ਵੈਨਕੂਵਰ, ਕੈਨੇਡਾ ਵਿਖੇ 25 ਹਜ਼ਾਰ ਕੈਨੀਡੀਅਨ ਡਾਲਰ ਦੇ ਢਾਹਾਂ ਪ੍ਰਾਈਜ਼ ਦੀ ਪਹਿਲੀ ਔਰਤ ਜੇਤੂ ਦੀਪਤੀ ਬਬੂਟਾ, ਮੋਹਾਲੀ

 ਢਾਹਾਂ ਪੁਰਸਕਾਰ ਜੇਤੂ ਲੇਖਕ ਬਲੀਜੀਤ, ਦੀਪਤੀ ਬਬੂਟਾ ਅਤੇ    ਜਮੀਲ ਅਹਿਮਦ ਪਾਲ    ਆਪਣੀਆਂ ਜੇਤੂ ਟਰਾਫੀਆਂ ਨਾਲ

ਢਾਹਾਂ ਪੁਰਸਕਾਰ ਜੇਤੂ ਲੇਖਕ ਬਲੀਜੀਤ, ਦੀਪਤੀ ਬਬੂਟਾ ਅਤੇ    ਜਮੀਲ ਅਹਿਮਦ ਪਾਲ    ਆਪਣੀਆਂ ਜੇਤੂ ਟਰਾਫੀਆਂ ਨਾਲ

ਵੈਨਕੂਵਰ, ਬੀ.ਸੀ. / ਬੰਗਾ -: ਪੰਜਾਬੀ ਗਲਪ ਜਗਤ ਦੇ ਪ੍ਰਸਿੱਧ ਢਾਹਾਂ ਪ੍ਰਾਈਜ਼ 2023 ਦਾ 25 ਹਜ਼ਾਰ ਕੈਨੇਡੀਅਨ ਡਾਲਰ ਪੁਰਸਕਾਰ    ਮੁਹਾਲੀ ਨਿਵਾਸੀ, ਦੀਪਤੀ ਬਬੂਟਾ ਨੇ ਪ੍ਰਾਪਤ ਕੀਤਾ ਹੈ ।    ਉਹ ਢਾਹਾਂ ਪ੍ਰਾਈਜ਼ ਜਿੱਤਣ ਵਾਲੀ ਪਹਿਲੀ ਔਰਤ ਜੇਤੂ ਹੈ । ਉਸ ਦੇ ਨਾਲ ਹੀ ਦੋ ਫਾਈਨਲਿਸਟਾਂ ਵਜੋਂ    ਜਮੀਲ ਅਹਿਮਦ ਪਾਲ, ਲਹੌਰ ਅਤੇ ਬਲੀਜੀਤ, ਮੋਹਾਲੀ ਦਾ 10-10 ਹਜ਼ਾਰ ਡਾਲਰ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਜਾਣ ਦਾ ਸਮਾਚਾਰ ਹੈ । ਢਾਹਾਂ ਪ੍ਰਾਈਜ਼ ਪੰਜਾਬੀ ’ਚ ਗਲਪ ਕਿਤਾਬਾਂ ਲਈ ਸਭ ਤੋਂ ਵੱਡਾ ਵਿਸ਼ਵ ਪੱਧਰੀ ਸਾਹਿਤਕ ਪੁਰਸਕਾਰ ਹੈ । ਪ੍ਰਾਈਜ਼ ਦੀ ਦਸਵੀਂ ਵਰ੍ਹੇ ਗੰਢ ਅਤੇ ਸਾਲਾਨਾ ਸਨਮਾਨ ਸਮਾਗਮ ਨੌਰਥਵਿਊ ਗੌਲਫ ਐਂਡ ਕੰਟਰੀ ਕਲੱਬ, ਸਰੀ, ਬੀ.ਸੀ, ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਤਿੰਨਾਂ ਲੇਖਕਾਂ ਨੂੰ ਉਨ੍ਹਾਂ ਦੇ ਪੁਰਸਕਾਰਾਂ ਅਤੇ ਕਲਾਕਾਰਾਂ ਦੇ ਹੱਥੀਂ ਤਿਆਰ ਕੀਤੀਆਂ ਵਿਸ਼ੇਸ਼ ਟਰਾਫ਼ੀਆਂ ਨੂੰ ਸਤਿਕਾਰ ਸਹਿਤ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸਨਮਾਨ ਸਮਾਗਮ ਵਿਚ ਢਾਹਾਂ ਪ੍ਰਾਈਜ਼ ਦੇ ਸੰਸਥਾਪਕ ਬਰਜਿੰਦਰ ਸਿੰਘ ਢਾਹਾਂ ਨੇ ਸੰਬੋਧਨ ਕਰਦਿਆਂ ਕਿਹਾ, “ਸਾਲ 2023 ਦੇ ਢਾਹਾਂ ਸਾਹਿਤ ਪੁਰਸਕਾਰ ਜੇਤੂ, ਪੰਜਾਬੀ ਸਾਹਿਤ ਜਗਤ ਦੇ ਬਹੁਤ ਵਧੀਆ ਕਹਾਣੀਕਾਰ ਅਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ ਹਨ । ਉਨ੍ਹਾਂ ਦੀਆਂ ਕਹਾਣੀਆਂ ਦੇ ਭਾਵ ਸਾਡੇ ਮਨਾਂ ਨੂੰ ਖਿੱਚ ਪਾਉਣ ਵਾਲੇ ਹਨ ਅਤੇ ਇਹ ਪੁਸਤਕਾਂ ਪੰਜਾਬੀ ਸਾਹਿਤ ਨੂੰ ਇਕ ਵਿੱਲਖਣ ਸੰਦੇਸ਼ ਦੇਣ ਵਾਲੀਆਂ ਹਨ। ਪੰਜਾਬੀ ਜ਼ੁਬਾਨ ਦੀ ਅਮੀਰ ਵਿਰਾਸਤ ਨੂੰ ਜੋੜਨ ਵਾਲੇ ਢਾਹਾਂ ਸਾਹਿਤ ਪੁਰਸਕਾਰ ਦਾ ਉਦੇਸ਼ ਸਰਹੱਦਾਂ ਤੋਂ ਉੱਪਰ ਉੱਠ ਕੇ ਪੰਜਾਬੀ ਸਾਹਿਤ ਰਚਨਾ ਨੂੰ ਉਤਸ਼ਾਹਿਤ ਕਰਨਾ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ, ਮਾਂ-ਬੋਲੀ ਪੰਜਾਬੀ ਅਤੇ ਇਸ ਦੇ ਸਾਹਿਤ ਦਾ ਪਸਾਰ ਕਰਨਾ ਹੈ।    ਪੰਜਾਬੀ ਕਲਾ ਅਤੇ ਸਾਹਿਤਕ ਖੇਤਰਾਂ ਵਿੱਚ ਔਰਤਾਂ ਨੂੰ ਅਕਸਰ ਹੀ ਘੱਟ ਨੁਮਾਇੰਦਗੀ ਦਿੱਤੀ ਜਾਂਦੀ ਹੈ।    ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੁਰਸਕਾਰ ਦੇ 10 ਸਾਲਾਂ ਦੇ ਸਫਰ ਵਿਚ ਅਸੀਂ ਆਪਣੀ ਪਹਿਲੀ ਔਰਤ ਵਿਜੇਤਾ ਦਾ ਐਲਾਨ ਕਰ ਰਹੇ ਹਾਂ ਜੋ ਕਿ ਸਿਰਫ਼ ਆਪਣੀ ਲੇਖਣੀ ਦੀ ਗੁਣਵੱਤਾ ਦੇ ਆਧਾਰ ‘ਤੇ ਢਾਹਾਂ ਪੁਰਸਕਾਰ ਪ੍ਰਾਪਤ ਕਰ ਰਹੀ ਹੈ। ਅੱਜ ਮੇਰੀ ਮਾਂ ਅਤੇ ਬਾਪ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਜੇਤੂ ਇਨਾਮ ਇਕ ਔਰਤ ਲਿਖਾਰੀ ਨੂੰ ਮਿਲਿਆ ਹੈ। ਢਾਹਾਂ ਪ੍ਰਾਈਜ਼ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਪਿਤ ਕੀਤਾ ਗਿਆ, ਜਿੱਥੇ ਪੰਜਾਬੀ ਲੋਕਾਂ ਦਾ, ਪੰਜਾਬੀ ਭਾਸ਼ਾ ਦਾ ਅਤੇ ਸੱਭਿਆਚਾਰ ਦਾ ਇੱਕ ਅਮੀਰ ਇਤਿਹਾਸ ਹੈ। ਪੰਜਾਬੀ ਬੋਲੀ ਹੁਣ ਕੈਨੇਡਾ ਵਿੱਚ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਕੈਨੇਡਾ    ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਵਿੱਚ ਇੱਕ ਮਜ਼ਬੂਤ ਕੜ੍ਹੀ ਹੈ”।

