ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਵਿਚ ਜੇਲ੍ਹ ਤਬਦੀਲੀ ਦੇ ਮੁੱਦੇ ਤੇ ਪੁਲਿਸ ਵਲੋਂ ਸਿੱਖ ਆਗੂਆਂ ਦੀ ਫੜੋ-ਫੜੀ ਦੇ ਬਾਵਜੂਦ ਬੇਮਿਸਾਲ ਰਿਹਾ ਇਕਠ

WhatsApp Image 2024-03-17 at 16.06.30.resizedਅੰਮ੍ਰਿਤਸਰ – ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ‘ਵਾਰਿਸ ਪੰਜਾਬ ਦੇ’ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਵਿਚ ਜੇਲ੍ਹ ਤਬਦੀਲੀ ਲਈ ਅੱਜ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸੱਦੇ ਗਏ ਪੰਥਕ ਇਕੱਠ ਤੋਂ ਪਹਿਲਾਂ ਭਾਵੇਂ ਕਿ ਪੰਜਾਬ ਪੁਲਿਸ ਵਲੋਂ ਸਿੱਖ ਆਗੂਆਂ ਦੀ ਬੀਤੀ ਦੇਰ ਰਾਤ ਤੋਂ ਫੜੋ-ਫੜੀ ਕੀਤੀ ਦਾ ਰਹੀ ਸ਼ੀ, ਪਰ ਇਕਠ ਬੇਮਿਸ਼ਾਲ ਰਿਹਾ। ਪ੍ਰਮੁਖ ਪੰਥਕ ਆਗੂ ਗ੍ਰਿਫਤਾਰ ਕੀਤੇ ਗਏ। ਇਸ਼ ਮੌਕੇ ਭਾਈ ਅੰਮਿ੍ਤਪਾਲ ਸਿੰਘ ਨੇ ਇਕ ਬੰਦੇਸ਼ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਤੋਂ  ਭਾਰਤ ਦੇ ਹਾਕਮਾਂ ਦਾ ਸਿੱਖ ਦੁਸ਼ਮਣ ਖਾਸਾ ਹੋਰ ਵੱਧ ਨੰਗਾ ਹੋ ਗਿਆ ਹੈ। ਸਰਕਾਰਾਂ ਵੱਲੋਂ ਨਜ਼ਰਬੰਦ ਸਿੰਘਾਂ  ਦੀਆਂ ਹੱਕੀ ਮੰਗਾਂ ਪ੍ਰਤੀ  ਪ੍ਰਗਟਾਈ ਜਾ ਰਹੀ ਬੇਰੁਖ਼ੀ ਤੇ ਕਠੋਰਤਾ ਜੱਗ ਜ਼ਾਹਿਰ ਹੋ ਗਈ ਹੈ । ਸਰਕਾਰਾਂ ਵੱਲੋਂ ਧਾਰਣ ਕੀਤੇ ਗਏ ਇਸ ਸਿੱਖ ਵਿਰੋਧੀ ਅਤੇ ਗੈਰ-ਮਾਨਵੀ ਵਤੀਰੇ ਨੂੰ ਦੇਖਦੇ ਹੋਏ ਸਾਨੂੰ ਆਪਸੀ ਵਿਰੋਧਾਂ ਤੇ ਵਖਰੇਵਿਆਂ ਤੋ ਉਪਰ ਉਠ ਕੇ ਇਕਜੁੱਟ ਹੋਣ ਦੀ ਲੋੜ ਤੇ ਅਹਿਮੀਅਤ ਨੂੰ ਪਛਾਨਣ ਦੀ ਲੋੜ ਹੈ। ਅਸੀਂ ਸਮੂਹ ਪੰਥਕ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਸਟੇਜ ਤੋਂ ਕਿਸ ਵੀ ਸਿੱਖ ਜਥੇਬੰਦੀ,  ਸੰਸਥਾ ਅਤੇ ਸ਼ਖਸੀਅਤ ਦੇ ਖਿਲਾਫ ਬੋਲਣ ਤੋਂ ਪੂਰੀ ਤਰ੍ਹਾਂ ਗੁਰੇਜ ਕੀਤਾ ਜਾਵੇ । ਸਰਕਾਰਾਂ ਆਪਣੇ ਭੜਕਾਊ ਏਜੰਟਾਂ ਦੇ ਜਰੀਏ ਸਾਡੇ ਸੰਘਰਸ਼ ਨੂੰ ਗਲਤ ਦਿਸ਼ਾ ਤੇ ਰੰਗਤ ਦੇਣ ਦੇ ਯਤਨ ਕਰ ਸਕਦੀਆਂ ਹਨ । ਉਨ੍ਹਾਂ ਦੀਆਂ ਅਜਿਹੀਆਂ ਕੁਚਾਲਾਂ ਨੂੰ ਪਛਾਨਣ ਤੇ ਪਛਾੜਨ ਦੀ ਲੋੜ ਹੈ।

