ਨਿਤਿਸ਼ ਕੁਮਾਰ ਹਰਿਆਣਾ ਦੇ ‘ਆਇਆ ਰਾਮ ਗਯਾ ਰਾਮ’ ਦਾ ਵੀ ਗੁਰੂ ਨਿਕਲਿਆ

images(7).resizedਇੱਕ ਕਹਾਵਤ ਹੈ ‘ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ’ ਨਿਤਿਸ਼ ਕੁਮਾਰ ਇਸ ਕਹਾਵਤ ਨੂੰ ਝੁਠਲਾ ਕੇ ਆਪਣੇ ਸਿਆਸੀ ਗੁਰੂ ਜੈ ਪ੍ਰਕਾਸ਼ ਨਰਾਇਣ ਦੀ ਵਿਚਾਰਧਾਰਾ ਨੂੰ ਹੀ ਠਿੱਬੀ ਮਾਰ ਗਿਆ। ਨਿਤਿਸ਼ ਕੁਮਾਰ ਵਿਦਿਆਰਥੀ ਜੀਵਨ ਵਿੱਚ ਜੈ ਪ੍ਰਕਾਸ਼ ਨਰਾਇਣ ਨੂੰ ਆਪਣਾ ਮਾਰਗ ਦਰਸ਼ਕ ਬਣਾਕੇ ਸ਼ੋਸ਼ਲਿਸਟ ਵਿਚਾਰਧਾਰਾ ਨੂੰ ਅਪਣਾ ਕੇ ਸਿਆਸਤ ਵਿੱਚ ਆਇਆ ਸੀ। ਪ੍ਰੰਤੂ ਹੁਣ ਨਿਤਿਸ਼ ਕੁਮਾਰ ਜੈ ਪ੍ਰਕਾਸ਼ ਨਰਾਇਣ ਦੀ ਵਿਚਾਰਧਾਰਾ ਦੇ ਵਿਰੁੱਧ ਸਰਗਰਮੀ ਨਾਲ ਸਿਆਸਤ ਕਰ ਰਿਹਾ ਹੈ। ਖੁਰਮੀ ਸਮੁਦਾਇ ਦਾ ਨੌਜਵਾਨ ਸਿਆਸਤਦਾਨ ਮੰਡਲ ਕਮਿਸ਼ਨ ਦੀ ਸਿਆਸਤ ਦੌਰਾਨ ਉਭਰਿਆ ਪ੍ਰੰਤੂ ਨਿਸ਼ਾਨੇ ਦੀ ਪ੍ਰਾਪਤੀ ਤੋਂ ਪਹਿਲਾਂ ਹੀ ਰਸਤੇ ਤੋਂ ਭੱਟਕ ਗਿਆ ਹੈ।  ਸਿਆਸੀ ਪਾਰਟੀਆਂ ਨਾਲ ਗਠਜੋੜ ਬਦਲਕੇ ਮੁੱਖ ਮੰਤਰੀ ਬਣਨਾ ਨਿਤਿਸ਼ ਕੁਮਾਰ ਲਈ ਕੋਈ ਨਵੀਂ ਗੱਲ ਨਹੀਂ। ਸਿਆਸੀ ਪਲਟੀਆਂ ਮਾਰਨ ਦਾ ਉਸ ਨੂੰ ਮਾਹਿਰ ਗਿਣਿਆਂ ਜਾਂਦਾ ਹੈ। ਉਹ ਸਿਆਸੀ ਮੌਕਾ ਪ੍ਰਸਤੀ ਦਾ ਉਸਤਾਦ ਹੈ, ਜਿਸ ਨੇ ਸਿਆਸਤ ਨੂੰ ਦਾਗ਼ੀ ਕਰ ਦਿੱਤਾ ਹੈ। ਉਸ ਨੇ ਪਲਟੀਆਂ ਮਾਰ ਕੇ ਸਿਆਸੀ ਸਦਾਚਾਰ ਨੂੰ ਗਹਿਰੀ ਢਾਹ ਲਾਈ ਹੈ।

1966 ਤੋਂ ਬਾਅਦ ਨਵੇਂ ਬਣੇ ਹਰਿਆਣਾ ਸੂਬੇ ਵਿੱਚ 1967 ਵਿੱਚ ਬਣੀ ਪਹਿਲੀ ਵਿਧਾਨ ਸਭਾ ਦੇ ਵਿਧਾਨਕਾਰ ਗਯਾ ਰਾਮ ਨੇ 9 ਘੰਟਿਆਂ ਵਿੱਚ ਤਿੰਨ ਵਾਰ ਪਾਰਟੀਆਂ ਬਦਲਕੇ ‘ਆਇਆ ਰਾਮ ਗਯਾ ਰਾਮ’ ਦਾ ਇਤਿਹਾਸ ਸਿਰਜਿਆ ਸੀ। ਪ੍ਰੰਤੂ ਨਿਤਿਸ਼ ਕੁਮਾਰ ਤਾਂ ਆਇਆ ਰਾਮ ਗਇਆ ਰਾਮ ਦਾ ਵੀ ਗੁਰੂ ਨਿਕਲਿਆ। ਬਿਹਾਰ ਦੇ ਦਿਗਜ਼ ਸਿਆਸਤਦਾਨ ਨਿਤਿਸ਼ ਕੁਮਾਰ ਨੇ ਆਪਣੇ ਸਿਆਸੀ ਜੀਵਨ ਵਿੱਚ 1994 ਤੋਂ ਹੁਣ ਤੱਕ 8 