ਸਾਲ 2023 ਦੀ ਪਹਿਲੀ ਔਰਤ ਜੇਤੂ ਦੀਪਤੀ ਬਬੂਟਾ (ਮੁਹਾਲੀ, ਪੰਜਾਬ, ਭਾਰਤ) ਨੂੰ ਉਸ ਦੇ ਗੁਰਮੁਖੀ ਲਿਪੀ ਵਿੱਚ ਲਿਖੇ ਕਹਾਣੀ ਸੰਗ੍ਰਹਿ ”ਭੁੱਖ ਇਉਂ ਸਾਹ ਲੈਂਦੀ ਹੈ” ਲਈ 25 ਹਜ਼ਾਰ ਡਾਲਰ ਵਾਲਾ ਪੁਰਸਕਾਰ ਮਿਲਿਆ ।    ਸਮਾਗਮ ਵਿਚ ਦੀਪਤੀ    ਬਬੂਟਾ ਨੇ ਕਿਹਾ, “ਸ਼ਬਦ ਮੇਰੀ ਜ਼ਿੰਦਗੀ ਹਨ, ਅੱਜ ਮੈਨੂੰ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਲਫਜ਼ ਨਹੀਂ ਮਿਲ ਰਹੇ ਹਨ। ਇਹ ਪ੍ਰਾਪਤੀ ਇਕੱਲੀ ਮੇਰੀ ਨਹੀਂ ਹੈ, ਇਹ ਹਰ ਔਰਤ ਦੀ ਹੈ ਜੋ ਆਪਣੇ ਸੁਪਨਿਆਂ ਦੀ ਜੰਗ ਲੜਦੀ ਹੈ, ਫਿਰ ਉਸ ਵਿਚ ਸਫਲ ਹੋ ਕੇ ਦਿਖਾਉਂਦੀ ਹੈ”।

ਇਸ ਮੌਕੇ ਜਮੀਲ ਅਹਿਮਦ ਪਾਲ (ਲਾਹੌਰ, ਪੰਜਾਬ, ਪਾਕਿਸਤਾਨ) ਨੇ ਸ਼ਾਹਮੁਖੀ ਲਿਪੀ ਵਿੱਚ ਲਿਖੇ ਕਹਾਣੀ ਸੰਗ੍ਰਹਿ ”ਮੈਂਡਲ ਦਾ ਕਾਨੂੰਨ” ਅਤੇ ਬਲੀਜੀਤ (ਮੋਹਾਲੀ, ਪੰਜਾਬ, ਭਾਰਤ) ਨੇ ਗੁਰਮੁਖੀ ਲਿਪੀ ਵਿੱਚ ਲਿਖੇ ਕਹਾਣੀ ਸੰਗ੍ਰਹਿ ”ਉੱਚੀਆਂ ਆਵਾਜ਼ਾਂ” ਲਈ ਫਾਈਨਲਿਸਟਾਂ ਦੇ ਤੌਰ ’ਤੇ 10-10 ਹਜ਼ਾਰ ਕੈਨੈਡੀਅਨ ਡਾਲਰ ਦਾ ਪੁਰਸਕਾਰ ਪ੍ਰਾਪਤ ਕੀਤਾ । ਇਸ ਮੌਕੇ ਜਮੀਲ ਅਹਿਮਦ ਪਾਲ ਨੇ ਬਿਆਨ ਦਿੱਤਾ, “ਜੀਵਨ ਦਾ ਸਭ ਤੋਂ ਖ਼ੁਸ਼ਗਵਾਰ ਦਿਨ ਉਹ ਸੀ ਜਦੋਂ ਜ਼ੁਬੈਰ ਅਹਿਮਦ ਅਤੇ ਫਿਰ ਬਾਰਜ ਢਾਹਾਂ ਨੇ ਫੋਨ ’ਤੇ ਓਹੀ ਖ਼ਬਰ ਸੁਣਾਈ, ਜਿਸ ਦੀ ਉਸ ਨੂੰ ਉਡੀਕ ਸੀ। ਪੰਜਾਬੀ ਲਿਖਣਾ ਪਹਿਲਾਂ ਵੀ ਮੇਰੇ ਲਈ ਇਬਾਦਤ ਸੀ, ਹੁਣ ਮਾਣ ਵੀ ਹੈ ਕਿ ਪੰਜਾਬੀ ਵਿੱਚ ਲਿਖੀ ਮੇਰੀ ਕਿਤਾਬ ਨੂੰ ਢਾਹਾਂ ਇਨਾਮ ਨੇ ਸਨਮਾਨਿਆ ਹੈ। ਬਲੀਜੀਤ ਨੇ ਆਪਣੇ ਸੰਬੋਧਨ ਵਿਚ    ਕਿਹਾ, “ਚੜ੍ਹਦੇ ਅਤੇ ਲਹਿੰਦੇ ਪੰਜਾਬ ਤੋਂ ਇਲਾਵਾ ਦੁਨੀਆ ਦੇ ਕੋਨੇ-ਕੋਨੇ ’ਚ ਵਸਦੇ ਕਿਸੇ ਵੀ ਪੰਜਾਬੀ ਲੇਖਕ ਦਾ ਸੁਪਨਾ ਹੁੰਦਾ ਹੈ ਕਿ ਢਾਹਾਂ ਪ੍ਰਾਈਜ਼ ਉਸ ਦੇ ਦਰਵਾਜ਼ੇ ’ਤੇ ਦਸਤਕ ਦੇਵੇ। ਮੈਨੂੰ ਬਤੌਰ ਲੇਖਕ ਖ਼ੁਸ਼ੀ ਤੇ ਮਾਣ ਹੈ ਕਿ    ਮੇਰੇ ਵਰਗੇ ਸਧਾਰਨ ਬੰਦੇ ਵੱਲੋਂ ਲਿਖੀ ਗਈ ਕਿਤਾਬ ‘ਉੱਚੀਆਂ ਆਵਾਜ਼ਾਂ’ ਨੂੰ ਫਾਈਨਲਿਸਟ ਦਾ ਪੁਰਸਕਾਰ ਮਿਲਿਆ ਹੈ”।

ਇਸ ਸਮਾਗਮ ਵਿਚ    ਵਿਸ਼ੇਸ਼ ਤੌਰ ’ਤੇ ਪੁੱਜੇ ਸਿੱਖਿਆ ਅਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਅਤੇ ਸਿਟੀ ਆਫ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ “ਪੰਜਾਬੀ ਸਾਹਿਤ ਹਫਤਾ” ਦੇ ਅਗਾਜ਼ ਕਰਨ ਦਾ ਐਲਾਨ ਵੀ ਕੀਤਾ । ਵੈਨਕੂਵਰ, ਬੀ. ਸੀ. ਦੇ ਸਿਟੀ ਹਾਲ ਵਿੱਖੇ, 15 ਨਵੰਬਰ ਨੂੰ ਸ਼ਹਿਰ ਦੇ ਡਿਪਟੀ ਮੇਅਰ ਸੈਰ੍ਹਾ-ਕਰਬੀ ਅਤੇ ਉਨ੍ਹਾਂ ਦੇ ਸਾਥੀਆਂ ਨੇ “ਪੰਜਾਬੀ ਸਾਹਿਤ ਹਫਤਾ” ਦਾ ਐਲਾਨ ਕੀਤਾ ਅਤੇ ਐਲਾਨ ਪੱਤਰ ਬਾਰਜ ਢਾਹਾਂ, 3 ਫਾਈਨਲਿਸਟਾਂ ਅਤੇ ਢਾਹਾਂ ਪ੍ਰਾਈਜ਼ ਟੀਮ ਨੂੰ ਪੇਸ਼ ਕੀਤਾ।

ਵਰਨਣਯੋਗ ਹੈ ਕਿ ਬਰਜਿੰਦਰ ਸਿੰਘ ਢਾਹਾਂ ਅਤੇ ਉਹਨਾਂ ਦੀ ਪਤਨੀ ਰੀਟਾ ਢਾਹਾਂ, ਸਮੂਹ ਢਾਹਾਂ ਪਰਿਵਾਰ, ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ (CIES) ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC) ਦੇ ਸਹਿਯੋਗ ਨਾਲ ਸਾਲ 2013 ਵਿੱਚ ਢਾਹਾਂ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਸੀ। ਢਾਹਾਂ ਪੁਰਸਕਾਰ ਨੇ ਪਿਛਲੇ ਦਸ ਸਾਲਾਂ ਦੇ ਸ਼ਾਨਾਂਮੱਤੇ ਸਫਰ ਵਿਚ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ ਅਤੇ ਲੇਖਕਾਂ ਅਤੇ ਉਨ੍ਹਾਂ ਦੀਆਂ ਕਿਤਾਬਾਂ ਲਈ ਵਿਆਪਕ, ਬਹੁ-ਭਾਸ਼ਾਈ ਸਰੋਤਿਆਂ ਤੱਕ ਪਹੁੰਚਣ ਲਈ ਨਵੇਂ ਮਾਰਗ ਬਣਾਏ ਹਨ। ਜ਼ਿਕਰਯੋਗ ਹੈ ਕਿ ਬਰਜਿੰਦਰ ਸਿੰਘ ਢਾਹਾਂ, ਬੀਬੀ ਕਸ਼ਮੀਰ ਕੌਰ ਢਾਹਾਂ ਅਤੇ ਪ੍ਰਸਿੱਧ ਸਮਾਜ ਸੇਵਕ ਸਵ: ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਹੋਣਹਾਰ ਸਪੁੱਤਰ ਹਨ।

 

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>