WhatsApp Image 2024-03-17 at 16.06.32 (1).resizedਇਸ ਮੌਕੇ ਇਕਠ ਵਿਚ ਪਾਸ ਕੀਤੇ ਗਏ ਮਤਾ ਨੰ: 1 ’ਚ ਅੱਜ ਦਾ ਇਹ ਪੰਥਕ ਇੱਕਠ ਇਹ ਮਹਿਸੂਸ ਕਰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਪੰਜਾਬ ਦੇ ਨੌਜਵਾਨ ਵੱਡੇ ਪੱਧਰ ਤੇ ਧਰਮ ਤੋ ਬੇਮੁੱਖ ਹੋ ਰਹੇ ਸਨ ਤੇ ਨਸ਼ਿਆ ਦਾ ਪ੍ਰਸਾਰ ਵੱਡੇ ਪੱਧਰ ਤੇ ਫੈਲ ਚੁੱਕਾ ਸੀ ਤੇ ਸਰਕਾਰ ਦੀਆਂ ਸਿੱਖ ਧਰਮ ਵਿਰੋਧੀ ਨੀਤੀਆਂ ਦੇ ਖਿਲਾਫ ਪਿਛਲੇ ਸਮੇਂ ਵਿਚ ਸਿੱਖ ਜੁਝਾਰੂ ਯੋਧਿਆਂ ਨੇ ਸਮੇਂ ਸਮੇਂ ਤੇ ਅਜਿਹੇ ਬੁੱਚੜ ਤੇ ਜ਼ਾਲਮ ਲੋਕਾ ਨੂੰ ਸੋਧਿਆ ਪ੍ਰੰਤੂ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਜੇਲਾਂ ਵਿੱਚੋਂ ਅੱਜ ਤੱਕ ਰਿਹਾ ਨਹੀਂ ਕੀਤਾ ਗਿਆ । ਅਜਿਹੇ ਹਾਲਾਤਾਂ ਦੇ ਚੱਲਦਿਆਂ 1993-94 ਤੋਂ ਬਾਅਦ ਨੋਜਵਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਜਵਾਨੀ ਨੂੰ ਅੰਮ੍ਰਿਤ ਸੰਚਾਰ ਮੁਹਿੰਮ ਰਾਹੀਂ ਜਿੱਥੇ ਧਰਮ ਨਾਲ ਜੌੜਿਆ ਗਿਆ ਉਥੇ ਨਸ਼ਾ ਛੁਡਾ ਕੇ ਨੌਜਵਾਨਾਂ ਨੂੰ ਦੁਬਾਰਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਅਰੰਭੇ ਸੰਘਰਸ਼ ਪ੍ਰਤੀ ਜਾਗਰੂਕ ਕਰਨ ਦਾ ਕਾਰਜ ਅਰੰਭਿਆ। ਜੋ ਕਿ ਭਾਰਤੀ ਸਟੇਟ ਨੂੰ ਚਣੌਤੀ ਵਾਂਗ ਮਹਿਸੂਸ ਹੋਇਆ ਜਿਸ ਕਾਰਨ ਸਰਕਾਰ ਨੇ ਭਾਈ ਸਾਹਿਬ ਤੇ ਉਹਨਾ ਦੇ ਸਾਥੀਆਂ ਨੂੰ NSA ਲਾ ਕੇ ਪੰਜਾਬ ਤੋਂ 3000 ਕਿਲੋਮੀਟਰ ਦੂਰ ਡਿਬੜੂਗੜ੍ਹ ਜੇਲ ਵਿਚ ਬੰਦ ਕਰ ਦਿੱਤਾ ਅਤੇ ਭਾਈ ਗੁਰਪ੍ਰੀਤ ਸਿੰਘ ਸਮੇਤ ਕਾਫੀ ਹੋਰ ਸਾਥੀਆਂ ਨੂੰ ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿਚ ਝੂਠੇ ਕੇਸ ਪਾ ਕੇ ਡੱਕ ਦਿੱਤਾ। ਅੱਜ ਦਾ ਇਹ ਪੰਥਕ ਇੱਕਠ ਸਟੇਟ ਦੀ ਸਿੱਖ ਵਿਰੋਧੀ ਨੀਤੀ ਦੀ ਨਿਖੇਧੀ ਕਰਦਾ ਹੈ।

