ਗੂਗਲ ਮੈਪਸ ʼਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰੋ

ਗੂਗਲ ਮੈਪਸ ਨੇ ਦੱਸਿਆ ਮੌਤ ਦਾ ਰਸਤਾ, ਟੁੱਟੇ ਪੁਲ ਤੋਂ 20 ਫੁੱਟ ਹੇਠਾਂ ਡਿੱਗੀ ਕਾਰ। ਜੀ.ਪੀ.ਐਸ. ਨੇ ਦੱਸਿਆ ਗ਼ਲਤ ਰਸਤਾ, ਨਹਿਰ ਵਿਚ ਡੁੱਬ ਗਏ ਦੋ ਨੌਜਵਾਨ ਡਾਕਟਰ।  ਅਜਿਹੀਆਂ ਸੁਰਖੀਆਂ ਸੋਸ਼ਲ ਮੀਡੀਆ ਅਤੇ ਅਖ਼ਬਾਰਾਂ ਦੇ ਪੰਨਿਆਂ ʼਤੇ ਅਕਸਰ ਪੜ੍ਹਨ ਵੇਖਣ ਨੂੰ ਮਿਲਦੀਆਂ ਹਨ।

ਭਾਵੇਂ ਗੂਗਲ ਮੈਪਸ ਨੇ ਧਰਤੀ ʼਤੇ ਜੀਵਨ ਸੁਖਾਲਾ ਕਰ ਦਿੱਤਾ ਹੈ।  ਘੁੰਮਣਾ ਫਿਰਨਾ ਅਤੇ ਅਨਜਾਣ ਥਾਵਾਂ ʼਤੇ ਪਹੁੰਚਣਾ ਆਸਾਨ ਹੋ ਗਿਆ ਹੈ।  ਇਕ ਥਾਂ ਤੋਂ ਦੂਸਰੀ ਥਾਂ ਪਹੁੰਚਣ ਵਿਚ ਸਮਾਂ ਘੱਟ ਲੱਗਦਾ ਹੈ।  ਰੁਕ ਰੁਕ ਕੇ ਵਾਰ ਵਾਰ ਰਾਹ-ਰਸਤਾ ਪੁੱਛਣਾ ਨਹੀਂ ਪੈਂਦਾ।  ਪਰ ਕਹਿੰਦੇ ਹਨ ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਗੂਗਲ ਮੈਪਸ ਐਪ ਮਨੁੱਖ ਨੇ ਹੀ ਬਣਾਇਆ ਹੈ।  ਪੂਰੀ ਦੁਨੀਆਂ ਦੇ, ਹਰੇਕ ਥਾਂ ਦੇ ਨਕਸ਼ਿਆਂ ਨੂੰ ਹਰ ਵੇਲੇ ਅਪਡੇਟ ਰੱਖਣਾ ਸੰਭਵ ਨਹੀਂ ਹੈ।  ਕਿੱਥੇ ਕੀ ਤਬਦੀਲੀ ਹੋ ਗਈ ਹੈ, ਕਿੱਥੇ ਕਿਹੜਾ ਨੁਕਸਾਨ ਹੋ ਗਿਆ ਹੈ, ਕਿਹੜੀ ਸੜਕ ਖ਼ਰਾਬ ਹੈ, ਕਿਹੜਾ ਪੁਲ ਵਰਤੋਂ ਵਿਚ ਨਹੀਂ ਹੈ, ਕਿਹੜਾ ਪੁਲ ਢਹਿ ਗਿਆ ਹੈ, ਗੂਗਲ ਮੈਪਸ ਨੂੰ ਸੱਭ ਜਾਣਕਾਰੀ ਨਹੀਂ ਹੁੰਦੀ।  ਜਾਣਕਾਰੀ ਹੋਵੇ ਵੀ ਤਾਂ ਦੁਨੀਆਂ ਭਰ ਦੇ ਨਕਸ਼ਿਆਂ ਦੀ ਸੌ ਫੀਸਦੀ ਸ਼ੁੱਧਦਾ ਸੰਭਵ ਨਹੀਂ।  ਜੇਕਰ ਸਰਵਰ ਵਿਚ ਕੋਈ ਸਮੱਸਿਆ ਹੈ ਤਾਂ ਵੀ ਗੂਗਲ ਮੈਪਸ ਦੀਆਂ ਸੇਵਾਵਾਂ ਪ੍ਰਭਾਵਤ ਹੋ ਸਕਦੀਆਂ ਹਨ।  ਜੇਕਰ ਟੈਨਵਰਕ ਮਜਬੂਤ ਨਹੀਂ ਹੈ ਤਦ ਵੀ ਸਥਾਨ ਦੀ ਸਹੀ ਜਾਣਕਾਰੀ, ਸਹੀ ਰਾਹ-ਰਸਤਾ ਸਥਾਪਿਤ ਕਰਨ ਵਿਚ ਮੁਸ਼ਕਲ ਆਉਂਦੀ ਹੈ।  ਕਈ ਵਾਰ ਉੱਚੀਆਂ ਇਮਾਰਤਾਂ, ਸੰਘਣੇ ਰੁਖ, ਪਹਾੜ ਆਦਿ ਵੀ ਅਜਿਹੀ ਸਮੱਸਿਆ ਦਾ ਕਾਰਨ ਬਣਦੇ ਹਨ।  ਬਿਹਤਰ ਹੋਵੇਗਾ ਕਿ ਆਪਣੇ ਸਾਫ਼ਟਵੇਅਰ ਨੂੰ ਅਕਸਰ ਅਪਡੇਟ ਕਰਦੇ ਰਹੋ ਅਤੇ ਆਪਣੇ ਰੂਟ, ਆਪਣੇ ਸਫ਼ਰ ਨਾਲ ਸੰਬੰਧਤ ਇਲਾਕੇ ਦੇ ਨਕਸ਼ੇ ਦੀ ਹਾਰਡ ਕਾਪੀ ਆਪਣੇ ਕੋਲ ਰੱਖੋ ਤਾਂ ਜੋ ਲੋੜ ਵੇਲੇ ਉਸਦੇ ਨਜ਼ਰ ਮਾਰੀ ਜਾ ਸਕੇ।

ਇਕ ਵਾਰ ਅਸੀਂ ਕੌਫਸ ਹਾਰਥਰ ਤੋਂ ਸਿਡਨੀ ਆ ਰਹੇ ਸਾਂ।  ਰਾਤ ਦਾ ਸਮਾਂ ਸੀ।  ਛੇ ਘੰਟੇ ਦਾ ਸਫ਼ਰ ਸੀ।  ਬਹੁਤਿਆਂ ਨੂੰ ਨੀਂਦ ਆ ਰਹੀ ਸੀ।  ਇਸ ਲਈ ਉਹ ਕਾਰ ਚਲਾਉਣ ਵਾਲੇ ਦੋਸਤ ਨੂੰ ਜੀ.ਪੀ.ਐਸ. ਆਨ ਕਰਨ ਲਈ ਕਹਿਣ ਲੱਗੇ।  ਉਸਨੇ ਇਹ ਕਹਿੰਦੇ ਹੋਏ ਜੀ.ਪੀ.ਐਸ. ʼਤੇ ਜਾਣ ਤੋਂ ਮਨਾ ਕਰ ਦਿੱਤਾ ਕਿ ਇਕ ਵਾਰ ਇਸੇ ਰੂਟ ʼਤੇ ਜੀ.ਪੀ.ਐਸ. ਨੇ ਸ਼ਾਰਟਕੱਟ ਮਾਰਨ ਦੇ ਲਾਲਚ ਵਿਚ ਸਾਨੂੰ ਪਿੰਡਾਂ ਦੇ ਰਸਤੇ ਪਾ ਦਿੱਤਾ।  ਬੜੀ ਖੱਜਲ ਖੁਆਰੀ ਹੋਈ।  ਕੰਨਾਂ ਨੂੰ ਹੱਥ ਲਾ ਲਏ ਕਿ ਇਸਦੀ ਵਰਤੋਂ ਨਾ ਸਕਦੇ ਨੂੰ ਹੀ ਕਰਨੀ ਹੈ।  ਹਰ ਵੇਲੇ ਨਹੀਂ।

