ਕਿਸਾਨਾਂ ਉੱਤੇ ਕੀਤੇ ਜਾ ਰਹੇ ਜੋਰ-ਜ਼ੁਲਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਅਤੇ ਉਨ੍ਹਾਂ ਦੇ ਸੰਘਰਸ਼ ਨੂੰ ਪੂਰਨ ਹਿਮਾਇਤ: ਅਖੰਡ ਕੀਰਤਨੀ ਜਥਾ

Screenshot_2024-03-13_14-32-20.resizedਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਜੀਵਨ ਜਾਚ ”ਘਾਲਿ ਖਾਇ ਕਿਛੁ ਹਥਹੁ ਦੇਇ॥” ਉੱਤੇ ਅਮਲ ਕਰਦਿਆਂ ਆਪਣੇ ਹੱਥੀਂ ਆਪਣੀਆਂ ਜ਼ਮੀਨਾਂ ਉੱਤੇ ਕਿਰਤ ਕਰਦੇ ਪੰਜਾਬ ਦੇ ਕਿਸਾਨਾਂ ਵੱਲੋਂ ਆਪਣੇ ਹੱਕਾਂ ਉੱਤੇ ਪੈ ਰਹੇ ਡਾਕੇ ਨੂੰ ਰੋਕਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਅਖੰਡ ਕੀਰਤਨੀ ਜਥਾ ਪੂਰਨ ਹਿਮਾਇਤ ਕਰਦਾ ਹੈ ਅਤੇ ਨਿਜ-ਸਵਾਰਥੀ ਅਤੇ ਰਾਜ-ਹਠ ਵਿੱਚ ਅੰਨ੍ਹੀ ਹੋਈ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤੇ ਜਾ ਰਹੇ ਜੋਰ-ਜ਼ੁਲਮ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ ।

ਅਖੰਡ ਕੀਰਤਨੀ ਜਥਾ 31 ਮੈਂਬਰੀ ਕਮੇਟੀ ਵਲੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ 2021 ਵਿੱਚ ਕਿਸਾਨ-ਮਾਰੂ ਕਾਲੇ ਕਾਨੂੰਨ ਲਾਗੂ ਕੀਤੇ ਸਨ ਜਿਸਨੂੰ ਕਿਸਾਨਾਂ ਨੇ ਇੱਕ ਸਾਲ ਦੀ ਜਦੋਜਹਿਦ ਤੋਂ ਬਾਅਦ ਵਾਪਸ ਕਰਵਾਇਆ ਸੀ । ਉਸ ਸਮੇਂ ਕਾਨੂੰਨ ਵਾਪਸ ਲੈਂਦਿਆਂ ਸਰਕਾਰ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਹਨਾਂ ਵਿੱਚ ਕਿਸਾਨਾਂ ਦੀ ਜਿਣਸ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣਾ, ਕਿਸਾਨਾਂ ਦੇ ਕਰਜ਼ਿਆਂ ਦੀ ਮਾਫੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੈਨਸ਼ਨ ਦੇਣਾ ਆਦਿ ਸ਼ਾਮਲ ਸਨ, ਉਹ ਪੂਰੇ ਨਹੀਂ ਕੀਤੇ ਗਏ । ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ  ਮੰਨਵਾਉਣ ਲਈ ਮੁੜ ਪੰਜਾਬ ਦੇ ਕਿਸਾਨਾਂ ਵੱਲੋਂ ਜੋ ਅੰਦੋਲਨ ਵਿੱਢਿਆ ਗਿਆ ਹੈ ਨਾ ਸਿਰਫ ਅਜਿਹਾ ਕਰਨਾ ਉਹਨਾਂ ਦਾ ਮਨੁੱਖੀ ਹੱਕ ਹੈ ਬਲਕਿ ਇਹ ਅੰਦੋਲਨ ਨਿੱਜੀ ਸਵਾਰਥਾਂ ਲਈ ਨਹੀਂ ਹੈ ਬਲਕਿ ਅਨਿਆਂ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਹੈ ਅਤੇ ਪਰਉਪਕਾਰੀ ਵੀ ਹੈ ।

ਕਿਸੇ ਵੀ ਨਿਆਂਕਾਰੀ ਸਮਾਜ ਵਿੱਚ ਰਾਜ ਕਰ ਰਹੀ ਧਿਰ ਦਾ ਇਹ ਫਰਜ਼ ਹੈ ਕਿ ਉਹ ਜਨਤਾ ਦੀ ਖੁਸ਼ਹਾਲੀ ਲਈ ਹਰ ਕਦਮ ਚੁੱਕੇ, ਜਨਤਾ ਨੂੰ ਸੁਰੱਖਿਆ ਪ੍ਰਦਾਨ ਕਰੇ ਅਤੇ ਸਾਰੀ ਲੋਕਾਈ ਦੇ ਸਮਾਨ ਅਧਿਕਾਰਾਂ ਨੂੰ ਯਕੀਨੀ ਬਣਾਵੇ । ਆਪਣੀ ਹੱਥੀਂ ਕਿਰਤ ਕਰ ਰਹੇ ਲੋਕਾਂ ਦਾ ਸ਼ੋਸ਼ਣ ਨਾ ਕਰੇ ਤੇ ਨਾ ਹੋਣ ਦੇਵੇ ਅਤੇ ਗਰੀਬ ਗੁਰਬੇ ਦੇ ਹਿਤਾਂ ਦੀ ਰੱਖਿਆ ਕਰੇ ਅਤੇ ਹਰ ਇੱਕ ਲਈ ਨਿਆਂ ਪ੍ਰਾਪਤੀ ਦੇ ਬਰਾਬਰ ਅਧਿਕਾਰ ਹੋਣ । ਪਰ ਅੱਜ ਭਾਰਤ ਉੱਤੇ ਰਾਜ ਕਰ ਰਹੀ ਧਿਰ ਨਾਂ ਸਿਰਫ ਅਨਿਆਂਕਾਰੀ ਹੈ ਬਲਕਿ ਭ੍ਰਿਸ਼ਟਾਚਾਰ ਵਿੱਚ ਫਸੀ ਹੋਈ ਅਤੇ ਅੱਤਿਆਚਾਰੀ ਵੀ ਹੈ ਜਿਸ ਦੀ ਮਿਸਾਲ ਪਿਛਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨਾਂ ਉੱਤੇ ਅਤਿਆਚਾਰ ਕਰਕੇ ਹਰਿਆਣਾ ਦੀ ਸਰਕਾਰ ਨੇ ਦਿੱਤੀ ਹੈ ਜਿਸ ਵਿੱਚ ਆਪਣੀਆਂ ਹੱਕੀ ਮੰਗਾਂ ਮੰਨ ਰਹੇ ਪੰਜਾਬ ਦੇ ਨੌਜਵਾਨ ਕਿਸਾਨ ਉੱਤੇ ਗੋਲੀ ਚਲਾ ਕੇ ਕਤਲ ਕਰਨਾ ਸ਼ਾਮਲ ਹੈ । ਅਜੇ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਜਾਇਜ਼ ਹੱਕ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ।

