ਅੰਮ੍ਰਿਤਸਰ ਤੋਂ ਆਸਟਰੇਲੀਆ, ਨਿਉਜ਼ੀਲੈਂਡ ਸਣੇ ਦੱਖਣ-ਪੂਰਬੀ ਮੁਲਕਾਂ ਲਈ ਹੁਣ ਚਾਰ ਏਅਰਲਾਈਨਾਂ ਰਾਹੀਂ ਭਰੀ ਜਾ ਸਕੇਗੀ ਉਡਾਣ

Logo_FAI_Round(1).resizedਅੰਮ੍ਰਿਤਸਰ: ਜਿਵੇਂ-ਜਿਵੇਂ ਸਰਦੀਆਂ ਦਾ ਮੌਸਮ ਨੇੜੇ ਆ ਰਿਹਾ ਹੈ, ਪੰਜਾਬ ਤੋਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਸਿੰਗਾਪੁਰ, ਮਲੇਸ਼ੀਆ, ਥਾਈਲੈਂਡ, ਫਿਲੀਪੀਨਜ਼, ਜਪਾਨ ਦੇ ਸ਼ਹਿਰਾਂ ਵਿਚਾਲੇ ਹਵਾਈ ਯਾਤਰਾ ਹੁਣ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਬਹੁਤ ਹੀ ਸੁਖਾਲੀ ਹੋ ਜਾਵੇਗੀ। ਇਹ ਪ੍ਰਗਟਾਵਾ ਅਮਰੀਕਾ ਵਾਸੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕੀਤਾ ਹੈ।

ਅੰਮ੍ਰਿਤਸਰ ਦੇ ਜੰਮਪਲ ਗੁਮਟਾਲਾ ਨੇ ਕਿਹਾ ਕਿ ਪੰਜਾਬੀਆਂ ਕੋਲ ਹੁਣ ਪੰਜਾਬ ਦੇ ਸਭ ਤੋਂ ਵੱਡੇ ਅਤੇ ਰੁੱਝੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਮਲੇਸ਼ੀਆ ਅਤੇ ਸਿੰਗਾਪੁਰ ਦੀਆਂ ਚਾਰ ਪ੍ਰਮੁੱਖ ਏਅਰਲਾਈਨਾਂ, ਏਅਰ ਏਸ਼ੀਆ ਐਕਸ, ਬੈਟਿੱਕ ਏਅਰ, ਮਲੇਸ਼ੀਆ ਏਅਰਲਾਈਨ ਅਤੇ ਸਕੂਟ ‘ਤੇ ਕੁਆਲਾਲੰਪੂਰ ਅਤੇ ਸਿੰਗਾਪੁਰ ਰਾਹੀਂ ਵੱਡੀ ਗਿਣਤੀ ਵਿੱਚ ਉਡਾਣਾਂ ਉਪਲੱਬਧ ਹੋਣਗੀਆਂ। ਉਹਨਾਂ ਨੁੰ ਦਿੱਲੀ ਰਾਹੀ ਜਾਣ ਦੀ ਖੱਜਲ-ਖੁਆਰੀ ਨਹੀਂ ਹੋਵੇਗੀ, ਸਮਾਂ ਅਤੇ ਕਿਰਾਇਆ ਵੀ ਘੱਟ ਲੱਗੇਗਾ ਜੇਕਰ ਉਹ ਇਹਨਾਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਤੇ ਯਾਤਰਾ ਕਰਨਗੇ।

