ਤੇਜਾ ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਸਾਧੂ ਸਿੰਘ ਬੇਦਿਲ ਜੀਵਨ ਤੇ ਰਚਨਾ’ ਜਦੋਜਹਿਦ ਦਾ ਦਸਤਾਵੇਜ : ਉਜਾਗਰ ਸਿੰਘ

IMG_1652.resizedਤੇਜਾ ਸਿੰਘ ਤਿਲਕ ਦੀ ਸੰਪਾਦਿਤ ‘ਸਾਧੂ ਸਿੰਘ ਬੇਦਿਲ ਦੀ ਜੀਵਨ ਤੇ ਰਚਨਾ’ ਪੁਸਤਕ ਇੱਕ ਬੇਬਾਕ ਸਾਹਿਤਕਾਰ ਦੀ ਜ਼ਿੰਦਗੀ ਦੀ ਸਾਹਿਤਕ ਜੀਵਨ ਅਤੇ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਪਾਉਂਦੀ ਹੈ। ਤੇਜਾ ਸਿੰਘ ਤਿਲਕ ਦੀ ਇੱਕ ਵਿਲੱਖਣ ਖ਼ੂਬੀ ਹੈ ਕਿ ਉਹ ਅਣਗੌਲੇ ਫ਼ੱਕਰ ਕਿਸਮ ਦੇ ਸਾਹਿਤਕਾਰਾਂ ਦੀਆਂ ਜੀਵਨੀਆਂ ਲਿਖਕੇ ਆਉਣ ਵਾਲੀ ਸਾਹਿਤਕਾਰਾਂ ਦੀ ਪਨੀਰੀ ਨੂੰ ਸਾਹਿਤਕਾਰਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਜੋ ਉਹ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਮਾਜ ਨੂੰ ਸੇਧ ਦੇ ਸਕਣ। ਉਸ ਦਾ ਸਾਹਿਤਕਾਰਾਂ ਦੀ ਜੀਵਨੀ ਬਾਰੇ ਜਾਣਕਾਰੀ ਦੇਣ ਦਾ ਢੰਗ ਤਰੀਕਾ ਵੀ ਨਿਵੇਕਲਾ ਹੈ। ਉਹ ਅਜਿਹੇ ਵਿਅਕਤੀਆਂ ਦੀ ਜੀਵਨੀ ਲਿਖਣ ਲਈ ਉਨ੍ਹਾਂ ਦੇ ਜਿਉਂਦਿਆਂ ਹੀ ਠਾਣ ਲੈਂਦਾ ਹੈ। ਸਾਧੂ ਸਿੰਘ ਬੇਦਿਲ ਦੀ ਜੀਵਨੀ ਵਿੱਚ ਵੀ ਉਹ ਬੇਦਿਲ ਨਾਲ ਸਾਹਿਤਕਾਰਾਂ ਦੇ ਵਿਚਾਰ ਵਟਾਂਦਰੇ ਨੂੰ ਜੀਵਨੀ ਵਿੱਚ ਸ਼ਾਮਲ ਕਰਦਾ ਹੈ। ਸਾਧੂ ਸਿੰਘ ਬੇਦਿਲ ਨੂੰ ਸਾਹਿਤਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਅਤੇ ਉਨ੍ਹਾਂ ਦੇ ਬੇਦਿਲ ਵੱਲੋਂ ਦਿੱਤੇ ਗਏ ਜਵਾਬ ਸ਼ਾਮਲ ਕਰਕੇ ਜੀਵਨੀ ਦੀ ਸਾਰਥਿਕਤਾ ਦਾ ਪ੍ਰਗਟਾਵਾ ਹੁੰਦਾ ਹੈ। ਉਹ ਸੁਣੀ ਸੁਣਾਈ ਗੱਲ ਦੀ ਥਾਂ ਅਮਲੀ ਤੌਰ ਤੇ ਵਾਪਰੀਆਂ ਘਟਨਾਵਾਂ ਦਾ ਵੇਰਵਾ ਦਿੰਦਾ ਹੈ। ਜੀਵਨੀ ਦੀ ਇਹ ਤਕਨੀਕ ਨਿਰਾਲੀ ਹੈ। ਇਸ ਤਕਨੀਕ ਸੰਬੰਧੀ ਡਾ.