‘ਡਾ.ਤੇਜਵੰਤ ਮਾਨ ਦੀ ਆਲੋਚਨਾ’: ਪੁਸਤਕ ਲੋਕ ਪੱਖੀ ਦਸਤਾਵੇਜ਼ ਉਜਾਗਰ ਸਿੰਘ

IMG_2484.resizedਡਾ.ਤੇਜਵੰਤ ਮਾਨ ਬਹੁ-ਪੱਖੀ ਸਾਹਿਤਕਾਰ ਹੈ। ਡਾ.ਤੇਜਵੰਤ ਮਾਨ ਪ੍ਰਬੁੱਧ ਵਿਲੱਖਣ ਵਿਚਾਰਧਾਰਾ ਵਾਲਾ ਆਲੋਚਕ ਹੈ। ਡਾ.ਗੁਰਜੀਤ ਸਿੰਘ ਨੇ ਤੇਜਵੰਤ ਮਾਨ ਦੀ ਆਲੋਚਨਾ ਦੀ ਪ੍ਰਵਿਰਤੀ ਬਾਰੇ ‘ਡਾ.ਤੇਜਵੰਤ ਮਾਨ ਦੀ ਆਲੋਚਨਾ’ ਦੇ ਸਿਰਲੇਖ ਅਧੀਨ ਇਕ ਪੁਸਤਕ ਸੰਪਦਿਤ ਕੀਤੀ ਹੈ। ਇਸ ਪੁਸਤਕ ਵਿੱਚ ਵੱਖ-ਵੱਖ 70 ਵਿਦਵਾਨਾ ਦੇ ਉਨ੍ਹਾਂ ਦੀ ਆਲੋਚਨਾ ਬਾਰੇ ਲਿਖੇ ਲੇਖ ਅਤੇ ਚਿੱਠੀਆਂ ਸ਼ਾਮਲ ਕੀਤੀਆਂ ਹਨ। ਤੇਜਵੰਤ ਮਾਨ ਬਹੁ ਵਿਧਾਵੀ ਸਾਹਿਤਕਾਰ ਹੈ ਪ੍ਰੰਤੂ ਉਸ ਦੀ ਆਲੋਚਨਾ ਦੀ  ਪ੍ਰਣਾਲੀ ਇਕ ਵੱਖਰੇ ਦਿ੍ਰਸ਼ਟੀਕੋਣ ਵਾਲੀ ਆਪਣੀ ਕਿਸਮ ਦੀ ਹੈ। ਉਹ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਲੋਕ ਪੱਖੀ ਅਤੇ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਪਰਖਦਾ ਹੈ। ਤੇਜਵੰਤ ਮਾਨ ਦੀ ਆਲੋਚਨਾ ਸਮਾਜਿਕ ਜਵਾਬਦੇਹੀ ਅਤੇ ਕਿ੍ਰਤੀ ਵਰਗ ਦੇ ਹਿਤਾਂ ਦੀ ਪਹਿਰੇਦਾਰੀ ਵਾਲੀ ਹੁੰਦੀ ਹੈ। ਸਾਹਿਤ ਨੂੰ ਉਹ ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਪਰਖਦਾ ਹੈ। ਉਸ ਦੀ ਆਲੋਚਨਾ ਪ੍ਰਣਾਲੀ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਮਿਹਨਤਕਸ਼ ਲੋਕਾਂ ਦਾ ਮੁੱਦਈ ਬਣਦਾ ਨਜ਼ਰ ਆਉਂਦਾ ਹੈ। ਉਸ ਨੇ ਆਲੋਚਨਾ ਨੂੰ ਅਕਾਦਮਿਕ ਖੇਤਰ ਦੀ ਚਾਰਦੀਵਾਰੀ ਚੋਂ ਬਾਹਰ ਕੱਢਕੇ ਸਾਹਿਤ ਸਭਾਵਾਂ ਦੇ ਸਮਾਗਮਾ ਵਿੱਚ ਲਿਆਂਦਾ ਹੈ। ਪਿਛਲੇ ਚਾਲੀ ਸਾਲਾਂ ਤੋਂ ਉਹ ਪ੍ਰਤੀਬੱਧਤਾ ਨਾਲ ਸਾਹਿਤ ਦੀ ਸਿਰਜਣਾ ਕਰ ਰਿਹਾ ਹੈ। ਉਹ ਸਮਰੱਥ ਚਿੰਤਕ ਹੈ ਤੇ ਸਾਰਥਿਕ ਪੜਚੋਲ ਕਰਨ ਦਾ ਆਦੀ ਹੈ। ਡਾ.ਤਜਵੰਤ ਮਾਨ ਆਲੋਚਨਾ ਕਰਦੇ ਸਮੇਂ ਸਿਧਾਂਤਕ ਤੇ ਨੈਤਿਕ ਪੱਖਾਂ ਦੀ ਤਰਜਮਾਨੀ ਕਰਦਾ ਹੈ। ਉਸ ਦੀ ਆਲੋਚਨਾ ਉਲਾਰ ਨਹੀਂ ਹੁੰਦੀ ਪ੍ਰੰਤੂ ਆਪਣੀ ਗੱਲ ਕਹਿਣ ਤੋਂ ਨਾ ਝਿਜਕਦਾ ਅਤੇ ਨਾ ਹੀ ਕਿਸੇ ਨਜ਼ਦੀਕੀ ਨੂੰ ਬਖ਼ਸ਼ਦਾ ਹੈ। ਦਬੰਗ ਕਿਸਮ ਦਾ ਸਮਾਜਿਕ ਸਰੋਕਾਰਾਂ ‘ਤੇ ਪਹਿਰਾ ਦੇਣ ਵਾਲਾ ਆਲੋਚਕ ਹੈ। ਠੋਸ ਤੇ ਸਾਰਥਿਕ ਪ੍ਰਗਤੀਵਾਦੀ ਸੋਚ ਅਨੁਸਾਰ ਲੋਕ ਪੱਖੀ ਆਲੋਚਨਾ ਨੂੰ ਪਹਿਲ ਦਿੰਦਾ ਹੈ। ਉਸ ਦੇ ‘ਪ੍ਰਸ਼ਨ ਚਿੰਨ੍ਹ’ ਲੇਖ ਸੰਗ੍ਰਹਿ ਵਿੱਚ 14 ਲੇਖ ਹਨ, ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ 7 ਵਿਦਵਾਨਾ ਨੇ ਲਿਖਿਆ ਹੈ। ਵਿਦਵਾਨਾ ਦੇ ਡਾ.ਤੇਜਵੰਤ ਮਾਨ ਬਾਰੇ ਵੀ ਵੱਖਰੇ-ਵੱਖਰੇ ਵਿਚਾਰ ਹਨ। ਵਿਦਵਾਨ ਲਿਖਦੇ ਹਨ ਕਿ ਉਹ ਸਮਾਜਿਕ ਸ਼੍ਰੇਣੀ ਸੰਘਰਸ਼ ਦੇ ਹੋਂਦ ਆਧਾਰ, ਵਿਚਰਨ ਪ੍ਰਾਕਿ੍ਰਤੀ ਅਤੇ ਵਿਕਾਸ ਮਾਰਗ ਤੋਂ ਸੁਚੇਤ ਹੈ, ਇਸੇ ਸਮਾਜਿਕ-ਚੇਤਨਾ ਉਤੇ ਹੀ ਅਧਾਰਤ ਉਸ ਦੇ ਸਾਹਿਤਕ ਮਾਪ ਦੰਡ ਹਨ। ਸਾਹਿਤ ਵਿੱਚ ਪ੍ਰਤੀਕਾਤਮਿਕਤਾ ਹੋਣੀ ਜ਼ਰੂਰੀ ਹੈ। ਸ.ਪ.ਸਿੰਘ ਇਸ ਲੇਖ ਸੰਗ੍ਰਹਿ ਨੂੰ ਆਲੋਚਨਾ ਦੀ ਮਾਣਤਾ ਨਹੀਂ ਦਿੰਦਾ। ਜਸਪਾਲ ਸਿੰਘ ਇਸ ਸੰਗ੍ਰਹਿ ਦੀ ਆਲੋਚਨਾ ਨੂੰ ਸ.ਪ.ਸਿੰਘ ਵਰਗਿਆਂ ਬੁੱਧੀਜੀਵੀਆਂ ਲਈ ਚੁਣੌਤੀ ਕਹਿੰਦਾ ਹੈ। ਪ੍ਰੋ.ਪ੍ਰੀਤਮ ਸੈਨੀ ਲਿਖਦੇ ਹਨ ਕਿ ਲੇਖਕ ਨੇ ਆਲੋਚਨਾ ਦੇ ਸਿਧਾਂਤਕ ਅਤੇ ਅਸਭਿਆਸਤਮਿਕ ਦੋਵੇਂ ਪੱਖ ਪੇਸ਼ ਕੀਤੇ ਹਨ। ਗੁਰਮੇਲ ਮਡਾਹੜ ਅਨੁਸਾਰ ਡਾ.ਮਾਨ ਨੇ ਨਿਰਪੱਖ, ਨਿਡਰ ਅਤੇ ਨਿਰਵੈਰਤਾ ਨਾਲ ਆਲੋਚਨਾ ਕੀਤੀ ਹੈ। ਟੀ.ਆਰ.ਵਿਨੋਦ ਕਹਿੰਦੇ ਹਨ ਕਿ ਡਾ.ਮਾਨ ਨੇ ਆਲੋਚਨਾ ਲਈ ਮਾਰਕਸੀ ਦਰਸ਼ਨ ਨੂੰ ਆਧਾਰ ਬਣਾਇਆ ਹੈ। ਅਵਤਾਰ ਜੌੜਾ ਲਿਖਦੇ ਹਨ ਤੇਜਵੰਤ ਮਾਨ ਪ੍ਰਤੀਬਧ ਲੇਖਕ ਹੈ, ਉਸ ਦੀ ਪ੍ਰਤੀਬਧਤਾ ਸਰਾਪੀ ਸ਼੍ਰੇਣੀ ਨਾਲ ਹੈ। ਮਾਰਕਸਵਾਦੀ, ਸਮਾਜਵਾਦੀ, ਯਥਾਰਥ-ਵਾਦੀ ਦਿ੍ਰਸ਼ਟੀ ਪ੍ਰਤੀ ਉਹ ਬਹੁਤ ਕੱਟੜ ਹੈ। ‘ਪ੍ਰਸੰਗਤਾ’ ਪੁਸਤਕ ਬਾਰੇ ਜੋਗਿੰਦਰ ਨਿਰਾਲਾ ਕਹਿੰਦੇ ਹਨ, ਡਾ.ਤੇਜਵੰਤ ਮਾਨ ਦੀ ਵਿਚਾਰਧਾਰਾ ਦਾ ਆਧਾਰ ਮਾਰਕਸਵਾਦੀ ਸਮਾਜਵਾਦੀ ਯਥਾਰਥ ਵਾਦ ਹੈ। ‘ਸਹਿਮਤੀ’ ਪੁਸਤਕ ਬਾਰੇ 8 ਬੁੱਧੀਜੀਵੀਆਂ ਦੇ ਲੇਖ ਹਨ। ਨਿਰੰਜਣ ਤਸਨੀਮ ਲਿਖਦਾ ਹੈ ਕਿ ਉਹ ਤੇਜਵੰਤ ਮਾਨ ਦੀ ਵਿਦਵਤਾ ਦਾ ਕਾਇਲ ਹੈ। ਨਿਰਮਲਜੀਤ ਕੌਰ ਸਿੱਧੂ ਲਿਖਦੀ ਹੈ ਕਿ ਸਾਹਿਤ ਦੇ ਉਸਾਰੂ ਪੱਖ ‘ਤੇ ਚੰਗੀ ਰੌਸ਼ਨੀ ਪਾਈ ਹੈ। ਸੁਰਬਜੀਤ ਸਿੰਘ ਕਹਿੰਦਾ ਕਿ ਉਹ ਮਾਨ ਦੀਆਂ ਬਹੁਤੀਆਂ ਧਾਰਨਾਵਾਂ ਨਾਲ ਸਹਿਮਤ ਹੈ।

