ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਵਾਪਰੀ ਘਟਨਾ ਦੇ ਰੋਸ ਵਜੋਂ ਲਗਾਏ ਗਏ ਧਰਨੇ ਦੌਰਾਨ ਅੱਜ ਚੌਥੇ ਦਿਨ ਵੀ ਭਰਵਾਂ ਪੰਥਕ ਇਕੱਠ ਹੋਇਆ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਇਸ ਰੋਸ ਧਰਨੇ ਵਿਚ ਅੱਜ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਵਿਚ ਹਲਕਾ ਖੇਮਕਰਨ ਤੇ ਭਿੱਖੀਵਿੰਡ ਤੋਂ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਸ਼ਾਂਤਮਈ ਤਰੀਕੇ ਨਾਲ ਦਿੱਤੇ ਜਾ ਰਹੇ ਇਸ ਰੋਸ ਧਰਨੇ ਦੀ ਆਰੰਭਤਾ ਜਪੁਜੀ ਸਾਹਿਬ ਦੇ ਪਾਠ ਉਪਰੰਤ ਹੋਈ, ਜਿਸ ਮਗਰੋਂ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਪੁਲਿਸ ਭੇਜ ਕੇ ਕੀਤੀ ਗਈ ਬੇਅਦਬੀ ਦੀ ਤਿੱਖੀ ਆਲੋਚਨਾ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੋ ਧਿਰਾਂ ਦਾ ਝਗੜਾ ਜਿਸ ਨੂੰ ਪ੍ਰਸ਼ਾਸਨ ਵੱਲੋਂ ਗੱਲਬਾਤ ਰਾਹੀਂ ਹੱਲ ਕਰਨਾ ਚਾਹੀਦਾ ਸੀ, ਪਰੰਤੂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਆਦੇਸ਼ਾਂ ’ਤੇ ਪੁਲਿਸ ਨੇ ਗੁਰਦੁਆਰਾ ਸਾਹਿਬ ’ਤੇ ਗੋਲੀਆਂ ਚਲਾ ਕੇ ਅਤੇ ਜੁੱਤੀਆਂ ਸਮੇਤ ਅੰਦਰ ਜਾਣ ਦੀ ਵੱਡੀ ਅਵੱਗਿਆ ਕੀਤੀ ਹੈ। ਇਸ ਸਰਕਾਰੀ ਹਰਕਤ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਇਸ ਹਰਕਤ ਨੂੰ ਲੈ ਕੇ ਸਿੱਖ ਜਗਤ ਅੰਦਰ ਭਾਰੀ ਰੋਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਹੋਈ ਬੇਅਦਬੀ ਦਾ ਇਨਸਾਫ਼ ਲੈਣ ਵਾਸਤੇ ਸੰਗਤਾਂ ਪਿਛਲੇ ਦਿਨਾਂ ਤੋਂ ਧਰਨੇ ’ਤੇ ਬੈਠੀਆਂ ਹਨ ਅਤੇ ਮੁੱਖ ਮੰਤਰੀ ਇਸ ਦਾ ਜਵਾਬ ਦੇਣਾ ਹੀ ਪਵੇਗਾ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸਿੱਖ ਕੌਮ ਜੂਨ 1984 ਅਤੇ ਨਵੰਬਰ 1984 ਨੂੰ ਕਦੇ ਵੀ ਭੁਲ ਨਹੀਂ ਸਕਦੀ, ਜਦੋਂ ਸਮੇਂ ਦੀ ਕਾਂਗਰਸ ਸਰਕਾਰ ਨੇ ਸਿੱਖ ਗੁਰਧਾਮਾਂ ’ਤੇ ਨਾਲ ਹਮਲੇ ਕੀਤੇ ਸਨ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੁਰਦੁਆਰਾ ਸਾਹਿਬ ’ਤੇ ਪੁਲਿਸ ਦੁਆਰਾ ਗੋਲੀਆਂ ਚਲਵਾ ਕੇ ਜੋ ਗੁਨਾਹ ਕੀਤਾ ਹੈ ਉਸ ਨੂੰ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ। ਉਨ੍ਹਾਂ ਪੰਜਾਬ ਦੇ ਗਵਰਨਰ ਪਾਸੋਂ ਇਸ ਸਾਰੀ ਘਟਨਾ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ, ਤਾਂ ਜੋ ਇਸ ਲਈ ਆਦੇਸ਼ ਕਰਨ ਵਾਲਿਆਂ ਦੀ ਜਵਾਬਦੇਹੀ ਤਹਿ ਹੋ ਸਕੇ।
ਇਸ ਮੌਕੇ ਇੰਜ: ਸਵਰਨ ਸਿੰਘ, ਮੈਨੇਜਰ ਸ. ਜਰਨੈਲ ਸਿੰਘ, ਸ. ਅਮਰਜੀਤ ਸਿੰਘ ਪਹੂਵਿੰਡ, ਸਰਪੰਚ ਸ. ਗੁਰਸੇਵਕ ਸਿੰਘ ਮਾੜੀਮੇਗਾ, ਸ. ਪਰਮਜੀਤ ਸਿੰਘ ਡੱਲ, ਸ. ਪਲਵਿੰਦਰ ਸਿੰਘ ਕੰਬੋਕੇ, ਸ. ਅਮਰਜੀਤ ਸਿੰਘ ਭਿੱਖੀਵਿੰਡ, ਸ. ਮਨਜੀਤ ਸਿੰਘ ਐਮਸੀ, ਸ੍ਰੀ ਰਾਮ ਧਵਨ, ਸ. ਹਰਜੀਤ ਸਿੰਘ, ਸ. ਸੰਦੀਪ ਸਿੰਘ ਪੀਏ, ਸ. ਬੇਅੰਤ ਸਿੰਘ ਸਮਰਾ, ਸ. ਗੁਰਦੇਵ ਸਿੰਘ ਪਹੂਵਿੰਡ, ਸ. ਬਲਵਿੰਦਰ ਸਿੰਘ ਕਲਸੀਆਂ, ਸ. ਹਰਜੀਤ ਸਿੰਘ ਬੂੜਚੰਦ, ਸ. ਰਾਜ ਸਿੰਘ ਭੂਰਾਕੋਹਨਾ, ਸ. ਬਲਕਾਰ ਸਿੰਘ ਭੰਡਾਲ, ਸ. ਹਰਮੰਦਰ ਸਿੰਘ ਕਲਸ, ਸ. ਗੁਰਜੰਟ ਸਿੰਘ ਰੱਤੋਕੇ, ਸ. ਮਨਜਿੰਦਰ ਸਿੰਘ ਮੁਗਲਚੱਕ, ਸ. ਹਰਪਾਲ ਸਿੰਘ, ਸ. ਗੁਰਤੇਜ ਸਿੰਘ, ਸ. ਮਨਜੀਤ ਸਿੰਘ ਤਲਵੰਡੀ, ਸ. ਸੁਖਦੇਵ ਸਿੰਘ ਤਲਵੰਡੀ, ਸ. ਪਰਮਜੀਤ ਸਿੰਘ ਖਾਲੜਾ ਆਦਿ ਹਾਜ਼ਰ ਸਨ।