ਅਲਵਿਦਾ! ਪੰਜਾਬੀਅਤ ਦੇ ਮੁਦਈ ਵਿਕਾਸ ਪੁਰਸ਼ ਡਾ.ਮਨੋਹਰ ਸਿੰਘ ਗਿੱਲ

IMG_2546.resizedਪੰਜਾਬੀਆਂ ਦਾ ਮੋਹਵੰਤਾ, ਪੰਜਾਬ ਦਾ ਵਿਕਾਸ ਪੁਰਸ਼, ਪ੍ਰਸ਼ਾਸ਼ਕੀ ਕਾਰਜ਼ਕੁਸ਼ਤਾ ਦਾ ਮਾਹਿਰ ਅਤੇ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਡਾ.ਮਨੋਹਰ ਸਿੰਘ ਗਿੱਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੇ ਜਾਣ ਨਾਲ ਪੰਜਾਬ ਦੇ ਸੁਨਹਿਰੇ ਭਵਿਖ ਦੀ ਕਾਮਨਾ ਕਰਨ ਵਾਲਾ ਹਰ ਪੰਜਾਬੀ ਆਪਣੇ ਆਪ ਨੂੰ ਲਾਵਾਰਸ ਮਹਿਸੂਸ ਕਰ ਰਿਹਾ ਹੈ। ਕਲਾਕਾਰਾਂ, ਸਾਹਿਤਕਾਰਾਂ, ਖਿਡਾਰੀਆਂ, ਕਿਸਾਨਾ ਤੇ ਸੰਗੀਤਕਾਰਾਂ ਦਾ ਪ੍ਰੇਮੀ ਅਤੇ ਪੰਜਾਬੀ ਵਿਰਾਸਤ ਦਾ ਪਹਿਰੇਦਾਰ ਦਾ ਜਾਣਾ ਪੰਜਾਬੀਆਂ ਲਈ ਅਸਿਹ ਤੇ ਅਕਿਹ ਸਦਮਾ ਹੈ। ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਦੇ ਵਿਕਾਸ ਵਿੱਚ ਉਨ੍ਹਾਂ ਦੇ ਪਾਏ ਗਏ ਵਿਲੱਖਣ ਯੋਗਦਾਨ ਕਰਕੇ ਉਨ੍ਹਾਂ ਨੂੰ ਵਿਕਾਸ ਪੁਰਸ਼ ਕਿਹਾ ਜਾਂਦਾ ਸੀ। ਉਹ ਬਹੁ-ਪੱਖੀ ਸ਼ਖ਼ਸ਼ੀਅਤ ਦੇ ਮਾਲਕ ਸਨ। ਉਹ ਸਫ਼ਲ ਪ੍ਰਸ਼ਾਸ਼ਨਿਕ ਅਧਿਕਾਰੀ, ਪ੍ਰਬੁੱਧ ਸਿਆਸਤਦਾਨ, ਸੁਚੇਤ ਕੂਟਨੀਤਕ, ਵਿਦਵਾਨ ਲੇਖਕ , ਸੱਚੇ-ਸੁੱਚੇ, ਇਮਾਨਦਾਰ ਅਤੇ ਵਿਕਾਸਮੁੱਖੀ ਬਿਹਤਰੀਨ ਇਨਸਾਨ ਸਨ। ਡਾ. ਮਨੋਹਰ ਸਿੰਘ ਗਿੱਲ ਦੀ ਖਾਸੀਅਤ ਸੀ ਕਿ ਵਿਕਾਸ ਮੁੱਖੀ ਹੋਣ ਕਰਕੇ ਜਿਥੇ ਵੀ ਉਨ੍ਹਾਂ ਦੀ ਤਾਇਨਾਤੀ ਹੋਈ, ਉਨ੍ਹਾਂ ਹਰ ਖੇਤਰ ਵਿੱਚ ਆਪਣੀ ਸੋਚ ਅਨੁਸਾਰ ਨਵੀਂ ਯੋਜਨਾ ਬਣਾਕੇ ਲਾਗੂ ਕਰਕੇ ਉਸ ਨੂੰ ਨੇਪਰੇ ਚਾੜ੍ਹਿਆ। ਪੰਜਾਬ ਦੇ ਪਿੰਡਾਂ ਨੂੰ ☬ਲੰਕ ਸੜਕਾਂ ਰਾਹੀਂ ਜੋੜ ਕੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਕਰਨ ਦੀ ਸੋਚ ਪਿੱਛੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਹੁੰਦਿਆਂ ਮਨੋਹਰ ਸਿੰਘ ਗਿੱਲ ਦੀ ਸੋਚ ਕੰਮ ਕਰ ਰਹੀ ਸੀ। ਉਨ੍ਹਾਂ ਦਾ ਸ਼ੁਰੂ ਕੀਤਾ ਇਹ ਕੰਮ ਲਛਮਣ ਸਿੰਘ ਗਿੱਲ ਦੇ ਮੁੱਖ ਮੰਤਰੀ ਹੁੰਦਿਆਂ ਪੂਰਾ ਹੋਇਆ ਸੀ। ਪੰਜਾਬ ਦੇ ਵਿਕਾਸ ਕਮਿਸ਼ਨਰ ਹੁੰਦਿਆਂ ਉਨ੍ਹਾਂ ☬ਲੰਕ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨੇ ਹਮੇਸ਼ਾ ਨਵੀਂ ਤਕਨੀਕ ਨੂੰ ਪਹਿਲ ਦੇ ਆਧਾਰ ‘ਤੇ ਲਾਗੂ ਕੀਤਾ। ਉਹ ਦਬੰਗ ਪ੍ਰਸ਼ਾਸ਼ਕ ਅਤੇ ਨਿਡਰ ਸਿਆਸਤਦਾਨ ਸਨ। ਭਾਰਤ ਦੇ ਮੁੱਖ ਇਲੈਕਸ਼ਨ ਕਮਿਸ਼ਨਰ ਹੁੰਦਿਆਂ ਉਨ੍ਹਾਂ ਨੇ ਚੋਣ ਪ੍ਰਣਾਲੀ ਵਿੱਚ ਇਨਕਲਾਬੀ ਤਬਦੀਲੀਆਂ ਲਿਆਂਦੀਆਂ। ਉਨ੍ਹਾਂ ਦੀ ਇਮਾਨਦਾਰੀ ਅਤੇ ਪ੍ਰਸ਼ਾਸ਼ਕੀ ਕਾਰਜ਼ਕੁਸ਼ਲਤਾ ਨੂੰ ਮੁੱਖ ਰਖਦਿਆਂ ਤਤਕਾਲੀ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ 2004 ਵਿੱਚ ਡਾ.ਮਨੋਹਰ ਸਿੰਘ ਗਿੱਲ ਨੂੰ ਸਿਆਸਤ ਵਿੱਚ ਲਿਆਕੇ ਆਪਣੇ ਮੰਤਰੀ ਮੰਡਲ ਵਿੱਚ ਪਹਿਲਾਂ ਰਾਜ ਮੰਤਰੀ ਆਜ਼ਾਦਾਨਾ ਚਾਰਜ ਅਤੇ ਬਾਅਦ ਵਿੱਚ ਕੈਬਨਿਟ ਮੰਤਰੀ ਬਣਾਇਆ। 2010 ਵਿੱਚ ਭਾਰਤ ਵਿੱਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਨੂੰ ਸਫਲਤਾ ਪੂਰਬਕ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਪ੍ਰੰਤੂ ਕਾਂਗਰਸੀ ਦਿਗਜ਼ ਸਿਆਸਤਦਾਨਾਂ ਨੇ ਡਾ.ਮਨੋਹਰ ਸਿੰਘ ਗਿੱਲ ਦੀ ਕਾਬਲੀਅਤ ਨੂੰ ਆਪਣੇ ਰਸਤੇ ਵਿੱਚ ਰੋੜਾ ਮਹਿਸੂਸ ਕਰਦਿਆਂ ਖੇਡਾਂ ਵਿੱਚ ਕੁਝ ਲੋਕਾਂ ਵੱਲੋਂ ਕੀਤੇ ਗਏ ਭਰਿਸ਼ਟਾਚਾਰ ਦਾ ਭਾਂਡਾ ਉਨ੍ਹਾਂ ਦੇ ਸਿਰ ਮੜ੍ਹਕੇ ਦੁਬਾਰਾ ਮੰਤਰੀ ਨਹੀਂ ਬਣਨ ਦਿੱਤਾ। ਡਾ.ਮਨੋਹਰ ਸਿੰਘ ਗਿੱਲ ਦੀ ਕਾਬਲੀਅਤ ਸਰਾਪ ਬਣਕੇ ਰਹਿ ਗਈ। ਉਨ੍ਹਾਂ ਦੇ ਪਿਤਾ ਕਰਨਲ ਪ੍ਰਤਾਪ ਸਿੰਘ ਗਿੱਲ ਅਕਾਲੀ ਨੇਤਾ ਸਨ, ਉਨ੍ਹਾਂ ਨਾਲ ਵੀ ਅਕਾਲੀ ਦਲ ਨੇ ਇਸੇ ਤਰ੍ਹਾਂ ਕੀਤਾ ਸੀ। ਅਕਾਲੀ ਦਲ ਦੇ ਅੰਦੋਲਨਾਂ ਵਿੱਚ ਉਨ੍ਹਾਂ ਨੂੰ ਜੇਲ੍ਹ ਯਾਤਰਾ ਵੀ ਕਰਨੀ ਪਈ। ਇਕ ਕਿਸਮ ਨਾਲ ਅਕਾਲੀ ਦਲ ਦੇ ਸੰਕਟਮੋਚਨ ਸਨ ਪ੍ਰੰਤੂ ਅਕਾਲੀ ਦਲ ਨੇ ਵੀ ਉਨ੍ਹਾਂ ਤੋਂ ਡਰਦਿਆਂ ਕਦੀਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਸੀ। ਡਾ.ਮਨੋਹਰ ਸਿੰਘ ਗਿੱਲ ਭਾਰਤ ਸਰਕਾਰ ਦੇ ਮਹੱਤਵਪੂਰਨ ਵਿਭਾਗਾਂ ਦੇ ਮੁੱਖੀ ਅਤੇ ਹੋਰ ਕਈ ਮਹੱਤਵਪੂਰਨ ਅਹੁਦਿਆਂ ਤੇ ਰਹੇ। ਲਾਹੁਲ ਸਪਿਤੀ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਇਸ ਪਛੜੇ ਤੇ ਪਹਾੜੀ ਇਲਾਕੇ ਵਿੱਚ ਵਿਕਾਸ ਲਈ ਬਹੁਪੱਖੀ ਯਤਨ ਕੀਤੇ, ਜਿਹਨਾ ਵਿੱਚ ਅਨਪੜ੍ਹਤਾ ਦੂਰ ਕਰਨ, ਪੀਣ ਵਾਲੇ ਸਾਫ ਸੁਥਰੇ ਪਾਣੀ ਦਾ ਪ੍ਰਬੰਧ ਕਰਨਾ, ਪਹਾੜੀ ਸੜਕਾਂ ਦਾ ਨਿਰਮਾਣ ਅਤੇ ਬਰਫਾਨੀ ਗਲੇਸ਼ੀਅਰ ਤੋਂ ਸਿੰਜਾਈ ਲਈ ਪੁਲਾਂ ਦਾ ਨਿਰਮਾਣ ਕਰਨਾ ਸ਼ਾਮਲ ਹੈ। ਕਣਕ ਅਤੇ ਟਮਾਟਰਾਂ ਦੇ ਉਤਮ ਬੀਜ ਤਿਆਰ ਕਰਵਾਕੇ ਇਸ ਇਲਾਕੇ ਦੀ ਆਰਥਿਕਤਾ ਨੂੰ ਸਮੁੱਚੇ ਪੰਜਾਬ ਦੀ ਖੇਤੀ ਪ੍ਰਧਾਨ ਆਰਥਿਕਤਾ ਨਾਲ ਇੱਕਸੁਰ ਕੀਤਾ ਅਤੇ ਸਥਾਨਕ ਲੋਕਾਂ ਦੀ ਆਰਥਿਕਤਾ ਮਜ਼ਬੂਤ ਹੋਈ। ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਜੋਂ ਸ਼ਲਾਘਾਯੋਗ ਕੰਮ ਕੀਤਾ। ਇਸ ਵਿਭਾਗ ਦਾ ਵਿਆਪਕ ਢਾਂਚਾ ਵਿਕਸਤ ਕੀਤਾ। ਪੰਜਾਬ ਦੇ ਸਹਿਕਾਰਤਾ ਖੇਤਰ ਵਿੱਚ ਡਾ.ਮਨੋਹਰ ਸਿੰਘ ਗਿੱਲ ਦੇ ਯੋਗਦਾਨ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਕੌਮੀ ਸਹਿਕਾਰਤਾ ਵਿਕਾਸ ਨਿਗਮ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ। ਫਿਰ ਉਨ੍ਹਾਂ ਦੇ ਕੰਮ ਦੀ ਕਾਰਜਕੁਸ਼ਲਤਾ ਨੂੰ ਵੇਖਦੇ ਹੋਏ ਵਿਸ਼ਵ ਬੈਂਕ ਨਾਈਜੇਰੀਆ ਦੇ ਸਕੇਟੋ ਖੇਤੀਬਾੜੀ ਵਿਕਾਸ ਯੋਜਨਾ ਦਾ ਮੈਨੇਜਰ ਲਗਾਇਆ ਗਿਆ। ਇਸ ਪ੍ਰੋਗਰਾਮ ਦੇ ਘੇਰੇ ਵਿੱਚ  ਕਾਨੂੰ, ਬਾਅਚੀ ਅਤੇ ਸਕੇਟੋ ਦੇ ਖੇਤਰ ਆਉਂਦੇ ਸਨ। ਇਸ ਪ੍ਰਾਜੈਕਟ ਦੀ ਮੈਨੇਜਰੀ ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਅਵਿਸ਼ੇਤ (ਗੋਰਾ) ਅਧਿਕਾਰੀ ਸਨ। ☬ੲੱਕ ਕਿਸਮ ਨਾਲ ਉਹ ਨਾਈਜੇਰੀਆ ਦੇ ਵਿਸ਼ਾਲ ਖੇਤਰ ਦਾ ਸੁਪਰ ਵਿਕਾਸ ਕਮਿਸ਼ਨਰ ਸਨ। ਉਨ੍ਹਾਂ ਨੇ ਨਾਈਜੇਰੀਆ ਵਰਗੇ ਗ਼ਰੀਬ ਦੇਸ਼ ਲਈ ਬਹੁਤ ਹੀ ਢੁਕਵੀਂ ਤੇ ਸਸਤੀ ਭਾਰਤੀ ਤਕਨੀਕ ਦੀ ਵਰਤੋਂ ਕੀਤੀ, ਜਿਸ ਨਾਲ ਵਿਤੀ ਫ਼ਜੂਲ ਖ਼ਰਚੀ ਤੋਂ ਬਚਾਓ ਹੋ ਸਕਿਆ। ਵਿਸ਼ਵ ਬੈਂਕ ਨੇ ਉਨ੍ਹਾਂ ਵਲੋਂ ਲਾਗੂ ਕੀਤੇ ਮਾਡਲ ਨੂੰ ਫਾਦਮਾ ਦਰਿਆਈ ਵਾਦੀ ਵਿੱਚ ਵੀ ਲਾਗੂ ਕੀਤਾ।

