ਪੰਜਾਬੀ ਸਹਿਤ ਅਕਾਡਮੀ ਲੁਧਿਆਣਾ ਵਲੋੰ ਉੱਘੇ ਵਿਦਵਾਨ ਡਾ.ਕਰਨਜੀਤ ਸਿੰਘ ਦੇ ਦੇਹਾਂਤ ਤੇ ਗਹਿਰਾ ਅਫਸੋਸ ਜਤਾਇਆ

Photo - Dr. Karanjit Singh.resizedਲੁਧਿਆਣਾ – ਪੰਜਾਬੀ ਦੇ ਸਾਹਿਤਕ ਹਲਕਿਆਂ ਵਿੱਚ ਇਹ ਖਬਰ ਬੜੇ ਦੁਖ ਨਾਲ ਸੁਣੀ ਜਾਵੇਗੀ ਕਿ ਪੰਜਾਬੀ ਦੇ ਉੱਘੇ ਸਾਹਿਤਕਾਰ, ਕਵੀ, ਅਨੁਵਾਦਕ ਅਤੇ ਵਾਰਤਕਕਾਰ ਡਾਕਟਰ ਕਰਨਜੀਤ ਸਿੰਘ ਦਾ ਅੱਜ ਸਵੇਰੇ ਦਿੱਲੀ ਵਿੱਚ ਦੇਹਾਂਤ ਹੋ ਗਿਆ।  ਡਾਕਟਰ ਕਰਨਜੀਤ ਸਿੰਘ ਦਾ ਜਨਮ 12 ਅਪ੍ਰੈਲ 1930 ਨੂੰ ਪੱਟੀ,  ਜ਼ਿਲਾ ਤਰਨ ਤਾਰਨ ਵਿੱਚ ਹੋਇਆ ਸੀ।

ਡਾਕਟਰ ਕਰਨਜੀਤ ਸਿੰਘ ਦਾ ਸਾਰਾ ਜੀਵਨ ਪੰਜਾਬੀ ਸਾਹਿਤ ਦੀ ਸੇਵਾ ਨੂੰ ਪਰਨਾਇਆ ਰਿਹਾ। ਉਹ 1957 ਤੋਂ ਲੈ ਕੇ 1961 ਤੱਕ ਲੋਕ ਲਿਖਾਰੀ ਸਭਾ, ਅੰਮ੍ਰਿਤਸਰ ਦੇ ਜਨਰਲ ਸਕੱਤਰ ਰਹੇ ਅਤੇ ਮਗਰੋਂ ਜਾ ਕੇ ਪੰਜਾਬੀ ਲੇਖਕ ਸਭਾ ਦਿੱਲੀ ਦੇ ਸੰਸਥਾਪਕਾਂ ਵਿੱਚੋਂ ਸਨ। ਉਹ ਲੰਮਾ ਸਮਾਂ ਪੰਜਾਬੀ ਭਵਨ ਦਿੱਲੀ ਦੇ ਡਾਇਰੈਕਟਰ ਰਹੇ ਅਤੇ ਕਈ ਸਾਲ ‘ਸਮਕਾਲੀ ਸਾਹਿਤ’ ਤੇ ਸੰਪਾਦਕ ਵੀ। ਆਪਣੇ ਆਖਰੀ ਵੇਲੇ ਤੱਕ ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦੇ ਮੈਂਬਰ ਵੀ ਰਹੇ ਅਤੇ ਸਭਾ ਦੀਆਂ ਸਰਗਰਮੀਆਂ ਵਿਚ ਲਗਾਤਾਰ ਹਿੱਸਾ ਪਾਂਦੇ ਰਹੇ।

