ਅੰਮ੍ਰਿਤਸਰ - ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮਾਂ ਦੀ ਅਰੰਭਤਾ 5 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭਤਾ ਕੀਤੀ ਜਾ ਰਹੀ ਹੈ।
ਇਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਪਰੰਤ ਬੰਦੀ ਛੋੜ ਦਾਤੇ ਸਤਿਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਵੱਲੋਂ ਸਿਰਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਸਮਾਗਮ ਸਵੇਰੇ 10:30 ਵਜੇ ਤੋਂ 11:30 ਵਜੇ ਤੱਕ ਹੋਵੇਗੀ।
ਅੰਮ੍ਰਿਤਪਾਲ ਸਿੰਘ ਦੀ ਮਾਤਾ ਸ੍ਰੀਮਤੀ ਬਲਵਿੰਦਰ ਕੌਰ ਨੇ ਦੱਸਿਆ ਕਿ ਸਮਾਗਮ ਦਾ ਮਕਸਦ ਨੌਜਵਾਨੀ ਨੂੰ ‘ਖ਼ਾਲਸਾ ਵਹੀਰ’ ਰਾਹੀਂ ਨਸ਼ਿਆਂ ਦੀ ਦਲਦਲ ਵਿੱਚੋਂ ਕੱਢ ਕੇ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੇ ਪਵਿੱਤਰ ਕਾਰਜ ਵਿੱਚ ਸ਼ਾਮਿਲ ਕਰਕੇ ਨਸ਼ਿਆਂ ਨੂੰ ਸਦੀਵੀ ਤੌਰ ਤੇ ਪੰਜਾਬ ਦੀ ਧਰਤੀ ਤੋਂ ਖ਼ਤਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਹੈ। ਜਿਸ ਵਿੱਚ ਬੰਦੀ ਸਿੰਘਾਂ ਦੇ ਪਰਿਵਾਰਾਂ ਤੋਂ ਇਲਾਵਾ ਉਹ ਬੀਬੀਆਂ ਵੀ ਸ਼ਾਮਿਲ ਹੋਈਆਂ, ਜਿਨ੍ਹਾਂ ਦੇ ਸਕੇ-ਸੰਬੰਧੀ ਅਤੇ ਹੋਰ ਅਨੇਕਾਂ ਨੌਜਵਾਨ ਨਸ਼ਿਆਂ ਕਾਰਨ ਆਪਣੀਆਂ ਕੀਮਤੀ ਜਾਨਾਂ ਗਵਾ ਬੈਠੇ ਹਨ।
ਉਹਨਾਂ ਕਿਹਾ ਕਿ ਕਲਗ਼ੀਧਰ ਪਾਤਸ਼ਾਹ ਦੀ ਬਖ਼ਸ਼ੀ ਜੋ ਖੰਡੇ ਬਾਟੇ ਦੀ ਪਾਹੁਲ ਨੌਜਵਾਨ ਖ਼ਾਲਸਾ ਵਹੀਰ ਸ਼ੁਰੂ ਹੋਣ ਤੇ ਛਕ ਰਹੇ ਸਨ ਅਤੇ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਜੋ ਨੌਜਵਾਨੀ ਜਾਗਰੂਕ ਹੋ ਰਹੀ ਸੀ, ਉਸ ਨੂੰ ਰੋਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵਿਰੁੱਧ ਇਹ ਝੂਠ ਦਾ ਜਾਲ ਹਕੂਮਤਾਂ ਵੱਲੋਂ ਬੁਣਿਆ ਤੇ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ।
ਬੀਬੀ ਜੀ ਨੇ ਕਿਹਾ ਕਿ ਜ਼ਾਲਮ ਹਕੂਮਤ ਦੀ ਹਾਰ ਏਸੇ ਵਿੱਚ ਹੈ ਕਿ ਨੌਜਵਾਨ ਨਸ਼ੇ ਛੱਡ ਕੇ ਖੰਡੇ ਬਾਟੇ ਦੀ ਪਾਹੁਲ ਛਕਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਬੰਦ ਖ਼ਲਾਸੀ ਹੋਵੇ ਤੇ ਖ਼ਾਲਸਾ ਵਹੀਰ ਪੰਜਾਬ ਦੀ ਧਰਤੀ ਤੇ ਦੁਬਾਰਾ ਅਰੰਭ ਹੋਵੇ।
ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਅੰਮ੍ਰਿਤ ਸੰਚਾਰ ਦੀ ਲਹਿਰ ਤਹਿਤ ਸ਼ੁਰੂ ਹੋਈ ਖ਼ਾਲਸਾ ਵਹੀਰ ਨੂੰ ਰੋਕਣ ਲਈ ਜੋ ਹਕੂਮਤਾਂ ਵੱਲੋਂ ਝੂਠ ਦਾ ਜਾਲ ਬੁਣਿਆ, ਉਹ ਸੰਗਤ ਦੀ ਅਰਦਾਸ ਨਾਲ ਹੀ ਕੱਟਿਆ ਜਾ ਸਕਦਾ ਹੈ। ਇਸ ਲਈ ਝੂਠੀਆਂ ਹਕੂਮਤਾਂ ਅਤੇ ਸਿਆਸੀ ਲੀਡਰਾਂ ਕੋਲੋਂ ਮੰਗ ਕਰਨ ਦੀ ਬਜਾਏ ਅਸੀਂ ਪੰਜ ਤਖ਼ਤ ਸਾਹਿਬਾਨਾਂ ਤੇ ਜਾ ਕੇ ਸੰਗਤੀ ਰੂਪ ਵਿੱਚ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਾਂ। ਭਾਈ ਅੰਮ੍ਰਿਤਪਾਲ ਸਿੰਘ ਦੀ ਸਾਥੀਆਂ ਦੀ ਬੰਦ ਖ਼ਲਾਸੀ ਹੋਵੇ ਅਤੇ ਖ਼ਾਲਸਾ ਵਹੀਰ ਅਰੰਭ ਹੋਵੇ ਤੇ ਹੋਰ ਪਰਿਵਾਰਾਂ ਦੇ ਚਿਰਾਗ਼ ਜੋ ਨਸ਼ਿਆਂ ਵਿੱਚ ਗ਼ਲਤਾਨ ਹਨ, ਘੱਟੋ-ਘੱਟ ਉਹ ਇਸ ਦਲਦਲ ਵਿੱਚੋਂ ਨਿਕਲ ਕੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਖ਼ਾਲਸਾ ਵਹੀਰ ਦੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੇ ਪਵਿੱਤਰ ਕਾਰਜ ਵਿੱਚ ਰੁੱਝ ਕੇ ਨਸ਼ਿਆਂ ਨੂੰ ਸਦੀਵੀ ਤੌਰ ਤੇ ਭੁੱਲ ਜਾਣ। ਧਿਆਨ ਕਰਨ ਯੋਗ ਹੈ ਕਿ ਕਲ ਜਦੋਂ ਮਾਤਾ ਬਲਵਿੰਦਰ ਕੌਰ ਅਖੰਡ ਪਾਠ ਆਰੰਭ ਹੋਣ ਤੋਂ ਬਾਅਦ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਆਉਣ ਲੱਗੇ ਤਾਂ ਸਥਾਨਕ ਪੁਲਿਸ ਅਧਿਕਾਰੀਆਂ ਨੇ ਦਬਾਅ ਪਾ ਕੇ ਉਨ੍ਹਾਂ ਨੂੰ ਪ੍ਰੈੱਸ ਕਾਨਫ਼ਰੰਸ ਵਿੱਚ ਆਉਣ ਨਹੀਂ ਸੀ ਦਿੱਤਾ ।