ਅਮਰੀਕਾ ਦੀ ਰਾਈਟ ਸਟੇਟ ਯੁਨੀਵਰਸਿਟੀ ‘ਚ ਮਨਾਇਆ ਨਵਾਂ ਸਾਲ ਅਤੇ ਵਿਸਾਖੀ, ਸਜਾਈਆਂ ਗਈਆਂ ਦਸਤਾਰਾਂ

Picture_DrValerieStoker_GuestSpeaker.resizedਡੇਟਨ, ਅਮਰੀਕਾ, (ਸਮੀਪ ਸਿੰਘ ਗੁਮਟਾਲਾ): ਅਮਰੀਕਾ ਦੇ ਸੂਬੇ ਓਹਾਇਓ ਦੇ ਵਿਸ਼ਵ ਪ੍ਰਸਿੱਧ ਸ਼ਹਿਰ ਡੇਟਨ ਸਥਿਤ ਰਾਈਟ ਸਟੇਟ ਯੁਨੀਵਰਸਿਟੀ ਦੀ ਸਿੱਖ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਸਿੱਖਾਂ ਦੇ ਨਵੇਂ ਸਾਲ, ਖਾਲਸਾ ਸਾਜਨਾ ਦਿਵਸ ਅਤੇ ਵਾਢੀ ਦੇ ਤਿਉਹਾਰ ਵਿਸਾਖੀ ਨੁੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ “ਸਿੱਖ ਨਿਉ ਯੀਅਰ ਐਂਡ ਹਾਰਵੈਸਟ ਫੈਸਟੀਵਲ – ਵਿਸਾਖੀ” ਆਯੋਜਤ ਕੀਤਾ ਗਿਆ। ਇਸ ਦੇ ਆਯੋਜਨ ਵਿੱਚ ਯੁਨੀਵਰਸਿਟੀ ਦੇ ਸਾਬਕਾ ਸਿੱਖ ਵਿਦਿਆਰਥੀਆਂ, ਸਿੱਖ ਸੋਸਾਇਟੀ ਆਫ ਡੇਟਨ ਅਤੇ ਸਿਨਸਿਨਾਟੀ ਦੇ ਸਿੱਖ ਭਾਈਚਾਰੇ ਨੇ ਸਹਿਯੋਗ ਕੀਤਾ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਯੁਨੀਵਰਸਿਟੀ ਦੇ ਇੰਜਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਸਲਾਹਕਾਰ ਡਾ. ਕੁਲਦੀਪ ਸਿੰਘ ਰਤਨ ਨੇ ਮਹਿਮਾਨਾਂ ਦਾ ਉਦਘਾਟਨੀ ਭਾਸ਼ਨ ਨਾਲ ਨਿੱਘਾ ਸੁਆਗਤ ਕੀਤਾ ਅਤੇ ਯੁਨੀਵਰਸਿਟੀ ਵਿੱਚ ਸੱਭਿਆਚਾਰਕ ਜਾਗਰੂਕਤਾ ਅਤੇ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਸਮਾਗਮ ਦੇ ਆਯੋਜਨ ਲਈ ਪ੍ਰਧਾਨ ਹਰਸ਼ਦੀਪ ਸਿੰਘ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

Picture_Group_WrightState.resizedਉਹਨਾਂ ਦੱਸਿਆ ਕਿ ਸਿੱਖ ਕੈਲੰਡਰ ‘ਚ ਨਵੇਂ ਸਾਲ ਦੀ ਸ਼ੁਰੂਆਤ 14 ਮਾਰਚ ਨੂੰ ਚੇਤ ਮਹੀਨੇ ਨਾਲ ਹੋਈ। ਇਸੇ ਤਰਾਂ ਸਿੱਖ ਕੈਲੰਡਰ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚੋਂ ਵਿਸਾਖੀ, ਦੂਜੇ ਮਹੀਨੇ ਵੈਸਾਖ ਦੇ ਪਹਿਲੇ ਦਿਨ (13 ਅਪੈ੍ਰਲ 2024) ਨੂੰ ਮਨਾਇਆ ਜਾਵੇਗੀ। ਇਹ ਪੰਜਾਬ ਵਿੱਚ ਵਾਢੀ ਦਾ ਤਿਉਹਾਰ ਹੈ ਅਤੇ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਸੀ।