ਵਾਰ ਵੱਖ-ਵੱਖ ਪਾਰਟੀਆਂ ਲੋਕ ਦਲ, ਜਨਤਾ ਦਲ, ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਮੁੱਖ ਮੰਤਰੀ ਬਣਿਆਂ ਰਹਿਣ ਲਈ ਗੱਠਜੋੜ ਬਣਾਇਆ ਅਤੇ ਤੋੜਿਆ। ਨਿਤਿਸ਼ ਕੁਮਾਰ ਦੇ ਜਨਤਾ (ਯੂ) ਜਾਂ ਕਿਸੇ ਹੋਰ ਪਾਰਟੀ ਨੂੰ ਕਦੀ ਵੀ ਸਰਕਾਰ ਬਣਾਉਣ ਲਈ ਬਹੁਮਤ ਨਹੀਂ ਮਿਲਿਆ, ਹਰ ਵਾਰ ਗਠਜੋੜ ਦੀ ਸਰਕਾਰ ਬਣਦੀ ਹੈ ਪ੍ਰੰਤੂ ਨਿਤਿਸ਼ ਕੁਮਾਰ ਹਰ ਵਾਰ ਗਠਜੋੜ ਬਣਨ ਸਮੇਂ ਮੁੱਖ ਮੰਤਰੀ ਬਣਦਾ ਹੈ। ਗਠਜੋੜ ਵਾਲੀਆਂ ਪਾਰਟੀਆਂ ਸਰਕਾਰ ਦੀ ਮਿਆਦ ਨੂੰ ਦੋ ਹਿਸਿੱਆਂ ਵਿੱਚ ਵੰਡ ਕੇ ਅੱਧਾ-ਅੱਧਾ ਸਮਾਂ ਮੁੱਖ ਮੰਤਰੀ ਬਣਨ ਦਾ ਸਮਝੌਤਾ ਕਰਦੇ ਸਨ ਪ੍ਰੰਤੂ ਨਿਤਿਸ਼ ਕੁਮਾਰ ਪਹਿਲੇ ਢਾਈ ਸਾਲ ਲਈ ਮੁੱਖ ਮੰਤਰੀ ਬਣਨ ਨੂੰ ਤਰਜੀਹ ਦਿੰਦਾ ਹੈ। ਆਪਣੇ ਢਾਈ ਸਾਲ ਪੂਰੇ ਹੋਣ ‘ਤੇ ਬਾਅਦ ਜਦੋਂ ਦੂਜੀ ਪਾਰਟੀ ਦਾ ਮੁੱਖ ਮੰਤਰੀ ਬਣਨਾ ਹੁੰਦਾ ਹੈ ਤਾਂ ਉਹ ਗਠਜੋੜ ਤੋੜ ਕੇ ਕਿਸੇ ਹੋਰ ਪਾਰਟੀ ਨਾਲ ਗਠਜੋੜ ਬਣਾ ਕੇ ਫਿਰ ਮੁੱਖ ਮੰਤਰੀ ਬਣ ਜਾਂਦਾ ਹੈ।  ਇਸ ਕਰਕੇ ਬਿਹਾਰ ਵਿੱਚ ਉਸ ਨੂੰ ਸਿਆਸੀ ਪਲਟੀਮਾਰ ਸਿਆਸਤਦਾਨ ਕਹਿੰਦੇ ਹਨ। ਉਹ ਅਜਿਹੇ ਗਠਜੋੜਾਂ ਨਾਲ 8 ਵਾਰ ਪਲਟੀ ਮਾਰ ਕੇ 9 ਵਾਰ ਮੁੱਖ ਮੰਤਰੀ ਬਣਿਆਂ ਪ੍ਰੰਤੂ 9 ਵਿੱਚੋਂ ਸਿਰਫ ਇੱਕ ਵਾਰ ਪੰਜ ਸਾਲ ਦੀ ਪੂਰੀ ਮਿਆਦ ਕਰ ਸਕਿਆ ਹੈ। 2000 ਵਿੱਚ ਤਾਂ ਸਿਰਫ 7 ਦਿਨ ਮੁੱਖ ਮੰਤਰੀ ਰਿਹਾ। ਬਿਹਾਰ ਵਿੱਚ ਉਹ ਹੋਰ ਕਿਸੇ ਨੂੰ ਮੁੱਖ ਮੰਤਰੀ ਦੇ ਅਹੁਦੇ ‘ਤੇ ਬੈਠਣ ਨਹੀਂ ਦੇਣਾ ਚਾਹੁੰਦਾ। ਉਹ ਸਮਝਦਾ ਹੈ ਕਿ ਉਹ ਹੀ ਬਿਹਾਰ ਦਾ ਮੁੱਖ ਮੰਤਰੀ ਬਣਨ ਦੇ ਕਾਬਲ ਹੈ ਪ੍ਰੰਤੂ ਹੁਣ ਬਿਹਾਰ ਦੇ ਲੋਕ ਸੋਚਣ ਲਈ ਮਜ਼ਬੂਰ ਹੋਣਗੇ। ਜਦੋਂ ਉਹ ਕਿਸੇ ਪਾਰਟੀ ਨਾਲ ਤੋੜ ਵਿਛੋੜਾ ਕਰਦਾ ਹੈ ਤਾਂ ਉਸ ਪਾਰਟੀ ਬਾਰੇ ਅਜਿਹੀ ਬਿਆਨਬਾਜ਼ੀ ਕਰਦਾ ਹੈ ਕਿ ਇਉਂ ਲੱਗਦਾ ਹੁੰਦੈ ਕਿ ਮੁੜ ਕੇ ਉਸ ਪਾਰਟੀ ਨਾਲ ਗਠਜੋੜ ਕਰੇਗਾ ਹੀ ਨਹੀਂ ਪ੍ਰੰਤੂ ਫਿਰ ਉਸ ਪਾਰਟੀ ਨਾਲ ਜੱਫੀ ਪਾ ਲੈਂਦਾ ਹੈ। ਕਈ ਵਾਰ ਤਾਂ ਇਥੋਂ ਤੱਕ ਕਹਿ ਦਿੰਦਾ ਹੈ ਕਿ ਉਸ ਪਾਰਟੀ ਨਾਲ ਗਠਜੋੜ ਕਰਨ ਦੀ ਥਾਂ ਤਾਂ ਆਤਮ ਹੱਤਿਆ ਕਰ ਲੈਣੀ ਚਾਹੀਦੀ ਹੈ। ਗਿਰਗਟ ਦੇ ਰੰਗ ਬਦਲਣ ਦੀਆਂ ਤਾਂ ਕਹਾਵਤਾਂ ਬਣੀਆਂ ਹੋਈਆਂ ਹਨ ਪ੍ਰੰਤੂ ਨਿਤਿਸ਼ ਕੁਮਾਰ ਨੇ ਤਾਂ ਰੰਗ ਬਦਲਣ ਵਿੱਚ ਗਿਰਗਟ ਨੂੰ ਵੀ ਮਾਤ ਦੇ ਦਿੱਤੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪਾਰਟੀਆਂ ਨਾਲੋਂ ਤੋੜ ਵਿਛੋੜਾ ਅਤੇ ਗਠਜੋੜ ਕਰਨ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਪੈਣ ਦਿੰਦਾ। ਨਿਤਿਸ਼ ਕੁਮਾਰ ਦੀਆਂ ਪਲਟੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਹੁਣ ਸਿਆਸਤ ਅਸੂਲਾਂ ਦੀ ਨਹੀਂ ਸਗੋਂ ਮੌਕਾ ਪ੍ਰਸਤੀ ਦੀ ਰਹਿ ਗਈ ਹੈ।

ਪਹਿਲੀ ਵਾਰ 1994 ਵਿੱਚ ਆਪਣੇ ਪੁਰਾਣੇ ਸਾਥੀ ਲਾਲੂ ਪ੍ਰਸਾਦ ਯਾਦਵ ਨਾਲੋਂ ਤੋੜ ਵਿਛੋੜਾ ਕਰ ਲਿਆ ਅਤੇ ਜਾਰਜ ਫਰਨਾਂਡੇਜ ਨਾਲ ਰਲਕੇ ਆਪਣੀ ਨਵੀਂ ਸਮਤਾ ਪਾਰਟੀ ਬਣਾ ਲਈ। ਜਦੋਂ 1995 ਵਿੱਚ ਬਿਹਾਰ ਵਿਧਾਨ ਸਭਾ ਦੀ ਚੋਣ ਹੋਈ ਤਾਂ ਲਾਲੂ ਪ੍ਰਸਾਦਿ ਦੀ ਪਾਰਟੀ ਤੋਂ ਨਿਤਿਸ਼ ਕੁਮਾਰ ਤੇ ਜਾਰਜ ਫਰਨਾਂਡੇਜ਼ ਦੀ ਸਮਤਾ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਫਿਰ 1996 ਵਿੱਚ ਨਿਤਿਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਲਿਆ। ਇਸ ਵਾਰ ਵੀ ਨਿਤਿਸ਼ ਕੁਮਾਰ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਬੁਰੀ ਤਰ੍ਹਾਂ ਹਾਰ ਗਿਆ।  2003 ਵਿੱਚ ਸਮਤਾ ਪਾਰਟੀ ਨੂੰ ਜਨਤਾ ਦਲ ਯੂਨਾਈਟਡ( ਯੂ) ਵਿੱਚ ਬਦਲ ਲਿਆ ਪ੍ਰੰਤੂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਬਰਕਰਾਰ ਰੱਖਿਆ।  