ਮਨੋਹਰ ਸਿੰਘ ਗਿੱਲ ਦਾ ਜਨਮ 14 ਜੂਨ 1936 ਨੂੰ ਕਰਨਲ ਪ੍ਰਤਾਪ ਸਿੰਘ ਗਿੱਲ ਅਤੇ ਸ੍ਰੀਮਤੀ ਨਿਰੰਜਨ ਕੌਰ ਦੇ ਘਰ ਤਰਨਤਾਰਨ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਅਲਾਦੀਨਪੁਰ ਵਿੱਚ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਸੇਂਟ ਫੀਡੈਲਿਸ ਹਾਈ ਸਕੂਲ ਮਸੂਰੀ ਅਤੇ ਸੇਂਟ ਜਾਰਜ ਕਾਲਜ ਤੋਂ ਪ੍ਰਾਪਤ ਕੀਤੀ। ਬੀ.ਏ.ਸਰਕਾਰੀ ਕਾਲਜ ਲੁਧਿਆਣਾ ਅਤੇ ਐਮ.ਏ.ਅੰਗਰੇਜ਼ੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਵਿਦਿਆਰਥੀ ਜੀਵਨ ਵਿੱਚ ਖੇਡਾਂ ਅਤੇ ਵਿਦਿਅਕ ਪ੍ਰਤੀਯੋਗਤਾਵਾਂ ਵਿੱਚ ਤਮਗੇ ਜਿੱਤੇ ਅਤੇ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ। ਐਮ.ਏ.ਦੀ ਡਿਗਰੀ ਕਰਨ ਤੋਂ ਉਪਰੰਤ ਉਹ 1958 ਵਿੱਚ ਆਈ.ਏ.ਐਸ ਵਿੱਚ ਚੁਣੇ ਗਏ। ਨੌਕਰੀ ਦੌਰਾਨ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਕੂਈਨਜ ਕਾਲਜ ਕੈਂਬਰਿਜ ਯੂਨਾਈਟਡ ਕਿੰਗਡਮ ਵਿੱਚ ਵਿਕਾਸ, ਅਰਥ ਸ਼ਾਸ਼ਤਰ ਅਤੇ ਮਾਨਵ ਵਿਗਿਆਨ ਦਾ ਅਧਿਐਨ ਕਰਨ ਲਈ ਭੇਜਿਆ ਗਿਆ। ਉਹ ਆਪਣੀ ਸਰਵਿਸ ਦੌਰਾਨ ਸਾਂਝੇ ਪੰਜਾਬ ਦੇ ਕਈ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਰਹੇ। ਉਨ੍ਹਾਂ ਨੇ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਰਹਿੰਦਿਆਂ ਕਈ ਮਹੱਤਵਪੂਰਨ ਫੈਸਲੇ ਕਰਕੇ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਉਹ 1977 ਵਿੱਚ ਪੰਜਾਬ ਦੇ ਤਤਕਾਲੀ ਦੇ ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਵੀ ਰਹੇ।  ਉਸ ਸਮੇਂ ਆਪਣੀ ਪ੍ਰਬੰਧਕੀ ਕਾਬਲੀਅਤ ਦਾ ਸਬੂਤ ਦਿੰਦਿਆਂ ਪੰਜਾਬ ਦੇ ਵਿਕਾਸ ਨੂੰ ਨਵੀਂਆਂ ਲੀਹਾਂ ‘ਤੇ ਲਿਆਉਣ ਵਿੱਚ ਬਿਹਤਰੀਨ ਫ਼ਰਜ਼ ਨਿਭਾਏ। 