ਨਵਾਂ ਸਾਲ, ਨਵੀਂ ਸਵੇਰ

ਇਨਸਾਨ ਉਮਰ ਦੇ ਕਿਸੇ ਪੜਾਅ ਤੇ ਹੋਵੇ, ਉਸ ਲਈ ਆਸਵੰਦ ਬਣੇ ਰਹਿਣਾ ਅਤਿ ਲਾਜ਼ਮੀ ਹੈ, ਜਿਵੇਂ ਕਿਹਾ ਜਾਂਦਾ ਹੈ ਕਿ ‘ਉਮੀਦ ਤੇ ਹੀ ਦੁਨੀਆਂ ਕਾਇਮ ਹੈ।‘ ਹਰ ਇਨਸਾਨ ਦੇ ਲਈ ਨਵੇਂ ਸਾਲ ਦੇ ਅਰਥ ਅਤੇ ਨਵੇਂ ਸਾਲ ਦੀ ਮਹੱਤਤਾ ਆਪਣੀ-ਆਪਣੀ ਹੁੰਦੀ ਹੈ, ਕਈਆਂ ਲਈ ਇਹ ਪੀੜਾਦਾਇਕ ਵਾਪਰੀਆਂ ਘਟਨਾਵਾਂ ਦੇ ਦਿਨਾਂ ਨੂੰ ਮੁੜ ਯਾਦਾਂ ਦੇ ਝਰੋਖਿਆਂ ਵਿੱਚ ਤਾਜ਼ਾ ਕਰ, ਹਲੂਣ ਛੱਡਦੀ ਹੈ ਅਤੇ ਕਈਆਂ ਲਈ ਖੁਸ਼ੀਆਂ ਦਾ ਵਣਜ ਬਣਦੀ ਹੈ। ਜ਼ਿੰਦਗੀ ਵਿੱਚ ਉਤਾਰ-ਚੜਾਅ ਆਪਣਾ ਅਹਿਮ ਸਥਾਨ ਰੱਖਦੇ ਹਨ, ਇਹਨਾਂ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਦੁੱਖ-ਸੁੱਖ ਜ਼ਿੰਦਗੀ ਦੇ ਦੋ ਅਹਿਮ ਰੰਗ ਹਨ, ਦੋ ਅਜਿਹੇ ਰਸ ਹਨ ਜਿਹਨਾਂ ਦੀ ਗੈਰ-ਮੌਜੂਦਗੀ ਇਨਸਾਨ ਦੀ ਜ਼ਿੰਦਗੀ ਨੂੰ ਰਸਹੀਣ ਕਰ ਛੱਡਦੀ ਹੈ।

ਇਨਸਾਨ ਹਰ ਰੋਜ਼ ਕੁਝ ਨਵਾਂ ਸਿੱਖਦਾ ਹੈ, ਜੇ ਸਿੱਖਣ ਦੀ ਕੋਸ਼ਿਸ਼ ਕਰੇ, ਸਮਝਣ ਦਾ ਯਤਨ ਕਰੇ। ਨਵੇ ਸਾਲ ਦੀ ਨਵੀਂ ਸਵੇਰ ਨੂੰ ਹੱਸਕੇ, ਖਿੜੇ ਮੱਥੇ ਪ੍ਰਵਾਨ ਕਰਨਾ ਤੁਹਾਡੀ ਜ਼ਿੰਦਗੀ ਪ੍ਰਤੀ ਸਕਰਾਤਮਕਤਾ, ਸਾਰਥਕ ਪਹੁੰਚ ਦੀ ਨਿਸ਼ਾਨਦੇਹੀ ਕਰਦਾ ਹੈ ਅਤੇ ਤੁਹਾਡੇ ਜ਼ਿੰਦਾਦਿਲ ਇਨਸਾਨ ਹੋਣ ਦੀ ਪੁਸ਼ਟੀ ਕਰਦਾ ਹੈ। ਨਵੇਂ ਦਿਨ, ਨਵੀਂ ਊਰਜਾ ਨਾਲ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ, ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ, ਆਪਣੇ ਦਿਨ ਨੂੰ ਬਿਹਤਰ ਕਰਨ ਅਤੇ ਭਵਿੱਖ ਨੂੰ ਸੰਵਾਰਨ ਦੀ ਅਣਥੱਕ ਕੋਸ਼ਿਸ਼ ਕਰਨੀ ਚਾਹੀਦੀ ਹੈ।

