ਨਵੀਂ ਦਿੱਲੀ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ, ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਸੰਗਤਾਂ ਵੱਲੋਂ ਚੇਤੇ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ 1 ਜਨਵਰੀ 1993 ਨੂੰ ਕੋਹ-ਕੋਹ ਕੇ ਸ਼ਹੀਦ ਕੀਤੇ ਗਏ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਬਾਰੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਦੇ ਸੰਬੰਧ ਵਿਚ ਸਜੇ ਵਿਸ਼ੇਸ਼ ਦੀਵਾਨ ਮੌਕੇ ਗੁਰਮਤਿ ਵਿਚਾਰਾਂ ਅਤੇ ਅਰਦਾਸ ਹੋਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਬਿੰਦਰ ਸਿੰਘ ਨੇ “ਗੁਰਸਿੱਖਾਂ ਵੱਲੋਂ ਪਾਏ ਪੂਰਨਿਆਂ ‘ਤੇ ਚਲਣ ਅਤੇ ਸ਼ਹਾਦਤਾਂ ਨੂੰ ਚੇਤੇ ਕਰਨ ਦਾ ਬਲ ਬਖਸ਼ਣ ਦੀ” ਗੁਰੂ ਚਰਨਾਂ ਵਿਚ ਅਰਦਾਸ ਕੀਤੀ।
ਇਸ ਬਾਰੇ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਸ਼ਹੀਦੀਆਂ ਦਾ ਪਿਛਲਾ ਹਫਤਾ ਬੀਤੇ ਵਰ੍ਹੇ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਸੀ। ਪਰ ਅੱਜ ਅੰਗਰੇਜ਼ੀ ਸਾਲ ਦੀ ਸ਼ੁਰੂਆਤ ਦੇ ਪਹਿਲੇ ਦਿਨ ਹੀ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਦੱਸਣ ਦੀ ਲੋੜ ਪੈ ਗਈ ਹੈ। ਸਿੱਖ 76 ਸਾਲ ਤੋਂ ਆਪਣੇ ਦੇਸ਼ ਦੇ ਬਾਰਡਰਾਂ ਉਤੇ ਮੁਲਕ ਦੀ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਸਰਹੱਦਾਂ ਦੀ ਰਾਖੀ ਕਰਨ ਦੌਰਾਨ ਸਿੱਖਾਂ ਨੇ ਆਪਣੀਆਂ ਜਾਨਾਂ ਵੀ ਵਾਰੀਆਂ ਹਨ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਸ ਮੁਲਕ ਦੀ ਚੜ੍ਹਦੀ ਕਲਾ ਲਈ ਸਿੱਖਾਂ ਨੇ ਆਪਣਾ ਤਨ, ਮੰਨ ਤੇ ਧੰਨ ਲੁਟਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਸੇ ਮੁਲਕ ਵਿਚ ਭਾਈ ਗੁਰਦੇਵ ਸਿੰਘ ਕਾਉਂਕੇ ਨਾਲ ਅਣਮਨੁੱਖੀ ਵਤੀਰਾ ਸਰਕਾਰੀ ਮਸੀਨਰੀ ਨੇ ਕੀਤਾ ਹੈ। ਸਿੱਖਾਂ ਨੂੰ ਹੁਣ ਪਤਾ ਚੱਲਿਆ ਹੈ ਕਿ 31 ਸਾਲ ਤੋਂ ਪੁਲਿਸ ਹਿਰਾਸਤ ਤੋਂ ਫ਼ਰਾਰ ਦੱਸੇ ਜਾ ਰਹੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਪੁਲਿਸ ਨੇ ਮਾਰ ਮੁਕਾਇਆ ਸੀ। ਜਦਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ।