ਪੰਜਾਬ ਨੂੰ ਜਲਦੀ ਖੁਦ ਮੁਖਤਿਆਰ ਮੁੱਖ ਮੰਤਰੀ ਮਿਲੇਗਾ : ਸੁਨੀਲ ਕੁਮਾਰ ਜਾਖੜ

17 sarchand 1.resizedਅੰਮ੍ਰਿਤਸਰ – ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਦਿੱਲੀ ਸ਼ਰਾਬ ਘੁਟਾਲੇ ਨਾਲ ਜਿੱਥੇ ਅਰਵਿੰਦਰ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਗਿਆ ਹੈ, ਉੱਥੇ ਹੀ ਚੋਰੀ ਫੜੀ ਜਾਣ ਨਾਲ ਕੇਜਰੀਵਾਲ ਦੇ ਕਾਬੂ ਆ ਜਾਣ ’ਤੇ ਪੰਜਾਬ ਨੂੰ ਇਹ ਫ਼ਾਇਦਾ ਹੋਵੇਗਾ ਕਿ ਪੰਜਾਬ ਨੂੰ ਆਪਣਾ ਖ਼ੁਦ ਮੁਖ਼ਤਿਆਰ ਫੁੱਲ ਫਲੈਸ਼ ਮੁੱਖ ਮੰਤਰੀ ਮਿਲ ਜਾਵੇਗਾ।  ਹੁਣ ਤਕ ਪੰਜਾਬ ਦੀ ਸਰਕਾਰ ਦਿਲੀ ਤੋਂ ਚੱਲ ਰਹੀ ਹੈ ਅਤੇ ਭਗਵੰਤ ਮਾਨ ਹੁਣ ਤਕ ਇਕ ਨੁਮਾਇਸ਼ੀ ਮਖੌਟਾ ਹੀ ਬਿਠਾਈ ਰੱਖਿਆ ਹੈ। ਸ੍ਰੀ ਜਾਖੜ ਅੱਜ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਨੇ ਕਿਹਾ ਕਿ ਦਿਲੀ ਸ਼ਰਾਬ ਪਾਲਿਸੀ ਪੰਜਾਬ ’ਚ ਵੀ ਲਾਗੂ ਕੀਤੀ ਗਈ ਹੈ ਇਸ ਲਈ ਦਿਲੀ ਸ਼ਰਾਬ ਘੁਟਾਲੇ ਦਾ ਸੇਕ ਪੰਜਾਬ ’ਤੇ ਵੀ ਅਸਰ ਪਾਵੇਗਾ । ਪੰਜਾਬ ਦੇ ਇਕ ਦੋ ਮੰਤਰੀ ਇਸ ਦੀ ਜ਼ੱਦ ’ਚ ਆਉਗੇ।   ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਸਰਕਾਰ ਅਤੇ ਸਰਕਾਰੀ ਵਿਭਾਗਾਂ ’ਤੇ ਪੂਰੀ ਤਰਾਂ ਦਿਲੀ ਵਾਲਿਆਂ ਦਾ ਹੀ ਕਬਜ਼ਾ ਹੈ।

ਪ੍ਰੋ. ਸਰਚਾਂਦ ਸਿੰਘ ਅਨੁਸਾਰ ਸੁਨੀਲ ਜਾਖੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਪੰਜਾਬ ਦੇ ਵਿਕਾਸ ਅਤੇ ਆਮ ਲੋਕਾਂ ਦੇ ਭਲੇ ਲਈ ਨਾ ਕੋਈ ਯੋਜਨਾ ਹੈ ਨਾ ਹੀ ਕੋਈ ਵਿਜ਼ਨ ਹੈ। ਲੇਕਿਨ ਇਸ਼ਤਿਹਾਰਾਂ ਰਾਹੀਂ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਜਿਸ ਲਈ ਰੋਜ਼ਾਨਾ ਔਸਤਨ ਇਕ ਸੌ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ’ਚ ਇਸ਼ਤਿਹਾਰੀ ਮੁਜਰਮਾਂ ਦੇ ਇਸ਼ਤਿਹਾਰ ਲਗਦੇ ਹੁੰਦੇ ਸਨ, ਪਰ ਹੁਣ ਇਸ਼ਤਿਹਾਰੀ ਸਰਕਾਰ ਵੀ ਦੇਖ ਲਈ ਹੈ। ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ’ਤੇ ਆਪਣੇ ਨਾਮ ਅਤੇ ਤਸਵੀਰਾਂ ਦੀਆਂ ਚੇਪੀਆਂ ਲਾ ਲਾ ਕੇ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੀ ਫੋਕੀ ਵਾਹ ਵਾਹ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਸਕੀਮਾਂ ਨੂੰ ਆਪਣੇ ਖਾਤੇ ਪਾਉਣ ’ਤੇ ਵੀ ਭ੍ਰਿਸ਼ਟਾਚਾਰ ਦੀ ਬੋ ਆ ਰਹੀ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਬਦਲਾਅ ਦੇ ਨਾਂ ’ਤੇ ਪੰਜਾਬ ਨਾਲ ਬਹੁਤ ਵੱਡੀ ਠੱਗੀ ਹੋਈ ਹੈ। ਪੰਜਾਬ ਦੇ ਲੋਕ ਇਸ ਗਲ ਨੂੰ ਸਮਝ ਵੀ ਰਹੇ ਹਨ। ਇਸ ਠੱਗੀ ਨੂੰ ਕਵਰ ਕਰਨ ਲਈ ਇਸ਼ਤਿਹਾਰਾਂ ’ਤੇ ਪੰਜਾਬ ਦਾ ਸਰਮਾਇਆ ਲੁਟਾਉਣ ’ਤੇ ਸਰਕਾਰ ਲੱਗੀ ਹੋਈ ਹੈ। ਪੰਜਾਬ ਲਈ ਪੈਸਾ ਕਮਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਪੈਸਾ ਤਾਂ ਜ਼ਰੂਰ ਕਮਾ ਰਹੇ ਹਨ ਪਰ ਪੰਜਾਬ ਦੇ ਲੋਕਾਂ ਲਈ ਨਾ ਹੋ ਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਲਈ ਪੈਸਾ ਕਮਾਇਆ ਜਾ ਰਿਹਾ ਹੈ।

ਅਮਨ ਕਾਨੂੰਨ ਦੀ ਵਿਵਸਥਾ ਬਾਰੇ ਪੁੱਛੇ ਜਾਣ ’ਤੇ ਸ੍ਰੀ ਜਾਖੜ ਨੇ ਕਿਹਾ ਕਿ ਜਿਸ ਰਾਜ ’ਚ ਪੁਲੀਸ ਅਧਿਕਾਰੀ ਤਕ ਸੁਰੱਖਿਅਤ ਨਹੀਂ ਉੱਥੇ ਆਮ ਲੋਕਾਂ ਦਾ ਤਾਂ ਰੱਬ ਹੀ ਆਸਰਾ ਹੈ। ਜਦੋਂ ਤੋਂ ’ਆਪ’ ਦੀ ਸਰਕਾਰ ਬਣੀ ਹੈ ਸਾਡੀਆਂ ਮਾਂਵਾਂ ਭੈਣਾਂ ਤਕ ਸੁਰੱਖਿਅਤ ਨਹੀਂ ਰਹੀਆਂ ਹਨ। ਵੱਡੀਆਂ ਲੁੱਟਾਂ ਖੋਹਾਂ ਕਾਰਨ ਲੋਕਾਂ ਲਈ ਕੋਈ ਵੀ ਸੜਕ ਕੋਈ ਰਾਹ ਸੁਰੱਖਿਅਤ ਨਹੀਂ ਰਿਹਾ। ਪਰ ਜੇਲ੍ਹਾਂ ਅੰਦਰ ਬੈਠੇ ਗੈਂਗਸਟਰ ਜ਼ਰੂਰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹ ਜੇਲ੍ਹ ਤੋਂ ਹੀ ਪ੍ਰੈੱਸ ਕਾਨਫ਼ਰੰਸ, ਫਿਰੌਤੀ, ਨਸ਼ਾ ਤਸਕਰੀ ਅਤੇ ਕਤਲਾਂ ਨੂੰ ਨਿਰਦੇਸ਼ਤ ਕਰ ਰਹੇ ਹਨ।  