ਨਵੀ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨੀ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਨਮਾਨਿਤ ਕਰਣ ਤੇ ਸੰਗਤਾਂ ਵਲੋਂ ਆਪਣੀ ਹੱਡ ਤੋੜਵੀ ਕਮਾਈ ਵਿੱਚੋ ਗੁਰੂਘਰਾਂ ਨੂੰ ਦਾਨ ਕੀਤੇ ਗਏ ਪੈਸਿਆਂ ਵਿੱਚੋ ਤਕਰੀਬਨ ਇਕ ਡੇਢ ਕਰੋੜ ਸਿਰਫ ਆਪਣੀ ਵਾਹ ਵਾਹੀ ਖੱਟਣ ਅਤੇ ਸਰਕਾਰਾਂ ਦੀ ਚਾਪਲੂਸੀ ਲਈ ਬਰਬਾਦ ਕਰ ਦਿਤੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਨੇ ਇਕ ਭਰਵੀਂ ਪ੍ਰੈਸ ਨਾਲ ਮਿਲਣੀ ਦੌਰਾਨ ਕੀਤਾ ਹੈ । ਉਨ੍ਹਾਂ ਕਮੇਟੀ ਤੇ ਦੋਸ਼ ਲਗਾਂਦਿਆਂ ਕਿਹਾ ਕੀ ਇਨ੍ਹਾਂ ਕੋਲ ਸਕੂਲਾਂ ਵਿਚ ਪੜਾ ਰਹੇ ਟੀਚਰਾਂ ਨੂੰ ਦੇਣ ਲਈ ਤਨਖਾਹ ਨਹੀਂ ਹੈ ਪਰ ਆਪਣੇ ਇਕ ਸੁਪਰ ਬਾਸ ਨੂੰ ਸੁਰਖੀਆਂ ਵਿਚ ਰੱਖਣ ਅਤੇ ਸਰਕਾਰਾਂ ਦੀਆਂ ਚਾਪਲੂਸੀਆਂ ਕਰਣ ਲਈ ਜਨਰਲ ਹਾਊਸ ਦੀ ਐਗਜ਼ੇਕਟਿਵ ਮੀਟਿੰਗ ਵਿਚ ਇਨ੍ਹਾਂ ਲਈ ਖਰਚਾ ਪਾਸ ਕੀਤੇ ਬਿਨਾਂ ਇਹ ਪ੍ਰੋਗਰਾਮ ਰੱਖ ਲਿਆ ਜੋ ਕਿ ਗੁਰਦੁਆਰਾ ਕਨੂੰਨ ਦੀ ਵੀ ਉਲੰਘਣਾ ਹੈ । ਉਨ੍ਹਾਂ ਕਿਹਾ ਇਕ ਪਾਸੇ ਇਹ ਲੋਕ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਪੀੜਿਤਾਂ ਨੂੰ ਰਾਸ਼ਨ, ਪੈਨਸ਼ਨ ਅਤੇ ਹੋਰ ਲੋੜੀਂਦੀ ਮਦਦ ਬੰਦ ਕਰੀ ਬੈਠੇ ਹਨ ਪਰ ਇਸ ਤਰ੍ਹਾਂ ਦਾ ਨਾਜਾਇਜ ਖਰਚੇ ਕਰਕੇ ਇਹ ਪੰਥ ਦੇ ਸਰਮਾਏ ਨੂੰ ਬਰਬਾਦੀ ਵਲ ਲੈ ਕੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ “ਪਿਓ ਦਾ ਪੈਸਾ ਹੈ ਮੌਜਾਂ ਮਾਣ ਲੈ ਪੁੱਤਰਾਂ” ਵਾਲਾ ਇਨ੍ਹਾਂ ਦਾ ਹਾਲ ਹੈ ਪਰ ਇਹ ਲੋਕ ਭੁਲਦੇ ਹਨ ਕਿ ਗੁਰੂਘਰਾਂ ਨੂੰ ਚੜਨ ਵਾਲਾ ਪੈਸਾ ਸੰਗਤ ਦਾ ਹੈ ਤੇ ਇਸਦੇ ਇਕ ਇਕ ਪੈਸੇ ਦਾ ਲੇਖਾ ਜੋਖਾ ਰੱਬ ਅਤੇ ਸੰਗਤ ਨੂੰ ਦੇਣਾ ਪੈਂਦਾ ਹੈ ਤੇ ਸੰਗਤ ਇਸ ਤਰ੍ਹਾਂ ਦੇ ਬੇਫਜੂਲ ਖਰਚੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਣ ਦਾ ਮਕਸਦ ਕੀ ਹੈ ਤੇ ਕੌਮ ਦਾ ਸਰਮਾਇਆ ਕਿਉਂ ਵਰਤਿਆ ਗਿਆ ਇਸ ਦਾ ਜੁਆਬ ਕਮੇਟੀ ਮੈਂਬਰਾਂ ਨੂੰ ਦੇਣਾ ਚਾਹੀਦਾ ਹੈ ਤੇ ਓਥੇ ਹਾਜਿਰ ਲੋਕਾਂ ਨੂੰ ਇਸ ਪ੍ਰੋਗਰਾਮ ਵਜੋਂ ਪੰਥ ਨੂੰ ਕੀ ਪ੍ਰਾਪਤੀ ਹੋਈ ਹੈ ਵਿਚਾਰ ਕਰਣ ਦੀ ਸਖ਼ਤ ਲੋੜ ਹੈ । ਉਨ੍ਹਾਂ ਬੀਤੇ ਦਿਨੀ ਕਮੇਟੀ ਵਲੋਂ ਇਕ ਪ੍ਰੈਸ ਮਿਲਣੀ ਵਿਚ ਦਿਤੇ ਗਏ ਬਿਆਨ ਤੇ ਕਿੰਤੂ ਕਰਦਿਆਂ ਕਿਹਾ ਕਿ ਜਦੋ ਅਦਾਲਤ ਵਲੋਂ ਮੈਂਬਰਾਂ ਦੀ ਚੋਣ ਤੇ ਹਾਲੇ ਤਕ ਕੋਈ ਫ਼ੈਸਲਾ ਨਹੀਂ ਦਿੱਤਾ ਗਿਆ ਹੈ ਤੁਸੀਂ ਕਿਸ ਤਰੀਕੇ ਓਸ ਨੂੰ ਅਦਾਲਤੀ ਫ਼ੈਸਲਾ ਦਸ ਰਹੇ ਹੋ ਜਦਕਿ ਇਸ ਮਾਮਲੇ ਵਿਚ ਅਦਾਲਤ ਅੰਦਰ ਅਗਲੀ ਸੁਣਵਾਈ 20 ਨਵੰਬਰ ਨੂੰ ਹੋਣੀ ਹੈ..? ਉਨ੍ਹਾਂ ਕਮੇਟੀ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਪੁੱਛਿਆ ਕਿ ਇਹ ਅਦਾਲਤ ਦੀ ਤੋਹੀਨ ਨਹੀਂ ਹੈ..? ਉਨ੍ਹਾਂ ਨੇ ਆਪਣੀ ਮੈਂਬਰੀ ਰੱਦ ਹੋਣ ਦੇ ਪੁਛੇ ਗਏ ਸੁਆਲ ਦੇ ਜੁਆਬ ਵਿਚ ਕਿਹਾ ਕਿ ਕਮੇਟੀ ਵਲੋਂ ਜਿਹੜਾ ਨੋਟਿਸ 87 ਲੱਖ ਰੁਪਏ ਜਮਾ ਕਰਵਾਣ ਲਈ ਭੇਜਿਆ ਗਿਆ ਸੀ ਉਸਦੀ ਅਖੀਰਲੀ ਤਰੀਕ 19 ਸੰਤਬਰ ਸੀ ਜਿਸਦੇ ਲਈ ਅਸੀਂ ਉਨ੍ਹਾਂ ਆਪਣੇ ਵਕੀਲ ਰਾਹੀ ਇਸ ਪੈਸੇ ਦੀ ਲੋੜਵੰਦਾ ਨੂੰ ਕੀਤੀ ਗਈ ਮਦਦ ਦੀ ਪੂਰੀ ਜਾਣਕਾਰੀ ਦੇਣ ਲਈ ਕਿਹਾ ਸੀ ਪਰ ਅਜ ਤਕ ਇਨ੍ਹਾਂ ਵਲੋਂ ਸਾਨੂੰ ਕੋਈ ਜੁਆਬ ਨਹੀਂ ਮਿਲਿਆ ਹੈ ਨਾਲ਼ੇ ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਕਮੇਟੀ ਦੇ ਮੈਂਬਰ ਹਾਂ ਕਮੇਟੀ ਦਾ ਕੋਈ ਵੀ ਮੁਲਾਜਮ ਕਿਸੇ ਵੀ ਮੈਂਬਰ ਨੂੰ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਸਕਦਾ ਭਾਵੇਂ ਉਹ ਕਿੰਨੇ ਵੀ ਉੱਚ ਓਹਦੇ ਤੇ ਕਿਉਂ ਨਾ ਹੋਏ ।
ਦਿੱਲੀ ਗੁਰਦੁਆਰਾ ਕਮੇਟੀ ਨੇ ਅਮਿਤ ਸ਼ਾਹ ਨੂੰ ਸਨਮਾਨਿਤ ਕਰਣ ਤੇ ਉਡਾਇ ਇਕ-ਡੇਢ ਕਰੋੜ: ਰਣਜੀਤ ਕੌਰ
This entry was posted in ਭਾਰਤ.