ਗੁਰਦੀਸ਼ ਕੌਰ ਦੀ ਬਚਪਨ ਦੀਆਂ ਮਹਿਕਾਂ ਵੰਡਦੀ – ਪੜ੍ਹਨਯੋਗ ਤੇ ਸਾਂਭਣਯੋਗ ਬਾਲ ਪੁਸਤਕ ‘ ਆ ਨੀ ਚਿੜੀਏ ‘- ਕ੍ਰਿਸ਼ਨ ਸਿੰਘ ( ਪ੍ਰਿੰਸੀਪਲ)

title -Aa ni Chidye.resizedਗੁਰਦੀਸ਼ ਕੌਰ ਗਰੇਵਾਲ ਮੂਲ ਰੂਪ ਵਿੱਚ ਗੁਰਮਤਿ ਸਿਧਾਂਤਾਂ ਨੂੰ ਪ੍ਰਣਾਈ ਲੇਖਿਕਾ ਹੈ। ਪੰਜਾਬੀ ਸਾਹਿਤ ਦੀ ਉਹ ਜਾਣੀ- ਪਛਾਣੀ ਬਹੁ- ਵਿਧਾਵੀ ਸਾਹਿਤਕਾਰਾ ਹੈ, ਉਸ ਨੇ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਆਪਣੇ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਉਸ ਦੇ ਸ਼ਬਦ – ਸੱਭਿਆਚਾਰ ਦੀ ਖ਼ਾਸੀਅਤ ਇਹ ਹੈ ਕਿ ਉਸ ਦੀ ਸਹਿਜਭਾਵੀ ਬਿਰਤੀ ਹਮੇਸ਼ਾਂ ਮਨੁੱਖੀ ਭਾਵਨਾਵਾਂ ਨੂੰ ਸਮਝਣ/ ਸਮਝਾਉਣ ਲਈ ਕਿਰਿਆਸ਼ੀਲ ਰਹਿੰਦੀ ਹੈ। ਬਜ਼ਾਤੇ ਖ਼ੁਦ ਕਿਉਂਕਿ ਉਹ ਗੁਰਬਾਣੀ -ਚਿੰਤਨ ਨੂੰ ਸਮਰਪਿਤ ਹੈ, ਉਹ ਭਾਵੇਂ ਸਾਹਿਤ ਦੀ ਕਿਸੇ ਵੀ ਵਿਧਾ ਰਾਹੀਂ ਆਪਣੇ ਪਾਠਕਾਂ ਦੇ ਰੂਬਰੂ ਹੋਵੇ, ਉਸਦੀ ਲੇਖਣੀ ਦਾ ਕੇਂਦਰ- ਬਿੰਦੂ ਗੁਰਬਾਣੀ ਆਧਾਰਿਤ ਸਰਬਸਾਂਝੇ ਮਾਨਵੀ ਧਰਾਤਲ ਦੀ ਤਲਾਸ਼ ‘ਤੇ ਕੇਂਦ੍ਰਿਤ ਹੁੰਦਾ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ,ਪ੍ਰਭੂ ਸਾਜ਼ੀ ਕਾਇਨਾਤ ਪ੍ਰਤਿ ਉਸ ਦੀ ਸਾਹਿਤਕ ਪਹੁੰਚ ਨਾਕਾਰਾਤਮਿਕ ਨਹੀਂ ਜਾਂ ਕੇਵਲ  ਦੋ- ਜਮ੍ਹਾਂ- ਦੋ ਬਰਾਬਰ ਚਾਰ ਦੇ ਵਿਗਿਆਨਕ ਫ਼ਾਰਮੂਲੇ ਨਾਲ ਨਹੀਂ ਜੁੜੀ ਹੋਈ ਸਗੋਂ ਉਹ ਆਪਣੇ ਅਮਲ ਵਜੋਂ ਰੱਬੀ- ਗੁਣਾਂ ਵਾਲੇ ਸਾਕਾਰਾਤਮਿਕ ਨਤੀਜਿਆਂ ਨੂੰ ਅਹਿਮੀਅਤ ਦਿੰਦੀ ਹੈ; ਇਹੋ ਕਾਰਨ ਹੈ ਉਹ ਕੌਮਾਂਤਰੀ ਪੱਧਰ ਦੀ ਸੰਸਥਾ ‘ ਸਰਬ ਰੋਗ ਕਾ ਅਉਖਦੁ ਨਾਮੁ ‘ ਵਿੱਚ ਬੜੇ ਆਤਮ- ਵਿਸ਼ਵਾਸ ਨਾਲ ਆਪਣਾ ਰੋਲ ਅਦਾ ਕਰਦੀ ਹੈ।

Gurdish Kaur Grewal- new pic 2(5).resizedਖ਼ੂਬਸੂਰਤ ਗੱਲ ਤਾਂ ਇਹ ਹੈ ਕਿ ਉਸ ਦੀ ਗੁਰਬਾਣੀ – ਮੁਹਾਵਰੇ/ ਦ੍ਰਿਸ਼ਟੀਕੋਣ ਦੀ ਇਹ ਨਿਰੰਤਰਤਾ, ਸਾਡੀ ਇਸ ਹਥਲੀ ਪੁਸਤਕ,’ ਆ ਨੀ ਚਿੜੀਏ ‘ ਵਿੱਚ ਵੀ ਇਸ ਦੇ ਆਰ- ਪਾਰ ਪੂਰੀ ਤਰ੍ਹਾਂ ਸਮਾਈ ਹੋਈ ਹੈ ; ਜੋ ਆਪਣੇ ਵਿਭਿੰਨ ਪਾਸਾਰਾਂ ਸੰਗ ਓਤ- ਪੋਤ ਹੈ : ਮਾਅਰਕੇ ਵਾਲੀ ਗੱਲ ਤਾਂ ਇਹ ਹੈ ਕਿ ਉਪਰੋਕਤ ਗੰਭੀਰ ਦਾਰਸ਼ਨਿਕ ਵਿਸ਼ਿਆਂ ਨਾਲ ਨਜਿੱਠਣ ਦੀ ਬਜਾਏ, ਇਹ ਪੁਸਤਕ ਆਪਣੀ ਸੁਖੈਨ ਭਾਸ਼ਾ, ਕਾਵਿਕ ਵਾਤਾਵਰਣ ਤੇ ਮੂਲ ਉਦੇਸ਼ ਵਜੋਂ ਬਾਲ ਮਨੋਵਿਗਿਆਨ ਵਾਲੇ ਨਾਜ਼ੁਕ/ ਕੋਮਲ ਵਿਸ਼ਿਆਂ ਦੀ ਨਿਸ਼ਾਨਦੇਹੀ ਕਰਨ ਦੇ ਆਹਰ ਵਿੱਚ ਜੁਟੀ ਹੋਈ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਗੁਰਦੀਸ਼ ਗਰੇਵਾਲ ਦਾ ਕਾਵਿ – ਆਵੇਸ਼ ਭਾਵੇਂ ਮਨੁੱਖੀ ਜੀਵਨ ਦੇ ਕਿਸੇ ਵੀ ਖ਼ੇਤਰ ਨਾਲ ਕਿਉਂ ਨਾ ਜੁੜਿਆ ਹੋਵੇ, ਸੰਬੰਧਿਤ ਵਿਸ਼ੇ ਦੀ ਸਾਰਥਿਕਤਾ ਆਪਣੇ ਅੰਤਿਮ- ਬਿੰਦੂ ਤੱਕ ਆਪਣਾ ਬਣਦਾ ਕਾਵਿ – ਧਰਮ ਜ਼ਰੂਰ ਨਿਭਾਉਂਦੀ ਹੈ। ਕਿਸੇ ਵੀ ਲੇਖਕ/ ਸ਼ਾਇਰ ਦੀ ਮੌਲਿਕਤਾ ਨੂੰ ਪਰਖਣ/ ਸਮਝਣ ਦਾ ਇਹੋ ਵਿਸ਼ੇਸ਼ ਮਾਪਦੰਡ ਹੁੰਦਾ ਹੈ ਜੋ ਵਿਸ਼ੇ ਤੇ ਰੂਪ ਦੀ ਸਮਨਵੈਵਾਦੀ ਸਿਰਜਣਸ਼ੀਲਤਾ ਨੂੰ ਸੁਤੇ- ਸਿੱਧ ਹੀ ਮੂਰਤੀਮਾਨ ਕਰ ਦਿੰਦਾ ਹੈ; ਇਹੋ ਕਾਰਨ ਹੈ ਵਿਦਵਾਨ ਆਲੋਚਕਾਂ ਦੀ ਧਾਰਨਾ ਦਾ ਵੀ ਸੱਚ ਹੈ ਕਿ ਵਿਸ਼ਾ ਆਪਣਾ ਰੂਪ ਖ਼ੁਦ ਅਖ਼ਤਿਆਰ ਕਰ ਲੈਂਦਾ ਹੈ; ਸੂਖ਼ਮ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਸਾਹਿਤ ਵਿਧਾਵਾਂ ਦੀ ਵਿਭਿੰਨਤਾ/ ਵੰਨ- ਸੁਵੰਨਤਾ ਵੀ ਇਸੇ ਗੱਲ ਦੀ ਪੁਸ਼ਟੀ ਕਰਦੀ ਹੈ। ਗੁਰਦੀਸ਼ ਕੌਰ ਗਰੇਵਾਲ ਦਾ ਇਹੋ ਸਾਹਿਤਕ ਗੁਣ ਹੈ ਜੋ ਹਮੇਸ਼ਾਂ ਉਸ ਦੀ ਸਿਰਜਣਸ਼ੀਲਤਾ ਦਾ ਹਾਣੀ/ ਅੰਗ ਬਣਦਾ ਹੈ।

Pr Kishan singh pic.resizedਇਸ ਪੁਸਤਕ ਦੇ 34 ਪੰਨਿਆਂ ਵਿੱਚ ਅੰਕਿਤ 29 ਬਾਲ ਕਵਿਤਾਵਾਂ ਪਰਿਵਾਰਕ, ਸਮਾਜਿਕ, ਇਤਿਹਾਸਕ, ਪ੍ਰਕਿਰਤਕ, ਸਲੀਕੇ ,ਜੀਵਨ ਚੱਜ- ਆਚਾਰ, ਪੰਜਾਬੀ ਸੱਭਿਆਚਾਰ, ਮਾਂ- ਬੋਲੀ ਪੰਜਾਬੀ ਅਤੇ ਰੱਬੀ – ਰੰਗ ਵਾਲੀਆਂ ਭਾਵਨਾਵਾਂ ਸੰਗ ਲਬਰੇਜ਼ ਹਨ। ਇਨ੍ਹਾਂ ਦੀ ਸਾਹਿਤਕ ਖ਼ੂਬੀ ਇਹ ਹੈ ਕਿ  ਇਨ੍ਹਾਂ ਕਵਿਤਾਵਾਂ ਦੀ ਸੁਰ ਬਾਲ ਮਨੋਵਿਗਿਆਨ ਦਾ ਧੁਰ- ਅੰਦਰੋਂ ਅਹਿਸਾਸ ਕਰਵਾਉਂਦੀ ਹੈ ; ਪਾਠਕ ਨੂੰ ਕਿਸੇ ਵੀ ਤਰ੍ਹਾਂ ਦਾ ਬੋਝਲਪਨ ਨਹੀਂ ਲੱਗਦਾ ; ਆਪਣੇ ਸਮੁੱਚ ਵਜੋਂ ਇਹ ਬੱਚਿਆਂ ਦੇ ਸਮਝਗੋਚਰੇ ਹੈ। ਇਨ੍ਹਾਂ ਦਾ ਕਾਵਿ- ਰੰਗ ਐਨੇ ਕਲਾਤਮਿਕ ਸੁਹਜ ਨਾਲ ਮੂਰਤੀਮਾਨ ਹੋਇਆ ਹੈ ਕਿ ਕਈ ਕਵਿਤਾਵਾਂ ਵਿੱਚ ਤਾਂ ਉਸ ਦੇ ਪਰਵਾਸੀ ਲੇਖਿਕਾ ਹੋਣ ਵਜੋਂ, ਪੰਜਾਬੀ ਅਤੇ ਕੈਨੇਡੀਅਨ ਸੱਭਿਆਚਾਰ ਦਾ ਸੰਗਮ ਵੀ ਸੁਤੇ ਸਿੱਧ ਹੀ ਹੋ ਗਿਆ ਹੈ। ਕੁਝ ਕਵਿਤਾਵਾਂ ਤਾਂ ਆਪਣੇ ਆਪ- ਮੁਹਾਰੇਪਨ ਦੀ ਸਿਰਜਣ ਪ੍ਰਕਿਰਿਆ ਅਤੇ ਆਪਣੇ ਤੋਲ- ਤੁਕਾਂਤ ਵਜੋਂ ਲੋਕ ਗੀਤਾਂ ਦੀ ਮਹਿਕ ਦਾ ਪ੍ਰਭਾਵ ਵੀ ਛੱਡਦੀਆਂ ਹਨ। ਪੁਸਤਕ ਦਾ ਸਿਰਲੇਖ ਵੀ (‘ ਆ ਨੀ ਚਿੜੀਏ ‘ ) ਬੱਚਿਆਂ ਦੀ ਮਾਸੂਮੀਅਤ ਅਤੇ ਮਾਂ- ਮਮਤਾ ਦਾ ਪ੍ਰਤੀਕ ਹੈ। ਇਸ ਦੀ ਰੰਗੀਨ ਦਿੱਖ ਤੇ ਢੁਕਵੀਆਂ ਤਸਵੀਰਾਂ ਨੇ ਕਵਿਤਾਵਾਂ ਦੇ ਥੀਮਿਕ ਪਾਸਾਰਾਂ ਦੇ ਪ੍ਰਗਟਾਵੇ ਲਈ ਸੋਨੇ ‘ਤੇ ਸੁਹਾਗੇ ਵਾਲਾ ਕਾਰਜ ਕੀਤਾ ਹੈ। ਇਹ ਉਸ ਦਾ ਸਵੈ- ਹੰਢਾਇਆ ਉਮਰ ਦਰਾਜ਼ ਕਾਵਿ – ਅਨੁਭਵ ਹੈ ਜੋ ਆਪਣੇ ਆਧੁਨਿਕ ਪਰਿਪੇਖ ਵਜੋਂ ਪਰਵਾਰਿਕ ਤੇ ਸਮਾਜਿਕ ਰਿਸ਼ਤਿਆਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਨਮੂਨੇ ਵਜੋਂ ਇਥੇ ਕੁਝ ਕਵਿਤਾਵਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ ਜੋ ਕੇਵਲ ਬਾਲ ਮਨੋਵਿਗਿਆਨ ਦੇ ਮੁੱਦੇ ਵਜੋਂ ਨਹੀਂ ਸਗੋਂ ਮਨੁੱਖੀ ਜੀਵਨ ਦੀ ਸਦੀਵੀ ਚੇਤਨਾ/ ਸੰਦੇਸ਼ ਵਜੋਂ ਵੀ ਅਰਥ ਭਰਪੂਰ ਹਨ :
—–  ਦਾਦੀ ‘ ਦੀਸ਼ ‘ ਕਰੇ ਵਡਿਆਈ,
ਆਖੇ ,’ ਘਰ ਵਿੱਚ ਰੌਣਕ ਆਈ’ !