ਗੁਮਟਾਲਾ ਨੇ ਦੱਸਿਆ ਕਿ 8 ਨਵੰਬਰ, 2023 ਤੋਂ ਮਲੇਸ਼ੀਆ ਏਅਰਲਾਈਨਜ਼, ਕੁਆਲਾਲੰਪੁਰ ਸਥਿਤ ਆਪਣੇ ਹੱਬ ਤੋਂ ਗੁਰੂ ਕੀ ਨਗਰੀ ਅੰਮ੍ਰਿਤਸਰ ਲਈ ਹਫਤੇ ਵਿੱਚ ਦੋ ਦਿਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਨਾਲ ਮਲੇਸ਼ੀਆ ਦੀ ਤੀਜੀ ਏਅਰਲਾਈਨ ਹੋਵੇਗੀ। ਇਹ ਵਨ ਵਰਲਡ ਅਲਾਇੰਸ ਦਾ ਵੀ ਹਿੱਸਾ ਹੈ ਜਿਸ ਵਿੱਚ ਆਸਟ੍ਰੇਲੀਆ ਦੀ ਕੈਂਟਾਸ ਸਮੇਤ ਕਈ ਦੇਸ਼ਾਂ ਦੀਆਂ ਏਅਰਲਾਈਨਾਂ ਨਾਲ ਸਮਝੌਤਾ ਹੁੰਦਾ ਹੈ ਜਿਸ ਨਾਲ ਕਈ ਹੋਰ ਹਵਾਈ ਸ਼ਹਿਰਾਂ ਲਈ ਉਡਾਣਾਂ ਇੱਕੋ ਟਿਕਟ ਤੇ ਹੀ ਮਿਲ ਜਾਂਦੀਆਂ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਕਈ ਸ਼ਹਿਰਾਂ ਮੈਲਬੋਰਨ, ਸਿਡਨੀ, ਐਡੀਲੇਡ, ਬ੍ਰਿਸਬੇਨ, ਆਕਲੈਂਡ ਆਦਿ ਦੀ ਯਾਤਰਾ ਸਿਰਫ 15 ਤੋਂ 17 ਘੰਟਿਆਂ ਵਿੱਚ ਪੂਰੀ ਕੀਤੀ ਜਾ ਸਕਦੀ ਹੈ। ਹੋਰਨਾਂ ਮੁਲਕਾਂ ਦੇ ਸ਼ਹਿਰ ਬੈਂਕਾਕ, ਫੁਕੇਟ, ਬਾਲੀ, ਹੋ ਚੀ ਮਿਨਹ ਸਿਟੀ, ਮਨੀਲਾ, ਆਦਿ ਲਈ ਵੀ ਕੁਆਲਾਲੰਪੂਰ ਰਾਹੀਂ ਸਿਰਫ 1 ਤੋਂ 3 ਘੰਟੇ ਵਿੱਚ ਉਡਾਣਾਂ ਮਿਲ ਸਕਦੀਆਂ ਹਨ।

ਸੁਵਿਧਾਜਨਕ ਹਵਾਈ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਸਿੰਗਾਪੁਰ ਏਅਰਲਾਈਨਜ਼ ਦੀ ਸਕੂਟ ਨੇ ਵੀ ਨਵੰਬਰ ਤੋਂ ਅਗਲੇ ਸਾਲ ਮਾਰਚ ਦੇ ਅੰਤ ਤੱਕ ਸਰਦੀਆਂ ਦੇ ਮੌਸਮ ਦੌਰਾਨ ਆਪਣੀ ਸਮਾਂ ਸੂਚੀ ਵਿੱਚ ਤਬਦੀਲੀ ਕੀਤੀ ਹੈ। ਇਹ ਉਡਾਣ ਹਫਤੇ ਵਿੱਚ ਪੰਜ ਦਿਨ ਹੁਣ ਸਵੇਰੇ 9:05 ਵਜੇ ਅੰਮ੍ਰਿਤਸਰ ਪਹੁੰਚਦੀ ਹੈ ਅਤੇ ਸਵੇਰੇ 10:30 ਵਜੇ ਸਿੰਗਾਪੁਰ ਲਈ ਰਵਾਨਾ ਹੁੰਦੀ ਹੈ। ਏਅਰਲਾਈਨ ਇਸ ਰੂਟ ‘ਤੇ 335 ਜਾਂ 375 ਸੀਟਾਂ ਵਾਲੇ ਆਪਣੇ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਦਾ ਸੰਚਾਲਨ ਕਰਦੀ ਹੈ। ਇਸ ਨਾਲ ਹਫ਼ਤੇ ਵਿੱਚ ਤਕਰੀਬਨ 3400 ਯਾਤਰੀ ਇਸ ਤੇ ਆ ਜਾ ਸਕਣਗੇ। ਇਹੀ ਨਹੀਂ ਯਾਤਰੀ ਦੁਨੀਆਂ ਦੀ ਸਭ ਤੋਂ ਵਧੀਆ ਮੰਨੀ ਜਾਣ ਵਾਲੀ ਸਿੰਗਾਪੁਰ ਏਅਰਲਾਈਨ ਦੀਆਂ ਉਡਾਣਾਂ ‘ਤੇ ਵੀ ਸਿੰਗਾਪੁਰ ਰਾਹੀਂ ਅਮਰੀਕਾ ਅਤੇ ਕਈ ਹੋਰ ਮੁਲਕਾਂ ਨੂੰ ਜਾ ਸਕਦੇ ਹਨ।

ਏਅਰ ਏਸ਼ੀਆ ਐਕਸ ਅਤੇ ਬੈਟਿਕ ਏਅਰ, ਮਲੇਸ਼ੀਆ ਦੀਆਂ ਦੋ ਹੋਰ ਪ੍ਰਮੁੱਖ ਏਅਰਲਾਈਨਾਂ ਵੀ ਅੰਮ੍ਰਿਤਸਰ-ਕੁਆਲਾਲੰਪੂਰ ਦਰਮਿਆਨ ਹਫਤੇ ਵਿੱਚ ਚਾਰ ਦਿਨ ਆਪਣੀਆਂ ਹਵਾਈ ਸੇਵਾਵਾਂ ਜਾਰੀ ਰੱਖਣਗੀਆਂ, ਜੋ ਅੰਮ੍ਰਿਤਸਰ ਨੂੰ ਦੱਖਣ-ਪੂਰਬੀ ਏਸ਼ੀਆ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਨਾਲ ਜੋੜਦੀਆਂ ਹਨ। ਏਅਰ ਏਸ਼ੀਆ ਐਕਸ ਆਪਣਾ 376 ਸੀਟਾਂ ਵਾਲਾ ਏਅਰਬੱਸ ਏ330 ਜਹਾਜ਼ ਚਲਾਉਂਦਾ ਹੈ।

ਇਹਨਾਂ ਉਡਾਣਾਂ ਦੀ ਗਿਣਤੀ ਵਧਣ ‘ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਗੁਮਟਾਲਾ ਨੇ ਕਿਹਾ, “ਅੰਮ੍ਰਿਤਸਰ ਹਵਾਈ ਅੱਡਾ ਤੋਂ ਇਹਨਾਂ ਚਾਰ ਏਅਰਲਾਈਨਾਂ ਦੀਆਂ ਹਫਤੇ ਵਿੱਚ 30 ਉਡਾਣਾਂ ‘ਤੇ ਹੁਣ ਮਹੀਨੇ ਵਿੱਚ ਕੁੱਲ 34,000 ਯਾਤਰੀ ਆ ਜਾ ਸਕਦੇ ਹਨ। ਇਹ ਵਿਕਾਸ ਬਿਨਾਂ ਸ਼ੱਕ ਹਵਾਈ ਸੰਪਰਕ ਵਿੱਚ ਏਅਰਪੋਰਟ ਦੀ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦਾ ਹੈ। ਇਨੀਸ਼ੀਏਟਿਵ ਵਲੋਂ ਵਧੇਰੇ ਅੰਮ੍ਰਿਤਸਰ ਤੋਂ ਵਧੇਰੇ ਹਵਾਈ ਸੰਪਰਕ ਲਈ ਪਿਛਲੇ ਕਈ ਸਾਲਾਂ ਤੋਂ ਅਣਥੱਕ ਮਿਹਨਤ ਨਾਲ ਵਕਾਲਤ ਕੀਤੀ ਜਾ ਰਹੀ ਹੈ, ਏਅਰ ਏਸ਼ੀਆ ਐਕਸ, ਬਰਮਿੰਘਮ, ਲੰਡਨ ਆਦਿ ਕਈ ਉਡਾਣਾਂ ਇਸੇ ਮੁਹਿੰਮ ਦਾ ਨਤੀਜਾ ਹਨ।”

ਗੁਮਟਾਲਾ ਨੇ ਦੇਸ਼ ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸਾਰੀਆਂ ਉਡਾਣਾਂ ਨੂੰ ਸਫਲ ਬਣਾਉਣ ਲਈ ਦਿੱਲੀ ਦੀ ਬਜਾਏ ਸਿੱਧੇ ਅੰਮ੍ਰਿਤਸਰ ਲਈ ਉਡਾਣ ਭਰਨ ਨੂੰ ਤਰਜੀਹ ਦੇਣ। ਇਹਨਾਂ ਉਡਾਣਾਂ ਨਾਲ ਗੁਆਂਢੀ ਸੂਬੇ ਜੰਮੂ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਉਹ ਹਵਾਈ ਅੱਡੇ ਤੋਂ ਸੰਪਰਕ ਨੂੰ ਉਤਸ਼ਾਹਿਤ ਕਰਨ, ਏਅਰਪੋਰਟ ਨੂੰ ਪੰਜਾਬ ਦੇ ਹੋਰ ਸ਼ਹਿਰਾਂ ਨਾਲ ਬੱਸ ਸੇਵਾ ਨਾਲ ਜੋੜਨ ਅਤੇ ਹੋਰ ਸਹੂਲਤਾਂ ਦੇਣ ਵੱਲ ਧਿਆਨ ਦੇਵੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>