ਪੰਜਾਬੀ ਅਦਬ ਦੀ ਝੋਲੀ ਵਿੱਚ ਉਹਨਾਂ ਨੇ ਪਹਿਲਾਂ ਦੋ ਕਾਵਿ ਸੰਗ੍ਰਹਿ ‘ਰਿਸ਼ਤੇ’ ਅਤੇ ‘ਫੁੱਲ ਵੀ ਅੰਗਿਆਰ ਵੀ’ ਪਾਏ। ਇਸ ਤੋਂ ਇਲਾਵਾ ਉਹਨਾਂ ਦੀਆਂ ਸਾਹਿਤਕ ਹਸਤੀਆਂ ਨਾਲ ਮੁਲਾਕਾਤਾਂ ਦੀਆਂ ਦੋ ਕਿਤਾਬਾਂ ‘ਕਲਮ ਦੀ ਅੱਖ’ ਅਤੇ ‘ਜਿਨ੍ਹਾ ਪਛਾਤਾ ਸੱਚ’ ਬਹੁਤ ਮਕਬੂਲ ਹੋਈਆਂ। ਆਖਰੀ ਸਾਲਾਂ ਵਿੱਚ ਉਹਨਾਂ ਨੇ ਆਪਣੀ ਜੀਵਨ ਕਹਾਣੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ  ਲਿਖਿਆ ਜਿਨ੍ਹਾਂ ਦੇ ਨਾਂਅ  ‘ਮੈਂ ਭੋਲਾਵਾ ਪਗ ਦਾ’, ‘ਹਾਸ਼ੀਏ ਦੀ ਇਬਾਰਤ’ ਅਤੇ ‘ਏਨੀ ਮੇਰੀ’ ਬਾਤ ਹਨ।  ਇਸ ਸਮੇਂ ਉਹਨਾਂ ਦੀ ਸਾਹਿਤਕ ਸਵੈਜੀਵਨੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪ੍ਰਕਾਸ਼ਨ ਅਧੀਨ ਹੈ।

ਲੰਘੀ ਸਦੀ ਦੇ 70ਵਿਆਂ ਅਤੇ 80ਵਿਆਂ ਦੇ ਦਹਾਕਿਆਂ ਵਿੱਚ ਉਹ ਪ੍ਰਗਤਿਸ਼ੀਲ ਪ੍ਰਕਾਸ਼ਨ, ਮਾਸਕੋ ਵਿੱਚ ਬਤੌਰ ਅਨੁਵਾਦਕ ਸਰਗਰਮ ਰਹੇ ਤੇ ਉਹਨਾਂ ਨੇ ਰੂਸੀ ਦੀਆਂ ਬਹੁਤ ਸਾਰੀਆਂ ਸਾਹਿਤਕ ਅਤੇ ਸਿਆਸੀ ਰਚਨਾਵਾਂ ਨੂੰ  ਪੰਜਾਬੀ ਵਿੱਚ ਉਲਥਾਇਆ। ਗਹਿਰਾ ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਹੋਰਨਾ ਤੋਂ ਇਲਾਵਾ ਡਾ. ਸਰਬਜੀਤ ਸਿੰਘ ਪ੍ਰਧਾਨ, ਜਨਰਲ ਸਕੱਤਰ ਡਾ ਗੁਲਜ਼ਾਰ ਸਿੰਘ ਪੰਧੇਰ, ਸੀਨੀ.ਮੀਤ ਪ੍ਰਧਾਨ ਡਾ ਪਾਲ ਕੌਰ ਜੀ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ  ਡਾ. ਸਰਦਾਰਾ ਸਿੰਘ ਜੌਹਲ ਜੀ, ਡਾ. ਸੁਖਦੇਵ ਸਿੰਘ ਸਿਰਸਾ ਜੀ, ਪ੍ਰੋ. ਗੁਰਭਜਨ ਸਿੰਘ ਗਿੱਲ ਜੀ, ਪ੍ਰੋ. ਰਵਿੰਦਰ ਭੱਠਲ ਜੀ, ਡਾ. ਲਖਵਿੰਦਰ ਜੌਹਲ ਜੀ, ਡਾ. ਗੁਰਇਕਬਾਲ ਜੀ, ਸੁਰਿੰਦਰ ਕੈਲੇ ਜੀ, ਡਾ. ਅਰਵਿੰਦਰ ਕੌਰ ਕਾਕੜਾ ਜੀ, ਜਸਪਾਲ ਮਾਨਖੇੜਾ ਜੀ, ਡਾ ਗੁਰਚਰਨ ਕੌਰ ਕੋਚਰ ਜੀ, ਡਾ ਹਰਵਿੰਦਰ ਸਿਰਸਾ ਜੀ, ਤਰਲੋਚਨ ਲੋਚੀ ਜੀ ਅਤੇ ਸਮੂਹ ਮੈਂਬਰ ਪ੍ਰਬੰਧਕੀ ਬੋਰਡ ਸ਼ਾਮਿਲ ਹਨ। ਉਹ ਆਪਣੇ ਪਿੱਛੇ ਚਾਰ ਬੇਟੀਆਂ ਤੇ ਦੋ ਬੇਟੇ ਛੱਡ ਗਏ ਹਨ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>