ਸਾਰੇ ਮੇਰਾ ਰੱਖਣ ਖ਼ਿਆਲ,
ਵੱਡੀ ਹੋ ਕੇ ਕਰੂੰ ਕਮਾਲ । ( ਨੰਨ੍ਹੀ ਪਰੀ, ਪੰਨਾ 32)

—— ਇਸ ‘ਤੇ ਰੁਖ ਤੇ ਪੌਦੇ ਲਾਈਏ,
ਹਰਿਆਲੀ ਦੇ ਨਾਲ ਸਜਾਈਏ।
ਦਾਦੀ ‘ ਦੀਸ਼ ‘ ਕਹੇ ਹਰ ਸਾਲ,
ਕਰੀਏ ਧਰਤੀ ਦੀ ਸੰਭਾਲ। ( ਸਾਡੀ ਧਰਤੀ ਮਾਂ, ਪੰਨਾ 6)
—– ਚਿੜੀ ਨੇ ਸਾਂਭੇ ਸਾਰੇ ਦਾਣੇ।
ਰੱਜ ਰੱਜ ਕੇ ਬੱਚਿਆਂ ਨੇ ਖਾਣੇ।
ਮਿਹਨਤ ਦਾ ਫ਼ਲ ਹੋਵੇ ਮਿੱਠਾ।
ਦਾਦੀ ‘ ਦੀਸ਼’ ਸੁਣਾਇਆ ਚਿੱਠਾ।( ਇਕ ਸੀ ਚਿੜੀ, ਪੰਨਾ 12)
-

—   ਮੇਰੀ ਜਿੰਦ ਤੇ ਜਾਨ ਕਿਤਾਬਾਂ।
ਮੈਨੂੰ ਦੇਣ ਗਿਆਨ ਕਿਤਾਬਾਂ।—–
‘ ਦੀਸ਼ ‘ ਦੀ ਗੱਲ ਨੂੰ ਮੰਨੋ ਯਾਰ।
ਕਰੋ ਕਿਤਾਬਾਂ ਨਾਲ ਪਿਆਰ। ( ਕਿਤਾਬਾਂ, ਪੰਨਾ 24)

ਹਥਲੀ ਪੁਸਤਕ ਦੇ ਸੰਦਰਭ ਵਿੱਚ ਇਹ ਕਹਿਣਾ ਬਣਦਾ ਹੈ ਕਿ ਸਾਡੇ ਬਾਲ ਮਨੋਵਿਗਿਆਨ ਸਾਹਿਤ ਦੀ ਤ੍ਰਾਸਦੀ ਇਹ ਰਹੀ ਹੈ ਕਿ ਭਾਵੇਂ ਇਹ ਸਾਹਿਤ ਕਵਿਤਾ ਵਿੱਚ ਸੀ ਜਾਂ ਵਾਰਤਕ ਵਿੱਚ ; ਅਸੀਂ ਸਾਰੇ ਜਾਂ ਸਾਡੇ ਆਲੋਚਕ ਇਸ ਦੀ ਇਤਿਹਾਸਕਾਰੀ ਪ੍ਰਤਿ ਬੱਝਵੇਂ ਜਾਂ ਵਿਧੀਵਤ ਰੂਪ ਵਿੱਚ ਨਿਠ ਕੇ ਸੁਚੇਤ ਨਹੀਂ ਹੋ ਸਕੇ; ਜਦੋਂ ਕਿ ਨੰਨ੍ਹੇ – ਮੁੱਨ੍ਹੇ ਬਾਲਾਂ ਦੇ ਇਸ ਸਾਹਿਤ ਨੇ ਸਾਡੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਿਰਸੇ ਨੂੰ ਸੰਭਾਲ ਕੇ ਸੁਨਹਿਰੀ ਭਵਿੱਖ ਨੂੰ ਸਿਰਜਣ ਪ੍ਰਤਿ ਆਪਣਾ ਵੱਡਮੁੱਲਾ ਯੋਗਦਾਨ ਪਾਉਣਾ ਸੀ। ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਦੇਸ਼ਾਂ / ਵਿਦੇਸ਼ਾਂ ਵਿੱਚ ਕਿੰਨੀਆਂ ਦੁਸ਼ਵਾਰੀਆਂ ਤੇ ਸੰਕਟਾਂ ਦਾ ਸ਼ਿਕਾਰ ਹੋ ਚੁੱਕੀ ਹੈ, ਇਹ ਕਿਸੇ ਵੀ ਪੰਜਾਬੀ ਤੋਂ ਛੁਪਿਆ ਨਹੀਂ। ਮੌਕੇ ਦੀਆਂ ਸਰਕਾਰਾਂ ਦਾ ਆਪਣਾ ਰੋਲ ਹੈ ਪਰੰਤੂ ਭਾਵਨਾਤਮਿਕ ਖ਼ੇਤਰ ਵਿੱਚ ਸ਼ਾਇਦ ਅਸੀਂ ਵਿਸ਼ੇਸ਼ ਤੌਰ ‘ਤੇ ਅਜੋਕੀ ਸੱਠਵਿਆਂ/ ਸੱਤਰ੍ਹਵਿਆਂ ਵਾਲੀ ਪੀੜ੍ਹੀ, ਉਨ੍ਹਾਂ ਬੱਚਿਆਂ ਦੀਆਂ ਭਾਵਨਾਵਾਂ ਨੂੰ ਨੇੜਿਓਂ ਹੋ ਕੇ ਸਮਝਣ ਤੋਂ ਅਸਮਰਥ ਰਹੀ, ਅਸੀਂ ਉਨ੍ਹਾਂ ਨੂੰ ਚੰਗੇ ਸਭਿਆਚਾਰਕ ਵਿਰਸੇ/ ਸੰਸਕਾਰਾਂ ਵਾਲੀ ਗੁੜ੍ਹਤੀ ਨਹੀਂ ਦੇ ਸਕੇ।  