2005 ਵਿੱਚ ਨਿਤਿਸ਼ ਕੁਮਾਰ ਦੇ ਜਨਤਾ ਦਲ (ਯੂ) ਨੇ ਭਾਰਤੀ ਜਨਤਾ ਪਾਰਟੀ ਨਾਲ ਰਲਕੇ ਚੋਣ ਲੜੀ ਅਤੇ ਲਾਲੂ ਪ੍ਰਸਾਦ ਦੇ 15 ਸਾਲਾਂ ਦੇ ਰਾਜ ਦਾ ਅੰਤ ਕਰਕੇ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣ ਗਿਆ। ਇਹ ਦੋਵੇਂ ਪਾਰਟੀਆਂ ਦਾ ਗਠਜੋੜ 2014 ਤੱਕ ਬਰਕਰਾਰ ਰਿਹਾ। 2014 ਵਿੱਚ ਬਿਹਾਰ ਦੀਆਂ 40 ਲੋਕ ਸਭਾ ਸੀਟਾਂ ਵਿੱਚੋਂ ਸਿਰਫ ਦੋ ਸੀਟਾਂ ਜਿੱਤ ਸਕਿਆ ਤਾਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣਾ ਵਿਸ਼ਵਾਸ਼ਪਾਤਰ ਜਿਤਿਨ ਰਾਮ ਮਾਂਝੀ ਮੁੱਖ ਮੰਤਰੀ ਬਣਵਾ ਲਿਆ। 2015 ਵਿੱਚ ਫਿਰ ਨਿਤਿਸ਼ ਕੁਮਾਰ ਨੇ ਲਾਲੂ ਪ੍ਰਸਾਦਿ ਯਾਦਵ ਦੇ ਰਾਸ਼ਟਰੀ ਜਨਤਾ ਦਲ ਅਤੇ ਕਾਂਗਰਸ ਨਾਲ ਗਠਜੋੜ ਬਣਾ ਲਿਆ। ਇਹ ਤਿੰਨਾ ਪਾਰਟੀਆਂ ਦਾ ਗਠਜੋੜ ਚੋਣਾਂ ਜਿੱਤ ਗਿਆ ਤੇ ਫਿਰ ਜਿਤਿਨ ਰਾਮ ਮਾਂਝੀ ਨੂੰ ਹਟਾ ਕੇ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣ ਗਿਆ। 2015 ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਨੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾ ਦਿੱਤਾ ਤਾਂ ਇਸ ਦੇ ਵਿਰੋਧ ਵਿੱਚ ਨਿਤਿਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜ ਲਿਆ। ਕਿਉਂਕਿ ਨਿਤਿਸ਼ ਕੁਮਾਰ ਐਨ.ਡੀ.ਏ. ਦਾ ਪ੍ਰਧਾਨ ਮੰਤਰੀ ਦਾ ਸਾਂਝਾ ਉਮੀਦਵਾਰ ਬਣਨਾ ਚਾਹੁੰਦਾ ਸੀ। ਅਸਲ ਵਿੱਚ ਨਿਤਿਸ਼ ਕੁਮਾਰ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਇਸ ਇਰਾਦੇ ਨਾਲ ਕੀਤਾ ਸੀ ਕਿ ਭਾਰਤੀ ਜਨਤਾ ਪਾਰਟੀ ਉਸ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨ ਕਰੇਗੀ ਪ੍ਰੰਤੂ ਹੋਇਆ ਉਸ ਦੇ ਇਰਾਦੇ ਦੇ ਉਲਟ ਦੋ ਸਾਲ ਰਾਜ ਕਰਨ ਤੋਂ ਬਾਅਦ ਜਦੋਂ 2017 ਵਿੱਚ ਰਾਸ਼ਟਰੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣਨ ਦੀ ਵਾਰੀ ਆਈ ਤਾਂ ਨਿਤਿਸ਼ ਕੁਮਾਰ ਨੇ ਪਾਲਾ ਬਦਲ ਕੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰ ਲਿਆ। ਫਿਰ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣ ਗਿਆ। ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਨਿਤਿਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਤੋਂ ਵਿਧਾਨ ਸਭਾ ਦੀਆਂ ਵਧੇਰੇ ਸੀਟਾਂ ਜਿੱਤੀਆਂ ਸਨ। 2019 ਦੀਆਂ ਲੋਕ ਸਭਾ ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨਾਲ ਲੜੀਆਂ ਅਤੇ ਦੋਵਾਂ ਚੋਣਾਂ ਵਿੱਚ ਐਨ.ਡੀ.ਏ. ਨੇ ਜਿੱਤ ਪ੍ਰਾਪਤ ਕੀਤੀ। 2020 ਵਿੱਚ ਨਿਤਿਸ਼ ਕੁਮਾਰ ਫਿਰ ਮੁੱਖ ਮੰਤਰੀ ਬਣ ਗਿਆ। ਪ੍ਰੰਤੂ ਇਹ ਗਠਜੋੜ ਵੀ ਬਹੁਤਾ ਸਮਾਂ ਚਲ ਨਾ ਸਕਿਆ। ਅਗਸਤ 2022 ਵਿੱਚ ਨਿਤਿਸ਼ ਕੁਮਾਰ ਫਿਰ ਪਲਟੀ ਮਾਰ ਗਿਆ ਅਤੇ  ਮਹਾਂਗਠਬੰਧਨ ਵਿੱਚ ਸ਼ਾਮਲ ਹੋ ਗਿਆ ਅਤੇ ਨਿਤਿਸ਼ ਕੁਮਾਰ ਮੁੱਖ ਮੰਤਰੀ ਬਣ ਗਏ, ਹਾਲਾਂ ਕਿ ਰਾਸ਼ਟਰੀ ਜਨਤਾ ਦਲ 79 ਵਿਧਾਨਕਾਰ ਅਤੇ ਜਨਤਾ ਦਲ (ਯੂ) ਦੇ ਸਿਰਫ 45 ਵਿਧਾਨਕਾਰ ਸਨ।

28 ਜਨਵਰੀ 2024 ਨੂੰ ਫਿਰ ਤਿੰਨਾ ਪਾਰਟੀਆਂ ਨਾਲੋਂ ਵੱਖ ਹੋ ਕੇ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਕੇ ਦੁਬਾਰਾ ਮੁੱਖ ਮੰਤਰੀ ਬਣ ਗਏ ਹਾਲਾਂ ਕਿ ਭਾਰਤੀ ਜਨਤਾ ਪਾਰਟੀ ਦੇ 78 ਵਿਧਾਨਕਾਰ ਅਤੇ ਜਨਤਾ ਦਲ (ਯੂ) ਦੇ ਸਿਰਫ 45 ਹੀ ਹਨ। ਚਾਰ ਸਾਲਾਂ ਵਿੱਚ ਨਿਤਿਸ਼ ਕੁਮਾਰ ਨੇ ਤਿੰਨ ਵਾਰੀ ਪਲਟੀ ਮਾਰਨ ਕਰਕੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਹੈ। 