ਜਸਵਿੰਦਰ ਸਿੰਘ ਸਿੱਖ ਸਟੱਡੀ ਵਿਭਾਗ ਪੰਜਾਬੀ ਯੂਨੀਵਰਸਿਟੀ ਨੇ ਆਪਣੀ ਖੋਜ ‘ਤੇ ਅਧਾਰਤ ਦੱਸਿਆ ਹੈ ਕਿ ਪ੍ਰੋ.ਪੂਰਨ ਸਿੰਘ ਨਾਲ ਸਵਰਨ ਸਿੰਘ ਖੇੜਾ ਇੰਦੌਰ ਵਾਲੇ ਸਵਾਲ ਜਵਾਬ ਕਰਕੇ ਡਾਇਰੀ ਲਿਖਦੇ ਸਨ। ਤੇਜਾ ਸਿੰਘ ਤਿਲਕ ਨੇ ਵੀ ਸਾਧੂ ਸਿੰਘ ਬੇਦਿਲ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਦੇ ਜੀਵਨ ਦਾ ਸਾਰ ਕੱਢਿਆ ਹੈ। ਤੇਜਾ ਸਿੰਘ ਤਿਲਕ ਨੇ ਜੀਵਨੀ ਲਿਖਣ ਲੱਗਿਆਂ ਨਿਰਪੱਖ ਸੋਚ ਅਪਣਾਈ ਹੈ। ਉਨ੍ਹਾਂ ਸਾਧੂ ਸਿੰਘ ਬੇਦਿਲ ਦੇ ਗੁਣ ਅਤੇ ਔਗੁਣ ਦੋਵੇਂ ਪੱਖ ਦਰਸਾਏ ਹਨ। ਆਮ ਤੌਰ ਤੇ ਪ੍ਰਸੰਸਾ ਦੇ ਪੁਲ ਬੰਨ੍ਹੇ ਜਾਂਦੇ ਹਨ। ਤੇਜਾ ਸਿੰਘ ਤਿਲਕ ਨੇ ਸਾਧੂ ਸਿੰਘ ਬੇਦਿਲ ਨੂੰ ਨਾਜ਼ੁਕ ਦਿਲ ਤੇ ਪ੍ਰਕਿ੍ਰਤੀ ਨੂੰ ਪਿਆਰ ਕਰਨ ਵਾਲਾ ਫੁੱਲਾਂ ਦੀ ਮਹਿਕ ਦਾ ਸ਼ੈਦਾਈ ਗਰਦਾਨਿਆਂ ਹੈ। ਇਸ ਜੀਵਨੀ ਤੋਂ ਸਪਸ਼ਟ ਹੁੰਦਾ ਹੈ ਕਿ ਉਹ ਭਾਵੇਂ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਬਿਨਾ ਡਿਗਰੀਆਂ ਤੋਂ ਵਿਦਵਾਨ ਸਨ। ਉਹ ਆਪ ਭਾਵੇਂ ਕਿਸੇ ਸਕੂਲ ਵਿੱਚ ਨਹੀਂ ਗਿਆ ਪ੍ਰੰਤੂ ਸਿੰਘ ਸਭਾ ਗਿਆਨੀ ਕਾਲਜ ਬਰਨਾਲਾ ਦਾ ਮੁੱਖ ਅਧਿਆਪਕ ਰਿਹਾ ਸੀ। ਗ਼ਜ਼ਲ ਦੀਆਂ ਬਾਰੀਕੀਆਂ ਤੋਂ ਜਾਣੂੰ ਸਨ। ਪਿੰਗਲ, ਅਰੂਜ, ਬਹਿਰ, ਸ਼ਬਦ ਜੋੜਾਂ, ਗੁਰਬਾਣੀ ਦਾ ਸ਼ੁਧ ਉਚਾਰਨ, ਭਾਸ਼ਣ ਕਲਾ ਦੇ ਮਾਹਿਰ ਗੁਰਮਤਿ ਦੇ ਧਾਰਨੀ, ਗ਼ਰੀਬਾਂ ਤੇ ਕਿ੍ਰਤੀਆਂ ਦੇ ਹਮਦਰਦ, ਸਮਾਜਵਾਦੀ ਤੇ ਵਿਗਿਆਨਕ ਦਿ੍ਰਸ਼ਟੀਕੋਨ ਵਾਲੇ, ਗੁੱਸਾ ਜਲਦੀ ਕਰਨ ਵਾਲੇ, ਔਰਤਾਂ ਨੂੰ ਕੁਜਾਤ ਕਹਿਣ ਵਾਲੇ ਅਤੇ ਸਾਦਗੀ ਵਾਲੇ ਬਹੁਪੱਖੀ ਸਾਹਿਤਕਾਰ ਸਨ।  