ਇੰਡੀਨੇਸ਼ੀਆ ਵਿਚ ਬੜਾ ਅਜੀਬ ਮਾਮਲਾ ਸਾਹਮਣੇ ਆਇਆ ਹੈ।  ਗੂਗਲ ਮੈਪਸ ਦੀ ਗ਼ਲਤੀ ਕਾਰਨ ਇਕ ਬਰਾਤ ਬੜੀ ਮਸੀਬਤ ਵਿਚ ਫ਼ਸ ਗਈ।  ਗੂਗਲ ਮੈਪਸ ਦੁਆਰਾ ਦੱਸੇ ਰਸਤੇ ਅਨੁਸਾਰ ਸ਼ਾਦੀ ਵਾਲੇ ਦਿਨ ਵਿਆਹ ਵਾਲਾ ਲੜਕਾ ਬਰਾਤ ਸਮੇਤ ਕਿਸੇ ਹੋਰ ਹੀ ਘਰ ਪਹੁੰਚ ਗਿਆ।  ਸਬੱਬ ਨਾਲ ਉਸ ਦਿਨ ਉਸ ਘਰ ਵਿਚ ਵੀ ਲੜਕੀ ਦੀ ਸ਼ਾਦੀ ਸੀ ਅਤੇ ਲੜਕੀ ਵਾਲੇ ਬਰਾਤ ਦੀ ਉਡੀਕ ਕਰ ਰਹੇ ਸਨ।  ਉਥੇ ਸੁਆਗਤ ਵੀ ਹੋ ਗਿਆ।  ਨਾ਼ਸਤਾ ਵੀ ਕਰ ਲਿਆ।  ਜਦੋਂ ਦੋਹਾਂ ਪਰਿਵਾਰਾਂ ਦੇ ਮੈਂਬਰਾਂ ਦੀ ਆਪਸ ਵਿਚ ਗੱਲਬਾਤ ਹੋਈ ਤਾਂ ਕਿਸੇ ਨੂੰ ਇਸ ਗ਼ਲਤੀ ਦਾ ਅਹਿਸਾਸ ਹੋਇਆ।  ਕਿਉਂਕਿ ਇਕ ਹੀ ਦਿਨ ਪਿੰਡ ਵਿਚ ਦੋ ਲੜਕੀਆਂ ਦੀਆਂ ਸ਼ਾਦੀਆਂ ਸਨ।

ਅਜਿਹੀਆਂ ਪ੍ਰੇਸ਼ਾਨੀਆਂ ਦੀ ਬੀਤੇ ਸਮੇਂ ਦੌਰਾਨ ਗਿਣਤੀ ਹਜ਼ਾਰਾਂ ਵਿਚ ਰਹੀ ਹੈ।  ਕਦੇ ਇਹ ਤੁਹਾਨੂੰ ਊਬੜ ਖਾਬੜ ਰਾਹਾਂ ʼਤੇ ਪਾ ਦਿੰਦੇ ਹਨ।  ਕਦੇ ਗ਼ਲਤ ਦਿਸ਼ਾ ਵੱਲ ਭੇਜ ਦਿੰਦੇ ਹਨ ਅਤੇ ਲੋਕਾਂ ਨੂੰ ਖੱਜਲ ਖੁਆਰ ਹੋ ਕੇ ਵਾਪਿਸ ਮੁਖ ਸੜਕ ʼਤੇ ਆਉਣਾ ਪੈਂਦਾ ਹੈ।  ਬੀਤੇ ਦਿਨੀਂ ਕੇਰਲਾ ਦਾ ਇਕ ਪਰਿਵਾਰ ਗੂਗਲ ਮੈਪਸ ਦੀ ਮਦਦ ਨਾਲ ਸਫ਼ਰ ਕਰ ਰਿਹਾ ਸੀ ਜਦ ਉਹ ਉਸ ਦਿਸ਼ਾ ਵਿਚ ਅੱਗੇ ਵਧੇ ਤਾਂ ਕਾਰ ਹੜ੍ਹ ਦੇ ਪਾਣੀ ਵਿਚ ਘਿਰ ਗਈ।  ਸਥਾਨਕ ਲੋਕਾਂ ਦੇ ਉੱਦਮ ਸਦਕਾ ਉਹ ਹੜ੍ਹ ਦੇ ਸ਼ੂਕਦੇ ਪਾਣੀ ਵਿਚੋਂ ਜਿੰਦਾ ਬਾਹਰ ਆ ਸਕੇ।

ਤਕਨੀਕੀ ਮਾਹਿਰ ਮੰਨਦੇ ਹਨ ਕਿ ਪੂਰੀ ਤਰ੍ਹਾਂ ਇਸ ਤਕਨੀਕ ਦੇ ਭਰੋਸੇ ਨਹੀਂ ਰਿਹਾ ਜਾ ਸਕਦਾ।  ਜੇ ਅਸੀਂ ਅੱਖਾਂ ਬੰਦ ਕਰਕੇ ਗੂਗਲ ਮੈਪਸ ਅਨੁਸਾਰ ਜਾਵਾਂਗੇ ਤਾਂ ਕਦੇ ਵੀ, ਕਿਤੇ ਵੀ ਧੋਖਾ ਖਾ ਸਕਦੇ ਹਾਂ।

ਦਰਅਸਲ ਨਕਸ਼ਾ ਲਗਭਗ 20 ਮੀਟਰ ਤੱਕ ਤੁਹਾਡਾ ਸਥਾਨ ਜਾਨਣ ਲਈ ਉਪਗ੍ਰਿਹਾਂ ਦੀ ਵਰਤੋਂ ਕਰਦਾ ਹੈ।  ਜਦੋਂ ਤੁਸੀਂ ਪੁਲ, ਫਲਾਈਓਵਰ ਦੇ ਹੇਠਾਂ ਜਾਂ ਸੁਰੰਗ ਵਿਚ ਹੁੰਦੇ ਹੋ ਤਾਂ ਜੀ.ਪੀ.ਐਸ. ਕਦੇ ਕਦਾਈਂ ਗ਼ਲਤ ਹੋ ਸਕਦਾ ਹੈ।  ਨੇੜੇ ਤੇੜੇ ਦੇ ਵਾਈ ਫਾਈ ਨੈਟਵਰਕ ਦਾ ਸਥਾਨ ਨਕਸ਼ੇ ਨੂੰ ਇਹ ਜਾਨਣ ਵਿਚ ਸਹਾਇਤਾ ਕਰਦਾ ਹੈ ਕਿ ਤੁਸੀਂ ਕਿੱਥੇ ਹੋ।  ਮੋਬਾਈਲ ਡੇਟਾ ਨਾਲ ਤੁਹਾਡਾ ਕਨੈਕਸ਼ਨ ਕੁਝ ਹਜ਼ਾਰ ਮੀਟਰ ਤੱਕ ਹੀ ਸਟੀਕ ਹੋ ਸਕਦਾ ਹੈ।  ਇਨ੍ਹਾਂ ਕਾਰਨਾਂ ਕਰਕੇ ਕਈ ਵਾਰ ਗਲਤੀ ਲੱਗ ਜਾਂਦੀ ਹੈ।

ਵੈਸੇ ਵੀ ਭਾਰਤ ਵਿਚ ਗੂਗਲ ਮੈਪਸ ਦੀ ਸਥਿਤੀ ਹੋਰਨਾਂ ਮੁਲਕਾਂ ਦੇ ਮੁਕਾਬਲੇ ਖ਼ਰਾਬ ਹੈ ਕਿਉਂਕਿ ਇਥੇ ਇਕ ਵਰਗ ਮੀਟਰ ਵਿਚ ਇਕ ਪਿਕਸਲ ਰੇਂਜ ਹੈ।  ਕਹਿਣ ਦਾ ਭਾਵ ਤੁਹਾਨੂੰ ਇਕ ਪਿਕਸਲ ਵਿਚ ਇਕ ਵਰਗ ਮੀਟਰ ਤੋਂ ਵੱਧ ਨਹੀਂ ਵਿਖਾਇਆ ਜਾ ਸਕਦਾ।  ਇਹ ਨਿਯਮ ਹੈ ਅਤੇ ਸਰੱਖਿਆ ਦੀ ਦ੍ਰਿਸ਼ਟੀ ਤੋਂ ਵੀ ਦਰੁਸਤ ਹੈ।  ਜਦੋਂ ਕਿ ਹੋਰਨਾਂ ਦੇਸ਼ਾਂ ਵਿਚ ਇਹ ਇਕ ਮੀਟਰ ਤੋਂ ਘੱਟ ਹੈ।  ਇਸ ਲਈ ਉਥੋਂ ਦਾ ਨਕਸ਼ਾ ਸਾਫ਼ ਤੇ ਸਪਸ਼ਟ ਨਜ਼ਰ ਆਉਂਦਾ ਹੈ।  ਇਸ ਤੋਂ ਇਲਾਵਾ ਹੋਰਨਾਂ ਮੁਲਕਾਂ ਵਿਚ ਹਵਾਈ ਉਡਾਨ ਦੁਆਰਾ ਤਸਵੀਰ ਲੈਣ ਦੀ ਆਗਿਆ ਹੈ ਜਦਕਿ ਭਾਰਤ ਵਿਚ ਨਹੀਂ ਹੈ।  ਇਸ ਲਈ ਇਥੇ ਨਕਸ਼ਾ ਸਪਸ਼ਟ ਨਹੀਂ ਹੁੰਦਾ।  ਆਉਣ ਵਾਲੇ ਸਮੇਂ ਵਿਚ ਇਹ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਨੂੰ ਦਿੱਕਤ ਆ ਰਹੀ ਹੈ ਅਤੇ ਉਹ ਵਾਰ ਵਾਰ ਸ਼ਕਾਇਤ ਕਰ ਰਹੀਆਂ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>