ਗੁਰਦੁਆਰਾ ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ ਮਨਾਇਆ ਗਿਆ

DFD 2.resizedਨਵੀਂ ਦਿੱਲੀ – ਸਿੱਖ ਜਰਨੈਲਾਂ ਵੱਲੋਂ 15 ਮਾਰਚ 1783 ਨੂੰ ਕੀਤੀ ਗਈ ਦਿੱਲੀ ਫਤਿਹ ਨੁੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ ਮਨਾਇਆ ਗਿਆ। ਇਸ ਮੌਕੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਬੀਬੀ ਪੁਸ਼ਪਿੰਦਰ ਕੌਰ ਖਾਲਸਾ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਦਾ ਗਾਇਨ ਕਰਕੇ ਦਿੱਲੀ ਫਤਿਹ ਦਿਹਾੜੇ ਦੇ ਇਤਿਹਾਸ ਨੂੰ ਸੰਗਤਾਂ ਸਾਹਮਣੇ ਪੇਸ਼ ਕੀਤਾ। ਇਸ ਦੇ ਨਾਲ ਹੀ ਭਾਈ ਵਾਹਿਗੁਰੂ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਗਾਇਨ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਰਵਿੰਦਰ ਸਿੰਘ ਬਿੱਟੂ ਅਤੇ ਜਨਰਲ ਸਕੱਤਰ ਸ. ਰਾਜਾ ਸਿੰਘ ਨੇ ਸਮਾਗਮ ‘ਚ ਸੇਵਾਵਾਂ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਨਵੇਂ ਨਾਨਕਸ਼ਾਹੀ ਵਰ੍ਹੇ ਦੀ ਆਰੰਭਤਾ ਦੀ ਸੰਗਤਾਂ ਨੂੰ ਵਧਾਈ ਦਿੱਤੀ।

ਸਟੇਜ ਸਕੱਤਰ ਦੀ ਸੇਵਾ ਸੰਭਾਲਦੇ ਹੋਏ  ਭਾਈ ਬੀਬਾ ਸਿੰਘ ਖਾਲਸਾ ਸਕੂਲ ਦੇ ਮੈਨੇਜਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸੰਗਤਾਂ ਨੂੰ ਦਿੱਲੀ ਫਤਿਹ ਦਿਹਾੜੇ ਦੇ ਇਤਿਹਾਸ ਦਾ ਸੰਖੇਪ ਵੇਰਵਾ ਦਿੱਤਾ। ਡਾਕਟਰ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਦਿੱਲੀ ਦੀ ਸੰਗਤਾਂ ਬਾਬਾ ਬਘੇਲ ਸਿੰਘ ਦੀ ਹਮੇਸ਼ਾ ਰਿਣੀ ਰਹਿਣਗੀਆਂ। ਕਿਉਂਕਿ ਬਾਬਾ ਬਘੇਲ ਸਿੰਘ ਤੇ ਸਾਥੀ ਜਰਨੈਲਾਂ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਮਹਾ ਸਿੰਘ ਸ਼ੁੱਕਰਚੱਕੀਆ ਅਤੇ ਬਾਬਾ ਤਾਰਾ ਸਿੰਘ ਘੇਬਾ ਦੇ ਨਾਲ ਰਲਕੇ ਦਿੱਲੀ ਫਤਿਹ ਕਰਕੇ ਲਾਲ ਕਿਲ੍ਹੇ ਉਤੇ ਕੇਸਰੀ ਨਿਸ਼ਾਨ ਝੁਲਾਇਆ ਸੀ। ਪਰ ਸਿੱਖ ਜਰਨੈਲਾਂ ਨੇ ਗੁਰੂ ਸਾਹਿਬਾਨਾਂ ਦੇ ਸਥਾਨਾਂ ਦੀ ਨਿਸ਼ਾਨਦੇਹੀ ਅਤੇ ਸਥਾਪਨਾ ਦੇ ਟੀਚੇ ਨੂੰ ਲੈਕੇ ਜਿੱਤਿਆਂ ਹੋਇਆ ਰਾਜ ਕੁਰਬਾਨ ਕਰ ਦਿੱਤਾ ਸੀ। ਅਜਿਹਾ ਹਵਾਲਾ ਕਿਥੇ ਹੋਰ ਨਹੀਂ ਮਿਲਦਾ ਕਿ ਜਿਥੇ ਫੌਜ ਵੱਲੋਂ ਜਿੱਤੇ ਹੋਏ ਖਿੱਤੇ ਨੂੰ ਫੌਜ ਦੇ ਜਰਨੈਲਾਂ ਨੇ ਆਪਣੇ ਧਾਰਮਿਕ ਸਥਾਨਾਂ ਦੀ ਸਥਾਪਨਾ ਲਈ ਛੱਡ ਦਿੱਤਾ ਹੋਵੇ। ਇਸ ਲਈ ਅਜਿਹਾ ਕਹਿਣਾ ਪੈਂਦਾ ਹੈ ਕਿ ਬਾਬਾ ਬਘੇਲ ਸਿੰਘ ਨਾਲ ਇਤਿਹਾਸਕਾਰਾਂ ਨੇ ਇਨਸਾਫ਼ ਨਹੀਂ ਕੀਤਾ। ਪਰ ਜੇਕਰ ਅਸੀਂ ਅੱਜ ਦਿੱਲੀ ‘ਚ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰ ਰਹੇ ਹਾਂ, ਤਾਂ ਉਸ ਪਿੱਛੇ ਬਾਬਾ ਬਘੇਲ ਸਿੰਘ ਦੀ ਫੌਜੀ ਤਾਕਤ, ਸਿਆਸੀ ਤੇ ਧਾਰਮਿਕ ਸੋਚ ਅਤੇ ਉਨ੍ਹਾਂ ਨੂੰ ਕੂਟਨੀਤੀ ਦਾ ਗਿਆਨ ਅਹਿਮ ਸੀ। ਜਿਸ ਕਰਕੇ ਦਿੱਲੀ ਦੇ 7 ਇਤਿਹਾਸਕ ਗੁਰਦੁਆਰਿਆਂ ਦੀ ਨਿਸ਼ਾਨਦੇਹੀ ਅਤੇ ਸਥਾਪਨਾ ਸਿਰਫ਼ 9 ਮਹੀਨੇ ਦੇ ਅੰਦਰ ਹੋਈ ਸੀ। ਹਾਲਾਂਕਿ ਇਸ ਸਾਰੀ ਕਵਾਇਦ ਵਿਚਾਲੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਥਾਂ ਉਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਹਕੂਮਤ ਨਾਲ ਸਹਿਮਤੀ ਉਸਾਰਣ ਦਾ ਕੰਮ ਸਭ ਤੋਂ ਔਖਾ ਸੀ।ਇਸ ਮੌਕੇ ਬੀਬੀ ਪੁਸ਼ਪਿੰਦਰ ਕੌਰ ਖਾਲਸਾ ਦੇ ਢਾਡੀ ਜਥੇ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>