2025 ਵਿੱਚ ਬਿਹਾਰ ਵਿਧਾਨ ਸਭਾ ਦੀਆਂ ਚੋਣਾ ਹੋਣੀਆਂ ਹਨ ਫਿਰ ਪਤਾ ਨਹੀਂ ਨਿਤਿਸ਼ ਕੁਮਾਰ ਕਿਹੜੀ ਪਾਰਟੀ ਨਾਲ ਗਠਜੋੜ ਕਰੇਗਾ। ਪਾਰਟੀ ਭਾਵੇਂ ਕੋਈ ਹੋਵੇ ਸਿਧਾਂਤਾਂ ਦੀ ਗੱਲ ਨਹੀਂ ਗੱਲ ਤਾਂ ਮੁੱਖ ਮੰਤਰੀ ਦੀ ਕੁਰਸੀ ਹੈ। ਇੰਡੀਆ ਗੱਠਜੋੜ ਦੀ ਮੀਟਿੰਗ ਵਿੱਚ ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਕ ਅਰਜਨ ਖੜਗੇ ਨੂੰ ਇੰਡੀਆ ਗਠਜੋੜ ਦਾ ਕਨਵੀਨਰ ਬਣਾਉਣ ਦੀ ਤਜਵੀਜ਼ ਪੇਸ਼ ਕਰ ਦਿੱਤੀ, ਜਿਸ ਗੱਲ ਤੋਂ ਨਿਤਿਸ਼  ਕੁਮਾਰ ਨਰਾਜ਼ ਹੋ ਗਿਆ ਕਿਉਂਕਿ ਉਸ ਦੀ ਇੱਛਾ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਸੀ। ਹਾਲਾਂ ਕਿ ਸਭ ਤੋਂ ਪਹਿਲਾਂ ਨਿਤਿਸ਼ ਕੁਮਾਰ ਨੇ 23 ਜੂਨ 2023 ਨੂੰ ਆਪਣੇ ਘਰ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਲੋਕ ਸਭਾ ਦੀਆਂ ਚੋਣਾਂ ਲੜਨ ਲਈ ਗਠਜੋੜ ਬਣਾਉਣ ਲਈ ਮੀਟਿੰਗ ਕੀਤੀ ਸੀ। ਨਿਤਿਸ਼ ਕੁਮਾਰ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਹੀਂ ਬਣਾਇਆ, ਇਸ ਕਰਕੇ ਉਸ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਬਣਾ ਲਿਆ ਹੈ, ਉਸ ਨੂੰ ਡਰ ਹੋ ਗਿਆ ਲੱਗਦਾ ਹੈ ਕਿ 2024 ਵਿੱਚ ਜੇਕਰ ਐਨ.ਡੀ.ਏ.ਜਿੱਤ ਗਈ ਤਾਂ ਕਿਤੇ ਉਸ ਦੀ ਮੁੱਖ ਮੰਤਰੀ ਦੀ ਕੁਰਸੀ ਹੀ ਨਾ ਖੁਸ ਜਾਵੇ। ਸਿਆਸੀ ਤਾਕਤ ਵਿੱਚ ਰਹਿਣਾ ਨਿਤਿਸ਼ ਕੁਮਾਰ ਦੀ ਕਮਜ਼ੋਰੀ ਹੈ। ਬਿਹਾਰ ਦੇ ਲੋਕਾਂ ਨੂੰ ਨਿਤਿਸ਼ ਕੁਮਾਰ ‘ਤੇ ਬਹੁਤ ਸਾਰੀਆਂ ਆਸਾਂ ਸਨ ਪ੍ਰੰਤੂ ਉਸ ਨੇ ਬਿਹਾਰ ਦੇ ਲੋਕਾਂ ਨਾਂਲ ਧ੍ਰੋਹ ਕਰਕੇ ਆਪਣੀ ਸ਼ਾਖ਼ ਖੁਦ ਗੁਆ ਲਈ ਹੈ। ਵੇਖਦੇ ਹਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਿਤਨੀ ਦੇਰ ਚਲਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>