ਇਹ ਨਹੀਂ ਕਿ ਸਾਡੀ ਪੁਲੀਸ ਕਮਜ਼ੋਰ ਹੋ ਗਈ ਹੈ। ਉਨ੍ਹਾਂ ਐਸ ਐਸ ਪੀ ਤਰਨ ਤਾਰਨ ਅਤੇ ਐਸ ਐਸ ਪੀ ਹੁਸ਼ਿਆਰਪੁਰ ਦਾ ਹਵਾਲਾ ਦਿੰਦਿਆਂ  ਕਿਹਾ ਕਿ ਪੁਲੀਸ ਜ਼ਿੰਮੇਵਾਰੀ ਨਿਭਾਉਣ ਨੂੰ ਤਿਆਰ ਹੈ ਪਰ ਸਰਕਾਰ ਉਨ੍ਹਾਂ ਨੂੰ ਕੰਮ ਕਰਨ ਨਹੀਂ ਦੇ ਰਹੀ ਹੈ। ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਕਿ  ਲੋਕਾਂ ਨੇ ਵਧੀਆ ਗਵਰਨੈਂਸ ਮੁਹੱਈਆ ਕਰਾਉਣ ਦੇ ਵਚਨ ਨਾਲ ਤੁਹਾਨੂੰ ਚੁਣਿਆ ਸੀ, ਤੁਹਾਨੂੰ ਗਵਰਨੈਂਸ ਦੀ ਕਾਬਲੀਅਤ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ  ਲੋਕ ਭਾਜਪਾ ’ਤੇ ਭਰੋਸਾ ਪ੍ਰਗਟ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਲੋਕਲ ਬਾਡੀ ਚੋਣਾਂ ਭਾਜਪਾ ਲਈ ਜਿੱਥੇ ਇਕ ਚੁਨੌਤੀ ਹੈ ਉੱਥੇ ਹੀ ਇਕ ਅਵਸਰ ਵੀ ਹੈ। ਇਸ ਲਈ ਭਾਜਪਾ ਪੂਰੀ ਪ੍ਰਤੀਬੱਧਤਾ ਨਾਲ ਲੋਕਲ ਬਾਡੀ ਚੋਣਾਂ ’ਚ ਉੱਤਰੇਗੀ ਅਤੇ ਜਿੱਤ ਹਾਸਲ ਕਰੇਗੀ। ਇਸ ਮੌਕੇ ਸਾਬਕਾ ਐੱਮ ਪੀ ਸ਼ਵੇਤ ਮਲਿਕ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਰਾਜਿੰਦਰ ਮੋਹਨ ਸਿੰਘ ਛੀਨਾ, ਜਗਮੋਹਨ ਸਿੰਘ ਰਾਜੂ, ਬੋਨੀ ਅਮਰਪਾਲ ਸਿੰਘ ਅਜਨਾਲਾ, ਗੁਰਪ੍ਰਤਾਪ ਸਿੰਘ ਟਿਕਾ, ਪ੍ਰੋ. ਸਰਚਾਂਦ ਸਿੰਘ ਖਿਆਲਾ, ਅਜੈਬੀਰ ਪਾਲ ਸਿੰਘ ਰੰਧਾਵਾ, ਹਰਦੀਪ ਸਿੰਘ ਗਿੱਲ, ਕੰਵਰਬੀਰ ਸਿੰਘ ਮੰਜਿਲ ਅਤੇ ਆਲਮਬੀਰ ਸਿੰਘ ਸੰਧੂ ਵੀ ਮੌਜੂਦ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>