ਸਮਾਗਮ ਦੇ ਮੁੱਖ ਬੁਲਾਰੇ ਯੂਨੀਵਰਸਿਟੀ ਵਿੱਚ ਧਰਮ ਦੇ ਵਿਸ਼ੇ ਦੇ ਪ੍ਰੋਫੈਸਰ ਡਾ. ਵੈਲਰੀ ਸਟੋਕਰ ਨੇ ਸਿੱਖ ਧਰਮ, ਇਤਿਹਾਸ ਅਤੇ ਵਿਸਾਖੀ ਦੀ ਮਹੱਤਤਾ ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ, ਗੁਰਬਾਣੀ ਕੀਰਤਨ, ਖਾਲਸੇ ਦੀ ਸਾਜਨਾ, ਪੰਜ ਪਿਆਰੇ, ਕਕਾਰ, ਅਤੇ ਲੰਗਰ ਵਰਗੇ ਵਿਸ਼ੇ ਸ਼ਾਮਲ ਸਨ। ਉਹਨਾਂ ਮੋਂਟਰੀਅਲ ਕੈਨੇਡਾ ਦੇ ਗੁਰਦੁਆਰੇ ਵਿੱਚ ਲੰਗਰ ਛਕਣ ਦਾ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਸਿੱਖ ਜੀਵਨ ਢੰਗ ਵਿੱਚ ਸਮਾਨਤਾ ਅਤੇ ਸੇਵਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਹਨਾਂ ਕਿਹਾ ਕਿ ਸਿੱਖਾਂ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਣੇ ਦੁਨੀਆਂ ਭਰ ‘ਚ ਮੁਫਤ ਭੋਜਨ (ਲੰਗਰ) ਦੀ ਸੇਵਾ ਕਰਕੇ ਹਰ ਰੋਜ਼ ਲੱਖਾਂ ਲੋਕਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ।

ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸਮੀਪ ਸਿੰਘ ਗੁਮਟਾਲਾ ਅਨੁਸਾਰ ਅਮਰੀਕਾ ਵਿੱਚ 11 ਸਤੰਬਰ (9/11) ਦੇ ਹਮਲਿਆਂ ਤੋਂ ਬਾਦ ਇਹ ਸਮਾਗਮ ਪਹਿਲੀ ਵਾਰ ਅਪ੍ਰੈਲ 2003 ਵਿੱਚ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਸੀ। ਅਜਿਹੇ ਸਮਾਗਮਾਂ ਦਾ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰਨਾਂ ਆਏ ਹੋਏ ਮਹਿਮਾਨਾਂ ਨੂੰ ਸਿੱਖਾਂ ਅਤੇ ਇਹਨਾਂ ਦੀ ਵੱਖਰੀ ਪਛਾਣ ਬਾਰੇ ਜਾਗਰੂਕ ਕਰਨ ਸਣੇ ਸਿੱਖਾਂ ਦੇ ਗੋਰਵ ਮਈ ਵਿਰਸੇ ਤੋਂ ਜਾਣੂ ਕਰਾਉਣਾ ਹੈ। ਯੁਨੀਵਰਸਿਟੀ ਦੇ ਵਿਦਿਆਰਥੀ ਹਰਸ਼ਦੀਪ ਸਿੰਘ, ਜੈਸਮੀਨ ਕੌਰ, ਗੁਰਲੀਨ ਕੌਰ, ਹਰਸੀਰਤ ਕੌਰ, ਗਗਨ ਕੌਰ ਅਤੇ ਹਿਮਾਨੀ ਨਾਰੰਗ ਨੇ ਹਰਿਮੰਦਰ ਸਾਹਿਬ, ਕੇਸ਼ ਦੀ ਮਹੱਤਤਾ, ਅਤੇ ਸਿੱਖ ਕੈਲੰਡਰ ਅਤੇ ਸਿੱਖ ਧਰਮ ਸੰਬੰਧੀ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ, ਸਿੱਖ ਇਤਿਹਾਸ, ਸਿੱਖ ਸਮਾਜ ਵਿਚ ਔਰਤ ਦਾ ਸਥਾਨ, ਸੇਵਾ ਦਾ ਸੰਕਲਪ, ਭਾਰਤ ਦੀ ਅਜ਼ਾਦੀ, ਵਿਸ਼ਵ ਜੰਗਾਂ ਤੇ ਅਮਰੀਕਾ ਦੀ ਫੌਜ ‘ਚ ਸਿੱਖਾਂ ਦਾ ਯੋਗਦਾਨ ਅਤੇ ਵਿਆਹ ਤੇ ਤਿਉਹਾਰਾਂ ਨੂੰੰ ਦਰਸਾਉਂਦੀ ਹੋਈ ਇਕ ਪ੍ਰਦਰਸ਼ਨੀ ਲਗਾਈ ਗਈ। ਇਸ ਵਿਚ ਤਸਵੀਰਾਂ ਤੇ ਪੋਸਟਰਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਸੰਬੰਧਤ ਪੁਸਤਕਾਂ, ਕੜੇ, ਹਰਮੋਨੀਅਮ, ਦਿਲਰੂਬਾ, ਰਬਾਬ ਅਤੇ ਤਬਲੇ ਸਣੇ ਸੰਗੀਤ ਦੇ ਸਾਜ਼ ਵੀ ਪ੍ਰਦਰਸ਼ਿਤ ਕੀਤੇ ਗਏ।

