“ਪੰਥਕ ਸਿੱਖਿਆ ਤੇ ਜਥੇਦਾਰ ਸੰਤੋਖ ਸਿੰਘ” ਵਿਸੇ਼ ਉਤੇ ਹੋਈ ਵਿਚਾਰ ਗੋਸ਼ਟੀ

jss 15.resizedਨਵੀਂ ਦਿੱਲੀ – ਦਿੱਲੀ ਵਿਚਲੇ ਪੰਥਕ ਸਿੱਖਿਆ ਅਦਾਰਿਆਂ ਦੇ ਬਾਨੀ ਜਥੇਦਾਰ ਸੰਤੋਖ ਸਿੰਘ ਜੀ ਦੇ 96ਵੇਂ ਜਨਮ ਦਿਹਾੜੇ ਮੌਕੇ ਕਾਂਸਟੀਚਿਊਸ਼ਨ ਕਲੱਬ ਵਿਖੇ “ਪੰਥਕ ਸਿੱਖਿਆ ਤੇ ਜਥੇਦਾਰ ਸੰਤੋਖ ਸਿੰਘ” ਵਿਸੇ਼ ਉਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸ਼ਟੀ ਦੌਰਾਨ ਸਮਾਜਿਕ, ਧਾਰਮਿਕ, ਵਿਦਿਅਕ, ਬੈਂਕਿੰਗ ਅਤੇ ਸਿਆਸੀ ਖੇਤਰ ਦੇ ਵਿਦਵਾਨਾਂ ਨੇ ਜਥੇਦਾਰ ਸੰਤੋਖ ਸਿੰਘ ਦੀ ਪੰਥਕ ਮਸਲਿਆਂ ਪ੍ਰਤੀ ਭੂਮਿਕਾ ਬਾਰੇ ਸੰਜੀਦਗੀ ਨਾਲ ਆਪਣੇ ਵਿਚਾਰ ਰੱਖੇ। ਬੁਲਾਰਿਆਂ ਵਿੱਚ ਕੌਮੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਇਲਾਹਾਬਾਦ ਬੈਂਕ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ, ਗੁਰੂ ਨਾਨਕ ਦੇਵ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਹਰਮੀਤ ਸਿੰਘ ਅਤੇ ਦਿੱਲੀ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਸ਼ਾਮਲ ਸਨ। ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਈ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਲਾਲਪੁਰਾ ਨੇ ਬਤੌਰ ਪੁਲਿਸ ਅਫਸਰ 20 ਸਤੰਬਰ 1981 ਨੂੰ ਚੌਂਕ ਮਹਿਤਾ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗਿਰਫਤਾਰੀ ਮੌਕੇ 50 ਹਜ਼ਾਰ ਸੰਗਤਾਂ ਦੇ ਇਕੱਠ ‘ਚ ਜਥੇਦਾਰ ਸੰਤੋਖ ਸਿੰਘ ਵੱਲੋਂ ਦਿੱਤੀ ਗਈ ਤਕਰੀਰ ਦਾ ਚੇਤਾ ਕਰਦਿਆਂ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਚੰਗੇ ਸਿਆਸਤਦਾਨ ਦੇ ਨਾਲ ਘਟਗਿਣਤੀਆਂ ਦੇ ਵੱਡੇ ਆਗੂ ਸਨ। ਉਹ ਪ੍ਰਧਾਨ ਮੰਤਰੀ ਦਾ ਬੂਹਾ ਖੜਕਾ ਕੇ ਗੱਲ ਕਰਨ ਦੀ ਤਾਕਤ ਰੱਖਦੇ ਸਨ। ਜੇਕਰ ਜਥੇਦਾਰ ਸੰਤੋਖ ਸਿੰਘ ਨੂੰ ਹੋਰ ਉਮਰ ਮਿਲਦੀ ਤਾਂ ਸਾਨੂੰ ਆਪ੍ਰੇਸ਼ਨ ਨੀਲਾ ਤਾਰਾ ਨਾ ਵੇਖਣਾ ਪੈਂਦਾ। ਕਿਉਂਕਿ ਭਿੰਡਰਾਂਵਾਲੇ ਤੇ ਇੰਦਰਾ ਗਾਂਧੀ ਦੋਵੇਂ ਜਥੇਦਾਰ ਸੰਤੋਖ ਸਿੰਘ ਦੀ ਗੱਲ ਮੰਨਦੇ ਸਨ। ਪਰ ਸਾਡੀ ਬਦਕਿਸਮਤੀ ਹੈ ਕਿ 40 ਸਾਲ ਬਾਅਦ ਵੀ ਅਸੀਂ ਜਥੇਦਾਰ ਸੰਤੋਖ ਸਿੰਘ ਵਰਗਾ ਆਗੂ ਪੈਦਾ ਨਹੀਂ ਕਰ ਸਕੇ। ਹਾਲਾਂਕਿ ਜਥੇਦਾਰ ਸੰਤੋਖ ਸਿੰਘ ਕੋਲ ਕਿਤਾਬੀ ਗਿਆਨ ਨਹੀਂ ਸੀ, ਪਰ ਆਤਮਬਲ ਸੀ।

jss 14.resizedਡਾਕਟਰ ਜਸਪਾਲ ਸਿੰਘ ਨੇ ਜਥੇਦਾਰ ਸੰਤੋਖ ਸਿੰਘ ਦੇ ਨਾਲ ਗੁਜ਼ਾਰੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਨੇ ਵਿਰਾਸਤ ਦੀ ਸੰਭਾਲ ਅਤੇ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁਚਾਉਣ ਲਈ ਖੁਲਦਿਲੀ ਨਾਲ ਕਾਰਜ ਕੀਤੇ ਸਨ। ਇਨ੍ਹਾਂ ਮੁੱਖ ਕਾਰਜਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਕੈਦ ਦੀ ਪ੍ਰਤੀਕ ਕੋਤਵਾਲੀ ਕੌਮ ਨੂੰ ਦਿਵਾਉਣਾ, ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸਥਾਨ ਦੀ ਡਾਕਟਰ ਗੰਡਾ ਸਿੰਘ ਤੋਂ ਮਹਿਰੋਲੀ ਵਿਖੇ ਕੁਤੁਬ ਮੀਨਾਰ ਨੇੜੇ ਨਿਸ਼ਾਨਦੇਹੀ ਕਰਵਾਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਉਣਾ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਤੇ ਖਾਲਸਾ ਕਾਲਜਾਂ ਦੀ ਸਥਾਪਨਾ ਕਰਵਾਉਣਾ ਸ਼ਾਮਲ ਸਨ। ਜਥੇਦਾਰ ਸੰਤੋਖ ਸਿੰਘ ਆਪਣੀ ਅਮੀਰ ਵਿਰਾਸਤ ਉਤੇ ਹਮਲੇ ਤੋਂ ਸੁਚੇਤ ਕਰਨ ਲਈ ਪੰਥਕ ਸਿੱਖਿਆ ਅਦਾਰਿਆਂ ਦੀ ਸਥਾਪਨਾ ਨੂੰ ਜ਼ਰੂਰੀ ਮਣਦੇ ਸਨ। ਡਾਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਜਥੇਦਾਰ ਸੰਤੋਖ ਸਿੰਘ ਦੀ ਇੱਕ ਵੱਡੀ ਖ਼ੂਬੀ ਸੀ ਕਿ ਉਹ ਧਰਮ ਤੇ ਵਿਰਾਸਤ ਉਤੇ ਖਤਰਾ ਵੇਖਦੇ ਹੀ ਸਿਆਸਤ ਤੋਂ ਪਰ੍ਹੇ ਹੋਕੇ ਧਰਮ ਨਾਲ ਖੜ੍ਹੇ ਹੋ ਜਾਂਦੇ ਸਨ। ਸਰਨਾ ਨੇ ਜਥੇਦਾਰ ਸੰਤੋਖ ਸਿੰਘ ਨੂੰ ਦਬੰਗ ਆਦਮੀ ਦੱਸਦੇ ਹੋਏ ਉਨ੍ਹਾਂ ਦੀ ਖੂਬੀਆਂ ਦਾ ਹਵਾਲਾ ਦਿੱਤਾ। ਸਰਨਾ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਆਪਣੇ ਨਾਲ ਸੂਝਵਾਨ ਤੇ ਸਤਿਕਾਰਤ ਸਿੱਖਾਂ ਨੂੰ ਨਾਲ ਰੱਖਦੇ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ ਲਾਇਆ ਗਿਆ ਬੂਟਾ ਹੁਣ ਦਰਖੱਤ ਬਣ ਗਿਆ ਸੀ। ਪਰ ਮੌਜੂਦਾ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਨਾਲਾਇਕੀ ਕਰਕੇ ਇਹ ਦਰਖੱਤ ਹੁਣ ਢਹਿਣ ਦੇ ਕਗਾਰ ਉਤੇ ਖੜ੍ਹਾ ਹੈ। ਸਭ ਤੋਂ ਅਮੀਰ ਕਮੇਟੀ ਹੁਣ 700 ਕਰੋੜ ਰੁਪਏ ਦੇ ਕਰਜ਼ੇ ਥੱਲ੍ਹੇ ਖੜ੍ਹੀ ਹੈ। ਸਰਨਾ ਨੇ ਦਿੱਲੀ ਕਮੇਟੀ ਪ੍ਰਬੰਧਕਾਂ ‘ਚ ਮੀਰ ਮੰਨੂ ਤੇ ਜ਼ਕਰੀਆ ਖਾਨ ਦੀ ਰੂਹ ਆਉਣ ਦਾ ਦਾਅਵਾ ਕਰਦੇ ਹੋਏ ਸੰਗਤਾਂ ਨੂੰ ਇਨ੍ਹਾਂ ਦਾ ਸਮਾਜਿਕ ਬਾਇਕਾਟ ਕਰਨ ਦਾ ਸੱਦਾ ਦਿੱਤਾ।

ਹਰਭਜਨ ਸਿੰਘ ਨੇ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਨੇ ਕੁੜੀਆਂ ਲਈ ਮਾਤਾ ਸੁੰਦਰੀ ਕਾਲਜ ਦੀ ਸਥਾਪਨਾ ਕਰਕੇ ਸਿੱਖ ਪਰਿਵਾਰਾਂ ਦੀ ਤਰੱਕੀ ਦੀ ਰਾਹ ਖੋਲ੍ਹ ਦਿੱਤਾ ਸੀ। ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇੱਕ ਮੁੰਡਾ ਉੱਚ ਸਿੱਖਿਆ ਲੈਕੇ ਸਿਰਫ ਆਪਣਾ ਭਲਾ ਕਰਦਾ ਹੈ, ਪਰ ਇੱਕ ਕੁੜੀ ਉੱਚ ਸਿੱਖਿਆ ਨਾਲ ਪੂਰੇ ਪਰਿਵਾਰ ਦੀ ਤਰੱਕੀ ਦਾ ਰਾਹ ਖੋਲ੍ਹ ਦਿੰਦੀ ਹੈਂ। ਬਾਠ ਨੇ ਦਿੱਲੀ ਕਮੇਟੀ ਤੇ ਸਕੂਲਾਂ ਦੇ ਪ੍ਰਬੰਧ ਦੀਆਂ ਉਣਤਾਈਆਂ ਲਈ ਮੈਂਬਰਾਂ ਦੇ ਨਾਲ ਸੰਗਤਾਂ ਨੂੰ ਵੀ ਦੋਸ਼ੀ ਕਰਾਰ ਦਿੱਤਾ, ਜਿਹੜੀਆਂ ਮੈਂਬਰਾਂ ਨੂੰ ਲਾਲਚਾਂ ਅਧੀਨ ਚੁਣਦੀਆਂ ਹਨ। ਡਾਕਟਰ ਹਰਮੀਤ ਸਿੰਘ ਨੇ ਜਥੇਦਾਰ ਸੰਤੋਖ ਸਿੰਘ ਵੱਲੋਂ ਸਕੂਲਾਂ ਅਤੇ ਕਾਲਜਾਂ ਦੀਆਂ ਪ੍ਰਬੰਧ ਕਮੇਟੀਆਂ ‘ਚ ਸਿਆਸੀ ਦਖਲਅੰਦਾਜ਼ੀ ਨਹੀਂ ਕਰਨ ਨੂੰ ਇਨ੍ਹਾਂ ਅਦਾਰਿਆਂ ਦੀ ਤਰੱਕੀ ਦਾ ਕਾਰਨ ਦਸਿਆ।