ਤੋਲ, ਤੁਕਾਂਤ, ਭਾਸ਼ਾ, ਮੁਹਾਵਰਾ, ਬਿੰਬ ਰਸ ਤੇ ਰਵਾਨੀ ਪੱਖੋਂ ਚੇਤੰਨ ਅਤੇ ਪ੍ਰਬੁੱਧ ਗ਼ਜ਼ਲਗੋ ਸਨ। ਆਪਣੇ ਦੋਸਤਾਂ ਨਾਲ ਮੁਲਾਕਾਤਾਂ ਵਿੱਚ ਬੇਦਿਲ ਅਖ਼ਬਾਰਾਂ, ਰਸਾਲਿਆਂ ਅਤੇ ਹੋਰ ਥਾਵਾਂ ਤੇ ਪ੍ਰਕਾਸ਼ਤ ਹੋਣ ਵਾਲੀਆਂ ਗ਼ਜ਼ਲਾਂ, ਕਵਿਤਾਵਾਂ ਅਤੇ ਕਹਾਣੀਆਂ ਬਾਰੇ ਬਾਰ-ਬਾਰ ਦੱਸਕੇ ਆਪਣੀ ਪ੍ਰਾਪਤੀ ਦਾ ਪ੍ਰਗਟਾਵਾ ਕਰਦੇ ਸਨ। IMG_1653.resizedਇਸ ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਨੂੰ ਅੱਗੇ ਤਿੰਨ ਹਿਸਿੱਆਂ (ੳ) ਜੀਵਨ ਤੇ ਵਿਅਕਤਿਵ, (ਅ) ਸਾਹਿਤ ਚਿੰਤਨ ਅਤੇ (ੲ) ਕਾਵਿ ਚਿੱਤਰ ਵਿੱਚ ਵੰਡਿਆ ਹੈ। ਦੂਜੇ ਭਾਗ ਦਾ ਸਿਰਲੇਖ ਸਿਰਜਣਾ ਹੈ, ਇਸ ਵਿੱਚ ਸਾਧੂ ਸਿੰਘ ਬੇਦਿਲ  ਦੀਆਂ ਕਵਿਤਾਵਾਂ, ਗੀਤ, ਕਾਵਿ-ਚਿੱਤਰ, ਗ਼ਜ਼ਲਾਂ ਤੇ ਵਿਅੰਗ, ਕਹਾਣੀ, ਮਿੰਨੀ ਕਹਾਣੀ, ਹਾਸ-ਵਿਅੰਗ, ਨਿਬੰਧ ਅਤੇ ਚਿੱਠੀਆਂ ਹਨ। ਪਹਿਲੇ ਭਾਗ (ੳ) ਜੀਵਨ ਤੇ ਵਿਅਕਤਿਵ ਵਿੱਚ ਸਾਹਿਤਕਾਰਾਂ ਨਾਲ ਮੁਲਾਕਾਤਾਂ ਗ਼ਜ਼ਲਾਂ ਅਤੇ ਕਵਿਤਾਵਾਂ ਦੇ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਛਪਣ ਬਾਰੇ ਦਰਸਾਇਆ ਗਿਆ ਹੈ, ਸਾਹਿਤਕ ਸਫਰ ਮਹਿਜ 17 ਸਾਲ ਦੀ ਉਮਰ ਵਿੱਚ ਪਹਿਲੀ ਕਵਿਤਾ 1934-35 ਵਿੱਚ ਬੈਂਤ ਛੰਦ ਵਿੱਚ ਲਿਖਕੇ ਸ਼ੁਰੂ ਕੀਤਾ। ਪਿਤਾ ਦੇ ਕੁਰੱਖਤ ਸੁਭਾਅ ਅਤੇ ਕਿੱਤੇ ਬਾਰੇ ਦਰਸਾਇਆ ਗਿਆ। ਉਨ੍ਹਾਂ ਦਾ ਪਿਤਾ ਗ੍ਰੰਥੀ ਹੋਣ ਕਰਕੇ ਸਾਧੂ ਸਿੰਘ ਬੇਦਿਲ ਵੀ ਗੁਰਮਤਿ ਦਾ ਧਾਰਨੀ ਬਣ ਗਿਆ। ਉਹ ਗ੍ਰੰਥੀਆਂ ਦੇ ਪੜ੍ਹੇ ਲਿਖੇ ਹੋਣ ਦੀ ਵਕਾਲਤ ਵੀ ਕਰਦਾ ਦਰਸਾਇਆ ਹੈ। ਬਹੁਤ ਸਾਰੀਆਂ ਸਾਹਿਤ ਸਭਾਵਾਂ ਵਿੱਚ ਸ਼ਮੂਲੀਅਤ ਕਰਦਾ ਅਤੇ ਅਹੁਦੇਦਾਰ ਰਿਹਾ। ਧਨੌਲੇ ਦੀ ਸਾਹਿਤ ਸਭਾ ਦਾ 31 ਸਾਲ ਪ੍ਰਧਾਨ ਰਿਹਾ। ਇਸ ਤੋਂ ਉਸਦੀ ਸਾਹਿਤਕ ਸੋਚ ਦਾ ਪ੍ਰਗਟਾਵਾ ਹੁੰਦਾ ਹੈ।  ਹੈਰਾਨੀ ਇਸ ਗੱਲ ਦੀ ਹੈ ਸਾਧੂ ਸਿੰਘ ਬੇਦਿਲ ਮਾਰਕਵਾਦੀ ਵਿਚਾਰਧਾਰਾ ਦਾ ਹਾਮੀ ਹੈ ਪ੍ਰੰਤੂ ਗੁਰਬਾਣੀ ਦਾ ਸ਼ੁਧ ਉਚਾਰਣ ਅਤੇ ਵਿਅਕਰਣ ਦੀ ਜਾਣਕਾਰੀ ਦੇ ਮਾਹਿਰ ਖੋਜੀ ਹਾਸ ਵਿਅੰਗ ਦੇ ਤੀਰ ਮਾਰਨ ਵਾਲਾ ਵੀ ਸੀ। ਇਸ ਹਿੱਸੇ ਵਿੱਚ ਸਾਧੂ ਸਿੰਘ ਬੇਦਿਲ ਦੇ ਜਾਣ ਪਛਾਣ ਵਾਲੇ 23 ਲੇਖਕਾਂ ਦੀਆਂ ਬੇਦਿਲ ਬਾਰੇ ਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। (ਅ) ਸਾਹਿਤ ਚਿੰਤਨ ਵਿੱਚ ਡਾ.ਧਰਮਪਾਲ ਸਿੰਗਲ, ਪ੍ਰੋ.ਪ੍ਰੀਤਮ ਸਿੰਘ ਰਾਹੀ, ਕਰਨੈਲ ਸਿੰਘ ਰੋਹੀੜਾ ਅਤੇ ਡਾ. ਭਗਵੰਤ ਸਿੰਘ ਵੱਲੋਂ ਬੇਦਿਲ ਦੇ ਸਾਹਿਤਕ ਯੋਗਦਾਨ ਬਾਰੇ ਆਲੋਚਨਾਤਮਿਕ ਲੇਖ ਪ੍ਰਕਾਸ਼ਤ ਕੀਤੇ ਗਏ ਹਨ, ਭਾਵੇਂ ਇਹ ਸਾਰੀ ਪੁਸਤਕ ਹੀ ਉਨ੍ਹਾਂ ਦੀ ਸਾਹਿਤਕ ਦੇਣ ਸੰਬੰਧੀ ਹੈ। ਡਾ.ਧਰਮਪਾਲ ਸਿੰਗਲ ਬੇਦਿਲ ਨੂੰ ਸਫ਼ਲ ਗ਼ਜ਼ਲਕਾਰ ਮੰਨਦਾ ਹੈ। ਉਸ ਨੇ ਗ਼ਜ਼ਲ ਨੂੰ ਸੌਂਦਰਯ ਬੋਧ ਵਾਲੇ ਕਾਵਿ ਰੂਪ ਵਿੱਚੋਂ ਕੱਢਕੇ ਪ੍ਰਗਤੀਸ਼ੀਲ ਵਲ ਲਿਆਂਦਾ ਹੈ। ਲੇਖਕ ਨੇ ਬੇਦਿਲ ਦੇ ਇਕ ਸ਼ਿਅਰ ਨਾਲ ਉਦਾਹਰਣ ਦਿੱਤੀ ਹੈ-

ਤੀਵੀਂ ਤੇ ਮਦਰਾ ਸੁਰਾਹੀ ਪੈਮਾਨਾ, ਹੁੰਦੇ ਨਾ ਸ਼ਾਇਰ, ਇਹ ਮਰ ਜਾਂਦੇ।

ਬੇਦਿਲ ਕਹਿਣਾ ਚਾਹੁੰਦਾ ਹੈ ਕਿ ਇਹ ਤਿੰਨੋ ਵਸਤਾਂ ਤੋਂ ਬਿਨਾ ਵੀ ਗ਼ਜ਼ਲ ਹੋ ਸਕਦੀ ਹੈ। ਸੱਚ ਦੇ ਰਸਤੇ ‘ਤੇ ਚਲਣ ਦੀ ਗੱਲ ਕਰਦਾ ਬੇਦਿਲ ਲਿਖਦਾ ਹੈ-

ਪਾਂਧੀ ਸੱਚ ਦੇ ਪਿਛਾਂਹ ਨਹੀਂ ਮੁੜਦੇ, ਭਾਵੇਂ ਸਾਹਵੇਂ ਸਲੀਬ ਹੋਂਦੇ ਨੇ।

ਸਾਧੂ ਸਿੰਘ ਬੇਦਿਲ ਦੀ ਪੰਜਾਬ ਬਾਰੇ ਚਿੰਤਾ ਸੰਬੰਧੀ ਸਿੰਗਲ ਉਸਦੇ ਇਕ ਸ਼ਿਅਰ ਦੀ ਉਦਾਹਰਣ ਦਿੰਦਾ ਹੈ-
ਇਉਂ ਹਾਲ ਹੋ ਗਿਆ ਹੈ ਮੇਰੇ ਪੰਜਾਬ ਦਾ, ਟੁੱਟੇ ਜੇ ਬੂਟ ਵਿੱਚ ਜਿਉਂ ਪਾਟੀ ਜੁਰਾਬ ਦਾ।

ਡਾ.ਧਰਮਪਾਲ ਸਿੰਗਲ ਸਾਧੂ ਸਿੰਘ ਬੇਦਿਲ ਨੂੰ ਪ੍ਰਗਤੀਸ਼ੀਲ ਗ਼ਜ਼ਲਗੋ ਸਮਝਦਾ ਹੈ। ਪ੍ਰੋ.ਪ੍ਰੀਤਮ ਸਿੰਘ ਰਾਹੀ ਅਨੁਸਾਰ ਬੇਦਿਲ ਅਨੁਸ਼ਾਸਨ ਦਾ ਪਾਬੰਦ ਹੈ। ਉਸ ਦਾ ਸਿਨਫ ਕੇਵਲ ਗੁਲੋ-ਬੁਲ ਬੁਲ, ਸ਼ਮਾਅ ਪ੍ਰਵਾਨਾ, ਮੈਅ ਅਤੇ ਪੈਮਾਨਾ ਦੀਆਂ ਗੱਲਾਂ ਕਰਨ ਜਾਂ ਮਾਸ਼ੂਕ ਦੇ ਹੁਸਨ ਤੱਕ ਹੀ ਸੀਮਤ ਨਹੀਂ, ਸਗੋਂ ਉਸ ਦਾ ਕਾਰਜ-ਖੇਤਰ ਵਿਸਤਿ੍ਰਤ ਹੈ। ਆਪਣੀਆਂ ਗ਼ਜ਼ਲਾਂ ਲਈ ਉਹ ਇਨਕਲਾਬੀ ਅਤੇ ਸਿਹਤਮੰਦ ਵਿਸ਼ੇ ਚੁਣਦਾ ਹੈ। ਕਰਨੈਲ ਸਿੰਘ ਰੋਹੀੜਾ ਸਾਧੂ ਸਿੰਘ ਬੇਦਿਲ ਨੂੰ ਮੂਲ ਰੂਪ ਵਿੱਚ ਕਵੀ ਕਹਿੰਦਾ ਹੈ। ਉਸ ਦਾ ਰਾਜਸੀ ਵਿਅਕਤੀਆਂ ਤੇ ਤਿੱਖਾ ਵਿਅੰਗ ਹੁੰਦਾ ਹੈ। ਉਹ ਕੰਮੀਆਂ ਦੀ ਗੱਲ ਕਰਦਾ ਹੈ। ਉਸ ਦੀ ਸ਼ਾਇਰੀ ਵਿੱਚ ਸਮਾਜਵਾਦੀ ਚਿੰਤਨ ਹੈ। ਉਹ ਨੈਤਿਕ ਕਦਰਾਂ ਕੀਮਤਾਂ ਦਾ ਪਹਿਰੇਦਾਰ ਹੈ। ਬੇਦਿਲ ਦੀਆਂ ਗ਼ਜ਼ਲਾਂ ਵਿੱਚ ਸਮਾਜਿਕ ਆਰਥਿਕ ਨਾ-ਬਰਾਬਰੀ, ਮਖੌਟਾਧਾਰੀ ਭਿ੍ਰਸ਼ਟ ਰਾਜਨੀਤਕ ਢਾਂਚੇ ਅਤੇ ਧਾਰਮਿਕ ਦੰਭੀਆਂ ਦਾ ਸ਼ਪਸਟ ਅਤੇ ਬੇਬਾਕ ਪ੍ਰਗਟਾਅ ਕਰਦਾ ਹੈ। ਡਾ.ਭਗਵੰਤ ਸਿੰਘ  ਕਹਿੰਦੇ ਹਨ ਬੇਦਿਲ ਨੈਤਿਕ ਪੱਖਾਂ ਬਾਰੇ ਬਹੁਤ ਪੁਖਤਗੀ ਨਾਲ ਲਿਖਦਾ ਰਿਹਾ ਹੈ। ਉਹ ਸਾਹਿਤ ਦੇ ਕਾਵਿਕ ਗੁਣਾਂ ਤੋਂ ਬਾਖ਼ੂਬੀ ਜਾਣੂੰ ਸੀ। ਉਸ ਦੇ ਵਿਸ਼ੇ ਰੂਪਕ ਪੱਖ ਤੋਂ  ਉਤਮ ਸਨ। ਸਾਹਿਤ  ਦੇ ਪ੍ਰਯੋਜਨ ਸਤਯੰ, ਸਿਵਮ, ਸੁੰਦਰਮ ਦੀ ਕਸੌਟੀ ‘ਤੇ ਪੂਰਾ ਉਤਰਦੇ ਸਨ। (ੲ) ਕਾਵਿ ਚਿੱਤਰ ਵਿੱਚ 16 ਕਵੀਆਂ ਨੇ ਬੇਦਿਲ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਕਾਵਿ ਰੂਪ ਵਿੱਚ ਵਰਣਨ ਕੀਤਾ ਹੈ, ਜੋ ਹੇਠ ਲਿਖੇ ਅਨੁਸਾਰ ਹੈ-

ਡਾ.ਅਮਰ ਕੋਮਲ -
ਉਸ ਰੁੱਖ ਵਰਗਾ, ਜਿਸ ਦੀ ਸੰਘਣੀ ਛਾਂ ਪਿਆਰੀ,
ਫਲ ਮਿੱਠੇ ਫੁੱਲ ਮਹਿਕਦੇ, ਟਹਿਕੇ, ਜਿਸ ਦੀ ਕਾਇਆ ਸਾਰੀ।
ਜੰਗ ਸਿੰਘ ਫੱਟੜ-
ਅੰਧ ਵਿਸ਼ਵਾਸ਼ੀ  ਕਰਮ ਕਾਂਡ ਤੋਂ ਛਿਲਕੇ ਲਾਹੁੰਦਾ ਬਾਹਲਾ ਸੀ,
ਹਸਮੁੱਖ, ਖ਼ੁਸ਼ਹਾਲ, ਸਾਧਾਂ ਵਰਗਾ, ਬੇਦਿਲ ਨਵਾਂ ਉਜਾਲਾ ਸੀ।

ਨਿਰੰਜਣ ਸਿੰਘ ਚੀਮਾ -
ਲਈਂ ਬੈਠੇ ਘਰ ਵਿੱਚ ਆਪਣੇ, ਥੋਹਰਾਂ ਦਾ ਇੱਕ ਵਾੜਾ ਬੇਦਿਲ,
ਬੱਸ ਫੁੱਲਾਂ ਦੀ ਚੋਰੀ ਕਰਦੈ, ਹੋਰ ਨਾ ਮਾਰੇ ਧਾੜਾ ਬੇਦਿਲ।

ਪਰਮਜੀਤ ਪੱਪੂ ਧਨੌਲਾ-
ਧਨੀ ਕਲਮ ਦਾ ਗੂੜ੍ਹ ਗਿਆਨੀ, ਜਗ੍ਹਾ ਜਗ੍ਹਾ ਸਤਿਕਾਰਾ ਬੇਦਿਲ।
ਐਸਾ ਗਿਆਨ ਦਾ ਮਹਿਲ ਉਸਾਰੇ, ਨਾ ਇੱਟਾਂ ਨਾ ਗਾਰਾ ਬੇਦਿਲ।

ਮਲਕੀਤ ਸਿੰਘ ਗਿੱਲ (ਭੱਠਲਾਂ)-
ਸਭਿਆਚਾਰ ਦਾ ਹੈ ਇਹ ਵਾਰਸ, ਦੇਸ ਪੰਜਾਬ ਦੀ ਸ਼ਾਨ ਹੈ ਬੇਦਿਲ।
ਗ਼ਜ਼ਲਾਂ ਗੀਤ ਕਵਿਤਾਵਾਂ ਰਾਹੀਂ, ਵੰਡਦਾ ਗੂੜ੍ਹ-ਗਿਆਨ ਹੈ ਬੇਦਿਲ।

ਸੁਖਦੇਵ ਸਿੰਘ ਔਲਖ-
ਜ਼ਿੰਦਗੀ ਨਾਉਂ ਹੈ ਮੁਸ਼ਕਿਲਾਂ ਸੰਗ ਖਹਿਣ ਦਾ,
ਜ਼ਿੰਦਗੀ ਦੇ ਸਵਾਲਾਂ ਦਾ ਸਹੀ ਜਵਾਬ ਹੈ ਬੇਦਿਲ।
ਗੁਰਜੰਟ ਸਿੰਘ ਸੋਹਲ ਚਿੱਤਰਕਾਰ ਧਨੌਲਾ-
ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਕਦੇ ਫਾਰਸੀ ਫੋਲੇ,
ਗੁਰਬਾਣੀ ਦੇ ਅਰਥ ਜੇ ਕਰਦਾ, ਬੂਹੇ ਮਨ ਦੇ ਖੋਲ੍ਹੇ।

ਡਾ.ਹਾਕਮ ਸਿੰਘ ਮਹਿਰਮ, ਕਾਲੇਕਾ-
ਫਿਜ਼ਾ ਬਦਲੀ ਭਾਵੇਂ ਲੱਖਾਂ ਵਾਰ ਯਾਰੋ, ਆਪਣਾ ਬਦਲਿਆ ਨਹੀਂ ਕਿਰਦਾਰ ਬੇਦਿਲ,
ਗੱਲ ਮੂੰਹ ਤੇ ਕਹਿਣ ਦਾ ਰੱਖੇ ਜੇਰਾ, ਹੱਥ ਕਲਮ ਦਾ ਰੱਖਿਆ ਹਥਿਆਰ ਬੇਦਿਲ।

ਵੈਦ ਸਰੂਪ ਚੰਦ ਹਰੀਗੜ੍ਹ-
ਵਿਆਖਿਆ ਕਰ ਸਮਝਾਵੇ ਸਭ ਨੂੰ, ਸ਼ਬਦਾਂ ਦੀ ਇੱਕ ਖਾਣ ਸੀ ਬੇਦਿਲ…।
ਦੱਬੇ ਕੁੱਚਲੇ ਲੋਕਾਂ ਦੇ ਲਈ, ਸੱਚ ਦੀ ਖੁਲ੍ਹੀ ਦੁਕਾਨ ਸੀ ਬੇਦਿਲ।