IMG_2485.resizedਡਾ.ਐਚ.ਐਸ.ਬੇਦੀ  ਠੁਕਦਾਰ ਕੰਮ ਕਹਿੰਦਾ ਹੈ। ਕਰਮਜੀਤ ਜੋਗਾ ਡਾ.ਮਾਨ ਦੀ ਆਲੋਚਨਾ ਸ਼ੈਲੀ ਨੂੰ ਵਿਲੱਖਣ ਕਹਿੰਦਾ ਹੈ। ‘ਉਦੇਸ਼’ ਪੁਸਤਕ ਵਿੱਚ 16 ਨਿਬੰਧ ਪੰਜ ਸਿਰਜਨਾਵਾਂ ਅਤੇ ਪੰਜ ਚਿੱਠੀਆਂ ਹਨ, ਉਸ ਪੁਸਤਕ ਬਾਰੇ ਤਿੰਨ ਵਿਦਵਾਨਾ ਦੇ ਲੇਖ ਹਨ। ਡਾ.ਸਤਨਾਮ ਸਿੰਘ ਜੱਸਲ ਡਾ.ਮਾਨ ਦੇ ਵਿਸ਼ਲੇਸ਼ਣ ਨੂੰ ਦੀਰਘ, ਤਰਕਭਾਵੀ, ਲੋਕ-ਮੁਖੀ ਅਤੇ ਮਾਨਵ ਹਿਤੈਸ਼ੀ ਕਹਿੰਦਾ ਹੈ। ਡਾ.ਧਰਮ ਚੰਦ ਵਾਤਿਸ਼  ਪੁਸਤਕ ਨੂੰ ਪ੍ਰਸੰਸਾਮੁਖੀ ਮੁੱਖਬੰਦੀ ਗੁਣ ਰੱਖਣ ਕਾਰਨ ਦਸਤਾਵੇਜ਼ੀ ਹੋ ਨਿਬੜੀ ਕਹਿੰਦਾ ਹੈ। ਕਿਰਪਾਲ ਕਜ਼ਾਕ ਅਨੁਸਾਰ ਡਾ.ਮਾਨ ਸਾਹਿਤ ਪ੍ਰਤੀ ਸਿਧਾਂਤਕ ਸੂਝ, ਸਪੱਸ਼ਟਤਾ ਅਤੇ ਪੈਨੀ ਦਿ੍ਰਸ਼ਟੀ ਦਾ ਮਾਲਕ ਹੈ। ‘ਹਰਫ਼-ਬ-ਹਰਫ਼’ ਪੁਸਤਕ ਵਿੱਚ 99 ਪੱਤਰ ਸ਼ਾਮਲ ਕੀਤੇ ਗਏ ਹਨ। ਡਾ.ਤੇਜਵੰਤ ਮਾਨ ਨੇ ਆਲੋਚਨਾ ਦੀ ਨਵੀਂ ਵਿਧੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਅਤੇ ਉਨ੍ਹਾਂ ਨੂੰ ਆਏ ਆਲੋਚਨਾਤਮਿਕ ਖਤ ਸ਼ਾਮਲ ਕੀਤੇ ਗਏ ਹਨ। ਇਸ ਪੁਸਤਕ ਬਾਰੇ ਪੰਜ ਬੁੱਧੀਵੀਆਂ ਦੇ ਲੇਖ ਹਨ। ਪਹਿਲਾ ਲੇਖ ਡਾ.ਮਧੂਬਾਲਾ ਦਾ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਸਤਿਕਾਰ, ਪਿਆਰ, ਮਨੁਹਾਰ ਅਤੇ ਕਰਾਰ ਭਰੇ ਖਤਾਂ ਦੇ ਸੰਗ੍ਰਹਿ ਨਾਲ ਪੰਜਾਬੀ ਸਾਹਿਤ ਵਿੱਚ ਨਵੀਂ ਵੱਖਰੀ ਅਤੇ ਮੌਲਿਕ ਵਿਧਾ ਦਾ ਆਰੰਭ ਹੋਇਆ ਹੈ। ਬਿਕਰ ਸਿੰਘ ਆਜ਼ਾਦ ਇਸ ਸੰਗ੍ਰਹਿ ਦਾ ਸਵਾਗਤ ਤਾਂ ਕਰਦੇ ਹਨ ਪ੍ਰੰਤੂ ਮਾਮੂਲੀ ਗ਼ਲਤੀਆਂ ਕੱਢਦੇ ਹਨ। ਅਦਬੀ ਮਹਿਕ ਦੇ ਸੰਪਾਦਕ ਨੇ ਲਿਖਿਆ ਹੈ ਇਹ ਪੁਸਤਕ ਪੰਜਾਬੀ ਸਾਹਿਤ ਦਾ ਅਮੁਲ ਦਸਤਾਵੇਜ਼ ਹੈ। ਸਰਬਜੀਤ ਸਿੰਘ ਕਹਿੰਦਾ ਹੈ ਇਨ੍ਹਾਂ ਖਤਾਂ ਤੋਂ ਪੰਜਾਬੀ ਲੇਖਕਾਂ ਦੀ ਮਾਨਸਿਕਤਾ ਦੇ ਦਰਸ਼ਨ ਹੁੰਦੇ ਹਨ। ਅਭੈ ਸਿੰਘ ਕਿਸ ਸਵਾਲ ਦੇ ਜਵਾਬ ਵਿੱਚ ਇਹ ਖਤ ਲਿਖੇ ਗਏ ਹਨ ਦੱਸਣਾ ਬਣਦਾ ਸੀ। ‘ਮੁੱਖ ਬੰਦ’ ਪੁਸਤਕ ਵਿੱਚ ਡਾ.ਤੇਜਵੰਤ ਮਾਨ ਵੱਲੋਂ ਲਿਖੇ ਗਏ ਵੱਖ-ਵੱਖ ਪੁਸਤਕਾਂ ਦੇ ਲਿਖੇ ਮੁੱਖ ਬੰਦ ਇਕੱਠੇ ਕਰਕੇ ਡਾ.ਸਤਿੰਦਰ ਕੌਰ ਮਾਨ ਵੱਲੋਂ ਸੰਪਾਦਤ ਕੀਤੀ ਪੁਸਤਕ ਹੈ। ਇਸ ਪੁਸਤਕ ਬਾਰੇ ਪੰਜ ਲੇਖਕਾਂ ਦੇ ਵਿਚਾਰ ਹਨ। ਪ੍ਰੇਮ ਗੋਰਖੀ, ਲਾਭ ਸਿੰਘ ਖੀਵਾ, ਪ੍ਰੀਤਮ ਸਿੰਘ, ਦਰਸ਼ਨ ਸਿੰਘ ਪ੍ਰੀਤੀਮਾਨ ਅਤੇ ਲਾਲ ਸਿੰਘ ਦਸੂਹਾ ਨੇ ਸ਼ਲਾਘਾ ਕੀਤੀ ਹੈ।  ‘ਅਨੁਸਰਨ’ ਬਾਰੇ 6 ਵਿਦਵਾਨਾ ਦੇ ਲੇਖ ਹਨ। ਨਿਰੰਜਣ ਬੋਹਾ ਨੇ ਲਿਖਿਆ ਹੈ ਮਨੁੱਖੀ ਜੀਵਨ ਤੇ ਇਸ ਦੀ ਵਿਆਖਿਆ ਕਰਨ ਵਾਲੀ ਸਾਹਿਤਕ ਦਿ੍ਰਸ਼ਟੀ ਨੂੰ ਵਿਗਿਆਨਕ ਤੇ ਬਾਹਰਮੁੱਖੀ ਅਰਥ ਪ੍ਰਦਾਨ ਕਰਨ ਦੀ ਚੇਤੰਨ ਕੋਸ਼ਿਸ਼ ਹੈ। ਨਰੇਸ਼ ਕੋਹਲੀ ਡਾ. ਮਾਨ ਦੇ ਚਿੰਤਨ ਦੀਆਂ ਬਾਰੀਕੀਆਂ ਦੀ ਪ੍ਰਸੰਸਾ ਕਰਦਾ ਲਿਖਦਾ ਹੈ ‘ਆਲੋਚਨਾ ਵਿੱਚ ਤੁਸੀਂ ਮੁਸਤਨਿਦ ਵਿਦਵਾਨ ਹੋ’। ਅਸ਼ਵਨੀ ਗੁਪਤਾ ਅਨੁਸਰਨ ਸੋਚ ਨੂੰ ਨਵਾਂ ਹੁਲਾਰਾ ਦਿੰਦੀ ਹੈ। ਮਧੂ ਬਾਲਾ ਡਾ.ਅਨੁਸਰਨ ਦਾ ਅਧਿਐਨ ਕਰਨ ਨਾਲ ਮਨ ਨੂੰ ਤਸੱਲੀ ਹੋਈ। ਹਰਭਜਨ ਸਿੰਘ ਭਾਟੀਆ ਜਿਥੇ ਪੰਜਾਬੀ ਬੋਲੀ ਦੀ ਲੋਕਧਾਰਾਈ ਪਹਿਚਾਣ ਬਾਰੇ ਅਤੇ ਇਸ ਦੇ ਵਿਗਾੜ ਬਾਰੇ ਪ੍ਰਤੀਬਧਤਾ ਦੀ ਪ੍ਰਸੰਸਾ ਕਰਦਾ ਹੈ, ਉਥੇ ਹੀ ਪੁਸਤਕ ਦੇ ਨਾਂ ਤੇ ਕਿੰਤੂ ਪ੍ਰੰਤੂ ਕਰਦਾ ਹੈ। ‘ਲੋਕ-ਉਕਤੀ’ ਆਲੋਚਨਾ ਨਿਬੰਧਾਂ ਦੀ ਪੁਸਤਕ ਹੈ, ਜਸਵਿੰਦਰ ਕੌਰ ਬਿੰਦਰਾ ਅਨੁਸਾਰ ਇਸ ਪੁਸਤਕ ਵਿੱਚ ਸਖ਼ਸ਼ੀਅਤਾਂ ਤੇ ਨਿੱਜੀ ਅਨੁਭਵ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਤੇ ਹੋਰ ਆਲੋਚਨਾਤਮਿਕ ਨਿਬੰਧ ਸ਼ਾਮਲ ਹਨ। ਭਗਤ ਰਾਮ ਸ਼ਰਮਾ ਕਹਿੰਦੇ ਹਨ, ਡਾ.ਮਾਨ ਦੀ ਬੇਬਾਕ ਆਲੋਚਨਾ ਨੇ ਉਸ ਦੀ ਆਲੋਚਨਾ ਦੇ ਖੇਤਰ ਵਿੱਚ ਵੱਖਰੀ ਪਛਾਣ ਨਿਰਧਾਰਤ ਕਰ ਦਿੱਤੀ ਹੈ। ਨਿਰਮਲਜੀਤ ਕੌਰ ਜੋਸਨ ਲਿਖਦੇ ਹਨ ਕਿ ਇਸ ਪੁਸਤਕ ਵਿੱਚੋਂ ਬੇਬਾਕੀ, ਪ੍ਰੋੜ੍ਹਤਾ, ਮੌਲਿਕਤਾ, ਨਵੀਨਤਾ ਅਤੇ ਵਿਗਿਆਨਕ ਆਲੋਨਾਤਮਿਕ ਦਿ੍ਰਸ਼ਟੀ ਦੇ ਝਲਕਾਰੇ ਮਿਲਦੇ ਹਨ। ਪਰਵੇਸ਼ ਪੁਸਤਕ ਬਾਰੇ ਧਰਮਪਾਲ ਸਾਹਿਲ ਕਹਿੰਦੇ ਹਨ ਕਿ ਲੇਖਕਾਂ, ਖੋਜੀਆਂ ਅਤੇ ਆਲੋਚਕਾਂ ਲਈ ਇਕ ਮਹੱਤਵਪੂਰਨ ਸਾਂਭਣਯੋਗ ਦਸਤਾਵੇਜ਼ ਹੈ। ਜਗਿਆਸਾ ਪੁਸਤਕ  ਬਾਰੇ ਚਾਰ ਲੇਖਕਾਂ ਦੇ ਲੇਖ ਹਨ ਜਿਨ੍ਹਾਂ ਵਿੱਚੋਂ ਤੇਜਾ ਸਿੰਘ ਤਿਲਕ ਆਲੋਚਨਾ ਦੀ ਥਾਂ ਡਾਇਰੀ ਦਾ ਹੀ ਇਕ ਰੂਪ ਕਹਿੰਦਾ ਹੈ ਪ੍ਰੰਤੂ ਜਗਿਆਸਾ ਪੁਸਤਕ ਪੜ੍ਹਨਯੋਗ ਤੇ ਸਾਹਿਤ ਦੀ ਆਲੋਚਨਾਂ ਬਾਰੇ ਕੁਝ ਨਵੀਂਆਂ ਗੱਲਾਂ ਜਾਣਨਯੋਗ ਹਨ। ਅਰਵਿੰਦਰ ਕੌਰ ਕਾਕੜਾ ਅਨੁਸਾਰ ਉਸ ਨੂੰ ਪ੍ਰਗਤੀਵਾਦੀ ਸਾਹਿਤ ਪ੍ਰਤੀ ਚਿਣਗ ਮਾਨ ਦੇ ਵਿਚਾਰਾਂ ਤੋਂ ਜਾਗੀ ਹੈ। ਗੁਰਦੇਵ ਸਿੰਘ ਸਿੱਧੂ ਡਾ.ਮਾਨ ਦੀ ਆਲੋਚਨਾ ਦੀ ਸੁਰ ਸਮਰਪਣ ਅਤੇ ਕਾਵਿ-ਸੰਪਾਦਕੀ ਵਿੱਚੋਂ ਦਿ੍ਰਸ਼ਟੀਗੋਚਰ ਹੋ ਜਾਂਦੀ ਹੈ। ਅਭੈ ਸਿੰਘ ਜਗਿਆਸਾ ਦੇ ਨਿਬੰਧਾਂ ਤੋਂ ਸੰਤੁਸ਼ਟ ਨਹੀਂ ਲਗਦਾ। ‘ਸ਼ਬਦ ਸ਼ਕਤੀ’ ਵੀਨਾ ਅਰੋੜਾ ਡਾ.ਮਾਨ ਦੀ ਆਲੋਚਨਾ ਨੂੰ ਨਿਰਪੱਖ ਕਹਿੰਦੀ ਹੈ। ਜੰਗ ਬਹਾਦਰ ਸਿੰਘ ਘੁੰਮਣ ਅਨੁਸਾਰ ਇਹ ਪੁਸਤਕ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਰਾਹ ਦਸੇਰਾ ਬਣੇਗੀ। ਗੁਰਬਚਨ ਸਿੰਘ ਭੁੱਲਰ ਲਿਖਦੇ ਹਨ ਕਿ ਡਾ.ਮਾਨ ਪੰਜਾਬੀ ਆਲੋਚਨਾਂ ਵਿੱਚ ਹੋ ਰਹੀਆਂ ਭਾਂਤ ਭਾਂਤ ਦੀਆਂ ਊਲ-ਜਲੂਲੀਆਂ ਦੇ ਝੱਖੜਾਂ ਵਿੱਚ ਨਿਰੰਤਰ ਲੋਕ ਹਿਤੈਸ਼ੀ ਸਿਧਾਂਤਕ-ਵਿਚਾਰਧਾਰਕ ਪੈਂਤਰੇ ਉਤੇ ਅਡੋਲ ਚਲ ਰਿਹਾ ਹੈ। ‘ਬੰਦ ਗਲੀ ਦੀ ਸਿਆਸਤ’ ਬਾਰੇ ਬਿਕਰਮਜੀਤ ਨੂਰ ਸਭਿਅਚਾਰ, ਰਾਜਸੀ, ਸਾਹਿਤਕ, ਭਾਸ਼ਾਈ ਤੇ ਵਿਦਿਅਕ ਪ੍ਰਣਾਲੀ ਨਾਲ ਸੰਬੰਧਤ ਮਸਲਿਆਂ ਨੂੰ ਬਾਦਲੀਲ ਵਿਚਾਰ ਕੇ ਦਸਤਾਵੇਜ਼ ਵਜੋਂ ਸਾਂਭ ਲਿਆ ਹੈ। ‘ਕਾਗਦਿ ਕੀਮ ਨਾ ਪਾਈ’ ਕਿਤਾਬ ਬਾਰੇ ਹਾਕਮ ਸਿੰਘ ਨੂਰ ਅਤੇ ਭਗਤ ਰਾਮ ਸ਼ਰਮਾ ਨੇ ਪ੍ਰਸੰਸਾ ਕਰਦਿਆਂ ਦਲੇਰੀ ਵਾਲਾ ਇਤਿਹਾਸਕ ਕੰਮ ਕਿਹਾ ਹੈ। ‘ਪਾਠ ਆਨੰਦ’ ਪੁਸਤਕ ਨੂੰ ਬਚਨ ਸਿੰਘ ਗੁਰਮ, ਸੁਖਦੇਵ ਸਿੰਘ ਮਾਨ ਅਤੇ ਜਗਦੀਸ਼ ਰਾਏ ਕੁਲਰੀਆਂ ਆਲੋਚਨਾਤਮਕ ਹੋਣ ਦੇ ਨਾਲ ਗਿਆਨ ਭਰਪੂਰ ਕਹਿੰਦੇ ਹਨ। ‘ਰੀਵਿਊਕਾਰੀ’ ਪੁਸਤਕ ਬਾਰੇ ਮੋਹਨ ਲਾਲ ਫਿਲੌਰੀਆ ਬਨਾਰਸ ਅਤੇ ਲਾਭ ਸਿੰਘ ਖੀਵਾ ਡਾ.ਮਾਨ ਦੀ ਨਿਰਪੱਖ ਤੇ ਨਿਆਂ ਸੰਗਤ ਪਹੁੰਚ ਦੀ ਪ੍ਰਸੰਸਾ ਕਰਦੇ ਹਨ। ‘ਅਰਥ’ ਪੁਸਤਕ ਬਾਰੇ ਸੁਦਰਸ਼ਨ ਗਾਸੋ ਕਹਿੰਦਾ ਹੈ ਕਿ ਇਹ ਪੁਸਤਕ ਇਤਿਹਾਸਕ ਮੁੱਲ ਅਤੇ ਮਹੱਤਵ ਵਾਲੀ ਹੈ। ਗੁਰਬਚਨ ਸਿੰਘ ਭੁੱਲਰ ਇਸ ਪੁਸਤਕ ਨੂੰ ਡਾ.ਮਾਨ ਦੀ ਨਿਧੜਕ ਆਲੋਚਨਾ ਦਾ ਦਸਤਾਵੇਜ਼ ਕਹਿੰਦੇ ਹਨ। ਗੁਰਦਿਆਲ ਸਿੰਘ ਤੇਜਵੰਤ ਮਾਨ ਨੂੰ ਕਿਸੇ ਲੇਖਕ ਦੀ ਆਪਣੀ ਮਰਜ਼ੀ ਨਾਲ ਆਲੋਚਨਾ ਕਰਨ ਤੋਂ ਵਰਜ਼ਦਾ ਨਹੀਂ ਪ੍ਰੰਤੂ ਉਸ ਨੂੰ ਨਿੱਜੀ ਸਲਾਹ ਦੇਣ ‘ਤੇ ਕਿੰਤੂ ਪ੍ਰੰਤੂ ਕਰਦਾ ਹੈ। ਡਾ.ਤੇਜਵੰਤ ਮਾਨ ਆਲੋਚਨਾ ਕਰਨ ਸਮੇਂ ਬੇਬਾਕੀ ਤੇ ਧੜੱਲੇ ਨਾਲ ਆਪਣੀ ਗੱਲ ਕਹਿੰਦਾ ਹੈ ਭਾਵੇਂ ਕਿਸੇ ਦੇ ਗੋਡੇ ਤੇ ਗਿੱਟੇ ਲੱਗੇ। ਅਜਮੇਰ ਔਲਖ ਲਿਖਦਾ ਹੈ ਤੇਜਵੰਤ ਮਾਨ ਗੁਰਦਿਆਲ ਸਿੰਘ ਦੇ ਨਾਵਲਾਂ ਦੀ ਵਿਗਿਆਨਕ ਪੜਤਾਲ ਕਰਨ ਦੀ ਥਾਂ ਉਹ ਆਪਣੀ ਧਾਰਨਾ ਜਾਂ ਵਿਸ਼ਵਾਸ ਦਸਣ ਲਈ ਕਾਹਲਾ ਜਾਪਦਾ ਹੈ। ਇਸ ਤੋਂ ਇਲਾਵਾ ਹੋਰ ਦਰਜਨਾ ਵਿਦਵਾਨਾ ਨੇ ਆਪਣੇ ਵਿਚਾਰ ਲਿਖੇ ਹਨ।

395 ਰੁਪਏ ਕੀਮਤ ਵਾਲੀ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>