ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੀ ਗਈ ਅਰਦਾਸ

WhatsApp Image 2023-11-19 at 1.05.12 PM.resizedਅਨੰਦਪੁਰ ਸਾਹਿਬ – ਨੈਸ਼ਨਲ ਸਕਿਉਰਿਟੀ ਐਕਟ(NSA)  ਤਹਿਤ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਅਸਾਮ ਦੀ ਜੇਲ੍ਹ ਵਿੱਚ ਬੰਦ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਬੰਦੀ ਸਿੰਘਾਂ ਦੇ ਪਰਿਵਾਰਾਂ, ਸਿੱਖ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਸੰਗਤਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ । ਉਪਰੰਤ ਅੰਮ੍ਰਿਤ ਸੰਚਾਰ ਵਿਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲੈਂਦਿਆਂ ਗੁਰੂ ਵਾਲੇ ਬਣੇ।

ਅੰਮ੍ਰਿਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਦੱਸਿਆ ਕਿ ਇਹ ਪੰਜਾਂ ਤਖ਼ਤਾਂ ’ਤੇ ਕੀਤੇ ਜਾ ਰਹੇ ਅਰਦਾਸ ਸਮਾਗਮ ਦਾ ਦੂਸਰਾ ਪੜਾਅ ਹੈ। ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਅਤੇ ਅਗਲਾ ਅਰਦਾਸ ਸਮਾਗਮ ਤਿੰਨ ਦਸੰਬਰ ਨੂੰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ( ਬਠਿੰਡਾ) ਵਿਖੇ ਹੋਵੇਗਾ।  ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਏਜੰਡਾ ਸਿੱਖ ਨੌਜਵਾਨਾਂ ਨੂੰ ਨਸ਼ਿਆਂ ਤੋਂ ਹੱਟਾਂ ਕੇ ਅੰਮ੍ਰਿਤਧਾਰੀ ਬਣਾਉਣ ਦਾ ਰਿਹਾ। ਜਿਸ ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਮਿਥੇ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਅਤੇ ਸਿੱਖ ਸੰਘਰਸ਼ ਨੂੰ ਪ੍ਰਚੰਡ ਕੀਤਾ ਜਾ ਸਕੇ।

ਬਲਵਿੰਦਰ ਕੌਰ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨੀ ਨੂੰ ਅੰਮ੍ਰਿਤ ਛਕਣ ਦੀ ਲਹਿਰ ਨੂੰ ਪ੍ਰਚੰਡ ਕਰਨ ਪ੍ਰਤੀ ਸੁਨੇਹੇ ਤੋਂ ਘਬਰਾ ਕੇ ਜ਼ਾਲਮ ਸਰਕਾਰ ਨੇ ਪਿੰਡ ਜੱਲੂਪੁਰ ’ਚ ਦਹਿਸ਼ਤ ਪਾਉਣ ਲਈ ਕਲ ਫਿਰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਸੀ । ਪਰ ਕਲਗ਼ੀਧਰ ਪਾਤਸ਼ਾਹ ਨੇ ਕਿਰਪਾ ਕੀਤੀ ਸੰਗਤਾਂ ਮਾਨਸਾ ਬਠਿੰਡਾ ਪਾਤੜਾਂ ਡੇਰਾ ਬਾਬਾ ਨਾਨਕ ਕਾਦੀਆਂ ਗਲ ਕੀ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਆਪ ਮੁਹਾਰੇ ਹੀ ਵੱਡੀ ਗਿਣਤੀ ਵਿੱਚ ਪਹੁੰਚ ਗਈਆਂ ਤੇ ਅੱਜ ਦੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਦੇ ਅਰਦਾਸ ਸਮਾਗਮ ਨੂੰ ਕਲਗ਼ੀਧਰ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਸਫਲਤਾ ਬਖ਼ਸ਼ੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਦੀਆਂ ਸੰਗਤਾਂ ਦਾ ਇਸ ਵਰਤੀ ਕਲਾ ਲਈ ਅਸੀਂ ਸਮੂਹ ਬੰਦੀ ਸਿੰਘਾਂ ਦੇ ਪਰਿਵਾਰ ਅਤੇ ਸੰਗਤ ਦਾ ਕੋਟਿਨ ਕੋਟਿ ਸ਼ੁਕਰਾਨਾ ਕਰਦੇ ਹਾਂ । ਅੱਗੇ ਵੀ ਸੰਗਤਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਹਾਂ । ਏਸੇ ਵਿੱਚ ਜ਼ਾਲਮ ਸਰਕਾਰਾਂ ਤੇ ਨੌਜਵਾਨੀ ਨੂੰ ਖ਼ਤਮ ਕਰਨ ਵਾਲੇ ਨਸ਼ੇ ਦੇ ਸੌਦਾਗਰਾਂ ਦੀ ਹਾਰ ਹੈ । ਇਸ ਸਮਾਗਮ ਵਿੱਚ ਇੰਗਲੈਂਡ ’ਚ 34 ਸਾਲ ਸਜਾ ਕੱਟਣ ਵਾਲੇ ਭਾਈ ਰਜਿੰਦਰ ਸਿੰਘ ਤੁਗਲਵਾਲ, ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਮੀਤ ਪ੍ਰਧਾਨ ਅਵਤਾਰ ਸਿੰਘ ਰਿਆ, ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ, ਬਾਬਾ ਬਖ਼ਸ਼ੀਸ਼ ਸਿੰਘ, ਪਰਮਜੀਤ ਸਿੰਘ ਬਾਠ ਮੋਹਾਲੀ, ਮੈਨੇਜਰ ਗੁਰਪ੍ਰੀਤ ਸਿੰਘ ਰੋਡੇ, ਮੀਤ ਮੈਨੇਜਰ ਹਰਦੇਵ ਸਿੰਘ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਦੇ ਸਿੰਘ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਹਾਜ਼ਰ ਹੋਈ।

ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ 1993 ਦੇ ਦਹਾਕੇ ਤੋਂ ਬਾਦ ਜ਼ਾਲਮ ਹਕੂਮਤਾਂ ਨੇ ਨੌਜਵਾਨਾਂ ਨੂੰ ਵੱਡੇ ਪੱਧਰ ਤੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਤੋ ਬਾਦ ਬੇਅੰਤੇ ਬੁੱਚੜ ਤੇ ਕੇ ਪੀ ਗਿੱਲ ਬੁੱਚੜ ਦੀ ਅਗਵਾਈ ਵਿੱਚ ਸਭਿਆਚਾਰ ਦੇ ਨਾਮ ਤੇ ਪਿੰਡਾਂ ਵਿਚ ਅਖਾੜੇ ਲਵਾ ਕਿ ਲੱਚਰਤਾ ਤੇ ਨਸ਼ਾ ਪਰੋਸਿਆ । ਜ਼ਾਲਮ ਸਰਕਾਰਾਂ ਦੀ ਸਾਜਿਸ਼ ਸੀ ਕਿ ਇਸ ਨਾਲ ਜਵਾਨੀ ਸੰਤ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਤੋਂ ਦੂਰ ਹੋ ਕਿ ਨਸ਼ਿਆਂ ਅਤੇ ਲੱਚਰਤਾ ਵਿੱਚ ਗ਼ਲਤਾਨ ਹੋ ਕੇ ਆਪਣਾ ਕੌਮੀ ਨਿਸ਼ਾਨਾ ਭੁੱਲ ਜਾਵੇ । ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਤੋ ਕਲਗ਼ੀਧਰ ਪਾਤਸ਼ਾਹ ਨੇ ਸੇਵਾ ਲਈ ਤੇ ਖ਼ਾਲਸਾ ਵਹੀਰ ਸ਼ੁਰੂ ਹੋਣ ਨਾਲ ਨੌਜਵਾਨ ਵੱਡੀ ਗਿਣਤੀ ਵਿੱਚ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਹੋ ਕੇ ਲਹਿਰ ਨੂੰ ਪ੍ਰਚੰਡ ਕਰਨ ਲੱਗੇ ।