ਮਤਾ ਨੰ: 2

ਡਿਬਰੂਗੜ੍ਹ ਜੇਲ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਮੁਲਾਕਾਤ ਸਮੇਂ ਡਿਉੜੀ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਬੈਰਕ ਤੇ ਬਾਥਰੂਮ ਵਗ਼ੈਰਾ ਵਿੱਚ ਕੈਮਰੇ ਲਾ ਦਿੱਤੇ ਗਏ ਜੋ ਕਿ ਉਹਨਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ । ਜਦ ਉਹਨਾਂ ਨੇ ਇਸ ਧੱਕੇ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੇ ਖ਼ਿਲ਼ਾਫ ਸਾਜ਼ਿਸ ਤਹਿਤ ਪ੍ਰਚਾਰ ਕਰ ਦਿੱਤਾ ਗਿਆ ਕਿ ਉਹਨਾਂ ਕੋਲੋਂ ਬਲੂਟੁੱਥ, ਸਪਾਈ ਕੈਮਰੇ ਅਤੇ ਸਮਾਰਟ ਫੋਨ ਬਰਾਮਦ ਹੋਏ ਅਜਿਹੇ ਹਾਲਾਤਾਂ ਕਾਰਣ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਉਹਨਾਂ ਦੇ ਸਾਥੀ ਸਿੰਘਾਂ ਵੱਲੋਂ ਉਹਨਾਂ ਡਿਬਰੂਗੜ੍ਹ ਅਤੇ ਪੰਜਾਬ ਵਿਚ ਮਿਤੀ 16-02-2024 ਤੋਂ ਸਿੰਘਾਂ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਤਾਰੀਖ 22-02-2024 ਤੋਂ ਉਨ੍ਹਾਂ ਦੇ ਪਰਿਵਾਰ ਵੀ ਭੁੱਖ ਹੜਤਾਲ ਉੱਪਰ ਹਨ। ਇਹ ਖਦਸ਼ਾ ਹੈ ਕਿ ਉਹਨਾਂ ਤੇ ਕੋਈ ਹੋਰ ਝੂਠਾ ਕੇਸ ਪਾ ਕੇ ਕਿਸੇ ਸਾਜ਼ਿਸ਼ ਤਹਿਤ ਉਹਨਾਂ ਦਾ ਨੁਕਸਾਨ ਕੀਤਾ ਜਾ ਸਕਦਾ ਹੈ ਜਾਂ ਪੰਜਾਬ ਆਉਣ ਤੇ ਪਾਬੰਦੀ ਲਾਈ ਜਾ ਸਕਦੀ ਹੈ। ਇਸ ਲਈ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ ਵਿੱਚ ਤਬਦੀਲ ਕੀਤਾ ਜਾਵੇ ਪ੍ਰੰਤੂ ਸਰਕਾਰ ਵੱਲੋਂ ਧਾਰੀ ਹੋਈ ਚੁੱਪ ਕਿਸੇ ਵੱਡੀ ਸਾਜ਼ਿਸ਼ ਜਾ ਅਣਹੋਣੀ ਦੀ ਦਸਤਕ ਦਿੰਦੀ ਹੈ। ਇਹ ਵੀ ਖਬਰ ਆਚੁੱਕੀ ਹੈ ਕਿ ਉਨ੍ਹਾਂ ਦੀ NSA 3 ਮਹਿਨੇ ਵਾਸਤੇ 4 ਜਨਵਰੀ ਤੋਂ ਵਧਾ ਦਿੱਤੀ ਗਈ ਹੈ ਜੋ ਕਿ ਇਸ ਮੋਰਚੇ ਸ਼ੁਰੂ ਹੋਣ ਦੀ ਮਿਤੀ 16-02-2024 ਤੋ ਬਹੁਤ ਪਹਿਲਾਂ ਹੀ ਵਧਾ ਦਿੱਤੀ ਗਈ ਸੀ।ਇਹ ਇੱਕਠ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ NSA ਵਧਾਉਣ ਦੀ ਸਖਤ ਨਿਦਾ ਕਰਦਾ ਹੋਇਆ NSA ਖਤਮ ਕਰਨ ਦੀ ਪੁਰਜੋਰ ਮੰਗ ਕਰਦਾ ਹੈ।