ਨਵੇਂ ਸਾਲ ਦੀ ਨਵੀਂ ਸਵੇਰ ਤੇ ਇੱਕ ਅਹਿਮ ਅਹਿਦ ਵੀ ਕਰਨਾ ਚਾਹੀਦਾ ਹੈ ‘ਸਿਹਤ ਦੀ ਸੰਭਾਲ।‘ ਇੱਕ ਤੰਦਰੁਸਤ ਇਨਸਾਨ ਹੀ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਸਕਦਾ ਹੈ। ਆਪਣੀ ਰੁਚੀ ਅਨੁਸਾਰ ਕੁਝ ਕਿਤਾਬਾਂ ਨੂੰ ਪੜ੍ਹਨ ਦੀ ਵੀ ਆਦਤ ਪਾਉਣੀ ਚਾਹੀਦੀ ਹੈ, ਚੰਗੀਆਂ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਮਿੱਤਰ ਸਾਬਿਤ ਹੁੰਦੀਆਂ ਹਨ। ਕਿਸੇ ਵੀ ਧਰਮ ਵਿੱਚ ਆਸਥਾ ਵਿਅਕਤੀ ਦਾ ਨਿੱਜੀ ਮਾਮਲਾ ਹੈ, ਸਾਰਥਕ ਸਮਾਜ ਦੀ ਸਿਰਜਣਾ ਲਈ ਧਾਰਮਿਕ ਫਿਰਕਪ੍ਰਸਤੀ ਨੂੰ ਪਛਾਣਨਾ ਚਾਹੀਦਾ ਹੈ ਅਤੇ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦਾ ਹੰਭਲਾ ਮਾਰਨਾ ਚਾਹੀਦਾ ਹੈ।

ਗੁਰੂ ਸਾਹਿਬਾਨਾਂ ਦੀ ‘ਕਿਰਤ ਕਰਨਾ, ਵੰਡ ਛਕਣਾ’ ਦੀ ਦਿੱਤੀ ਸਿੱਖਿਆ ਨੂੰ ਅਮਲੀਜਾਮਾ ਪਹਿਣਾਉਣਾ ਚਾਹੀਦਾ ਹੈ, ਹੱਕ ਦੀ ਕਮਾਈ ਕਰਨੀ ਚਾਹੀਦੀ ਹੈ। ਰੁਤਬਿਆਂ ਦੇ ਬਹਿ ਕੇ, ਦਾਅ ਲੱਗਦਿਆਂ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ, ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੋ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ, ਉਸਦਾ ਸਬਰ, ਉਸਦੀ ਬਦ-ਦੁਆ ਤੁਹਾਨੂੰ ਪਾਪਾਂ ਦਾ ਭਾਗੀ ਬਣਾ ਛੱਡਦੀ ਹੈ, ਤੁਹਾਡੇ ਇਨਸਾਨ ਹੋਣ ਤੇ ਸਵਾਲ ਪੈਦਾ ਹੋ ਜਾਂਦਾ ਹੈ? ਤੁਸੀਂ ਕਦੇ ਆਪਣੀ ਆਤਮਾ ਨਾਲ ਸ਼ੀਸ਼ੇ ਵਿੱਚ ਨਜ਼ਰ ਨਹੀਂ ਮਿਲਾ ਪਾਉਂਗੇ।

ਰਾਤਾਂ ਬਾਅਦ ਦਿਨ ਚੜ੍ਹਣ ਦਾ ਸਿਲਸਿਲਾ ਜਾਰੀ ਸੀ, ਜਾਰੀ ਹੈ ਤੇ ਜਾਰੀ ਰਹੇਗਾ, ਲੋੜ ਹੈ ਤੁਹਾਡੇ ਸਮੇਂ ਸਿਰ ਜਾਗਣ ਦੀ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>