ਉਨ੍ਹਾਂ ਕਿਹਾ ਕਿ ਦਹਾਕਿਆਂ ਬਾਅਦ ਨਸ਼ੇ ਦੇ ਵੱਡੇ ਸੌਦਾਗਰ ਰਾਜਨੀਤਕਾਂ ਅਤੇ ਕਰੱਪਟ ਪੁਲਿਸ ਅਫ਼ਸਰਾਂ ਨਾਲ ਮਿਲ ਕੇ ਨਸ਼ਿਆਂ ਦੇ ਕਾਰੋਬਾਰ ਨੂੰ ਬੜ੍ਹਾਵਾ ਦੇ ਰਹੇ ਹਨ । ਇਨ੍ਹਾਂ ਦਾ ਗੱਠਜੋੜ ਇਨ੍ਹਾਂ ਮਜ਼ਬੂਤ ਹੋ ਚੁਕਾ ਹੈ ਕਿ ਨਸ਼ੀਲੇ ਪਦਾਰਥਾਂ ਦੇ ਸੌਦਾਗਰਾਂ ਨਾਲ ਸਾਂਝ ਰੱਖਣ ਬਾਰੇ ਹਾਈ ਕੋਰਟ ਵਿੱਚ ਪਈ ਰਿਪੋਰਟ ਜਨਤਕ ਨਹੀਂ ਕੀਤੀ ਜਾ ਰਹੀ । ਪਰ ਭਾਈ ਸਾਹਿਬ ਵੱਲੋਂ ਸ਼ੁਰੂ ਕੀਤੀ ਖ਼ਾਲਸਾ ਵਹੀਰ ਨੇ ਜ਼ਾਲਮ ਸਰਕਾਰਾਂ ਵੱਲੋਂ ਰਚੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਖ਼ਤਮ ਕਰਨ ਦੇ ਪ੍ਰੋਗਰਾਮ ਨੂੰ ਤਹਿਸ ਨਹਿਸ਼ ਕਰ ਦਿੱਤਾ ਨੌਜਵਾਨੀ ਨਸ਼ੇ ਛੱਡਣ ਲੱਗੀ ਤੇ ਅੰਮ੍ਰਿਤ ਧਾਰੀ ਹੋਣ ਲੱਗੀ ਕੌਮੀ ਨਿਸ਼ਾਨੇ ਪ੍ਰਤੀ ਜਾਗਰੂਕ ਹੋਣ ਲੱਗੀ ।ਇਸ ਤੋ ਘਬਰਾਈਆਂ ਜ਼ਾਲਮ ਸਰਕਾਰਾਂ ਤੇ ਉਨ੍ਹਾਂ ਦੇ ਕਰੱਪਟ ਅਫ਼ਸਰਾਂ ਦੀ ਨਸ਼ੇ ਦੇ ਸਮਗਲਰਾਂ ਵੱਲੋਂ ਫੰਡਿੰਗ ਬੰਦ ਹੋਣ ਲੱਗੀ ਤੇ  ਜ਼ਾਲਮ ਸਰਕਾਰਾਂ ਨੇ ਰਾਜਨੀਤਿਕ ਵਖਰੇਵਿਆਂ ਤੋਂ ਉਪਰ ਉੱਠ ਕੇ ਭਾਈ ਸਾਹਿਬ ਵਿਰੁੱਧ ਸਾਜਿਸ਼ ਰਚ ਕੇ ਹਜ਼ਾਰਾਂ ਮੀਲ ਦੂਰ ਦੁਰਾਡੇ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ।

ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਅਗਲਾ ਤੀਜੇ ਪੜਾਅ ਦਾ ਅਰਦਾਸ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ( ਬਠਿੰਡਾ) ਵਿਖੇ 3 ਦਸੰਬਰ ਐਤਵਾਰ ਨੂੰ ਹੋਵੇਗਾ । ਇਸ ਸਮਾਗਮ ਲਈ ਇਕ ਦਿਨ ਪਹਿਲਾਂ ਪਿੰਡ ਜੱਲੂਪੁਰ ਖੇੜਾ ਤੋ ਚਲਣ ਦਾ ਪ੍ਰੋਗਰਾਮ ਸੀ, ਪਰ ਜਿਵੇਂ ਮਿਥੇ ਦਿਨ ’ਤੇ ਪਿੰਡ ਜੱਲੂਪੁਰ ਦੀ ਚਾਰ ਚੁਫੇਰਿਓਂ ਆਉਂਦੀਆਂ ਸੜਕਾਂ ਤੇ ਪੁਲਿਸ ਦੀ ਨਾਕਾਬੰਦੀ ਹੋਣ ਅਤੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਬਦਲਣ ਕਾਰਨ ਸੰਗਤ ਨੂੰ ਹੋਣ ਵਾਲੀ ਤੰਗੀ ਦੇ ਮੱਦੇਨਜ਼ਰ ਉਲੀਕੇ ਤੀਸਰੇ ਪੜਾਅ ਦੇ ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਲਈ ਬੰਦੀ ਸਿੰਘਾਂ ਦੇ ਪਰਿਵਾਰ ਅਤੇ ਸੰਗਤ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਇਕ ਦਸੰਬਰ ਤੋ ਹੀ ਇਕੱਠੇ ਹੋਣ ਦੀ ਬੇਨਤੀ ਕੀਤੀ ਗਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>