ਮਤਾ ਨੰ: 3

ਅੱਜ ਦ ਇਹ ਪੰਥਕ ਇੱਕਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਮੁੱਚਿਆਂ ਪੰਥਕ ਤੇ ਪੰਜਾਬ  ਹਿਤੈਸ਼ੀ ਜਥੇਬੰਦੀਆਂ ਨੂੰ ਅਤੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਪੁਰਜੋਰ ਅਪੀਲ ਕਰਦਾ ਹੈ ਕਿ ਪਿੱਛਲੇ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਤੱਕ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ ਪੰਜਾਬ ਵਾਪਸੀ ਅਤੇ ਰਿਹਾਈ ਵਾਸਤੇ, ਧੜੇਬੰਦੀਆਂ ਤੋਂ ਉੱਪਰ ਉੱਠ ਕੇ ਸੰਘਰਸ਼ ਕੀਤਾ ਜਾਵੇ। ਇੱਥੇ ਵਰਣਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ 550 ਸਾਲਾਂ ਪ੍ਰਕਾਸ਼ ਗੁਰਪੁਰਬ ਸਮੇਂ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜੋਆੜਾ ਦ ਫਾਂਸੀ ਖਤਮ ਕਰਨ ਦਾ ਨੋਟੀਫਿਕੇਸ਼ਨ ਵੀ ਕੇਂਦਰ ਵੱਲੋਂ ਜਾਰੀ ਕੀਤਾ ਗਿਆ ਸੀ ਪ੍ਰੰਤੂ ਉਸ ਸਬੰਧੀ ਬੇਈਮਾਨੀ  ਨਾਲ ਅਮਲ ਕਰਨ ਤੋਂ  ਕਿਨਾਰਾਕਸ਼ੀ ਕੀਤੀ ਜਾ ਰਹੀ ਹੈ ਸੋ ਇੱਕਠ ਮੰਗ ਕਰਦਾ ਹੈ ਕਿ ਸ਼੍ਰੀ ਅਕਾਲ ਤੱਖਤ ਸਾਹਿਬ ਵੱਲੋਂ  ਬਣਾਈ ਪੰਜ ਮੈਂਬਰੀ ਕਮੇਟੀ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਤੁਰੰਤ ਭਾਈ ਦਵਿੰਦਰਪਾਲ ਸਿੰਘ ਭੁਲਰ ਦੀ ਪੱਕੀ ਪੈਰੋਲ, ਭਾਈ ਰਾਜੋਆਰਾ ਦੀ ਫਾਸੀ ਰੁਕਵਾਉਣਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਅੰਮ੍ਰਿਤਸਰ, ਕਪੂਰਥਲਾ ਤੇ ਪੰਜਾਬ ਦੀਆਂ ਜੇਲਾਂ ਵਿੱਚ ਬੰਦ ਸਾਥੀ ਸਿੰਘਾਂ ਦੀ ਰਿਹਾਈ ਕਰਵਾਉਣ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਨੂੰ ਪੰਜਾਬ ਦੀਆਂ ਜੇਲਾਂ ਵਿਚ ਤਬਦੀਲ ਕਰਕੇ ਅਜਨਾਲਾ ਕੇਸ ਵਿਚ ਓਹਨਾਂ ਦੀ ਗ੍ਰਿਫਤਾਰੀ ਪਾ ਜਮਾਨਤਾਂ ਤੇ ਰਿਹਾਅ ਕੀਤਾ ਜਾਣਾ ਮੁੱਖ ਮੁੱਦਿਆਂ ਵਿੱਚ ਹੋਵੇ।

ਮਤਾ ਨੰ: 4

ਸਿੱਖਾਂ ਦੇ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ ਵਾਰ ਮੰਗ ਕਰਨ ਅਤੇ ਦਿੱਤੇ ਅਲਟੀਮੇਟਮ ਅਨੁਸਾਰ ਵੀ ਭਾਰਤੀ ਸਰਕਾਰ ਅਤੇ ਇਸਦੇ ਸੂਬੇਦਾਰ ਭਗਵੰਤ ਮਾਨ ਦਾ ਰਵੱਈਆ ਹੁਣ ਤੱਕ ਅਤਿ ਨਿੰਦਣਯੋਗ ਰਿਹਾ ਹੈ। ਪੰਜਾਬ ਅਤੇ ਭਾਰਤੀ ਸਰਕਾਰ ਨੇ ਇਸ ਤਰੀਕੇ ਸਿੱਖ ਸੰਸਥਾਵਾਂ ਵੱਲੋਂ ਗੱਲਬਾਤ ਕਰਨ ਦੀ ਪੇਸ਼ਕਸ਼ ਨੂੰ ਨਜ਼ਰਅੰਦਾਜ ਕਰ ਸਾਡੀਆਂ ਇਹਨਾਂ ਸਤਿਕਾਰਯੋਗ ਸੰਸਥਾਵਾਂ ਦੇ ਅਦਬ ਨੂੰ ਢਾਹ ਲਾਈ ਹੈ। ਗੁਰੂਘਰ ਦੀ ਮਾਣ ਮਰਿਯਾਦਾ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਹੁਕਮ ਅਦੂਲੀ ਕਰਨ ਦੀ ਹੱਤਕ ਕਰਨ ਵਾਲੀਆਂ ਇਹਨਾਂ ਹੰਕਾਰੀ ਸਰਕਾਰਾਂ ਨੂੰ ਜਵਾਬ ਦੇਣ ਲਈ ਅਤੇ ਤਖਤ ਸਾਹਿਬ ਦੀ ਰਿਆਸਤ ਅਤੇ ਅਦਬ ਨੂੰ ਮੁੜ ਬਹਾਲ ਕਰਨ ਲਈ ਸਿੱਖ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਮੂਹ ਬੰਦੀ ਸਿੰਘਾ ਦੀ ਰਿਹਾਈ ਦੇ ਸੰਘਰਸ਼ ‘ਚ ਵੱਧ ਚੜਕੇ ਯੋਗਦਾਨ ਪਾਓਣ।

