ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਦੇ ਬਾਹਰ ਹੋਈ ਅਰਦਾਸ

IMG_20231113_154252.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਦਿਨੀਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ ਸਮੂਹ ਪੰਥਦਰਦੀਆਂ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਸੱਦੇ ਉਤੇ ਜੁਟੇ ਵੱਖ-ਵੱਖ ਪੰਥਕ ਜਥੇਬੰਦੀਆਂ ਤੇ ਸਿੰਘ ਸਭਾਵਾਂ ਦੇ ਨੁਮਾਇੰਦਿਆਂ ਨੇ ਚੌਪਈ ਸਾਹਿਬ, ਸ਼ਬਦ ਕੀਰਤਨ ਤੇ 6 ਪੌੜੀਆਂ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ਼ ਅਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਜੀਕੇ ਨੇ ਸਾਫ ਕਿਹਾ ਕਿ ਸਰਕਾਰਾਂ ਸਿੱਖ ਕੈਦੀਆਂ ਨਾਲ ਵਿਤਕਰਾ ਕਰ ਰਹੀ ਹੈ। ਉਹ ਸਰਕਾਰ ਭਾਵੇਂ ਕੇਂਦਰ, ਦਿੱਲੀ, ਪੰਜਾਬ ਜਾਂ ਕਰਨਾਟਕ ਸੂਬੇ ਦੀ ਹੋਵੇ। ਧਰਮ ਦੇ ਆਧਾਰ ਉਤੇ ਹੋਰ ਗੰਭੀਰ ਅਪਰਾਧਾਂ ਵਾਲੇ ਅਪਰਾਧੀਆਂ ਨੂੰ 14 ਸਾਲਾਂ ਤੋਂ ਪਹਿਲਾਂ ਚੰਗੇ ਚਾਲ-ਚਲਣ ਦਾ ਹਵਾਲਾ ਦੇਕੇ ਛੋੜਿਆ ਗਿਆ ਹੈ, ਜਦਕਿ ਬੰਦੀ ਸਿੰਘਾਂ ਨੂੰ ਦੂਗਣੀ ਸਜ਼ਾ ਭੁਗਤਣ ਦੇ ਬਾਵਜੂਦ ਸਰਕਾਰਾਂ ਅਸ਼ਾਂਤੀ ਪੈਦਾ ਹੋਣ ਦਾ ਬਹਾਨਾ ਬਣਾ ਕੇ ਜੇਲ੍ਹਾਂ ਵਿਚ ਡੱਕ ਕੇ ਬੈਠਿਆਂ ਹਨ। ਕੇਂਦਰ ਸਰਕਾਰ ਨੇ 2019 ਵਿਚ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 8 ਸਿੰਘਾਂ ਨੂੰ ਰਿਹਾ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਪਰ ਹੁਣ ਸਰਕਾਰ ਆਪਣੀ ਇਸ ਗੱਲ ਤੋਂ ਪਿੱਛੇ ਹਟ ਗਈ ਹੈ। ਸੁਪਰੀਮ ਕੋਰਟ ਪਹਿਲਾਂ ਹੀ ਇਸ ਮਸਲੇ ਵਿਚ ਹੱਥ ਖੜ੍ਹੀ ਕਰ ਚੁੱਕੀ ਹੈ। ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਸੁਪਰੀਮ ਕੋਰਟ ਨੇ ਜਿਸ ਆਧਾਰ ਉਤੇ ਬਦਲਿਆ ਸੀ, ਉਸ ਆਧਾਰ ਉਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸੁਪਰੀਮ ਕੋਰਟ ਨੇ ਰਾਹਤ ਨਹੀਂ ਦਿੱਤੀ। ਜਦਕਿ 12 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪਈ ਹੈ। ਇੱਕ ਪਾਸੇ ਕੇਂਦਰ ਸਰਕਾਰ ਨੇ ਆਪਣੇ ਨੋਟੀਫਿਕੇਸ਼ਨ ਦੇ ਉਲਟ ਜਾ ਕੇ 28 ਸਾਲ ਸਜ਼ਾ ਕੱਟ ਚੁੱਕੇ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦਾ ਡਟਵਾਂ ਵਿਰੋਧ ਕੀਤਾ ਹੈ। ਪਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਸਿਰਫ 8 ਸਾਲ ਦੀ ਸਜ਼ਾ ਬਾਅਦ ਗੁਜਰਾਤ ਸਰਕਾਰ ਵੱਲੋਂ ਰਿਹਾ ਕੀਤੇ ਗਏ ਬਿਲਕਿਸ ਬਾਨੋ ਦੇ ਬਲਾਤਕਾਰੀ ਤੇ ਉਸਦੇ ਪਰਿਵਾਰਕ ਜੀਆਂ ਦੇ ਕਾਤਲਾਂ ਦੀ ਪੱਕੀ ਰਿਹਾਈ ਦਾ ਡਟਵਾਂ ਬਚਾਅ ਕੀਤਾ ਹੈ।

ਜੀਕੇ ਨੇ ਸਵਾਲ ਕੀਤਾ ਕਿ ਇਹ ਵਿਤਕਰਾ ਨਹੀਂ ਤਾਂ ਕੀ ਹੈ ? ਇੱਕ ਪਾਸੇ ਸਾਰੀ ਉਮਰ ਸਜ਼ਾ ਕੱਟਣ ਦੇ ਆਦੇਸ਼ ਉਤੇ ਬਲਾਤਕਾਰੀਆਂ ਤੇ ਕਾਤਲਾਂ ਦੀ 8 ਸਾਲ ਦੀ ਸਜ਼ਾ ਭੁਗਤਣ ਉਤੇ ਰਿਹਾਈ ਹੋ ਜਾਂਦੀ ਹੈ। ਜਦਕਿ ਨਿਰਭਿਆ ਕਾਂਡ ਤੋਂ ਬਾਅਦ ਬਲਾਤਕਾਰੀਆਂ ਦਾ ਸਾਰੀ ਉਮਰ ਜੇਲ੍ਹ ਵਿਚ ਰਹਿਣਾ ਕਾਨੂੰਨ ਦੀ ਮੰਗ ਸੀ। ਪਰ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਜੇਲ੍ਹ ਤੋਂ ਬਾਹਰ ਕੱਢਣ ਲਈ ਤਮਾਮ ਕਾਨੂੰਨੀ ਤੋੜ ਉਸਾਰੇ ਗਏ। ਹਾਲਾਂਕਿ ਦੂਜੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ ਉਤੇ ਸੁਣਵਾਈ ਨਹੀਂ ਹੋਣ ਕਰਕੇ ਉਹ 17 ਸਾਲ ਤੋਂ ਫਾਂਸੀ ਚੱਕੀ ਵਿਚ ਬੈਠੇ ਹਨ। ਇਹ ਮਾਨਸਿਕ ਤਸ਼ੱਦਦ ਬੰਦੀ ਸਿੰਘਾਂ ਨੂੰ ਸਰਕਾਰਾਂ ਕਾਨੂੰਨੀ ਪ੍ਰਾਵਧਾਨਾਂ ਤੇ ਸੰਵਿਧਾਨ ਦੀ ਮੂਲ ਭਾਵਨਾ ਨੂੰ ਮਰੋੜ ਕੇ ਇੱਕ ਫਿਰਕੇ ਨੂੰ ਖੁਸ਼ ਕਰਨ ਦੇ ਮਕਸਦ ਨਾਲ ਸ਼ਾਇਦ ਕੀਤੀ ਜਾ ਰਹੀ ਹੈ। ਇਸ ਮੌਕੇ ਸੰਗਤਾਂ ਨੂੰ ਸਮਾਜਿਕ ਕਾਰਕੁੰਨ ਗੁਰਦੀਪ ਸਿੰਘ ਮਿੰਟੂ, ਡਾਕਟਰ ਪਰਮਿੰਦਰ ਪਾਲ ਸਿੰਘ, ਚਮਨ ਸਿੰਘ ਤੇ ਅਵਤਾਰ ਸਿੰਘ ਕਾਲਕਾ ਨੇ ਸੰਬੋਧਿਤ ਕੀਤਾ। ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਭਾਈ ਅਰਵਿੰਦਰ ਸਿੰਘ ਰਾਜਾ, ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ, ਸਾਬਕਾ ਕਮੇਟੀ ਮੈਂਬਰ ਹਰਜਿੰਦਰ ਸਿੰਘ ਅਤੇ ਸਮਾਜਕ ਕਾਰਕੁੰਨ ਹਰਮੀਤ ਸਿੰਘ ਪਿੰਕਾ, ਇਕਬਾਲ ਸਿੰਘ, ਮਨਜੀਤ ਸਿੰਘ ਰੂਬੀ, ਐਡਵੋਕੇਟ ਸਤਿੰਦਰ ਸਿੰਘ ਚੌਧਰੀ, ਬਾਬੂ ਸਿੰਘ ਦੁਖੀਆ, ਡਾਕਟਰ ਪੁੰਨਪ੍ਰੀਤ ਸਿੰਘ, ਰਵਿੰਦਰ ਸਿੰਘ ਬਿੱਟੂ, ਗੁਰਮੀਤ ਸਿੰਘ ਕੋਹਾਟ, ਪਰਮਜੀਤ ਸਿੰਘ ਮੱਕੜ, ਜਤਿੰਦਰ ਸਿੰਘ ਬੌਬੀ, ਹਰਜੀਤ ਸਿੰਘ ਬਾਉਂਸ ਆਦਿਕ ਇਸ ਮੌਕੇ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>