ਮੈਨੂੰ ਪੂਰੀ ਆਸ ਹੈ ਕਿ ਗੁਰਦੀਸ਼ ਗਰੇਵਾਲ ਵਲੋਂ ਹੋਇਆ ਇਹ ਸਾਰਥਿਕ ਉਪਰਾਲਾ ਪੰਜਾਬੀ ਬਾਲ- ਕਾਵਿ ਖ਼ੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਲਾਹੇਵੰਦ ਸਿੱਧ ਹੋਵੇਗਾ ਕਿਉਂਕਿ ਉਸ ਦੀ ਇਸ ਪਲੇਠੇ ਬਾਲ- ਕਾਵਿ ਸੰਗ੍ਰਹਿ ਦੀ ਪ੍ਰਾਪਤੀ ਇਕ ਦਿਨ ਦੀ ਘਾਲਣਾ ਨਹੀਂ ਉਸ ਦੇ ਅਧਿਆਪਨ ਕਿੱਤੇ ਦੇ ਜੀਵਨ ਤਜ਼ਰਬੇ ਅਤੇ ਬਤੌਰ ਨਾਨੀ/ ਦਾਦੀ ਇਕੱਠੀ ਹੋਈ ਮੁਹੱਬਤ ਦੀ ਪਟਾਰੀ ਵੀ ਬੜੀ ਸੁਹਿਰਦਤਾ/ ਦਰਿਆਦਿਲੀ ਨਾਲ ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਮੇਰੀ ਜਾਚੇ ਇਹ ਹਥਲੀ ਪੁਸਤਕ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਦੇਸ਼ੀ/ ਪ੍ਰਵਾਸੀ ਪੰਜਾਬੀ ਭਾਈਚਾਰੇ ਲਈ ਵੀ ਇਕ ਤੋਹਫ਼ਾ ਸਾਬਤ ਹੋਵੇਗੀ ਜੋ ਰਿਸ਼ਤਿਆਂ ਦੀ ਪਛਾਣ ਹੀ ਨਹੀਂ ਕਰਵਾਉਂਦੀ , ਉਨ੍ਹਾਂ  ਰਿਸ਼ਤਿਆਂ ਦੀ ਪਾਕੀਜ਼ਗੀ/ ਪਰਿਪੱਕਤਾ ਦਾ ਵੀ ਅਹਿਸਾਸ ਕਰਵਾਏਗੀ। ਮੈਂ ਗੁਰਦੀਸ਼ ਗਰੇਵਾਲ ਜੀ ਨੂੰ ਉਹਨਾਂ ਵਲੋਂ ਪੰਜਾਬੀ ਬਾਲ – ਕਾਵਿਧਾਰਾ ਵਿੱਚ ਇਸ ਅਨੂਠੀ ਪ੍ਰਵੇਸ਼ਕਾਰੀ ਕਰਨ ‘ਤੇ ਦਿਲੋਂ ਮੁਬਾਰਕਬਾਦ ਦਿੰਦਾ ਹਾਂ ਅਤੇ ਉਹਨਾਂ ਤੋਂ ਇਸ ਖੇਤਰ ਦੀਆਂ ਹੋਰ ਵੀ ਭਵਿੱਖਮੁਖੀ ਸੰਭਾਵਨਾਵਾਂ ਦੀ ਉਮੀਦ ਕਰਦਾ ਹਾਂ।

ਪੁਸਤਕ ਲੇਖਿਕਾ/ ਸ਼ਾਇਰਾ – ਗੁਰਦੀਸ਼ ਕੌਰ ‘ਦੀਸ਼’ ਗਰੇਵਾਲ
ਗੋਸਲ ਪ੍ਰਕਾਸ਼ਨ, ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ।
ਕੀਮਤ 200/ ਰੁਪਏ

 

 

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>