ਮਤਾ ਨੰ: 5

ਇਹ ਇਕੱਠ ਮੰਗ ਕਰਦਾ ਹੈ ਕਿ ਸਮੂਹ ਬੰਦੀ ਸਿੰਘਾ ਦੀ ਰਿਹਾਈ ਲਈ ਅਪ੍ਰੈਲ ਵਿੱਚ ‘ਬੰਦੀ ਛੋੜ ਅਰਦਾਸ ਮਾਰਚ’ਦਮਦਮਾ ਸਾਹਿਬ, ਆਨੰਦਪੁਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਤੋਂ ਉਥੋ ਦੇ ਸਿੰਘ ਸਾਹਿਬਾਨ/ਹੈਡ ਗਰੰਥੀ ਸਾਹਿਬਾਨ ਵੱਲੋਂ ਅਰੰਭ ਕਰਕੇ  ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣ । ਸਮੂਹ ਬੰਦੀ ਸਿੰਘਾ ਦੇ ਪਰਿਵਾਰ ਅਤੇ ਸਿੱਖ ਸੰਗਤਾਂ ਵੱਧ ਚੜ੍ਹਕੇ ਇਹਨਾਂ ਮਾਰਚਾਂ ਵਿੱਚ ਹਿੱਸਾ ਲੈਣ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਤੁਰੰਤ ਫੈਸਲਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ।

ਨੰ: 6

ਇਹ ਇਕੱਠ ਮੰਗ ਕਰਦਾ ਹੈ ਕਿ ਸਰਕਾਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਰਖੀਆਂ ਮੰਗਾਂ ਨੂੰ ਸ਼ਾਜਸ਼ੀ ਤਰੀਕੇ ਨਾਲ ਅਣਗੋਲਿਆਂ ਕਰਕੇ ਭੁਖ ਹੜਤਾਲ ਰਾਹੀਂ ਉਨ੍ਹਾਂ ਨੂੰ ਕਤਲ ਕਰਨ ਦੀ ਸ਼ਾਜਿਸ਼ ਘੜੀ ਹੋਈ ਹੈ ਸੋ ਜੋ ਭੁੱਖ ਹੜਤਾਲ ਦਿਬੜੂਗੜ੍ਹ ਜੇਲ੍ਹ ’ਚ ਚੱਲ ਰਹੀ ਹੈ ਉਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜ ਤਿਆਰ ਬਰ ਤਿਆਰ ਗੁਰਸਿੱਖਾਂ ਨੂੰ ਡਿਬਰੂਗੜ੍ਹ ਭੇਜਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਜਾਵੇ। ਇਸੇ ਤਰ੍ਹਾਂ ਪੰਜਾਬ ਦੀਆਂ ਜੇਲਾਂ ਵਿੱਚ ਵੀ ਭਾਈ ਗੁਰਪ੍ਰੀਤ ਸਿੰਘ ਸਮੇਤ ਬਾਕੀ ਬੰਦੀ ਸਿੰਘਾਂ ਵੱਲੋ ਚੱਲ ਰਹੀ ਭੁਖ ਹੜਤਾਲ ਨੂੰ ਖਤਮ ਕਰਨ ਦੀ ਅਪੀਲ ਕਰਦਾ ਹੈ। ਇਸ ਦੇ ਨਾਲ ਹੀ ਇਹ ਇੱਕਠ ਅਪੀਲ ਕਰਦਾ ਹੈ ਬੰਦੀ ਸਿੰਘਾਂ ਦੇ ਪਰਿਵਾਰਾਂ ਨੇ ਜੋ ਮੋਰਚਾ ਲਗਾਇਆ ਹੋਇਆ ਹੈ ਉਸ ਵਿਚ ਚੱਲ ਰਹੀ ਭੁਖ ਹੜਤਾਲ ਖਤਮ ਕਰਕੇ ਇਹ ਮੋਰਚਾ ਸੰਘਰਸ਼ ਦੇ ਭਵਿੱਖਤ ਰੂਪ ਨੂੰ ਦਿੱਤੇ ਹੋਏ ਪ੍ਰੋਗਰਾਮ ਅਨੁਸਾਰ ਹੋਰ ਪ੍ਰਚੰਡ ਕਰੇ।