ਅੱਜ ਭਾਰਤ ਅੰਦਰ ਵਾਪਰ ਰਿਹਾ ਵਰਤਾਰਾ ਭਾਈ ਗੁਰਦਾਸ ਜੀ ਦੇ ਕਥਨਾਂ ‘ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ’ ਨੂੰ ਸੱਚ ਕਰ ਰਿਹਾ ਹੈ । ਰਾਜ-ਹਠ ਵਿੱਚ ਆਈਆਂ ਅਣਮਨੁੱਖੀ ਵਰਤਾਰੇ ਕਰ ਰਹੀਆਂ ਖੂਨ ਪੀਣੀਆਂ ਸਰਕਾਰਾਂ ਨੂੰ ਠੱਲ੍ਹ ਪਾਉਣਾ ਨਾ ਸਿਰਫ ਧਰਮ ਕਰਮ ਹੈ ਬਲਕਿ ਹਰ ਸਭਿਅਕ ਮਨੁੱਖ ਦਾ ਕਰਤਵ ਵੀ ਹੈ । ਪੰਜਾਬ ਵਾਸੀਆਂ ਵੱਲੋਂ ਆਰਥਿਕ ਗੁਲਾਮੀ, ਸਰਕਾਰ ਦੇ ਅਨਿਆਂ ਅਤੇ ਜ਼ੁਲਮਾਂ ਖਿਲਾਫ ਅਵਾਜ਼ ਉਠਾ ਕੇ ਸਾਬਤ ਕਰ ਦਿੱਤਾ ਹੈ ਕਿ ਗੁਰੂ ਸਾਹਿਬਾਨ ਦੁਆਰਾ ਜਬਰ, ਜ਼ੁਲਮ, ਅਨਿਆਂ ਵਿਰੁੱਧ ਹੱਕ, ਸੱਚ ਤੇ ਨਿਆਂ ਲਈ ਲੜਦਿਆਂ ਹਰ ਕੁਰਬਾਨੀ ਕਰਨ ਵਾਲੀ ਸਿਖਾਈ ਜੀਵਨ-ਜਾਚ ਨੂੰ ਗੁਰੂ ਦੇ ਸਿੱਖ ਭੁੱਲੇ ਨਹੀਂ ਹਨ। ਅੱਜ ਸਾਨੂੰ ਨਾਮ ਬਾਣੀ ਦੇ ਰਸੀਏ, ਪੰਥਕ ਵਿਦਵਾਨ, ਸੰਤ ਸਿਪਾਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਬਚਨਾਂ ‘ਅਸੀਂ ਅਨਿਆਈ ਰਾਜ ਦੀ ਰਾਜ ਭਗਤੀ ਨਹੀਂ ਕਰਨੀ ਤੇ ਨਿਆਂਕਾਰੀ ਰਾਜ ਵਿੱਚ ਰਾਜ ਗਰਦੀ ਨਹੀਂ ਕਰਨੀ । ਪ੍ਰੰਤੂ ਜਿਸ ਰਾਜ ਵਿੱਚ ਸਾਡੇ ਧਰਮ ਕਰਮਾਂ ਨੂੰ ਅਸਾਡੇ ਧਰਮ ਅਨੁਸਾਰ ਰਾਜ ਮਦ ਦੇ ਧੱਕੇ ਅਤੇ ਧਿੰਗੋਜ਼ੋਰੀ ਨਾਲ ਅਨਿਆਈ ਹੱਥ ਪਾਉਂਦੇ ਹੋਣ ਉਸ ਰਾਜ ਦੀ ਅਸੀਂ ਗੁਰੂ ਅਕਾਲ ਪੁਰਖ ਦੇ ਆਸਰੇ ਜੜ੍ਹ ਉਖੇੜ ਦੇਣੀ ਹੈ ।’ ਉਤੇ ਅਮਲ ਕਰਦਿਆਂ ਇਕਮੁੱਠ ਹੋ ਕੇ ਭਾਰਤ ਦੀ ਅਨਿਆਂਈ ਸਰਕਾਰ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਅਤੇ ਹਰ ਸਿੱਖ ਨੂੰ ਸੰਘਰਸ਼ਮਈ ਕਿਸਾਨਾਂ ਦੀ ਤਨ, ਮਨ ਤੇ ਧਨ ਨਾਲ ਮਦਦ ਕਰਨੀ ਚਾਹੀਦੀ ਹੈ । ਅਤੇ ਨਾਲ ਹੀ ਸਮੂਹ ਕਿਸਾਨ ਜਥੇਬੰਦੀਆਂ ਨੂੰ ਆਪਣੀਆਂ ਮੰਗਾ ਲਈ ਇੱਕੋ ਮੰਚ ਤੇ ਇਕੱਠੇ ਹੋਣ ਲਈ ਅਪੀਲ ਕਰਦੇ ਹਾਂ ।

This entry was posted in ਖੇਤੀਬਾੜੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>