ਸਮਾਗਮ ਦਾ ਇੱਕ ਹੋਰ ਮੁੱਖ ਆਕਰਸ਼ਨ ਅਮਰੀਕਾ ਸਣੇ ਦੁਨੀਆਂ ਭਰ ਤੋਂ ਯੁਨੀਵਰਸਿਟੀ ਵਿੱਚ ਪੜਨ ਆਏ ਵਿਦਿਆਰਥੀਆਂ ਅਤੇ ਹੋਰ ਮਹਿਮਾਨਾਂ ਲਈ ਤਜਰਬੇਕਾਰ ਵਲੰਟੀਅਰਾਂ ਦੀ ਅਗਵਾਈ ਵਿੱਚ ਦਸਤਾਰ ਸਜਾਉਣ ਦਾ ਸੈਸ਼ਨ ਸੀ। ਵੱਡੀ ਗਿਣਤੀ ਵਿੱਚ ਮਹਿਮਾਨਾਂ ਨੇ ਦਸਤਾਰ ਬੰਨਣ ਦਾ ਅਨੁਭਵ ਕੀਤਾ। ਉਹਨਾਂ ਨੂੰ ਸਿੱਖ ਵਿਦਿਆਰਥੀਆਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਉਹਨਾਂ ਇਸ ਦੀ ਮਹੱਤਤਾ, ਵੱਖ-ਵੱਖ ਰੰਗਾਂ ਅਤੇ ਦਸਤਾਰ ਬੰਨਣ ਦੇ ਵੱਖ-ਵੱਖ ਸਟਾਈਲ ਆਦਿ ਬਾਰੇ ਕਈ ਦਿਲਚਸਪ ਸਵਾਲ ਵੀ ਪੁੱਛੇ।

ਵਾਢੀ ਤੇ ਤਿਉਹਾਰ ਵੇਲੇ ਮਨਾਈ ਜਾਂਦੀ ਖੁਸ਼ੀ ਨਾਲ ਸੰਬੰਧਤ ਪੰਜਾਬੀ ਲੋਕ ਨਾਚ ਗਿੱਧਾ ਸਮਾਪਤੀ ਤੇ ਵਿਦਿਆਰਥਣਾਂ ਦੁਆਰਾ ਪੇਸ਼ ਕੀਤਾ ਗਿਆ। 250 ਤੋਂ ਵੱਧ ਮਹਿਮਾਨਾਂ ਨੇ ਜੀਤ ਇੰਡੀਆ ਰੈਸਟੋਰੈਂਟ ਦੇ ਖਾਣੇ (ਸਮੋਸੇ, ਗੁਲਾਬ ਜਾਮੁਨ, ਛੋਲੇ, ਨਾਨ ਅਤੇ ਚੌਲ) ਦਾ ਅਨੰਦ ਮਾਣਿਆ। ਰਾਈਟ ਸਟੇਟ ਵਿਖੇ ਸਿੱਖ ਨਵੇਂ ਸਾਲ ਅਤੇ ਵਿਸਾਖੀ ਸੰਬੰਧੀ ਆਯੋਜਿਤ ਇਸ ਵਿਸ਼ੇਸ਼ ਪ੍ਰੋਗਾਰਮ ਨੇ ਸੱਭਿਆਚਾਰਕ ਸਮਝ ਨੂੰ ਉਤਸ਼ਾਹਿਤ ਕਰਦੇ ਹੋਏ ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਦੀ ਮਿਸਾਲ ਦਿੱਤੀ। ਵੱਖ-ਵੱਖ ਮੁਲਕਾਂ ਅਤੇ ਸਭਿਆਚਾਰਾਂ ਤੋਂ ਆਏ ਮਹਿਮਾਨ ਆਪਣੇ ਨਾਲ ਸਿੱਖ ਪਰੰਪਰਾਵਾਂ ਦੀ ਡੂੰਘੀ ਸਮਝ ਲੈ ਕੇ ਗਏ

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>