿਤਾ ਲਿਖ ਰਿਹਾ ‘ ਅਤੇ ਉਹ ਕਵੀਆਂ ਨੂੰ ਤਾਅਨਾ ਵੀ ਮਾਰਦਾ ਹੈ ਕਿ ” ਅਣਜਾਣੇ ਹੀ ਕੀੜੀਆਂ ਦਾ ਭੌਣ ਮਿੱਧ ਕੇ , ਕੋਈ ਕਵੀ ਕਿਵੇਂ ਲਿਖ ਲੈਂਦਾ ਹੈ, ਤਿੱਤਲੀਆਂ ਲਈ ਕਵਿਤਾ ।” ਹਰਨੇਕ ਉਨ੍ਹਾਂ ਸ਼ਇਰਾਂ ਵਿੱਚੋਂ ਨਹੀਂ ਸੀ ਜਿਨ੍ਹਾਂ ਦੀਆਂ ਕਵਿਤਾਵਾਂ ਉਨ੍ਹਾਂ  ਦੇ ਨਾਲ ਬਗਲਗੀਰ ਹੋ ਕੇ ਨਹੀਂ ਚੱਲਦੀਆਂ । ਉਸ ਨੂੰ ਨਾ ਛਪਣ ਅਤੇ ਨਾ ਹੀ  ਮਸ਼ਹੂਰ ਹੋਣ ਦੀ  ਕਾਹਲ ਸੀ ਪਰ ਉਸਦੇ ਅਤੇ  ਉਸ ਦੀ ਕਵਿਤਾ ਵਿੱਚ ਵਿੱਥ ਨਹੀਂ ਸੀ । ਉਹ ਆਪਣੇ ‍ਆਪ ਨੂੰ ਵੀ ਨਹੀਂ ਬਖਸ਼ਦਾ ; ਮੇਰੇ ਮੱਥੇ ਵਿੱਚੋਂ ਉੱਡ ਗਈ ਏ, ਕਵਿਤਾ ਕਿਧਰੇ , ਹੁਣ ਸ਼ਬਦਾਂ ਦੇ ਜਾਲ ਵਿੱਚ ਫੜ੍ਹਨ ਦੀ ਕੋਸ਼ਿਸ਼ ਕਰ ਰਿਹਾ ।” ਇੱਕ ਹੋਰ ਕਵਿਤਾ ਵਿੱਚ ਅਖੌਤੀ ਲੇਖਕਾਂ , ਅਲੋਚਕਾਂ ਅਤੇ ਵਿਆਖਿਆਕਾਰਾਂ ਦੀ ਇੰਝ  ਲਹਾਉੰਦਾ ਹੈ; ਸੜਕ ‘ਤੇ ਥੁਕਿਆ ਵੀ ਜਿੰਨ੍ਹਾਂ ਨੂੰ  ਅਠਿਆਨੀ ਲੱਗਦਾ ਹੈ , ਉਹ ਵੀ ਖੰਡਾਂ ਬ੍ਰਹਿਮੰਡਾਂ ਬਾਰੇ , ਕਰ ਰਹੇ ਗੋਸ਼ਟੀਆਂ ।ਜੇ ਉਸ ਦੀਆਂ ਸਾਰੀਆਂ ਕਵਿਤਾਵਾਂ ਨੂੰ ਇਕੱਠਿਆਂ ਕਰ ਲਈਏ ਤਾਂ ਉਹ ਹੁਣ ਤਕ ਕਈ ਕਿਤਾਬਾਂ  ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁਕਾ ਹੋਣਾ ਸੀ।ਉਹ ਇੱਕ ਵੀ ਕਿਤਾਬ ਮਾਂ ਬੋਲੀ ਨੂੰ ਨਹੀਂ ਦੇ ਕੇ ਗਿਆ । ਇਸਦੇ ਬਾਵਜੂਦ ਵੀ ਉਸ ਦੀ ਪੰਜਾਬੀ ਦੇ ਪ੍ਰਮੁੱਖ ਸਾਹਿਤਕਾਰਾਂ ਵਿੱਚ ਆਪਣੀ ਵੱਖਰੀ ਪਛਾਣ ਸੀ । ਉਹ ਆਪਣੀ ਕਵਿਤਾ ਵਿੱਚ ਆਪਣੇ ਆਪ ਨੂੰ  ਵੀ ਉਨ੍ਹਾਂ ਹੀ ਨਿਸ਼ਾਨਾ ਬਣਾਉਂਦਾ ਜਿੰਨ੍ਹਾਂ ਦੂਜਿਆਂ ਨੂੰ  ;  ਲਾਹਨਤ ਹੈ ਹਰਨੇਕ ਸਿਆਂ , ਤੇਰੀ ਸਾਲੀ ਜ਼ਿੰਦਗੀ ਤੇ , ਫੇਸਬੁੱਕ ਵੀ ਹੱਸ ਰਿਹਾ , ਤੇਰੀ ਜਾਅਲੀ ਜ਼ਿੰਦਗੀ ‘ਤੇ।” ਉਸ ਦੀ ਕਵਿਤਾ ਵਿੱਚ ਸਿਆਸਤਦਾਨਾਂ ਪ੍ਰਤੀ ਕਿੰਨਾ ਗੁੱਸਾ ਭਰਿਆ ਪਿਆ ਉਦੋਂ ਪਤਾ ਲੱਗਦਾ ਜਦੋਂ  ਉਹ ਕਹਿੰਦਾ ‘ ਜੀਅ ਕਰੇ , ਦਿੱਲੀ ਨੂੰ ਜਾਂਦੀ ਸੜਕ ਨੂੰ  ਨੌਹਾਂ  ਨਾਲ ਖਰੋਚ ਸੁੱਟਾਂ”  ਉਸ ਦਾ ਇੱਕ ਹੋਰ ਹਾਇਕੂ ਹੈ ; ਖੇਤਾਂ ਵਿੱਚ ਚਿੱਟੇ ਭੇੜੀਏ ਹਵਾਂਕ ਰਹੇ, ਮੈਂ ਭਗਤ ਸਿੰਘ ਦੀਆਂ ਬੀਜੀਆਂ ਬੰਦੂਕਾਂ , ਲੱਭਣ ਚੱਲਿਆ।”  ਉਹ ਪੰਜਾਬੀ ਪਾਠਕਾਂ ਦਾ ਦਾਇਰਾ, ਸੀਮਾਵਾਂ ਜਾਂ ਗਿਣੇ ਚੁਣਵੇ ਪ੍ਰਤੀਕਾਂ ਵਿੱਚ ਨਹੀਂ ਬੰਨਦਾ । ਉਸ ਦੀ ਗੱਲ ਸਿੱਧੀ ਦਿਲ ਤੇ ਵੱਜਦੀ ਜਿਸ ਦਾ ਖੜਾਕ ਦਿਮਾਗ ਵਿੱਚ ਹੁੰਦਾ ;

ਨਿਰਵਾਣ ਭੁੱਖੇ ਢਿੱਡਾਂ ਨੂੰ  ਕੱਢੀ ਗਾਲ੍ਹ ਹੈ
ਨਿਰਵਾਣ ਇੱਕ ਡਰਪੋਕ
ਰਾਜ ਕੁਮਾਰ ਦੀ ਬੌਧਿਕ ਅਜਾਸ਼ੀ ਹੈ
ਨਿਰਵਾਣ ਸਾਡੇ ਮੱਥੇ ਤੇ , ਮਲੀ ਖਾਹਮਖਾਹ ਦੀ ਤੌਹਮਤ ਹੈ । ਅਧਿਆਤਮਕਤਾ ਦੇ ਸਿਖਰਲੇ ਭਕਾਨੇ ਵਿੱਚ ਕੰਡਾ ਮਾਰ ਕੇ ਇੰਝ ਫੂਕ ਕੱਢਦਾ ; ਤੁਹਾਡਾ ਬ੍ਰਹਮਾ
ਆਪਣੀ ਧੀ ਤੇ ਅੱਖ ਰੱਖਦਾ ਸੀ
ਇਸ ਸੱਚ ਦੀ ਅੱਖ ਵਿੱਚ ਅੱਖ ਪਾ ਕੇ
ਮੈਂ ਬ੍ਰਹਮ ਹੋ ਜਾਂਦਾ ।

ਰਾਧਾ ਨੂੰ ਆਪਣੀ ਇੱਕ ਲੰਮੀ ਕਵਿਤਾ ਵਿੱਚ ਕਹਿੰਦਾ ਹੈ

ਰਾਧਾ ! ਬਿ੍ਦਾਬਨ ਦੇ ਰੁੱਖਾਂ ਨੂੰ ,ਵਕਤ ਦੀ ਸਿਉੰਕ ਖਾ ਗਈ ।” ਉਸ ਤੋਂ ਧਰਮਾਂ ਦੇ ਠੇਕੇਦਾਰ ਮੁੰਹ ਛਪਾਉੰਦੇ ਫਿਰਦੇ ਜਦੋਂ ਬੜੀ ਬੇਬਾਕੀ ਨਾਲ  ਉਹ  ਲਿਖਦਾ ਹੈ; ਮੱਥਾ ਟੇਕਣ ਲਈ ਝੁਕਦੀ ਕੁੜੀ ਦੀਆਂ ਛਾਤੀਆਂ
ਬੋਚ ਲਈਆਂ ਨੇ ਗ੍ਰੰਥੀ ਦੀ ਨਜ਼ਰ ਨੇ…
ਕੂਲੈ ਜਿਹੇ ਮੁੰਡੇ ਤੇ ਚਰਚ ਵਿੱਚ
ਟਿਕ ਗਈ ਹੈ ਬੁੱਢੇ ਪਾਦਰੀ ਦੀ ਨਜ਼ਰ …