1985 ਵਿੱਚ ਉਨ੍ਹਾਂ ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਦੇ ਵਿਕਾਸ ਕਮਿਸ਼ਨਰ ਦੇ ਅਹੁਦੇ ਤੇ ਹੁੰਦਿਆਂ ਸਹਿਕਾਰੀ ਰਿਣ ਪ੍ਰਬੰਧ ਦਾ ਵਿਕਾਸ ਵਿੱਚ ਯੋਗਦਾਨ ਦੇ ਵਿਸ਼ੇ ਉਪਰ ਥੀਸਜ ਲਿਖਿਆ, ਜਿਸ ਕਰਕੇ ਪੰਜਾਬ ਯੂਨੀਵਰਸਿਟੀ ਵਲੋਂ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ  ਗਈ। ਉਨ੍ਹਾਂ ਨੇ ਪੰਜਾਬ ਵਿੱਚ ਪਹਿਲੀ ਖੰਡ ਮਿਲ ਬਟਾਲਾ ਵਿਖੇ ਲਗਵਾਈ ਸੀ। ਡਾ.ਮਨੋਹਰ ਸਿੰਘ ਗਿੱਲ ਨੇ ਪੰਜਾਬ ਵਿੱਚ ਸੜਕਾਂ ਤੇ ਪ੍ਰੀਮਿਕਸ ਦੀ ਵਰਤੋਂ ਲਾਜਮੀ ਕੀਤੀ। ਕਿਸਾਨਾਂ ਨੂੰ ਵਿਚੋਲਿਆਂ ਦੀ ਲੁਟ ਤੋਂ ਬਚਾਉਣ ਲਈ ਆਪਣੀ ਮੰਡੀ ਦੀ ਪ੍ਰਣਾਲੀ ਪੰਜਾਬ ਵਿੱਚ ਲਾਗੂ ਕੀਤੀ। ਉਹ ਇੱਕ ਸੁਲਝੇ ਹੋਏ ਵਿਦਵਾਨ ਲੇਖਕ ਵੀ ਸਨ।

ਉਹ ਲੇਖਕ ਦੇ ਤੌਰ ‘ਤੇ ਉਨ੍ਹਾਂ ਨੇ ਅੰਗਰੇਜ਼ੀ ਵਿੱਚ ਪੁਸਤਕਾਂ ‘ਹਿਮਾਲੀਅਨ ਵੰਡਰਲੈਂਡ-ਟ੍ਰੈਵਲਜ਼ ਇਨ ਲਾਹੁਲ-ਸਪਿਤੀ’ ‘ਐਨ ਇੰਡੀਅਨ ਸਕਸੈਸ ਸਟੋਰੀ:ਐਗਰੀਕਲਚਰ ਐਂਡ ਕੋ-ਆਪ੍ਰੇਟਿਵ’, ‘ਪੁਟਿੰਗ ਭਗਤ ਸਿੰਘ ਸਟੈਚੂ ਇਨ ਪਾਰਲੀਮੈਂਟ’, ਅਤੇ ‘ਐਗਰੀਕਲਚਰ ਕੋਆਪ੍ਰੇਟਿਵਜ਼:ਏ ਕੇਸ ਸਟੱਡੀ ਆਫ ਪੰਜਾਬ’ ਲਿਖੀਆਂ। ਕੁਝ ਪੁਸਤਕਾਂ ਦਾ ਪੰਜਾਬੀ ਵਿੱਚ ਅਨੁਵਾਦ ਜਗਵਿੰਦਰ ਜੋਧਾ ਅਤੇ ਪਵਨ ਗੁਲਾਟੀ ਨੇ ਵੀ ਕੀਤਾ ਹੈ। ਪੰਜਾਬੀ ਵਿੱਚ ‘ਲਾਹੌਲ-ਸਪਿਤੀ ਦੀਆਂ ਕਹਾਣੀਆਂ’, ‘ਕਿਵੇਂ ਲੱਗਿਆ ਭਗਤ ਸਿੰਘ ਦਾ ਬੁੱਤ’ ਅਤੇ ਭਾਰਤ ਵਿੱਚ ਸਫ਼ਲਤਾ ਦੀ ਗਾਥਾ, ਖੇਤੀਬਾੜੀ ਤੇ ਸਹਿਕਾਰੀ ਸੰਸਥਾਵਾਂ’ ਵੀ ਪ੍ਰਕਾਸ਼ਤ ਹੋਈਆਂ ਹਨ। ਸਤੀਸ਼ ਗੁਲਾਟੀ ਅਨੁਸਾਰ ਦੋ ਹੋਰ ਪੁਸਤਕਾਂ ‘ਨਾਈਜੇਰੀਅਨ ਯਾਤਰਾ’ ਤੇ ਨਾਈਜੇਰੀਅਨ ਸਫਰਨਾਵਾਂ’ ਪ੍ਰਕਾਸ਼ਨ ਅਧੀਨ ਹਨ। ਉਨ੍ਹਾਂ ਨੇ ਆਪਣੇ ਐਮ.ਪੀ.ਲੈਡ.ਫੰਡ ਵਿੱਚੋਂ ਬਹੁਤੇ ਖਰਚੇ ਖੇਡ ਸਟੇਡੀਅਮ, ਵਿਦਿਅਕ ਸੰਸਥਾਵਾਂ, ਪੰਜਾਬੀ ਸਾਹਿਤ ਅਕਾਡਮੀ ਅਤੇ ਸਾਹਿਤਕ ਭਵਨਾ ਦੀ ਉਸਾਰੀ ਲਈ ਖ਼ਰਚੇ। ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਭਵਨ ਦੀ ਉਸਾਰੀ ਲਈ ਵੀ ਗ੍ਰਾਂਟ ਦਿੱਤੀ।

ਆਈ.ਏ.ਐਸ.ਵਿੱਚੋਂ ਸੇਵਾ ਮੁਕਤ ਹੋਣ ਉਪਰੰਤ ਉਨ੍ਹਾਂ ਨੂੰ 1993 ਵਿੱਚ ਭਾਰਤ ਦਾ ਚੋਣ ਕਮਿਸ਼ਨਰ ਲਗਾਇਆ ਗਿਆ ਅਤੇ 1996 ਵਿੱਚ ਮੁੱਖ ਚੋਣ ਕਮਿਸ਼ਨਰ ਬਣਾਇਆ ਗਿਆ ਅਤੇ 2001 ਤੱਥ ਇਸ ਅਹੁਦੇ ‘ਤੇ ਰਹੇ। ਇਸ ਪਦਵੀ ਉਪਰ ਉਨ੍ਹਾਂ ਨੇ ਬੜੇ ਠਰੰਮੇ, ਦ੍ਰਿੜ੍ਹਤਾ ਅਤੇ ਧੜੱਲੇਦਾਰੀ ਨਾਲ ਲਗਾਤਾਰ ਚੋਣ ਦੇ ਬੁਨਿਆਦੀ ਸੁਧਾਰਾਂ ਦਾ ਸਿਲਸਿਲਾ ਜਾਰੀ ਰੱਖਿਆ। ਭਾਰਤ ਦੇ ਕਰੋੜਾਂ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਬਣਵਾਕੇ ਦਿੱਤੇ ਅਤੇ ਇਲੈਕਟਰੌਨਿਕ ਵੋਟਿੰਗ ਮਸ਼ੀਨਾ ਦੀ ਵਰਤੋਂ ਚਾਲੂ ਕਰਵਾਈ ਗਈ। ਵੋਟਾਂ ਦੌਰਾਨ ਧਨ ਦੀ ਵਰਤੋਂ ਰੋਕਣ ਲਈ ਚੋਣ ਪ੍ਰਚਾਰ ਦਾ ਸਮਾਂ ਘਟਾ ਦਿੱਤਾ ਗਿਆ। ਚੋਣਾਂ ਦੇ ਐਲਾਨ ਵਾਲੇ ਦਿਨ ਤੋਂ ਹੀ ਚੋਣ ਜਾਬਤਾ ਲਾਗੂ ਕਰਨਾ ਲਾਜ਼ਮੀ ਕੀਤਾ। ਰਾਜਨੀਤਕ ਦਲਾਂ ਦੀਆਂ ਅੰਦਰੂਨੀ ਚੋਣਾਂ ਵੀ ਜ਼ਰੂਰੀ ਕੀਤੀਆਂ। ਚੋਣ ਸਧਾਰਾਂ ਤੋਂ ਬਾਅਦ ਉਨ੍ਹਾਂ ਨੇ 12ਵੀਂ ਲੋਕ ਸਭਾ 1998, 13ਵੀਂ ਲੋਕ ਸਭਾ 1999, 11ਵੇਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ 1997 ਅਤੇ 20 ਵਿਧਾਨ ਸਭਾਵਾਂ ਦੀਆਂ ਜਨਰਲ ਚੋਣਾ ਸਫਲਤਾ ਪੂਰਬਕ ਕਰਵਾਈਆਂ ਸਨ। ਉਨ੍ਹਾਂ ਦੇ ਪਿਤਾ ਕਰਨਲ ਪ੍ਰਤਾਪ ਸਿੰਘ ਗਿੱਲ ਗੋਆ ਦੇ ਉਪ ਰਾਜਪਾਲ ਰਹੇ ਹਨ। ਉਨ੍ਹਾਂ ਦੇ ਵੱਡੇ ਵਡੇਰੇ ਮਾਝੇ ਦੇ ਪ੍ਰਸਿਧ ਪਿੰਡ ਜਾਤੀ ਉਮਰ ਜਿਲ੍ਹਾ ਅੰਮ੍ਰਿਤਸਰ ਦੇ ਨਿਵਾਸੀ ਸਨ। ਉਨ੍ਹਾਂ ਨੂੰ ਫਰਵਰੀ 2000 ਵਿੱਚ ਪਦਮ ਵਿਭੂਸ਼ਨ ਨਾਲ ਵੀ ਪੁਰਸਕਾਰਤ ਕੀਤਾ ਗਿਆ ਸੀ।  ਉਨ੍ਹਾਂ ਦੀ ਪ੍ਰਬੰਧਕੀ ਕਾਬਲੀਅਤ ਨੂੰ ਮੁੱਖ ਰਖਦਿਆਂ 2004 ਵਿੱਚ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। 22 ਮਈ 2009 ਨੂੰ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਆਜ਼ਾਦ ਚਾਰਜ  ਬਣਾਇਆ ਗਿਆ। ਉਹ ਯੂਥ ਅਫੇਅਰਜ, ਸਪੋਰਟਸ ਅਤੇ 20 ਨੁਕਾਤੀ ਪ੍ਰੋਗਰਾਮ ਵਿਭਾਗਾਂ ਦੇ ਮੰਤਰੀ ਰਹੇ। ਉਹ ਸੰਸਦ ਦੀਆਂ ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਵੀ ਰਹੇ। ਉਨ੍ਹਾਂ ਨੂੰ ਦਾਦਾ ਭਾਈ ਨਾਰੋਜੀ ਨਿਊ ਮਿਲੇਨੀਅਮ ਅੰਤਰਰਾਸ਼ਟਰੀ ਅਵਾਰਡ ਜਨਵਰੀ 2000 ਵਿੱਚ ਲਾਈਫ ਟਾਈਮ ਭਾਰਤ ਦੀ ਸੇਵਾ ਲਈ ਦਿੱਤਾ ਗਿਆ। ਖਾਲਸਾ ਸਾਜਨਾ ਦੇ 300 ਸਾਲਾ ਸਮਾਗਮਾ ਮੌਕੇ ਮਨੋਹਰ ਸਿੰਘ ਗਿੱਲ ਨੂੰ ਨਿਸ਼ਾਨੇ ਖਾਲਸਾ ਦਾ ਅਵਾਰਡ ਦਿੱਤਾ ਗਿਆ। ਉਨ੍ਹਾਂ ਦਾ ਵਿਆਹ 1965 ਵਿੱਚ ਵਿੰਨੀ ਗਿੱਲ ਨਾਲ ਹੋਇਆ। ਡਾ.ਮਨੋਹਰ ਸਿੰਘ ਗਿੱਲ ਦੇ ਤਿੰਨ ਧੀਆਂ ਹਨ। ਉਹ 15 ਅਕਤੂਬਰ 2023 ਨੂੰ ਸੰਖੇਪ ਬਿਮਾਰੀ ਤੋਂ ਬਾਅਦ ਦਿੱਲੀ ਵਿਖੇ 87 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>