ਨੰ: 7

ਪੰਜਾਬ ਅਤੇ ਭਾਰਤੀ ਸਰਕਾਰ ਵੱਲੋਂ ਬੇ ਅੰਮ੍ਰਿਤੀਏ ਪੁਲਸ ਮੁਲਾਜਮਾਂ ਦੇ ਰਾਹੀਂ ਸ਼੍ਰੀ ਅਕਾਲ ਤੱਖਤ ਸਾਹਿਬ ਦੇ ਆਦੇਸ਼ ਨੂੰ ਦਿਬਰੂਗੜ੍ਹ ਭੇਜਣਾ ਅਤੇ ਓਥੇ ਕੈਦ ਸਿੰਘਾ ਵਿੱਚੋਂ ਚਾਰ ਸਿੰਘਾ ਨੂੰ ਇਸ ਭੁਲੇਖੇ ਵਿੱਚ ਰੱਖ, ਕਿ ਇਹ ਹੁਕਮਨਾਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਹੈ, ਓਹਨਾਂ ਦੀ ਭੁੱਖ ਹੜਤਾਲ ਖਤਮ ਕਰਾਓਣੀ ਗੁਰਮਤ ਰਿਵਾਇਤ ਦੀ ਉਲੰਘਣਾ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਨੋਟਿਸ ਲੈਣ ਦੀ ਅਪੀਲ ਕਰਦੇ ਹਾਂ। ਵਰਨਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਹੀ ਸਿੰਘਾ ਨੂੰ ਬੇਨਤੀ ਕੀਤੀ ਹੋਈ ਸੀ ਕਿ ਜਿਸ ਵੀ ਸਿੰਘ ਨੇ ਭੁੱਖ ਹੜਤਾਲ ਤੋੜਨੀ ਹੋਵੇ ਓਹ ਤੋੜ ਸਕਦਾ ਹੈ ਅਤੇ ਮੇਰੇ ਨਾਲੋ ਨਾਤਾ ਤੋੜ ਕੇ ਆਪਣੀ ਰਿਹਾਈ ਕਰਵਾ ਸਕਦਾ ਹੈ।

ਮਤਾ ਨੰ: 8

ਇਸ ਇਕੱਠ ‘ਚ ਪਹੁੰਚ ਰਹੇ ਪੰਥਕ ਅਤੇ ਸੁਹਿਰਦ ਅਗੂਆਂ ਨੂੰ ਘਰਾਂ ‘ਚ ਕੈਦ ਕਰਨਾ, ਰਾਹਾਂ ‘ਚ ਰੋਕ ਓਹਨਾਂ ਨਾਲ ਧੱਕੇਸ਼ਾਹੀ ਕਰਨੀ ਅਤੇ ਪੱਗਾਂ ਲਾਹੁਣੀਆਂ, ਸਰਕਾਰੀ ਜਬਰ ਅਤੇ ਸਿੱਖ ਹੱਕਾਂ ਦੀ ਗੱਲ ਕਰਨ ਵਾਲੇ ਸਿੱਖਾਂ ਦੇ ਸੋਸ਼ਲ ਖਾਤੇ ਬੈਨ ਕਰਨੇ ਇਸ ਇੱਕਠ ਦਾ ਚੈਨਲਾਂ ਵੱਲੋਂ ਕੀਤਾ ਜਾ ਰਿਹਾ ਪ੍ਰਸ਼ਾਰਨ ਜੈਮਰ ਲਗਾਕੇ ਰੋਕਣ ਦੀ ਸਰਕਾਰ ਵੱਲੋਂ ਲੋਕਤੰਤਰ ਦੇ ਮਖੌਟੇ ਹੇਠ ਸਿੱਖ ਕੋਮ ਨਾਲ ਕੀਤੀ ਜਾ ਰਹੀ ਸ਼ਰੇਆਮ ਧੱਕੇਸ਼ਾਹੀ ਦੀ ਇਹ ਇੱਕਠ ਸਖਤ ਨਿਦਾ ਕਰਦਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਇਸ ਧੱਕੇਸ਼ਾਹੀ ਦੇ ਖਿਲਾਫ ਅਵਾਜ ਬੁਲੰਦ ਕਰਨ ਦੀ ਅਪੀਲ ਕਰਦਾ ਹੈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>