ਨਸ਼ਈ ਹਨੇਰੇ ਵਿੱਚ , ਨੀਲੀ ਸਕਰੀਨ ਦੇ ਇਸ਼ਾਰੇ ਤੇ, ਭਰਾ ਨੇ ਭੈਣ ਦੀ ਕੁੱਖ ਵਿੱਚ ਅੱਗ ਉਗਲੀ ਹੈ। ਤੇ ਫਿਰ ਜਦੋਂ ਉਹ ਸਾਰੇ ਰਿਸ਼ਤਿਆਂ ਅਤੇ ਸਬੰਧਾਂ ਦਾ ਬਿਰਤਾਂਤ ਸਿਰਜਣ ਦੇ ਬਾਅਦ ਆਪਣੇ ਵੱਲ ਆਉਂਦਾ ਹੈ ਤਾਂ  ਇੰਝ  ਉਸ ਦੀ ਕਵਿਤਾ ਸਿਖਰਤਾ ਵੱਲ ਵੱਧ ਦੀ ਹੈ; ਮੈਂ ਮਹਿਫਲਾਂ ਵਿੱਚ ਭਰਾ, ਤੇ ਸੁਪਨਿਆਂ ਵਿੱਚ ਭਾਬੀਆਂ ਹੰਢਾਉੰਦਾ ਹਾਂ ।

ਗਦਰੀ ਬਾਬਿਆਂ ਦੀ ਨਜ਼ਮ ਵਿੱਚ ਉਹ  ਉਨ੍ਹਾਂ ਨੂੰ ਸੁਰਖਰੂ ਦੱਸਦਾ ਹੈ ਅਤੇ ਪੀੜੇ ਅਤੇ ਨਪੀੜੇ ਜਾ ਰਿਹਾ ਨੂੰ ਸ਼ਹੀਦ ਗਰਦਾਨਦਾ ਹੈ।

ਉਹ ਪੰਜਾਬੀ ਦੀਆਂ ਪ੍ਰਚਲਿਤ ਰਚਨਾਵਾਂ ਦਾ ਚੀਰ ਹਰਨ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ ; ਤੇਰੀ ਪਿਆਸ ਵਿੱਚ ਬਲਦਾ ਜਿਸਮ ਹਾਂ , ਕਿੰਝ ਆਖਾਂ ਕਿ ਮੈਂ ਤਾਂ ਬਿਰਖ ਹਾਂ , ਮੈਂ ਤਾਂ ਬੰਦੇ-ਦਰਿੰਦੇ ਦੇ ਵਿਚਲੀ , ਕੋਈ ਵੱਖਰੀ ਤਰ੍ਹਾਂ ਦੀ ਕਿਸਮ ਹਾਂ ।
ਪੰਜਾਬੀ ਦੇ ਬਹੁਤ ਸਾਰੇ ਸਾਹਿਤਕਾਰ ਉਸ ਦੀ ਦੋਸਤੀ ਅਤੇ ਉਸ ਦੀ ਕਵਿਤਾ ਦਾ ਰੰਗ ਵੇਖ ਕੇ ਦੰਗ ਰਹਿ ਚੁੱਕੇ ਹਨ  ।ਵੱਖ -ਵੱਖ ਲੇਖਕਾਂ ਅਤੇ ਅਲੋਚਕਾਂ ਪੰਜਾਬੀ ਵਿੱਚ ਲਿਖੀ ਜਾ ਰਹੀ ਕਵਿਤਾ ਤੋਂ ਅਲੱਗ  ਕਵਿਤਾ ਹੋਣ ਦੀ ਗੱਲ ਕਰ ਕੇ ਉਸ ਨੂੰ ਥਾਪੜਨਾ ਦਿੱਤੀ।ਜਦੋਂ ਇਹ ਕਹਿੰਦਾ ਹੈ ਕਿ ‘ਹੰਝੂ  ਹੀਰਿਆਂ ਤੋਂ ਵੱਧ ਸੋਹਣੇ ‘ ਹਨ ਅਤੇ …’ਬਾਬੇ ਦਾ ਅਸ਼ੀਰਵਾਦੀ ਹੱਥ ਥੱਪੜ ਨਜ਼ਰ ਆਉਂਦਾ ‘ ਹੈ ਤਾਂ ਉਸਦੀ ਇਸ ਗੱਲ ਨੂੰ ਸਮਝਣ ਲਈ ਉਸ ਥਾਂ ਤੱਕ ਪਹੁੰਚਣਾ  ਪੈਣਾ  ਜਿੱਥੇ ਪਹੁੰਚ ਕੇ ਉਹ ਇਹ ਨਵਾਂ ਦਿ੍ਸ਼ਟੀਕੋਣ ਦਿੰਦਾ  ਹੈ। ਉਸ ਦਾ ਨਵਾਂਪਣ ਇੱਥੇ ਹੀ ਖਤਮ ਨਹੀਂ  ਹੁੰਦਾ ਸਗੋਂ  ਇਸ ਦਾ ਲਗਾਤਾਰ ਵੱਖ-ਵੱਖ ਕਵਿਤਾਵਾਂ ਵਿੱਚ ਸਿਲਸਿਲਾ ਸ਼ੁਰੂ ਹੁੰਦਾ ਹੈ।

ਜਾਹ ਨੀ ਦੇਵ ਰੂਹੇ , ਖੜ੍ਹਕਾ ਨਾ ਮੇਰੀ ਸੁੰਨ ਦੇ ਬੰਦ ਬੂਹੇ , ਮੇਰੀ ਸੁੰਨ ਤਾਂ ਮੌਨ ਚੋ ਸਿੰਮਦੀ ਮਯੂਸੀ ਹੈ, ਕਾਲੇ ਚਿੱਟੇ ਨਾਹਆਰਿਆਂ ਦੀ ਦਕਿਆਨੂਸੀ ਹੈ ।

ਉਸ ਨੇ ਆਪਣੀ ਸ਼ਾਇਰੀ ਵਿਦਿਆਰਥੀ ਜੀਵਨ ਤੋਂ ਹੀ ਸ਼ੁਰੂ ਕਰ ਦਿੱਤੀ ; ਜਿਸ ਗੁਲਮੋਹਰ ਹੇਠ ਤੂੰ , ਆਖਰੀ ਵਾਰ ਉਡੀਕਿਆ ਸੀ ਮੈਨੂੰ , ਇਸ ਬਹਾਰ ਚ ਖਿੜੇ ਨੇ ਉਸ ਤੇ , ਤੇਰੇ ਸੂਟ ਦੇ ਫੁੱਲ। ਉਸ ਦੀ ਰੁਮਾਂਸ ਨਾਲ ਭਰਪੂਰ ਕਵਿਤਾ ਹੈ; ਜੇ ਤੂੰ ਥੋੜ੍ਹਾ ਜਿਹਾ ਹੋਰ ਉਡੀਕ ਲੈਂਦੀ , ਮੈਂ ਨਿਮੋਲੀਆਂ ਦੇ ਫੁੱਲ ਹੋ ਕੇ ਉੱਗ ਪੈਣਾ ਸੀ , ਤੂੰ ਤਾਂ ਐੰਵੇ ਸਾਹਾਂ ਦੀ ਡੋਰ ਤੋੜ ਬੈਠੀ । (ਨਜ਼ਮ /ਸੱਸੀ )

