ਗੁਰਦੁਆਰਾ ਗੁਰੂ ਕਾ ਬਾਗ਼ ਦੀ ਜ਼ਮੀਨ ਵੇਚਣ ਮਾਮਲੇ ਦੀ ਜਾਂਚ ਕਰਵਾਉਣ ਲਈ ਜੀਕੇ ਨੇ ਜਥੇਦਾਰ ਅਕਾਲ ਤਖਤ ਨੂੰ ਪੱਤਰ ਲਿਖਿਆ

1280px-Akal_takhat_amritsar.resizedਨਵੀਂ ਦਿੱਲੀ : ਗੁਰਦੁਆਰਾ ਗੁਰੂ ਕਾ ਬਾਗ਼, ਜੋਤੀ ਨਗਰ, ਦਿੱਲੀ ਦੀ ਬੇਸ਼ਕੀਮਤੀ ਜ਼ਮੀਨ ਭੂਮਾਫਿਆ ਨੂੰ ਵੇਚਣ ਦੀਆਂ ਚਲ ਰਹੀਆਂ ਕਨਸੋਆਂ ਦੀ ਜਾਂਚ ਕਰਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗਿਆਨੀ ਰਘਬੀਰ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਪੱਤਰ ਲਿਖਿਆ ਹੈ। ਆਪਣੇ ਪੱਤਰ ਰਾਹੀਂ ਜੀਕੇ ਨੇ ਜਥੇਦਾਰ ਨੂੰ ਉਕਤ ਜ਼ਮੀਨ ਵੇਚਣ ਸੰਬੰਧੀ ਤੁਰੰਤ ਪੜਤਾਲ ਕਮੇਟੀ ਬਣਾ ਕੇ ਦਿੱਲੀ ਕਮੇਟੀ ਅਹੁਦੇਦਾਰਾਂ ਅਤੇ ਡੇਰਾ ਕਾਰਸੇਵਾ ਪਾਸੋਂ ਸਾਰੇ ਦਸਤਾਵੇਜ਼ਾਂ ਨੂੰ ਪ੍ਰਾਪਤ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਜੀਕੇ ਨੇ ਕਿਹਾ ਹੈ ਕਿ ਜੇਕਰ ਕੋਈ ਜ਼ਮੀਨ ਭੂਮਾਫਿਆ ਕੋਲ ਗਈ ਹੈ ਤਾਂ ਉਹ ਵੀ ਤੁਰੰਤ ਵਾਪਸ ਲਈ ਜਾਵੇ। ਇਸ ਗੱਲ ਦੀ ਵੀ ਜਾਂਚ ਲਾਜ਼ਮੀ ਹੋਣੀ ਚਾਹੀਦੀ ਹੈ ਕਿ ਇਹ ਜ਼ਮੀਨ ਵੇਚਣ ਦਾ ਫੈਸਲਾ ਕਿਸ ਨੇ, ਕਿਉਂ ਅਤੇ ਕਿਹੜੇ ਹਾਲਾਤਾਂ ਹੇਠ ਲਿਆ ਹੈ? ਮਾਮਲੇ ਦੇ ਪਿਛੋਕੜ ਦੀ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦਸਿਆ ਕਿ ਦਿੱਲੀ ਦੇ ਜੋਤੀ ਨਗਰ ਵਿਚਾਲੇ 50 ਸਾਲ ਪਹਿਲੇ ਕਬਾੜ ਕਾਰੋਬਾਰ ਦੇ ਵੱਡੇ ਵਪਾਰੀ ਸਰਦਾਰ ਰਘਬੀਰ ਸਿੰਘ ਦੀ ਬੜੀਆਂ ਜ਼ਮੀਨਾਂ ਸਨ। ਉਹ ਦਿੱਲੀ ਦੇ ਪਟੇਲ ਨਗਰ ਵਿਖੇ ਰਹਿੰਦੇ ਸਨ। ਉਨ੍ਹਾਂ ਦੀ ਇੱਛਾ ਆਪਣੀ ਜ਼ਮੀਨ ਨੂੰ ਪੰਥਕ ਅਤੇ ਵਿਦਿਅਕ ਕਾਰਜਾਂ ਲਈ ਵਰਤਣ ਦੀ ਸੀ। ਇਸ ਗੱਲ ਦਾ ਜ਼ਿਕਰ ਉਨ੍ਹਾਂ ਨੇ ਮੇਰੇ ਮਰਹੂਮ ਪਿਤਾ, ਜਥੇਦਾਰ ਸੰਤੋਖ ਸਿੰਘ ਨਾਲ ਕੀਤਾ ਸੀ। ਤਦੋਂ ਜਥੇਦਾਰ ਸੰਤੋਖ ਸਿੰਘ ਨੇ ਸਰਦਾਰ ਰਘਬੀਰ ਸਿੰਘ ਨੂੰ ਆਪਣੀ ਇਹ ਬੇਸ਼ਕੀਮਤੀ ਜ਼ਮੀਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਧਣ ਦਾ ਸੁਝਾਅ ਦਿੱਤਾ ਸੀ। ਸਰਦਾਰ ਰਘਬੀਰ ਸਿੰਘ ਨੇ ਜਥੇਦਾਰ ਸੰਤੋਖ ਸਿੰਘ ਦੀ ਸਲਾਹ ਨੂੰ ਮੰਨਦੇ ਹੋਏ ਆਪਣੀ ਜ਼ਮੀਨ ਦਿੱਲੀ ਕਮੇਟੀ ਦੇ ਹਵਾਲੇ ਕਰ ਦਿੱਤੀ ਸੀ। ਇਸ ਜ਼ਮੀਨ ਉਤੇ ਫਿਲਹਾਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਗੁਰੂ ਰਾਮਦਾਸ ਐਜੂਕੇਸ਼ਨ ਕਾਲਜ ਅਤੇ ਗੁਰਦੁਆਰਾ ਗੁਰੂ ਕਾ ਬਾਗ ਸਥਾਪਤ ਹੈ। ਸਕੂਲ ਅਤੇ ਕਾਲਜ਼ ਤੋਂ ਬਾਅਦ ਦਿੱਲੀ ਕਮੇਟੀ ਨੇ ਇਹ 15 ਕਿਲ੍ਹੇ ਜ਼ਮੀਨ ਕਾਰਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਨੂੰ ਗੁਰਦੁਆਰਾ ਗੁਰੂ ਕਾ ਬਾਗ ਬਣਾਉਣ ਲਈ ਸੌਂਪ ਦਿੱਤੀ ਸੀ।

ਪਰ ਹੁਣ ਜਾਣਕਾਰੀ ਆ ਰਹੀ ਹੈ ਕਿ ਗੁਰਦੁਆਰਾ ਗੁਰੂ ਕਾ ਬਾਗ ਵਾਲੀ 15 ਕਿਲ੍ਹੇ ਜ਼ਮੀਨ ਵਿਚੋਂ 4 ਕਿਲ੍ਹੇ ਜ਼ਮੀਨ ਕਥਿਤ ਤੌਰ ‘ਤੇ ਵੇਚ ਦਿੱਤੀ ਗਈ ਹੈ। ਬੀਤੇ ਕਈ ਦਿਨਾਂ ਤੋਂ ਇਸ ਸੰਬੰਧੀ ਸੋਸ਼ਲ ਮੀਡੀਆ ‘ਤੇ ਰੌਲਾ ਪੈ ਰਿਹਾ ਹੈ। ਭਾਈ ਮਤੀ ਦਾਸ ਸੇਵਾ ਸਿਮਰਨ ਸੋਸਾਇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਅਤੇ ਸਮਾਜਿਕ ਕਾਰਕੁੰਨ ਮਹਿੰਦਰ ਸਿੰਘ ਸ਼ਾਹਦਰਾ ਨੇ ਇਸ ਸੰਬੰਧੀ ਕਾਫ਼ੀ ਉਪਯੋਗੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਇਸ ਸਾਰੇ ਰੌਲ਼ੇ ਉਤੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦਾ ਜ਼ਮੀਨ ਵੇਚਣ ਬਾਰੇ 24 ਜਨਵਰੀ ਰਾਤ ਨੂੰ ਸੋਸ਼ਲ ਮੀਡੀਆ ਰਾਹੀਂ ਖੰਡਣ ਸਾਹਮਣੇ ਆਉਂਦਾ ਹੈ, ਪਰ 25 ਜਨਵਰੀ ਨੂੰ ਬਾਬਾ ਬਚਨ ਸਿੰਘ ਮੁਖੀ (ਕਾਰਸੇਵਾ ਸੰਪਰਦਾ ਬਾਬਾ ਹਰਬੰਸ ਸਿੰਘ ਜੀ) ਦੀ ਮਹਿੰਦਰ ਸਿੰਘ ਸ਼ਾਹਦਰਾ ਦੀ ਵੀਡੀਓ ਰਾਹੀਂ ਜ਼ਮੀਨ ਵੇਚਣ ਦੀ ਪੁਸ਼ਟੀ ਸਾਹਮਣੇ ਆ ਜਾਂਦੀ ਹੈ। ਭਰੋਸੇਯੋਗ ਸੰਗਤਾਂ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਗੁਰੂ ਕਾ ਬਾਗ ਦੀ 4 ਕਿਲ੍ਹੇ ਜ਼ਮੀਨ ਨੂੰ ਵੇਚਣ ਵਿਚ ਦਿੱਲੀ ਕਮੇਟੀ ਦੇ ਮੈਂਬਰ ਅਤੇ ਕਾਰਸੇਵਾ ਸੰਪਰਦਾ ਦੇ ਕੁਝ ਲੋਕ ਵੀ ਸ਼ਾਮਲ ਹਨ। ਦਿੱਲੀ ਦੀ ਸੰਗਤ ਵਿਚ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਘਾੜਤ ਕਰਨ ਵਾਲੇ ਸਚਖੰਡਵਾਸੀ ਪੰਥ ਰਤਨ ਬਾਬਾ ਹਰਬੰਸ ਸਿੰਘ ਕਾਰਸੇਵਾ ਵਾਲਿਆਂ ਪ੍ਰਤੀ ਬਹੁਤ ਆਦਰ ਅਤੇ ਸਨੇਹ ਹੈ। ਇਸ ਵੇਲੇ ਦੇ ਮੌਜੂਦਾ ਮੁਖੀ ਬਾਬਾ ਬਚਨ ਸਿੰਘ ਦੀਆਂ ਸੇਵਾਵਾਂ ਵੀ ਬੇਮਿਸਾਲ ਅਤੇ ਸੰਗਤਾਂ ਨੂੰ ਮੰਨ ਭਾਉਂਦੀਆਂ ਹਨ। ਇਸ ਲਈ ਕਾਰਸੇਵਾ ਸੰਪਰਦਾ ਦੇ ਕੁਝ ਲੋਕਾਂ ਦਾ ਇਸ ਮਾਮਲੇ ਵਿਚ ਨਾਮ ਆਉਣਾ ਮੰਦਭਾਗਾ ਹੈ। ਨਾਲ ਹੀ ਪਹਿਲਾਂ ਕਥਿਤ ਤੌਰ ਉਤੇ ਵੇਚੀ ਗਈ 3 ਕਿਲ੍ਹੇ ਜ਼ਮੀਨ ਉਤੇ ਫਲੈਟ ਉਸਰਣ ਦਾ ਦਾਅਵਾ ਵੀ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਹੀ ਹੁਣ ਕਥਿਤ ਤੌਰ ‘ਤੇ ਵੇਚੀ ਗਈ ਕਹੀਂ ਜਾ ਰਹੀ 1 ਕਿਲ੍ਹੇ ਜ਼ਮੀਨ ਨੂੰ ਸਿੱਧਾ ਰੋਡ ਮੁਹਈਆ ਕਰਵਾਉਣ ਲਈ ਕੁਝ ਸਰਕਾਰੀ ਲੋਕਾਂ ਅਤੇ ਡੇਰਾ ਕਾਰਸੇਵਾ ਦੇ ਕੁਝ ਲੋਕਾਂ ਦੇ ਗੁੰਝਲਦਾਰ ਰਿਸ਼ਤੇ ਵੀ ਸ਼ੱਕੀ ਦੱਸੇ ਜਾ ਰਹੇ ਹਨ। ਇਸ ਸੰਬੰਧੀ ਬੀਤੇ ਦਿਨੀਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਦਿੱਲੀ ਸਰਕਾਰ ਦੇ ਮੰਤਰੀ ਅਤੇ ਸਥਾਨਕ ਵਿਧਾਇਕ ਸ੍ਰੀ ਗੋਪਾਲ ਰਾਇ ਦੀ ਫੋਟੋ ਦਾ ਬੋਰਡ ਪਿਛੇ ਲਗਾ ਕੇ ਸਥਾਨਕ ਨਿਗਮ ਪਾਰਸ਼ਦ ਵੱਲੋਂ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੇ ‘ਅਪ੍ਰੋਚ ਰੋਡ’ ਨੂੰ ਅੰਦਰ ਗੁਰਦੁਆਰਾ ਸਾਹਿਬ ਤੱਕ ਪੱਕਾ ਕਰਨ ਦੇ ਕਾਰਜ਼ ਦਾ ਉਦਘਾਟਨ ਕੀਤਾ ਗਿਆ ਹੈ। ਸਥਾਨਕ ਸੰਗਤਾਂ ਨੇ ਸਾਨੂੰ ਦਸਿਆ ਹੈ ਕਿ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਰਾਤ ਨੂੰ ਕਾਰਸੇਵਾ ਵਾਲੇ ਸੇਵਾਦਾਰਾਂ ਵੱਲੋਂ ਕੁੱਤਿਆਂ ਨੂੰ ਖੁੱਲ੍ਹਾ ਛੱਡਿਆ ਜਾਂਦਾ ਸੀ। ਸੰਗਤਾਂ ਹਫਤੇ ਅੰਦਰ ਇੱਕ ਵਾਰ ਆ ਕੇ ਨਾਮ ਸਿਮਰਨ ਕਰਦੀਆਂ ਸਨ। ਪਰ ਹੁਣ ਕੁੱਤਿਆਂ ਨੂੰ ਦਿਨ ਵੇਲੇ ਹੀ ਖੁਲ੍ਹਾ ਛੱਡਿਆ ਜਾ ਰਿਹਾ ਹੈ। ਜਿਸ ਕਰਕੇ ਸੰਗਤਾਂ ਵਿਚ ਇਸ ਵੇਲੇ ਡਰ ਦਾ ਮਾਹੌਲ ਸਿਰਜ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਕੌਮ ਦੀ ਇਸ ਬੇਸ਼ਕੀਮਤੀ ਜ਼ਮੀਨ ਨੂੰ ਹੜੱਪਣ ਲਈ ਭੂਮਾਫਿਆ, ਸਰਕਾਰੀ ਤੰਤਰ ਅਤੇ ਧਾਰਮਿਕ ਆਗੂਆਂ ਦਾ ਗਠਜੋੜ ਸਰਗਰਮ ਹੋ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭੂਮਾਫਿਆ ਦੀ ਅੰਦਰ ਖਾਤੇ ਮਦਦ ਸਿੱਖ ਪੰਥ ਦੇ ਕੁਝ ਜ਼ਿੰਮੇਵਾਰ ਲੋਕ ਕਰ ਰਹੇ ਹਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>