ਰਘਵੀਰ ਸਿੰਘ ਗਿੱਲ ਕੱਟੂ-
ਚੌਗਿਰਦੇ ਬਾਰੇ ਰੱਖੇ ਚੇਤਨਾ, ਚੁੱਪ ਕਰਕੇ ਨਾ ਬਹਿਣਾ,
ਕਿਰਤੀ ਏਥੇ ਭੁੱਖੇ ਮਰਦੇ, ਸੱਚ ਬੇਦਿਲ ਦਾ ਕਹਿਣਾ।
ਟਿੱਬਿਆਂ ਤਾਈਂ ਪੱਧਰ ਕਰਨਾ, ਸਦਾ ਧੱਕਾ ਨਹੀਂ ਸਹਿਣਾ।
ਊਚ ਨੀਚ ਦਾ ਮੁੱਕੇ ਪੁਆੜਾ, ਭੁੱਖਾ ਕੋਈ ਨਾ ਰਹਿਣਾ,
ਮਿਲ ਕੇ ਟੋਇਆਂ ਨੇ, ਲੇਖਾ ਇਕ ਦਿਨ ਲੈਣਾ।

ਇਸ ਪੁਸਤਕ ਦਾ ਦੂਜਾ ਭਾਗ ਸਿਰਜਣਾ ਹੈ, ਜਿਸ ਤੋਂ ਭਾਵ ਸਾਧੂ ਸਿੰਘ ਬੇਦਿਲ ਦਾ ਰਚਿਆ ਸਾਹਿਤ। ਇਸ ਭਾਗ ਵਿੱਚ ਬੇਦਿਲ ਦੀਆਂ ਚੋਣਵੀਆਂ ਗ਼ਜ਼ਲਾਂ, ਗੀਤ, ਕਵਿਤਾ, ਕਹਾਣੀਆਂ, ਨਿਬੰਧ ਅਤੇ ਚਿੱਠੀਆਂ ਸ਼ਾਮਲ ਹਨ। ਕਮਾਲ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਾਧੂ ਸਿੰਘ ਬੇਦਿਲ ਰਣਜੀਤ ਗਿਆਨੀ ਕਾਲਜ ਅਕਾਡਮੀ ਪੁਤਲੀ ਘਰ ਅੰਮਿ੍ਰਤਸਰ ਗਿਆਨੀ ਪਾਸ ਕਰਨ ਲਈ ਪੜ੍ਹਦਾ ਰਿਹਾ ਪ੍ਰੰਤੂ ਦੋ ਵਾਰ ਇਮਤਿਹਾਨ ਦੇਣ ਦੇ ਬਾਵਜੂਦ ਪਾਸ ਨਹੀਂ ਹੋ ਸਕਿਆ, ਉਥੇ ਪੜ੍ਹਦਿਆਂ ਪਿੰਗਲ, ਵਿਆਕਰਣ ਤੇ ਗੁਰਬਾਣੀ ਵਿਆਕਰਣ ਜਿਹੜੇ ਗਿਆਨੀ ਦੇ ਸਲੇਬਸ ਵਿੱਚ ਸਨ, ਉਨ੍ਹਾਂ ਦੀ ਮੁਹਾਰਤ ਹਾਸਲ ਕਰ ਗਿਆ। ਇਥੋਂ ਤੱਕ ਕਿ ਉਨ੍ਹਾਂ ਦੇ ਪੜ੍ਹਾਏ ਅਨੇਕਾਂ ਵਿਦਿਆਰਥੀ ਗਿਆਨੀ ਪਾਸ ਕਰ ਗਏ।  ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਤੇਜਾ ਸਿੰਘ ਤਿਲਕ ਨੇ ਇਹ ਪੁਸਤਕ ਸੰਪਾਦਿਤ ਕਰਕੇ ਸਾਧੂ ਸਿੰਘ ਬੇਦਿਲ ਨੂੰ ਹਮੇਸ਼ਾ ਲਈ ਸਾਹਿਤਕ ਜਗਤ ਵਿੱਚ ਅਮਰ ਕਰ ਦਿੱਤਾ।

300 ਰੁਪਏ ਕੀਮਤ, 264 ਪੰਨਿਆਂ, ਰੰਗਦਾਰ ਤਸਵੀਰਾਂ ਅਤੇ ਸਚਿਤਰ ਮੁੱਖ ਕਵਰ ਵਾਲੀ ਪੁਸਤਕ ਤਾਲਿਫ਼ ਪ੍ਰਕਾਸ਼ਨ ਬਰਨਾਲਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ।

…ਸਾਬਕਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>