ਘਰ ਅਤੇ ਬਾਹਰ ਦੀਆਂ ਮਹਿਫਲਾਂ ਵਿੱਚ ਦੇਰ ਰਾਤ ਤਕ ਗਲ ਨੂੰ ਭਖਾਈ ਰੱਖਣਾ  ਉਸ ਦੇ ਸ਼ਬਦਾਂ ਦਾ ਦੇ ਭੰਡਾਰ ਦਾ ਹੀ ਕਮਾਲ ਸੀ  । ਫੱਕਰਪੁਣਾ ਉਸ ਨੇ ਆਪ ਵਿਆਹਜਿਆਂ ਹੋਇਆ ਸੀ । ਉਸ ਦੇ ਅਸਲ ਸੁਭਾਅ ਨੂੰ ਨਾ ਜਾਨਣ ਵਾਲੇ  ਉਸ ਦੀ ਮਾਲਾ ਦੇ ਮਣਕੇ ਕਦੇ ਨਹੀਂ ਬਣ ਸਕੇ।  ਉਹ ਸਭ ਦਾ ਸੀ ਪਰ ਉਸ ਦਾ ਉਸ ਨੂੰ ਲੱਗਦਾ ਸੀ ਕਿ ਕੋਈ ਵੀ ਨਹੀਂ ਹੈ। ਇਸੇ ਕਰਕੇ ਉਸ ਨੂੰ ਹਮੇਸ਼ਾਂ ਹੀ ਆਪਣਿਆਂ  ‘ਤੇ ਗਿਲਾ ਰਿਹਾ ਅਤੇ ਉਸਨੇ ਕਿਹਾ ਕਿ “ਜਿਸ ਮੋਢੇ ਤੇ ਰੋਣਾ ਚਾਹਾਂ, ਉਹ ਹੀ ਮੇਰੀ ਧੌਣ ਮੰਗੇ” ,ਯਾਰਾਂ ਦੀਆਂ ਬਰੂਹਾਂ ਹੁਣ ਮੈਨੂੰ ਨਹੀਂ  ਉਡੀਕਦੀਆ, ਮੈਨੂੰ ਜਿੰਨੇ ਵੀ ਮਿਲੇ, ਮਾਵਾਂ ਦੇ ਬੀਬੇ ਪੁੱਤ ਹੀ ਮਿਲੇ,ਕੁਚੱਜੀ ਦਾ ਪੁੱਤ ਮੈਂ ਹੀ ਸਾਬਤ ਹੋਇਆ।” ਸਮਾਜ ਦੇ ਦੋਹਰੇ ਕਿਰਦਾਰ ਦੀਆਂ ਉਹ  ਆਪਣੀਆਂ ਕਵਿਤਾਵਾਂ ਵਿੱਚ ਧੱਜੀਆਂ ਉਡਦਾ  ਹੈ । ਉਸ ਦੀ ਲੋਕ ਮੁਹਾਵਰਾ ਬਣਨ ਦੀ ਸਮਰੱਥਾ ਰੱਖਦੀ ਇੱਕ ਤੁੱਕ  ਹੈ; ਦਾਅ ਲੱਗੇ ਤਾਂ ਲਾ ਲਾਈਦਾ , ਨਹੀਂ ‘ਤੇ ਰੱਬ ਦਾ ਨਾਮ ਧਿਆ ਲਈਦਾ ।” ਉਸ ਦੇ ਸੁਭਾਅ ਅਤੇ ਉਸ ਦੀ ਇਕ ਵੱਖਰੀ ਸ਼ਖਸੀਅਤ ਕਰ ਕੇ ਉਸਦੇ ਨਾਲ ਜੁੜੇ ਲੇਖਕਾਂ ਅਤੇ ਮਿਤਰਾਂ ਦੀ ਸੂਚੀ ਬਹੁਤ ਲੰਮੀ ਸੀ ।ਅੰਮ੍ਰਿਤਸਰ ਛੱਡ, ਚੰਡੀਗੜ੍ਹ ਰਹਿਣਾ ,ਉਸ ਨੂੰ ਚੰਗਾ ਨਹੀਂ ਸੀ ਲੱਗਦਾ, ਇਹ ਉਸ ਦੀ ਮਜਬੂਰੀ ਸੀ ਪਰ ਫੇਰ ਵੀ ਉਸ ਨੇ ਰੀਝ ਨਾਲ ਕੋਸ਼ਿਸ਼ ਕੀਤੀ ਕਿ ਚੰਡੀਗਡ਼੍ਹ ਨਾਲ ਦਿਲ ਲਾ ਲਵੇ  ਪਰ ਆਖ਼ਰੀ ਸਾਹ ਤਕ ਵੀ ਉਸ ਦੀ ਇਹ ਰੀਝ ਪੂਰੀ ਨਾ  ਹੋਈ।  ਉਹ ਆਪਣੇ ਦੋਸਤਾਂ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਮੇਰੇ ਕੋਲ ਚੰਡੀਗੜ੍ਹ ਆਓ !। ਅੱਜ ਉਸਦੀ  ਗੈਰ ਹਾਜ਼ਰੀ  ਚਿੱਤਵ ਕੇ ਰੁਗ ਭਰ ਆਉਂਦਾ ਹੈ । ਉਸ ਦੇ ਪਰਿਵਾਰ ਤੋਂ ਇਲਾਵਾ ਉਸ ਦੇ ਦੋਸਤਾਂ ਨੂੰ ਵੀ ਉਸ ਦਾ ਇੰਝ  ਇਕ ਝਟਕੇ ਨਾਲ ਚਲੇ ਜਾਣਾ ਜ਼ਿੰਦਗੀ ਦੇ  ਇਕ ਬਹੁਤ ਵੱਡੇ ਝਟਕੇ ਦੇ ਬਰਾਬਰ ਹੈ। ਉਹ ਕਿਤੇ ਨਹੀਂ ਗਿਆ ਉਸ ਨੇ ਆਪਣੀ ਕਵਿਤਾ ‘ ਪਰਿਕਰਮਾ ‘ ਵਿੱਚ  ਆਪਣਾ ਪਤਾ ਟਿਕਾਣਾ ਸਾਰਾ ਦੱਸਿਆ । ਉਸ ਦੀ ਕਵਿਤਾ ਦੇ ਕੁੱਝ ਅੰਸ਼;

ਕਿੱਥੇ ਜਾਣਾ ਹੈ ਮਰਕੇ,ਏਥੇ ਹੀ ਹੋਵਾਂਗਾ
ਮਿੱਟੀ ਦੇ ਰੰਗਾਂ ਚ ਕਿਤੇ,ਜੜ੍ਹਾਂ ਤੋਂ ਮਹਿਕ ਤੀਕ ਤੁਰਦਾ
ਕਿਸੇ ਗੁਲਮੋਹਰ ਦਾ ਫੁੱਲ ਬਣਿਆਂ,ਤੇਰੇ ਬੁੱਲਾ਼ਂ ਦੀ ਥਾਂ
ਚਿੜੀ ਦੀ ਚੁੰਝ ਨੂੰ ਉਡੀਕਦਾ,ਚੋਟ ਖਾਣ ਨੂੰ ਤਰਸਦਾ
ਚੋਟਲ ਹੋਕੇ ਤੜਫਦਾ,ਉੱਡਦੀਆਂ ਡਾਰਾਂ ਲਈ ਰੀਝਦਾ
ਹਾਉਕੇ ਭਰਦਾ,ਤੇਰੀ  ਤਲਾਸ਼ ਚ ਫਿਰ
ਓਦਰਿਆ ਓਦਰਿਆ,ਬੁਝਦਾ- ਖਿੜਦਾ
ਤਿੱਤਲੀਆਂ ਦੀ ਨਜ਼ਰ ਨੂੰ,ਆਪਣੇ ਰੰਗਾਂ ਦਾ ਖਤ ਲਿਖਦਾ
ਜਾਂ
ਜੰਗਲੀ ਘਾਹ ਹੋ ਲਹਿਰਦਾ
ਭੁੱਖੀਆਂ ਹਿਰਨੀਆਂ ਸਾਹਵੇਂ
ਆਪਣਾ ਆਪ ਪਰੋਸਦਾ
ਹਰ ਚੁਭਣ ਚੋਂ ਹਰ ਛੋਹ ਚੋਂ
ਤੈਨੂੰ ਭੋਗਦਾ
ਤੇਰੀ ਪਿਆਸ ਦੁਆਲੇ ਗਰਦਸ਼ ਕਰਦਾ
ਮਰਕੇ ਵੀ ਤੇਰੇ ਲਈ ਮਰਦਾ
ਫੁੱਲ ਤੋਂ ਫੌਲਾਦ ਤੱਕ ਦਾ ਸਫਰ ਕਰਦਾ
ਏਥੇ ਹੀ ਹੋਵਾਂਗਾ ਮਿੱਟੀ ਦੇ ਰੰਗਾਂ ਚ
ਤੇਰੇ ਅੰਗ ਸੰਗ ਤੁਰਦਾ
ਕਿੱਥੇ ਜਾਣਾ ਹੈ ਮਰਕੇ
ਉਸ ਦੀ ਭਟਕਣਾ ਦਾ ਕੋਈ ਟਿਕਾਣਾ ਨਹੀਂ ਹੈ ।ਉਸ ਦੇ ਆਲੇ-ਦੁਆਲੇ ਦੇ ਹਾਲਤ ਉਸ ਨੂੰ ਉਸਦੇ ਅੰਦਰ ਵੱਲ ਜਾਣ ਲਈ ਮਜਬੂਰ ਕਰਦੇ ਵਿਖਾਈ ਦਿੰਦੇ ਹਨ;
ਬਹੁਤ ਇੱਕਲਾ ਹਾਂ
ਆਪਣਾ ਹੀ ਪਰਛਾਵਾਂ ਬੇਗਾਨਾ ਲੱਗੇ
ਰਸਤੇ ਅਜਨਬੀ
ਕਿਸਦੀ ਤਲਾਸ਼ ਹੈ ਮੈਨੂੰ
ਆਪਣਾ ਆਪ ਪਿੱਛੇ ਹੀ ਭੁੱਲ ਆਇਆਂ
ਸਿਰ ਤੇ ਗਿਰਜਾਂ ਦੇ ਪਰਛਾਵੇਂ ਘੁੰਮ ਰਹੇ
ਕਿੱਧਰ ਜਾਣਾ ਹੈ
ਕੋਈ ਪਤਾ ਨਹੀਂ
ਕੁਝ  ਅਵਾਜ਼ਾਂ ਪਿੱਛਾ ਕਰ ਰਹੀਆਂ
ਕੁਝ ਪੁਕਾਰਨ ਅੱਗੋਂ
ਇਹ ਕੌਣ ਹੈ
ਜੋ ਮੇਰਾ ਹਮਸਫ਼ਰ ਵੀ
ਦੁਸ਼ਮਣ ਵੀ
ਨਜ਼ਰ ਏਨੀ ਧੁੰਦਲੀ ਕਿਉਂ
ਨਾ ਜਾਣਾ
ਆਪਣੇ ਹੀ ਮੋਢੇ ਤੇ
ਸਿਰ ਰੱਖਕੇ ਰੋਣਾ ਚਾਹਾਂ
ਸਾਰੇ ਹੰਝੂ
ਕਿਤੇ ਗਵਾ ਆਇਆਂ
ਪਿਆਸ ਏਨੀ ਕਿ
ਆਪਣੇ ਹੀ ਖੂਨ ਦੇ ਘੁੱਟ ਭਰਾਂ
ਮੇਰੇ ਹਾਲ ਤੇ ਮਖੌਟੇ ਹੱਸ ਰਹੇ
ਮੈਂ ਤਾਂ ਕਿਧਰੇ ਹੋਰ ਜਾਣਾ ਸੀ
ਕਿਧਰ ਨਿਕਲ ਆਇਆਂ
ਮੈਂ ਤਾਂ ਕੁਝ ਹੋਰ ਹੋਣਾ ਸੀ
ਇਹ ਕੀ ਹੋ ਗਿਆਂ ????

ਉਸ ਨੂੰ ਮੌਜੂਦਾ ਸਮੇਂ ‘ਚ ਲਿਖੀ ਜਾ ਰਹੀ ਪੰਜਾਬੀ ਸ਼ਾਇਰੀ ਦੇ ਨਾਲ ਬਹੁਤ ਗਿਲਾ ਸੀ ।ਉਸ ਨੂੰ ਲੱਗਦਾ ਕਿ ਉਹ ਪੰਜਾਬੀ ਸ਼ਾਇਰੀ ਨੂੰ ਇਸ  ਖਲਜਗਣ ਵਿੱਚੋਂ ਬਾਹਰ ਕੱਢ ਦੇਵੇਗਾ ਅਤੇ ਪੰਜਾਬੀ ਸ਼ਾਇਰੀ ਨੂੰ ਵਿਸ਼ਵ ਦੇ ਹਾਣ ਦੀ ਬਣਾ ਦਵੇਗਾ ।ਉਸ ਨੇ ਬਹੁਤ ਸਾਰੀਆਂ ਕਵਿਤਾਵਾਂ ਬਹੁਤ ਵੱਡੀ ਦਲੇਰੀ ਦੇ ਨਾਲ ਲਿਖੀਆਂ।ਜਿਸ  ਨੂੰ ਨਵੇਂ ਅਰਥ ਮਿਲੇ ਅਤੇ ਨਵਾਂ  ਜਾਵੀਆਂ। ਉਸ ਦੀ ਕਵਿਤਾ; ‘ਉਦਾਸੀ ਬ੍ਰਹਮ ਦਾ ਆਦਿ ਗੀਤ
ਖੁਦਾ ਦੀ ਖੁਦ ਨੂੰ  ਮਾਰੀ ਵਾਜ ਹੈ ਉਦਾਸੀ
ਮਾਰੂਥਲ ਦੀਆਂ ਰੇਤ ਲਹਿਰਾਂ ਵਿੱਚ
ਰਾਹੀਆਂ ਦੀਆਂ ਪੈੜ੍ਹਾਂ ਉਡੀਕਦੀ
ਚਰਵਾਹੇ ਦੀ ਬੰਸਰੀ ਚੋਂ ਹੂਕਦੀ
ਸਾਨੂੰ ਪਲੋਸਦੀ ਹੈ ਉਦਾਸੀ
ਪਹਾੜੀ ਚਿਨਾਰਾਂ ਚ ਪੌਣ ਹੋ ਵਹਿੰਦੀ
ਸਾਡੇ ਵਾਲਾਂ ਚ ਪੋਟੇ ਫੇਰਦੀ ਹੈ
ਪੱਥਰਾਂ ਦੀਆਂ ਧਾਰੀਆਂ ਵਿੱਚ
ਯੁਗਾਂ ਦੇ ਭੇਦ ਦੱਸਦੀ ਹੈ
ਚਸ਼ਮਿਆਂ ਨਦੀਆਂ ਵਿੱਚ
ਸਾਡੇ ਲਈ ਹੱਸਦੀ ਰੋਂਦੀ ਹੈ ਉਦਾਸੀ
ਜੰਗਲਾਂ ਵਿੱਚ ਰਾਤਾਂ ਨੂੰ
ਭੇੜੀਆਂ ਦੀ ਹੂਕ ਚ
ਉਦਾਸੀ ਹੀ ਗਾਉਂਦੀ ਹੈ
ਥਕਿਆਂ ਹਾਰਿਆਂ ਦਾ
ਰੱਬ ਦੇ ਮਾਰਿਆਂ ਦਾ
ਸਦਾ ਖਿਆਲ ਰੱਖਦੀ
ਉਦਾਸੀ ਸਾਨੂੰ ਸਦਾ ਖੁਸ਼ ਰਹਿਣ ਲਈ
ਅਸੀਸ ਦੇਂਦੀ

ਇੱਕ ਹੋਰ ਕਵਿਤਾ ਦੇ ਪਾਠ ਤੋਂ ਪਤਾ ਲੱਗ ਜਾਵੇਗਾ  ਕਿ ਉਸ ਦੇ ਅੰਦਰ ਹੈ ਕੀ ?

ਤੇਰੇ ਬਿਨ ਮੈਂ
ਖਲਾਅ ਚ ਭਟਕਦਾ ਹਨੇਰਾ ਹਾਂ
ਤੇਰੇ ਬਿਨ ਮੈਂ
ਪੱਥਰ ਹਾਂ ਨਦੀ ਦੀ ਧਾਰ ਤੋਂ ਦੂਰ ਪਿਆ
ਤੇਰੇ ਬਿਨ ਮੈਂ
ਧੁੱਪ ਦੇ ਪੈਰਾਂ ਹੇਠ ਆਇਆ ਪਰਛਾਵਾਂ ਹਾਂ
ਤੇਰੇ ਬਿਨ ਮੈਂ
ਰਾਗ ਹਾਂ ਸਾਜ਼ਾਂ ਦੇ ਟੁੱਟਣ ਦੀ ਉਡੀਕ ਕਰਦਾ
ਤੇਰੇ ਬਿਨ ਮੈਂ
ਮਾਰੂਥਲ ਹਾਂ ਹਰਿਆਲੀ ਨੂੰ ਯਾਦ ਕਰਦਾ
ਤੇਰੇ ਬਿਨ ਮੈਂ
ਤੇਰੀ ਮੜੀ਼ ਤੇ ਵਰਦਾ ਮੀਂਹ ਹਾਂ
ਤੇਰੇ ਬਿਨ ਮੈਂ
ਢਹਿੰਦੇ ਗੁੰਮਦ ਅੰਦਰ ਹੂੰਗਰ ਹਾਂ ਕਬੂਤਰਾਂ ਦੀ
ਤੇਰੇ ਬਿਨ ਮੈਂ
ਮਰ ਗਏ ਗੀਤ ਤੇ ਚੀਕ ਚਿਹਾੜਾ ਹਾਂ ਚਿੜੀਆਂ ਦਾ
ਤੇਰੇ ਬਿਨ ਮੈਂ ਓਹ ਨਹੀਂ ਜੋ ਹੁੰਦਾ ਸੀ।

ਉਸ ਦੀ ਯਾਦ ਨੂੰ ਸਦੀਵੀ ਬਣਾਉਣ  ਲਈ ਉਸ ਦੀਆਂ ਸਾਰੀਆਂ ਕਵਿਤਾਵਾਂ ਨੂੰ ਕਿਤਾਬ “ਅਸਾਂ ਜਾਣਾ ਅਣਡਿੱਠੜੇ ਦੇਸ਼”  ਵਿੱਚ ਸਾਂਭਣ ਦਾ ਉਪਰਾਲਾ ਕੀਤਾ ਜਾ ਰਿਹਾ । ਉਹ ਮੌਤ ਨੂੰ ਵਾਜਾਂ ਮਾਰਦਾ ਹੈ।”ਸ਼ਾਮਾਂ ਪੈ ਗਈਆਂ!ਕਵਿਤਾ ਵਿੱਚ ਉਸ ਨੇ ਮੌਤ ਨੂੰ ਲੈ ਕੇ  ਕੋਈ ਰੁਦਨ ਨਹੀਂ ਕੀਤਾ ਸਗੋਂ ਉਸ ਨੂੰ ਮੌਤ ਨੂੰ ਮਿਲਣ ਦਾ ਚਾਅ ਈ ਬੜਾ।ਉਸ ਨੇ ਆਪਣੀ ਕਵਿਤਾਵਾਂ  ਵਿੱਚ ਇਹ ਬੜੇ ਵਿਸ਼ਵਾਸ਼ ਨਾਲ ਕਿਹਾ ਕਿਹਾ ਕਿ ਉਸ ਨੇ ਮਰ ਕੇ ਕਿਤੇ ਵੀ ਨਹੀਂ  ਜਾਣਾ ।ਉਸਦਾ  ਇਹ ਪੱਕਾ ਵਿਸ਼ਵਾਸ ਉਸ ਦੀਆਂ ਕਵਿਤਾਵਾਂ ਵਿੱਚ ਥਾਂ ਥਾਂ ਪਿਆ । ਉਸ ਨੇ ਆਪਣੇ ਮਰਨ ਤੋਂ ਬਾਅਦ ਦਾ ਪੱਕਾ ਪਤਾ  ਦੱਸਿਆ ਅਤੇ ਕਿਹਾ ਉਹ  ਤਿੱਤਲੀਆਂ ਦੀਆਂ ਨਜ਼ਰਾਂ ਨੂੰ ਰੰਗਾਂ ਦਾ ਖ਼ਤ ਲਿਖਦਾ ਇੱਥੇ ਹੀ ਕਿਤੇ ਮਿਲ ਜਾਵਾਗਾ । ਹਰਨੇਕ ਆਪਣੀ ਕਵਿਤਾ ਵਿੱਚ ਮੌਤ ਦੇ ਰਹੱਸ ਨੂੰ ਬੜੇ ਵੱਖਰੇ ਅੰਦਾਜ਼  ਇੰਝ ਪੇਸ਼ ਕਰਦਾ ਜਿਵੇਂ  ਉਸ ਨੂੰ  ਮਿਲਣ ਦਾ ਚਾਅ ,ਹੱਦਾਂ ਬੰਨੇ ਟੱਪ ਰਿਹਾ ਹੋਵੇ ,ਮੌਤ ਉਸਦੇ ਲਈ ਕਈ ਵਿਛੋੜਾ ਨਹੀਂ ਸਗੋਂ ਮਿਲਣ ਦਾ ਇਕ ਇਲਾਹੀ ਅਗੰਮੀ ਪਲਾਂ ਦਾ ਅਹਿਸਾਸ ਹੈ ।ਹਰਨੇਕ ਦੀ ਕਵਿਤਾ ਉਸ ਦੀ ਉਸ ਧੁਰ ਅੰਦਰਲੇ ਵਿਅਕਤੀਤਵ ਦਾ ਪ੍ਰਤੀਬਿੰਬ ਹੈ ਜੋ ਉਸ  ਨੇ ਜੀਵਿਆ ਅਤੇ ਜਿਸ ਨੂੰ ਉਹ  ਜਿਊਣਾ ਚਾਹੁੰਦਾ ਸੀ । ਜਿਸ ਕਰਕੇ ਉਸ ਨੇ ਜ਼ਿੰਦਗੀ ਨੂੰ ਹੋਰ ਨੇੜਿਓਂ ਵੇਖਣ ਦੀ ਦਿਵ ਦਿ੍ਸ਼ਟੀ ਸਿੱਖ ਲਈ । ਜਿੰਨ੍ਹਾਂ ਚੌਖਟਿਆਂ ਵਿੱਚ ਉਸ ਨੂੰ ਬਦੋਬਦੀ ਫਿੱਟ ਕਰਨ ਦੀ ਕੌਸ਼ਿਸ਼ ਕੀਤੀ ਜਾਂਦੀ ਉਹ ਛੋਟੇ ਪੈਣ ਲੱਗ ਪੈਂਦੇ ਸੀ।ਉਸ ਵੱਲੋਂ ਜਿਨ੍ਹੀ ਵਾਰ ਜ਼ਿੰਦਗੀ ਦੇ ਨਾਲ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹ ਉਨ੍ਹੀਂ ਵਾਰ ਬੇਤਾਲਾਂ ਹੋ ਜਾਂਦਾ । ਜਿਸ ਕਰਕੇ ਉਸ ਦੇ ਆਪਣੇ ਵੀ ਉਸ ਤੋਂ  ਮੂੰਹ ਮੋੜ ਬਹਿੰਦੇ । ਹਮੇਸ਼ਾ ਧੁਰ ਅੰਦਰੋਂ ਸਿਰਜਣਾ  ‘ਚ ਰਹਿਣ ਵਾਲੇ  ਹਰਨੇਕ ਨਾਲ ਆਖਰੀ ਮੁਲਾਕਾਤ ਉਸ ਦੇ ਜਨਮ ਦਿਨ 13 ਸਤੰਬਰ 2022 ਤੋਂ ਇੱਕ ਦਿਨ ਪਹਿਲਾਂ ਹੋਈ।ਉਸ ਦਿਨ ਅਸੀਂ ਰਾਤ ਨੂੰ ਉਸ ਦੇ ਬੁਲਾਵੇ ਤੇ ਚੰਡੀਗੜ੍ਹ ਪਹੁੰਚੇ ਸਾਂ । ਅਸਲ ਵਿੱਚ ਕੁੱਝ ਦਿਨ ਪਹਿਲਾਂ ਮੈਂ ਚੰਡੀਗੜ੍ਹ ਗਿਆ ਸਾਂ ਪਰ ਉਸ ਨੂੰ ਮਿਲ ਕੇ ਨਹੀਂ ਸੀ ਆਇਆ।ਜਿਸ ਦਾ ਉਸ ਨੇ ਬਹੁਤ ਬੁਰਾ ਮਨਾਇਆ ਸੀ ਅਤੇ ਕਿਹਾ ਸੀ ਕਿ ਮੈਨੂੰ ਪਤਾ ਤੂੰ ਮੈਨੂੰ ਕਿਉਂ ਨਹੀਂ ਮਿਲ ਕੇ  ਗਿਆ ।ਉਸ ਨੇ ਬੜੀ ਤਲਖੀ ਪਰ ਪਿਆਰ ਨਾਲ  ਇਹ ਗਿਲਾ ਕੀਤਾ ਸੀ । ਮੈਂ ਅਗਲੇ ਹੀ ਦਿਨ ਫਿਰ ਸਵੇਰੇ ਦੇ ਸਮੇਂ ਅੰਮ੍ਰਿਤਸਰ ਤੋਂ  ਚੰਡੀਗੜ੍ਹ  ਜਾਣਾ ਸੀ ਪਰ ਉਸ ਦੇ ਕਹਿਣ ਤੇ ਅਸੀਂ ਰਾਤ ਨੂੰ ਹੀ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾ ਲਿਆ । ਅੰਮ੍ਰਿਤਸਰ ਤੋਂ ਅਸੀਂ ਦੇਰ ਸ਼ਾਮ ਨੂੰ ਚੱਲੇ ਸਾ ਅਤੇ ਰਾਤ ਦੇ 12 ਵਜੇ ਚੰਡੀਗੜ੍ਹ ਪਹੁੰਚੇ ਸਾਂ। ਉਸ ਨੇ ਸਾਡੀਆਂ ਲੋੜਾਂ ਅਨੁਸਾਰ ਸਾਰੇ ਪ੍ਰਬੰਧ ਕੀਤੇ ਸਨ । ਉਹ  ਰਾਤ ਦੇ 2 ਵਜੇ ਤੱਕ ਸਾਡੇ ਕੋਲ ਰਿਹਾ । ਉਸ ਰਾਤ ਉਸ ਨੇ “ਤੇਰਾ ਚੇਤਿਆਂ ‘ਚੋ ਢਲ ਰਿਹਾ  ਨਾਮ ਹੌਲੀ  ਹੌਲੀ …
ਤੇਰੇ ਮੁੱਖ ਵਾਲਾ ਜਦੋਂ ਦਾ ਗਵਾਚ ਗਿਆ ਸ਼ੀਸ਼ਾ