ਜੀਕੇ ਨੇ ਬੁਲਾਰਿਆਂ ਦੀਆਂ ਗੱਲਾਂ ਨਾਲ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਜੇਕਰ ਜਥੇਦਾਰ ਸੰਤੋਖ ਸਿੰਘ ਦਾ ਜੀਵਨ 1981 ਤੋਂ ਅੱਗੇ ਵੱਧਦਾ ਤਾਂ ਨਾਂ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਹੋਣਾ ਸੀ ਤੇ ਨਾ ਹੀ 84 ਕਤਲੇਆਮ ਹੋਣਾ ਸੀ। ਜਥੇਦਾਰ ਸੰਤੋਖ ਸਿੰਘ ਦੀ ਲਿਆਕਤ ਅਤੇ ਨੇਕ ਨੀਤੀ ਨੇ ਦਿੱਲੀ ‘ਚ ਪੰਥਕ ਸਿੱਖਿਆ ਦਾ ਮੁੱਢ ਬੰਨ੍ਹਣ ਦਾ ਕੰਮ ਕੀਤਾ ਸੀ। ਸਟੇਜ ਸਕੱਤਰ ਦੀ ਸੇਵਾ ਸੰਭਾਲਦੇ ਹੋਏ ਦਿੱਲੀ ਕਮੇਟੀ ਨੇ ਸਾਬਕਾ ਮੀਡੀਆ ਸਲਾਹਕਾਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਿੰਘ ਸਭਾ ਲਹਿਰ ਦੇ ਮੋਢੀ ਪ੍ਰੋਫੈਸਰ ਗੁਰਮੁੱਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀ ਪੰਥਕ ਸਿੱਖਿਆ ਦੀ ਉਸਾਰੀ ਦੇ ਸਫ਼ਰ ਵਿੱਚ ਦੇਨ ਨੂੰ ਯਾਦ ਕੀਤਾ। ਇਸ ਮੌਕੇ ਉਘੇ ਉਦਯੋਗਪਤੀ ਡਾਕਟਰ ਰਜਿੰਦਰ ਸਿੰਘ ਚੱਡਾ, ਰਘਬੀਰ ਸਿੰਘ ਜੌੜਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਡਾ, ਸ਼੍ਰੋਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ, ਭੁਪਿੰਦਰ ਸਿੰਘ ਅਨੰਦ, ਗੁਰਮਿੰਦਰ ਸਿੰਘ ਮਠਾੜੂ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਬੀਬੀ ਰਣਜੀਤ ਕੌਰ, ਸਤਨਾਮ ਸਿੰਘ ਖੀਵਾ, ਮਹਿੰਦਰ ਸਿੰਘ, ਜਤਿੰਦਰ ਸਿੰਘ ਸਾਹਨੀ, ਤਜਿੰਦਰ ਸਿੰਘ ਗੋਪਾ, ਕੁਲਤਾਰਨ ਸਿੰਘ, ਅਨੂਪ ਸਿੰਘ ਘੁੰਮਣ, ਜਤਿੰਦਰ ਸਿੰਘ ਸੋਨੂੰ, ਸੁਖਵਿੰਦਰ ਸਿੰਘ ਬੱਬਰ ਤੇ ਸਤਨਾਮ ਸਿੰਘ ਜੱਗਾ ਦੇ ਨਾਲ ਹੀ ਸਾਬਕਾ ਦਿੱਲੀ ਕਮੇਟੀ ਮੈਂਬਰ ਹਰਿੰਦਰ ਪਾਲ ਸਿੰਘ, ਹਰਜੀਤ ਸਿੰਘ ਜੀਕੇ, ਹਰਜਿੰਦਰ ਸਿੰਘ, ਤੇਜਪਾਲ ਸਿੰਘ, ਗੁਰਦੇਵ ਸਿੰਘ ਭੋਲਾ, ਮੰਗਲ ਸਿੰਘ, ਇਸਤਰੀ ਆਗੂ ਬੀਬੀ ਮਨਦੀਪ ਕੌਰ ਬਖਸ਼ੀ ਅਤੇ ਰਾਮਗੜ੍ਹੀਆ ਆਗੂ ਸੁਖਦੇਵ ਸਿੰਘ ਰਿਆਤ, ਜਗਜੀਤ ਸਿੰਘ ਮੁਦੱੜ ਆਦਿਕ ਮੌਜੂਦ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>