ਮੈਨੂੰ ਭੁੱਲ ਰਹੀ ਆਪਣੀ ਪਹਿਚਾਣ ਹੌਲੀ -ਹੌਲੀ …” ਬੜੇ ਵੇਗ ਵਿੱਚ ਆ ਕੇ ਤਰੁੰਨਮ ਵਿੱਚ ਸੁਣਾਇਆ ਸੀ।ਰਾਤ ਨੂੰ ਸਵੇਰੇ ਫਿਰ ਮਿਲਣ ਦਾ ਵਅਦਾ ਕਰਕੇ ਚਲੇ ਗਿਆ । ਅਗਲੇ ਦਿਨ ਉਸ ਦਾ ਜਨਮ ਦਿਨ ਸੀ।ਅਸੀਂ ਉਸ ਦਾ ਜਨਮ ਦਿਨ ਸੈਲੀਬਰੇਟ ਕਰਨਾ ਚਹੁੰਦੇ ਸੀ ਪਰ ਉਸ ਨੂੰ ਆਪਣੇ ਜਨਮ ਦਿਨ ਦਾ ਕੋਈ  ਚਾਅ ਨਹੀਂ ਸੀ । ਉਹ ਕਹਿੰਦਾ ਜਿਸ ਦਿਨ ਅੰਮ੍ਰਿਤਸਰ ਆਵਾਗਾ ਉਸ ਦਿਨ ਹੀ ਜਨਮ ਦਿਨ ਮਨਾ ਲਵਾਗੇ । ਉਹ ਕੁੱਝ ਦਿਨਾਂ ਬਾਅਦ  ਅੰਮ੍ਰਿਤਸਰ ਆਇਆ ਵੀ ਪਰ ਮੈਨੂੰ ਮਿਲੇ ਬਿਨਾਂ  ਹੀ ਚਲੇ ਗਿਆ ।ਮੈਨੂੰ ਸਤਪਾਲ ਸਿੰਘ ਸੋਖੀ  ਤੋਂ  ਪਤਾ ਲੱਗਿਆ  ਸੀ ।ਜਿਸ ਦੀ ਅਜੇ ਉਸ ਨਾਲ ਇੱਕ ਹੀ ਮਿਲਣੀ  ਮੇਰੇ ਨਾਲ ਚੰਡੀਗੜ੍ਹ ਵਿੱਚ ਹੋਈ ਸੀ । ਮੈਂ ਕਿਹਾ  ਇਹ ਹੋ ਨਹੀਂ ਸਕਦਾ । ਮੈਂ ਭਾਜੀ ਸੋਖੀ ਨਾਲ ਸ਼ਰਤ ਰੱਖ ਲਈ । ਮੈਂ  ਸਮਝਦਾ ਸੀ ਉਸ ਨੂੰ  ਭੁਲੇਖਾ  ਲੱਗਾ ਹੋਣਾ। ਫੋਨ  ਮਿਲਾਇਆ  ਗਿਆ …ਤਾਂ  ਉਸ ਨੇ ਕਿਹਾ  ਮੈਂ  ਆਇਆ …ਮੈਂ  ਸ਼ਰਤ ਹਾਰ ਗਿਆ…ਉਸ ਕਿਹਾ  ਇਸ ਦਾ ਇੱਕੋ ਹੱਲ ਈ ਮੁਆਫੀ ਮੰਗ ਲਾ ..ਤੇ ਮੈਂ ਮੁਆਫੀ ਮੰਗ ਲਈ।
***
ਭਾਬੀ  ਜਸਬੀਰ ਨੇ ਕਈ ਵਾਰ ਦੱਸਿਆ ਉਸ ‘ਤੇ ਕਈ ਵਾਰ ਕੋਈ  ਵੀ ਦਵਾਈ ਕਾਟ ਨਹੀਂ  ਕਰਦੀ। ਮੈਂ ਕਿਹਾ ਭਾਬੀ ਜੀ ਇਸ ਦੀਆਂ ਬਿਮਾਰੀਆਂ ਦਾ ਤੋੜ  ਦਵਾਈਆਂ ਨਹੀਂ  ਕਵਿਤਾਵਾਂ ਨੇ , ਸ਼ਬਦ ਨੇ ਇਸ ਨੂੰ ਸ਼ਬਦਾਂ ਨਾਲ ਜੁੜਨ ਦਿਓ  ਪਰ ਉਹ ਸ਼ਬਦਾਂ ਤੋਂ ਅਗਾਂਹ ਕਿਸੇ ਹੋਰ ਨਾਲ ਜੁੜਨ ਲਈ ਕਾਹਲਾ ਸੀ ।  ਉਸ ਨੂੰ ਜਿਹੜਾ ਵੀ ਮਿਲਦਾ ਉਸ ਦਾ ਹੋ ਜਾਂਦਾ ਪਰ ਜਦੋਂ ਉਸ ਦਾ ਖਰੂਦੀ ਸੁਭਾਅ ਦੇ ਦਰਸ਼ਨ ਹੁੰਦੇ ਤਾਂ ਦੋਸਤਾਂ ਨੂੰ ਵੀ  ਉਸ ਤੋਂ  ਆਪਣਾ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ । ਖਰੂੰਦੀ  ਸੁਭਾਅ ਦੇ ਬਾਵਜੂਦ ਵੀ ਕੁਝ ਦੋਸਤ ਉਸ ਦੇ ਨਾਲ ਉਸ ਦਾ ਪਰਛਾਵਾਂ ਬਣ ਕੇ ਨਿਭਦੇ ਰਹੇ ।ਉਸਦੇ ਅੰਦਰ ਇਕ ਦੋਸਤੀ ਦਾ ਦੀਵਾ ਜਗਾਉਂਦੇ ਰਹੇ ਤੇ ਉਹ ਉਸ ਦੋਸਤੀ ‘ਚ ਤੇਲ ਤਾਂ ਪਾਉਂਦਾ , ਨਾਲ ਵੱਟੀ ਬਣਕੇ ਵੀ ਬਲਦਾ ਰਿਹਾ ।   ਦੋਸਤਾਂ ,ਮਿੱਤਰਾਂ,ਰਿਸ਼ਤੇਦਾਰਾਂ,ਆਂਢੀਆਂ ,ਗੁਆਂਢੀਆਂ ,ਪਸ਼ੂ-ਪੰਛੀਆਂ  ਨੂੰ ਵੀ ਉਨ੍ਹਾਂ ਦਾ ਹੱਕ  ਦੇਣ ਲਈ  ਤਰਲੋਮੱਛੀ ਹੋਇਆ  ਰਹਿੰਦਾ । ਉਹ ਆਪਣੀ ਕਵਿਤਾ ਵਿੱਚ  ਆਪ ਲਿਖਦਾ ਹੈ ਕਿ ਉਸ ਨੂੰ “ਵਿਹੜੇ ਵਿੱਚ ਲੱਗੇ ਬੂਟੇ, ਕੀੜਿਆਂ ਦੇ ਭੌਣ ਵੀ , ਲੱਗਣ ਮੈਨੂੰ ਆਪਣੇ ਹੀ , ਵੱਸਦੇ ਘਰ ਦੇ ਜੀਅ।” ਉਸ ਦੀ  ਗਲੀ ‘ਚ  ਘੁੰਮਦੇ ਆਵਾਰਾ ਕੁੱਤੇ ਵੀ ਉਸ ਦੇ ਮਿੱਤਰ ਸੀ ।ਅਵਾਰਾ  ਗਾਂਵਾਂ ਉਸ ਨੂੰ ਵੇਖ ਕੇ ਖਲੋ ਜਾਂਦੀਆਂ, ਪਾਲਤੂ ਕੁੱਤੇ ਨੂੰ ਉਹ ਆਪਣਾ ਸ਼ਰਾਰਤੀ ਬੱਚਾ ਦੱਸਦਾ ਸੀ ਅਤੇ ਫੋਨ ਤੇ ਉਸ ਨਾਲ ਗੱਲਾਂ ਵੀ ਕਰ ਲੈਂਦਾ ,  ਚਿੜੀਆਂ ਉਸਦੇ ਮੋਢਿਆਂ ਤੇ ਬੈਠ ਜਾਂਦੀਆਂ , ਉਸ ਦਾ ਪਾਲਤੂ ਤੋਤਾ  ਉਸ ਦੇ ਨਾਲ  ਸਵੇਰੇ ਦਾ , ਦੁਪਹਿਰ ਦਾ ਅਤੇ ਰਾਤ ਦਾ ਉਸ ਦੇ ਟੇਬਲ ਤੇ ਬੈਠ ਕੇ ਖਾਣਾ ਖਾਂਦਾ । ਉਹ ਖਾ ਪੀ ਕੇ ਖਿੜਕੀ ਥਾਣੀ ਬਾਹਰ  ਅਸਮਾਨ ਵਿੱਚ ਉਡ ਜਾਂਦਾ ।ਫਿਰ ਜਦੋੰ ਜੀ ਕਰਦਾ ਆਣ ਕੇ ਖਿੜਕੀ ਦਾ ਸ਼ੀਸ਼ਾ ਖੜਕਾਉੰਦਾ ਤੇ ਅੰਦਰ  ਆ ਜਾਂਦਾ ।ਉਸ ਦੇ ਸਾਹਮਣੇ ਬੈਠ ਕੇ ਉਸ ਨਾਲ ਗੱਲਾਂ ਕਰਦਾ । ਇੱਕ ਦਿਨ ਮੈਂ  ਉਸ ਕੋਲ ਹੀ ਬੈਠਾ ਸਾਂ । ਮੈਂ  ਉਸ ਨੂੰ ਪੁੱਛਿਆ ਇਹ ਤੈਨੂੰ ਕੀ ਕਹਿੰਦਾ …ਉਹ ਕਹਿੰਦਾ ਇਹਦਾ  ਭੈਣ ਚੋ ਦਾ  ਇੱਕ ਤੋਤੀ ਤੇ ਦਿਲ ਆ ਗਿਆ … ਉਹ ਮੰਨਦੀ ਨਹੀਂ ਆ…ਪੁੱਛਦਾ ਕੀ ਕਰਾ… ਸਾਰੀ ਦਿਹਾੜੀ ਉਸ ਦੇ ਮਗਰ ਉਡਾਰੀਆਂ ਲਾਉਣ ਤੋਂ ਬਾਅਦ  ਮੇਰੇ ਕੋਲ  ਆ ਕੇ ਰੋੰਦਾ…ਦੱਸ ਮੈਂ ਕੀ ਕਰਾ…ਮੈਂ ਬੜੇ ਗੁਰ ਦੱਸਦਾ …ਪਰ ਅੱਗੋਂ ਇਹ ਸਿਰ ਮਾਰ ਜਾਂਦਾ । ਦੋ ਕੁ ਦਿਨਾਂ ਬਾਅਦ  ਉਹ ਸੱਚੀ ਆਪਣੇ ਨਾਲ ਤੋਤੀ ਲੈ ਕੇ ਅ ਗਿਆ । ਫਿਰ ਉਨ੍ਹਾਂ ਦੋਵਾਂ ਦਾ ਘਰ ਵਿੱਚ ਆਉਣ- ਜਾਣਾ ਸ਼ੁਰੂ ਹੋ ਗਿਆ । ਇੱਕ ਦਿਨ ਦੋਵੇਂ ਉਸ ਦੇ ਮੋਢੇ ਤੋਂ ਉਡ ਕੇ ਗਏ ਤੇ ਫਿਰ ਵਾਪਸ ਨਹੀਂ  ਆਏ । ਖੁਰਕ ਖਾਦੇ ਕੁਤਿਆਂ ਦੇ ਜ਼ਖ਼ਮਾਂ ਚ ਕੀੜੇ ਮਾਰਨ ਵਾਲਾ ਤੇਲ ਪਾਉਦਾ ,ਸੜਕਾਂ ਕੰਢੇ ਠੰਢ ਵਿੱਚ ਠਰਦੇ ਲੋਕਾਂ ਤੇ ਰਜਾਈਆਂ ,ਕੰਬਲ ਦਿੰਦਾ , ਚੁੱਪ ਕਰਕੇ ਉਨ੍ਹਾਂ ਕੋਲ ਖਾਣ ਪੀਣ ਵਾਲੀਆਂ ਚੀਜ਼ਾਂ ਰੱਖਦਾ , ਕਈ ਵਾਰ ਦੇਰ ਰਾਤ ਤੱਕ  ਉਨ੍ਹਾਂ ਕੋਲ ਬੈਠ ਜਾਂਦਾ। ਉੰਝ ਕਵਿਤਾ ਵਿੱਚ ਇਸ ਦੇ ਉਲਟ  ਕਹਿੰਦਾ ਹੈ ; ਸਰਦ ਰਾਤਾਂ ਵਿੱਚ ਫੁੱਟਪਾਥਾਂ ਤੇ ਸੁਤਿਆਂ ਨੂੰ  ਵੇਖ ਕਿ ਅੱਖ ਚ ਨਮੀ ਨਹੀਂ ਆਉਂਦੀ ।”ਕਈ ਵਾਰ ਕਿਸੇ ਹੋਰ ਨੂੰ ਦੇਣ ਲਈ ਕਿਸੇ ਹੋਰ ਅੱਗੇ  ਹੱਥ ਅੱਡ-ਅੱਡ ਕੇ ਮੰਗਦਾ। ਉਸ ਨੂੰ ਹਰ ਦਿਨ ਹਰ ਪਲ ਇੰਝ ਲੱਗਦਾ ਸੀ ਜਿਵੇਂ ਉਹ ਮੌਤ ਵੱਲ ਜਾ ਰਿਹਾ,ਤਾਂ ਹੀ ਉਹ  ਮਿੱਤਰਾ ਨੂੰ ਆਵਾਜ਼ਾਂ ਮਾਰਦਾ ਕਿ ਆਓ !  ਮੈਨੂੰ ਮਿਲੋ !! ਮੇਰੇ ਨਾਲ ਗੱਲਾਂ ਕਰੋ,ਪਿਆਰ ਦੀਆਂ ,ਮੁਹੱਬਤ ਦੀਆਂ, ਸ਼ਾਇਰੀ ਦੀਆਂ, ਸਾਹਿਤ ਦੀਆਂ ।ਉਹ ਰਿਸ਼ਤਿਆਂ ਦੇ ਨਿੱਘ ਵਿਚ ਗੜੁਚ ਹੋਰ ਵੀ ਕਈਆਂ ਦਾ ਸੀ। ” ਆਉਣੇ ਨਹੀਓ ਫੇਰ , ਇਹ ਪਲ ਨਾ ਠਹਿਰਣੇ , ਹੋਰ ਸਜ਼ਾ ਕੀ ਦੇਣੀ ਤੇਰੇ ਸ਼ਹਿਰ ਨੇ।” ਉਸ ਦਾ ਜਾਣਾ,  “ਮਾਪੇ ਤੈਨੂੰ ਘੱਟ ਰੋਣਗੇ, ਬਹੁਤੇ ਰੋਣਗੇ ਦਿਲਾਂ ਦੇ ਜਾਨੀ” ਵਾਂਗ ਹੈ।ਉਸ ਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ  ਹੈ ਕਿ ਉਸ ਦਾ  ਫਿਕਰ ਕਰਨ ਵਾਲੇ ਦੋਸਤਾਂ ਨੂੰ ਲੋਹੜੀ ਦਾ ਨਿੱਘ ਅਤੇ ਦਿਵਾਲੀ ਦੀ ਰੋਸ਼ਨੀ ਉਨ੍ਹਾਂ ਦਾ ਰਾਹ ਦਸੇਰਾ ਬਣੇ ਕਹਿੰਦਾ  ਇਹ ਵੀ ਕਹਿੰਦਾ ਹੈ; ਮੇਰੀਆਂ ਹੱਥੇਲੀਆਂ ਵਿੱਚ ਕਿੱਲ ਠੋਕਣ ਤੋਂ  ਪਹਿਲਾਂ , ਮੇਰੇ ਹੱਥਾਂ ਦੀਆਂ ਲਕੀਰਾਂ ਜ਼ਰੂਰ ਪੜ੍ਹਨਾ, ਜਿੰਨ੍ਹਾਂ ਵਿੱਚ ਤੁਹਾਡੀ ਲੰਬੀ ਉਮਰ ਦੀਆਂ ਦੁਆਵਾਂ ਲਿਖੀਆਂ ।”ਉਹ ਭਾਵੇਂ ਚੰਡੀਗੜ੍ਹ ਰਹਿੰਦਾ ਸੀ ਪਰ ਫੇਰ ਵੀ ਸਾਰਿਆਂ ਦੇ ਨੇੜੇ ਸੀ ।ਹਰਨੇਕ ਅੱਜ ਸਰੀਰਕ ਤੌਰ ਤੇ ਨਹੀਂ ਪਰ ਉਹ ਆਪਣੀਆਂ ਕਵਿਤਾਵਾਂ ਕਰਕੇ  ਉਨ੍ਹਾਂ ਹੀ ਨੇੜੇ ਰਹੇਗਾ ਜਿੰਨ੍ਹਾਂ ਉਹ ਸੀ।ਹਰਨੇਕ ਕੋਲ ਜੇ ਅਮੀਰੀ ਸੀ ਤਾਂ ਨਾਲ ਫਕੀਰੀ ਵੀ ਸੀ।ਉਸ ਨੇ ਆਪਣੇ  ਵੱਡੇ ਭਰਾ ਦੀ ਅਰਥੀ ਨੂੰ  ਮੋਢਾ ਦਿੱਤਾ  ਅਤੇ ਫਿਰ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਵਿਖਾਈ ਪਰ ਉਹ ਡੋਲਿਆ ਨਹੀਂ।ਉਸ ਭਾਣਾ  ਮੰਨਿਆ ।ਉਹ ਰਾਜਿਆਂ ਵਾਂਗ ਜੀਵਿਆ  ।ਉਹ ਆਪਣੇ ਆਪ ਨੂੰ ਰਾਜ ਕੁਮਾਰ ਦੱਸਦਾ ਤੇ ਆਪਣੇ ਪਿਤਾ ਨੂੰ ਰਾਜਾ ਦੱਸਦਾ।ਪਿਤਾ ਦੇ ਨਾਲ ਕਿਸੇ ਨਾ ਕਿਸੇ ਗੱਲ ਤੋਂ ਆਪਣੇ ਸਿੰਗ ਫਸਾਈ ਰੱਖਦਾ । ਪਿਓ ਕੁਝ ਕਹਿੰਦਾ, ਪੁੱਤ ਕੁਝ ਕਰਦਾ ।ਜੱਟ ਦਾ ਪੁੱਤ ਸ਼ਬਦਾਂ ਦੀ ਖੇਤੀ ਕਰਨ ਲੱਗ ਪਿਆ । ਉਹ  ਪੈਲੀ ਵਿੱਚ ਸ਼ਬਦਾਂ ਦੇ ਬੀਜ ਬੀਜਣ ਲੱਗ ਪਿਆ। ਜਿੱਥੇ ਕਵਿਤਾ ਉੱਗਦੀ ,ਗਜ਼ਲਾਂ  ਉਗਦੀਆਂ, ਗੀਤ  ਉਗਣ ਲੱਗ ਪਏ ।ਉਸ ਦੇ ਪਰਿਵਾਰ ਦਾ ਦੂਰ ਕਿਤੇ ਵੀ ਸਾਹਿਤ ਕੋਈ ਵੀ ਸਬੰਧ ਨਹੀਂ ਸੀ। ਉਸ ਨੂੰ ਸਾਹਿਤ ਦੀ  ਗੁੜ੍ਹਤੀ ਘਾਹ ਦੀਆਂ ਤਿੜਾਂ ਚਿੱਥ ਦਿਆਂ ਮਿਲੀ।ਉਚੇਰੀ ਸਿੱਖਿਆ ਪ੍ਰਾਪਤ ਕਰਦਿਆਂ ਹੀ ਉਸ ਨੂੰ ਨੌਕਰੀ ਵੀ ਮਿਲ ਗਈ। ਉਹ ਜ਼ਿੰਦਗੀ ਦੇ ਨਹੀਂ ਸਗੋਂ ਮੌਤ ਦੇ ਪੱਟਾਂ  ‘ਤੇ ਥਾਪੀ ਮਾਰ  ਦਾ ਸੀ । ਹਰਨੇਕ ਧੁਰ ਅੰਦਰੋਂ ਅਤਿ ਸੰਵੇਦਨਸ਼ੀਲ ਸੀ ਦੂਜਾ ਉਹ ਸਾਹਿਤ  ਸਿਰਜਣਾ ਦੇ ਰਾਹ ਪੈ ਗਿਆ । ਸਿਰਜਣਾ ਨੂੰ ਕਿਸੇ ਤਪੱਸਿਆ ਤਾਂ ਘੱਟ ਨਹੀਂ ਸਮਝਿਆ ਗਿਆ।ਸਿਰਜਣਾ ਦੇ ਰਾਹ ਪਿਆ ਸਿਰਜਕ ਕਈ ਤਰ੍ਹਾਂ ਦੇ ਦੁੱਖ ਹੁੰਡਾਉੰਦਾ ਕਈ ਵਾਰ ਮਰਦਾ ਕਈ ਵਾਰ ਜਿਉਂਦਾ । ਇਹ ਕਈ ਲੇਖਕਾਂ ਸਾਂਝਾ ਕੀਤਾ ।ਹਰਨੇਕ  ਜਿਹਨਾਂ ਦਿਨਾਂ ਚ ਜਵਾਨੀ ਦੀਆਂ  ਪੌੜੀਆਂ ਚੜ੍ਹ ਰਿਹਾ ਸੀ ਉਨ੍ਹਾਂ ਦਿਨਾਂ ਵਿੱਚ  ਉਸ ਦਾ ਵੱਡਾ ਭਰਾ ਭਰ ਜਵਾਨੀ ਵਿੱਚ ਅੱਤਵਾਦ ਦੀ ਭੇਟ ਚੜ੍ਹ  ਗਿਆ।ਇਹ ਉਸ ਦੀ ਉਹ  ਦੁਖਦੀ ਰਗ ਸੀ ਜਿਸ ਦੀ ਆਪੇ ਧੂਣੀ ਧਖਾਉੰਦਾ ਤੇ ਆਪੇ ਉਸ ਦੀ ਪਰਕਰਮਾ ਕਰਦਾ ਅਤੇ ਆਪੇ ਹੀ ਉਸ ਦੀ ਰਾਖ ਨੂੰ ਮੱਥੇ ਅਤੇ ਪਿੱਡੇ ਨਾਲ ਮੱਲ ਲੈੰਦਾ ਸੀ । ਇਸ ਵਿੱਚ ਉਹ ਕਿਸੇ ਨੂੰ ਸ਼ਰੀਕ ਨਹੀਂ ਸੀ ਕਰਦਾ ।ਉਸ ਦੇ ਅੰਦਰ  ਇਸ ਧੁੱਖ ਦੀ ਧੂਣੀ ਦਾ ਉਹ ਲਾਗੇ ਬੈਠੇ ਬੰਦੇ ਨੂੰ ਵੀ ਅਹਿਸਾਸ ਨਹੀਂ ਸੀ ਹੁੰਦਾ ।ਪਰ ਜਦੋਂ ਕਿਸੇ ਹੋਰ ਦੀ ਧੂਣੀ ਉਸਦੇ ਅੰਦਰ ਬਲ ਦੀ ਸੀ ਤਾਂ ਉਹ ਦਾ ਧੂੰਆਂ  ਸੱਭ ਹੱਦਾਂ ਸਰਹੱਦਾਂ ਟੱਪ  ਭਾਬੜ ਬਣ ਉਠੱਦਾ।ਜਿਸ ਨੂੰ ਆਪਣੀ ਕਵਿਤਾ ‘ਚ ਵੀ ਪਿਰਾਉੰਦਾ ਹੈ । ਬਹੁਤ ਸਾਰੀਆਂ ਵਿਕੋਲਿਤਰੀਆਂ ਕਵਿਤਾਵਾਂ  ਵਿੱਚ ਉਸ ਦੇ ਖਰੂੰਦੀ ਸੁਭਾਅ ਦਾ ਹੀ ਝਾਉਣਾ ਪੈਂਦਾ ਹੈ । ਹਰਨੇਕ ਦੇ ਵਿਵਹਾਰ ਨਾਲ ਉਲਟ ਪਲਟ ਵਾਪਰੀਆਂ ਕਈ ਘਟਨਾਵਾਂ ਅੱਖੀਂ ਨਹੀਂ ਹੱਡੀ ਹੰਡਾਉਣੀਆਂ ਪਈਆਂ। ਉਸਦੇ ਦੋਸਤ ਅਤੇ  ਅਗਾਂਹ ਦੋਸਤਾਂ ਦੇ ਦੋਸਤ ਅਤੇ ਅਗਾਂਹ ਉਸਦੇ ਦੋਸਤਾਂ ਦੇ ਦੋਸਤ ਵੀ ਉਸਦੇ ਗਲੇ ਦੇ ਹਾਰ ਬਣ ਜਾਂਦੇ ਸੀ । ਕਈ ਰਾਹ ਜਾਂਦੇ ਵੀ ਉਸਦੇ ਦੋਸਤ ਬਣ ਬਹਿਦੇ ਸੀ । ਦੋਸਤੀਆਂ  ਤੇ ਵਿਸ਼ਵਾਸ਼ ਆਤਮ ਵਿਸ਼ਵਾਸ਼ੀ ਵੀ ਹੋਇਆ ਅਤੇ  ਆਤਮਘਾਤੀ ਵੀ ਹੋਇਆ । ਉਹ ਆਪਣੇ ਚਹੁੰਣ ਵਲਿਆਂ ਦੇ ਗੁਣਾਂ ਅਤੇ  ਔਗੁਣਾਂ ਨੂੰ ਬਰਾਬਰ ਪਿਆਰ ਕਰਦਾ ਸੀ।ਉਹ ਉਨ੍ਹਾਂ ਨੂੰ ਸਮੁੱਚ ‘ਚ ਪਿਆਰ ਕਰਦਾ ਸੀ ਨਾ ਕੇ ਟੋਟਿਆਂ ਵਿੱਚ । ਉਹ ਆਪਣੇ ਯਾਰ ਦੇ  ਨਾਲ ਆਪਣੇ ਯਾਰ ਦੇ ਬਾਕੀ ਜੀਆਂ ਨੂੰ  ਵੀ ਆਪਣੀ ਬੁੱਕਲ ਵਿੱਚ ਲੈ ਲੈਂਦਾ ਸੀ । ਉਸ ਕੋਲ ਵਹੀ ਅਜਿਹੀ ਸੀ ਜਿਸ ਦਾ ਖੂਹ ਖਾਤਾ ਹੀ ਸੀ ਹੋਰ ਕੋਈ ਵਹੀਖਾਤਾ ਨਹੀਂ ਸੀ । ਉਹ ਸਿਰਫ  ਉਸ ਕੀਤੇ ਕਰਮ ਦਾ ਚੰਗਾ ਨਤੀਜਾ ਜ਼ਰੂਰ  ਚਹੁੰਦਾ ਹੁੰਦਾ ਸੀ । ਜੇ ਉਸ ਦ‍ਾ ਨਤੀਜਾ ਗਲਤ ਆ ਗਿਆ ਤਾਂ  ਉਹ  ਉਸ ਦੇ ਪੈਸਿਆਂ ਨੂੰ ਉਜਾੜਨ ਵਾਲੇ ਨੂੰ  ਆਪਣੇ ਗੋਡੇ ਥੱਲੇ ਵੀ ਲੈ ਲੈਂਦਾ ਸੀ। ਬਾਬਾ ਬਕਾਲਾ ਹਲਕੇ ਦੇ ਸੱਭ ਤੋਂ ਵੱਡੇ  ਕਾਂਗਰਸੀ ਆਗੂ ਸ੍ਰ ਜਸਬੀਰ ਸਿੰਘ ਡਿੰਪਾ ਜਦੋਂ ਉਹ ਅਜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਸਨ ਅਤੇ ਫਿਰ ਜਦੋਂ ਉਨ੍ਹਾਂ ਪਹਿਲੀ ਵਾਰ ਹਲਕਾ ਬਾਬਾ ਬਕਾਲਾ  ਤੋਂ ਚੋਣ ਲੜੀ ਤਾਂ  ਉਨ੍ਹਾਂ ਸੱਭ ਤੋਂ ਵੱਧ ਜਿੰਮੇਵਾਰੀਆਂ ਹਰਨੇਕ ਨੂੰ ਇਹ  ਕਹਿ ਕੇ ਸੌੰਪੀਆਂ ਸਨ , ” ਇਹ ਮੇਰਾ  ” ਸ਼ਾਇਰ” ਹੈ । ਮੈਂਬਰ ਪਾਰਲੀਮੈਂਟ ਸ੍ਰ ਜਸਬੀਰ ਸਿੰਘ ਡਿੰਪਾ ਉਸ ਨੂੰ  ਹਮੇਸ਼ਾ ” ਸ਼ਾਇਰ” ਕਹਿ ਕੇ ਬਲਾਉੰਦੇ ਸਨ । ਉਹ ਸਾਰੀ ਦਿਹਾੜੀ   ਉਨ੍ਹਾਂ ਨੂੰ ਭਾਅ, ਭਾਅ  ਕਹਿੰਦਾ ਨਹੀਂ  ਸੀ ਥੱਕਦਾ ।ਉਹਦਾ ਸਮਝੌਤਾ ਕਰਨਾ ਸੁਭਾਅ  ਨਹੀਂ ਸੀ।ਉਸ ਨੇ ਆਪਣੇ  ਆਪ ਨਾਲ ਵੀ ਕੋਈ  ਸਮਝੌਤਾ ਨਹੀਂ ਕੀਤਾ …ਉਹ ਕਹਿੰਦਾ ਸੀ ਜਿਊਣ ਲਈ ਮਰੀ ਥੋੜ੍ਹੀ  ਜਾਣਾ ਹੈ ।ਉਸ ਦੇ ਹੀ ਹਾਇਕੂ ਨਾਲ ਮੈਂ ਉਸ ਨੂੰ ਸਾਰੇ ਸਨੇਹੀਆਂ ਅਤੇ ਪਰਿਵਾਰ ਦੇ ਮੈਬਰਾਂ ਵੱਲੋਂ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਦਾ ਹਾਂ  ਕਿ ….ਬਾਸਮਤੀਆਂ ਦੀ ਮਹਿਕ ਤੇਰਾ ਪਤਾ ਮੰਗਦੀ, ਦੇ ਦਿਆਂ  …?

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>