ਸਭਿਆਚਾਰ ਤਿੰਨ ਮਾਵਾਂ ਦਾ ਪਸਾਰਾ ਨਿਬੰਧ ਸੰਗ੍ਰਹਿ ਪ੍ਰਕ੍ਰਿਤੀ ਤੇ ਸਭਿਆਚਾਰ ਦੀ ਪ੍ਰਸੰਸਾ: ਉਜਾਗਰ ਸਿੰਘ

IMG_1006.resizedਅਮਰ ਗਰਗ ਕਲਮਦਾਨ ਅਤੇ ਪ੍ਰੇਮ ਲਤਾ (ਪ੍ਰਿੰਸੀਪਲ) ਆਪਣੇ ਸਾਂਝੇ ਨਿਬੰਧ ਸੰਗ੍ਰਹਿ ‘ਸਭਿਆਚਾਰ ਤਿੰਨ ਮਾਵਾਂ ਦਾ ਪਸਾਰਾ’ ਵਿੱਚ ਸਭਿਅਤਾ ਅਤੇ ਸਭਿਆਚਾਰ ਦਾ ਆਧਾਰ ਧਰਤੀ ਮਾਤਾ, ਜਨਮਦਾਤੀ ਮਾਂ ਅਤੇ ਗਊ ਨੂੰ ਮੰਨਦੇ ਹਨ। ਉਨ੍ਹਾਂ ਦੇ ਇਸ ਨਿਬੰਧ ਸੰਗ੍ਰਹਿ ਵਿੱਚ 29 ਲੇਖ ਹਨ, ਜਿਨ੍ਹਾਂ ਵਿਚੋਂ 21 ਲੇਖ ਪ੍ਰੇਮ ਲਤਾ (ਪ੍ਰਿੰਸੀਪਲ) ਦੇ ਅਤੇ ਬਾਕੀ ਅਮਰ ਗਰਗ ਕਲਮਦਾਨ ਦੇ ਹਨ। ਅਮਰ ਗਰਗ ਕਲਮਦਾਨ ਨੇ ਆਪਣੇ ਲੇਖਾਂ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪ੍ਰਕ੍ਰਿਤੀ ਦੀਆਂ ਵਸਤੂਆਂ ਦੀ ਪੂਜਾ ਇਨਸਾਨ ਨੇ ਆਪਣੀਆਂ ਲੋੜਾਂ ਦੀ ਪੂਰਤੀ ਨੂੰ ਮੁੱਖ ਰੱਖਕੇ ਕਰਨੀ ਸ਼ੁਰੂ ਕੀਤੀ ਸੀ। ਉਸ ਸਮੇਂ ਅੱਗ, ਪਾਣੀ, ਹਵਾ ਦੀ ਜ਼ਰੂਰਤ ਪ੍ਰਕ੍ਰਿਤੀ ਵਿੱਚੋਂ ਹੀ ਪ੍ਰਾਪਤ ਹੁੰਦੀ ਸੀ। ਅੱਗ ਦੇ ਆਲੇ ਦੁਆਲੇ ਫੇਰੇ ਲੈਣੇ ਤੇ ਖਵਾਜਾ (ਖੂਹ) ਦੀ ਪੂਜਾ ਦਾ ਵੀ ਇਹੋ ਕਾਰਨ ਹੈ।  ਉਨ੍ਹਾਂ ਇਹ ਵੀ ਲਿਖਿਆ ਹੈ ਕਿ ਪੱਛਮ ਵਿੱਚ ਨਿਰਾਕਾਰ ਈਸ਼ਵਰ ਅਤੇ ਪੂਰਵ ਵਿੱਚ ਇਸ ਦੇ ਉਲਟ ਆਕਾਰ ਵਾਲੇ ਈਸ਼ਵਰ ਦੀ ਪੂਜਾ ਕੀਤੀ ਜਾਂਦੀ ਹੈ। ਭਾਵ ਭਾਰਤ ਵਿੱਚ ਆਕਾਰ ਵਾਲੇ ਈਸ਼ਵਰ ਦੀ ਪੂਜਾ ਕੀਤੀ ਜਾਂਦੀ ਹੈ, ਕਿਉਂਕਿ ਪ੍ਰਕਿਰਤੀ ਹੀ ਈਸ਼ਵਰ ਦਾ ਜੀਵੰਤ ਰੂਪ ਹੈ। ਇਸ ਸੰਗ੍ਰਹਿ ਵਿੱਚ ਲੇਖਕ ਨੇ ਨਿਰਾਕਾਰ ਪ੍ਰਤਾਤਮਾ ਨੂੰ ਨਕਾਰਿਆ ਅਤੇ ਸਥੂਲ ਵਸਤਾਂ ਦੀ ਪੂਜਾ ਦੀ ਪ੍ਰੋੜ੍ਹਤਾ ਕੀਤੀ ਹੈ। ਅਮਰ ਗਰਗ ਕਲਮਦਾਨ ਨੇ ਆਪਣੀ ਵਿਸ਼ੇਸ਼ ਵਿਚਾਰਧਾਰਾ ਦੀ ਪ੍ਰੋੜਤਾ ਕਰਨ ਲਈ ਇਤਿਹਾਸ ਅਤੇ ਮਿਥਿਹਾਸ ਵਿੱਚੋਂ ਉਦਾਹਰਨਾ ਦੇ ਕੇ ਆਪਣੇ ਲੇਖਾਂ ਨੂੰ ਸਾਰਥਿਕਤਾ ਦਿੱਤੀ ਹੈ।  ਸਾਰੇ ਲੇਖਾਂ ਵਿੱਚ ਦੋਵੇਂ ਲੇਖਕਾਂ ਨੇ ਬਹੁਤ ਹੀ ਬਰੀਕੀ ਨਾਲ ਇਨਸਾਨੀ ਲੋੜਾਂ ਦੀ ਪੂਰਤੀ ਲਈ ਪੜਾਅ ਵਾਰ ਹੋਏ ਵਿਕਾਸ ਦਾ ਜ਼ਿਕਰ ਕੀਤਾ ਹੈ। ਨਿਬੰਧ ਸੰਗ੍ਰਹਿ ਵਿੱਚ ਲਿਖਿਆ ਹੈ ਕਿ ਸਭਿਅਤਾ ਅਤੇ ਸਭਿਅਚਾਰ ਨੂੰ ਵਰਤਮਾਨ ਰੂਪ ਦੇਣ ਵਿੱਚ ਤਿੰਨ ਮਾਵਾਂ ਧਰਤੀ ਮਾਂ, ਜਨਮਦਾਤੀ ਮਾਂ ਅਤੇ ਗਊ ਮਾਂ ਦਾ ਵਿਲੱਖਣ ਯੋਗਦਾਨ ਹੈ। ਧਰਤੀ ਮਾਤਾ ਇਨਸਾਨ ਦੀਆਂ ਪ੍ਰਾਚੀਨ ਸਮੇਂ ਤੋਂ ਹੀ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਦੀ ਆ ਰਹੀ ਹੈ, ਇਸ ਤੇ ਹੀ ਇਨਸਾਨ, ਅਨਾਜ, ਰੁੱਖ ਅਤੇ ਸਾਰੇ ਪਸਾਰੇ ਵਿਚਰਦੇ ਹਨ। ਜਨਮਦਾਤੀ ਮਾਂ ਸ੍ਰਿਸ਼ਟੀ ਦੀ ਸਿਰਜਕ ਹੈ। ਇਸ ਤੋਂ ਬਿਨਾ ਸ੍ਰਿਸ਼ਟੀ ਦੀ ਹੋਂਦ ਅਸੰਭਵ ਹੈ। IMG_1005.resizedਤੀਜੀ ਗਊ ਮਾਂ ਇਨਸਾਨ ਨੂੰ ਦੁੱਧ ਅਤੇ ਇਥੋਂ ਤੱਕ ਆਪਣਾ ਚਮੜਾ ਜੁਤੇ ਬਗੈਰਾ ਬਣਾਉਣ ਲਈ ਦਿੰਦੀ ਹੈ। ਗਊ ਮਾਂ ਦੇ ਬੱਛੜੇ ਬਲਦਾਂ ਦੇ ਰੂਪ ਵਿੱਚ ਫ਼ਸਲਾਂ ਦੀ ਕਾਸ਼ਤ ਲਈ ਖੇਤੀਬਾੜੀ ਵਿੱਚ ਕੰਮ ਆਉਂਦੇ ਹਨ। ਇਸ ਨੂੰ ਕਿਰਤ ਨਾਲ ਵੀ ਜੋੜਿਆ ਜਾਂਦਾ ਹੈ। ਇਨ੍ਹਾਂ ਤਿੰਨਾ ਨਾਲ ਹੀ ਸਭਿਅਤਾ ਵਿਕਸਤ ਹੁੰਦੀ ਹੈ। ਰੀਤੀ ਰਿਵਾਜ, ਬੋਲੀ, ਸੰਗੀਤ ਸਾਡੇ ਸਭਿਆਚਾਰ ਦਾ ਹਿੱਸਾ ਹਨ। ਸਭਿਅਤਾ ਤੋਂ ਹੀ ਸਭਿਆਚਾਰ ਬਣਦਾ ਹੈ।  ਸਭਿਆਚਾਰ ਸਿਰਜਣ ਵਿੱਚ ਇਨ੍ਹਾਂ ਤਿੰਨਾ ਦਾ ਯੋਗਦਾਨ ਹੈ। ਬੋਲੀ ਲਈ ਲਿਪੀ ਦੀ ਲੋੜ ਹੁੰਦੀ ਹੈ। ਪ੍ਰਮੁੱਖ ਸਾਹਿਤ ਰਿਗਵੇਦ, ਬਾਲਮੀਕ ਰਮਾਇਣ, ਮਹਾਂ ਭਾਰਤ, ਪਾਨਿਣੀ ਦੀ ਵਿਆਕਰਣ ਅਤੇ ਉਸ ਤੋਂ ਬਾਅਦ ਨਾਥ ਜੋਗੀਆਂ, ਭਗਤੀ ਲਹਿਰ ਅਤੇ ਪੰਦਰਵੀਂ ਸਦੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸ ਗੁਰੂਆਂ ਨੇ ਬਾਣੀ ਦੀ ਰਚਨਾ ਕੀਤੀ। ਬਾਣੀ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਸ਼ੁਰੂ ਕੀਤੀ।  ਸਾਂਝੇ ਪੰਜਾਬ ਵਿੱਚ ਈਸ਼ਵਰਵਾਦੀਆਂ ਨੇ ਪੰਜਾਬੀ ਤੇ ਹਮਲਾ ਕਰਦਿਆਂ ਪੰਜਾਬੀ ਨੂੰ ਸ਼ਾਹਮੁਖੀ ਵਿੱਚ ਲਿਖਣਾ ਸ਼ੁਰੂ ਕੀਤਾ। ਉਰਦੂ ਬੋਲਣ ਦਾ ਚਲਣ ਚਲਾਇਆ। ਭਾਰਤੀ ਸੰਸਕ੍ਰਿਤੀ ਵਿੱਚ 22 ਭਾਸ਼ਾਵਾਂ ਗੁਲਾਬ ਦੇ ਫੁੱਲ ਦੀ ਤਰ੍ਹਾਂ ਹਨ। ਕਲਮਦਾਨ ਪੰਜਾਬੀ ਤੇ ਹਿੰਦੀ ਵਿੱਚ ਕੁਝ ਤੱਤਾਂ ਵੱਲੋਂ ਬਖੇੜਾ ਪਾਉਣ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬੀ ਦੇ ਨਾਲ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਵਕਾਲਤ ਕਰਦੇ ਹਨ। ‘ਮਾਤਰੀ ਦੇਵੀ ਦੀ ਪੂਜਾ ਦਾ ਪੰਜਾਬੀ ਸਭਿਅਚਾਰ ਵਿੱਚ ਅਹਿਮ ਸਥਾਨ’ ਲੇਖ ਵਿੱਚ ਕਲਮਦਾਨ ਨੇ ਸੀਤਲਾ ਮਾਤਾ ਦੀ ਪੂਜਾ ਨੂੰ ਵਿਗਿਆਨਕ ਤੌਰ ‘ਤੇ ਸਹੀ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਨਿਬੰਧ ਸੰਗ੍ਰਹਿ ਵਿੱਚ ਪ੍ਰੇਮ ਲਤਾ (ਪ੍ਰਿੰਸੀਪਲ) ਨੇ ਆਪਣੇ ਲੇਖਾਂ ਵਿੱਚ ਮੁੱਖ ਤੌਰ ਤੇ ਪੰਜਾਬੀ ਸਭਿਅਚਾਰ ਦੀ ਤਸਵੀਰ ਪੇਸ਼ ਕੀਤੀ ਹੈ। ਕਲਮਦਾਨ ਦੇ ਵਿਸ਼ੇ ਨਾਲੋਂ ਉਨ੍ਹਾਂ ਦਾ ਵਿਸ਼ਾ ਬਿਲਕੁਲ ਵੱਖਰਾ ਹੈ। ਇਕ ਇਸਤਰੀ ਹੋਣ ਦੇ ਨਾਤੇ ਖਾਸ ਤੌਰ ‘ਤੇ ਇਸਤਰੀਆਂ ਨਾਲ ਪੰਜਾਬੀ ਸਭਿਅਚਾਰ ਦੇ ਗੂੜ੍ਹੇ ਸੰਬੰਧਾਂ ਦਾ ਪ੍ਰਗਟਾਵਾ ਵਿਸਤਾਰ ਨਾਲ ਬਾਕਮਾਲ ਕੀਤਾ ਹੈ।   ਤ੍ਰਿੰਝਣ ਨੂੰ ਕਿਰਤ ਤੇ ਕਲਾ ਦੀ ਸੰਗਮ ਤੇ ਚਰਖੇ ਨੂੰ ਪੰਜਾਬੀ ਸਭਿਅਚਾਰ ਦਾ ਸੂਤਰਧਾਰ ਕਿਹਾ ਹੈ। ਚਰਖਾ ਘਰੇਲੂ ਉਦਯੋਗ ਤੇ ਇਸਤਰੀਆਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਵੀ ਹੈ।  ਇਕ ਗੀਤ ਦੇ ਬੋਲ ਹਨ: ‘ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ’। ਏਸੇ ਤਰ੍ਹਾਂ ਸਾਉਣ ਦਾ ਮਹੀਨਾ, ਤੀਆਂ ਤੇ ਪਿੱਪਲੀਂ ਪੀਂਘਾਂ, ਕਾਲਿਆਂ ਬਾਗਾਂ ਦੀ ਮਹਿੰਦੀ, ਸ਼ਿੰਗਾਰ ਰਸ ਅਤੇ ਵਣਜਾਰਾ ਵੀ ਇਸਤਰੀਆਂ ਦੇ ਦਿਲ ਦੀ ਹੂਕ ਹਨ। ਇਹ ਸਭਿਅਚਾਰ ਚਿਰ ਸਥਾਈ ਹੈ, ਮਹਿੰਦੀ, ਦੰਦਾਸਾ, ਝਾਂਜਰਾਂ, ਚੂੜੇ ਆਦਿ ਸ਼ਿੰਗਾਰ ਰਸ ਦਾ ਪ੍ਰਗਟਾਵਾ ਕਰਦੇ ਹਨ। ਸ਼ਿੰਗਾਰ ਰਸ ਸਾਰੇ ਰਸਾਂ ਦਾ ਮੁੱਖੀ ਤੇ ਪ੍ਰੇਮ ਮੁਹੱਬਤ ਦਾ ਪ੍ਰਤੀਕ ਹੈ। ਸ਼ਿੰਗਾਰ ਕਰਨਾ ਔਰਤ ਦੀ ਕਮਜ਼ੋਰੀ ਹੈ। ਵਣਜਾਰਿਆਂ ਦਾ ਆਉਣਾ ਇਸਤਰੀਆਂ ਦੇ ਚਾਵਾਂ ਮਲ੍ਹਾਰਾਂ ਵਿੱਚ ਚੁਲਬਲੀ ਛੇੜਦਾ ਹੈ। ਇਹ ਪੰਜਾਬੀ ਸਭਿਅਚਾਰ ਦੀ ਰੂਹ ਹਨ। ਪ੍ਰੇਮ ਲਤਾ (ਪ੍ਰਿੰਸੀਪਲ) ਨੇ ਔਰਤਾਂ ਦੇ ਹਾਰ ਸ਼ਿੰਗਾਰ ਨਾਲ ਸੰਬੰਧਤ ਕਿਸੇ ਵੀ ਗਹਿਣੇ ਅਤੇ ਜੀਵੰਤ ਤੇ ਨਿਰਜੀਵ ਵਸਤੂ ਦੀ ਮਹੱਤਤਾ ਨੂੰ ਅਣਡਿਠ ਨਹੀਂ ਕੀਤਾ, ਸਗੋਂ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਾਂਤਿਕ ਰੂਪ ਵਿੱਚ ਲਿਖਿਆ ਹੈ। ਕੰਨਾਂ ਦੇ ਗਹਿਣੇ ਪਿੱਪਲਪੱਤੀਆਂ, ਡੰਡੀਆਂ ਕਾਂਟੇ, ਸੱਗੀ ਫੁੱਲ, ਕਲਿਪ ਇਸ ਤੋਂ ਇਲਾਵਾ  ਟਿੱਕਾ, ਗਾਨੀ, ਮਾਲਾ, ਰਾਣੀ ਹਾਰ, ਜੰਜ਼ੀਰੀ, ਲਾਕਟ, ਤੀਲ੍ਹੀ, ਲੌਂਗ, ਮੱਛਲੀ ਅਤੇ ਗਜਰੇ ਆਦਿ, ਕੋਈ ਗਹਿਣਾ ਨਹੀਂ ਛੱਡਿਆ ਜਿਹੜਾ ਔਰਤਾਂ ਪਹਿਨਦੀਆਂ ਹੋਣ ਤੇ ਉਨ੍ਹਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ‘ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ’ ਵੀ ਸਾਡੇ ਅਮੀਰ ਸਭਿਆਚਾਰ ਦਾ ਹਿੱਸਾ ਹੈ। ਫੁਲਕਾਰੀ ਸੁਹਜ ਤੇ ਸੁਹੱਪਣ ਦਾ ਪ੍ਰਗਟਾਵਾ ਕਰਦੀ ਹੈ। ਸੁਆਣੀਆਂ ਹੱਥਾਂ ਨਾਲ ਕ੍ਰਿਤ ਕਰਕੇ ਕੱਢਦੀਆਂ ਹਨ। ਇਹ ਵੀ ਔਰਤਾਂ ਦੀ ਸੁੰਦਰਤਾ ਵਿੱਚ ਵਾਧਾ ਕਰਦੀਆਂ ਹੋਈਆਂ ਉਨ੍ਹਾਂ ਦੇ ਸ਼ਿੰਗਾਰ ਦਾ ਹਿੱਸਾ ਬਣ ਗਈਆਂ ਹਨ। ਜਾਗੋ ਪੰਜਾਬੀ ਸਭਿਆਚਾਰ ਦਾ ਵਿਲੱਖਣ ਅੰਗ ਹੈ, ਇਸਤਰੀਆਂ ਵਿਆਹ ਤੋਂ ਪਹਿਲਾਂ ਜਾਗੋ ਲੈ ਕੇ ਗੁਆਂਢੀਆਂ ਤੇ ਨਜ਼ਦੀਕੀਆਂ ਦੇ ਘਰਾਂ ਵਿੱਚ ਜਾਂਦੀਆਂ ਹਨ। ਗੀਤ ਗਾ ਕੇ ਬੋਲੀਆਂ ਤੇ ਤਾਅਨੇ ਮਾਰਦੀਆਂ ਹਨ।  ਛੱਜ ਭੰਨਿਆਂ ਜਾਂਦਾ ਹੈ। ਖੂਹ ਵੀ ਸਾਡੇ ਖੇਤੀਬਾੜੀ ਦੀ ਪੁਰਾਣੀ ਪ੍ਰਣਾਲੀ ਨਾਲ ਜੁੜਿਆ ਹੋਇਆ ਹੈ। ਔਰਤ ਨਾਲ ਖੂਹ ਦਾ ਸੰਬੰਧ ਇਸ ਕਰਕੇ ਹੈ ਕਿ ਪੁਰਾਣੇ ਸਮੇਂ ਵਿੱਚ ਖੂਹ ਤੋਂ ਹੀ ਪੀਣ ਵਾਲਾ ਪਾਣੀ ਭਰਿਆ ਜਾਂਦਾ ਸੀ। ਔਰਤਾਂ ਦੇ ਇਕੱਠੇ ਹੋ ਕੇ ਦੁੱਖ ਸੁੱਖ ਸਾਂਝੇ ਕਰਨ ਦਾ ਸਥਾਨ ਹੁੰਦਾ ਸੀ। ਸੂਖਮ ਕਲਾਵਾਂ ਦਾ ਸੰਬੰਧ ਵੀ ਇਨਸਾਨ ਦੀ ਮਾਨਸਿਕਤਾ ਨਾਲ ਹੈ। ਦੇਵੀ ਦੇਵਤਿਆਂ, ਪਸ਼ੂ ਪੰਛੀਆਂ, ਜਾਨਵਰਾਂ, ਕੰਧ ਚਿਤਰਾਂ, ਦਰੀਆਂ, ਖੇਸ, ਫੁਲਕਾਰੀਆਂ ਆਦਿ ਤੇ ਕਲਾਤਮਿਕ ਢੰਗ ਨਾਲ ਚਿਤਰਕਾਰੀ ਕੀਤੀ ਜਾਂਦੀ ਸੀ। ਸਾਡੇ ਸਭਿਅਚਾਰ ਦੇ ਰੁੱਖ ਅਤੇ ਪੰਛੀ ਅਨਿਖੜ ਅੰਗ ਹਨ। ਪਿੱਪਲ, ਬੋਹੜ, ਨਿੰਮ, ਟਾਹਲੀ ਆਮ ਵੇਖੇ ਜਾ ਸਕਦੇ ਸਨ ਪ੍ਰੰਤੂ ਸਮੇਂ ਦੀ ਤਬਦੀਲੀ ਨਾਲ ਲੋਕ ਇਨ੍ਹਾਂ ਨੂੰ ਕੱਟਾਈ ਜਾ ਰਹੇ ਹਨ। ਪਹਿਲੇ ਸਮੇਂ ਪਿੰਡਾਂ ਵਿੱਚ ਤ੍ਰਿਵੈਣੀ ਜਿਸ ਵਿੱਚ ਪਿੱਪਲ, ਬਰੋਟਾ ਤੇ ਨਿੰਮ ਹੁੰਦੇ ਸਨ ਹਰ ਪਿੰਡ ਵਿੱਚ ਲਗਾਏ ਜਾਂਦੇ ਸਨ। ਇਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਵਾਤਾਵਰਨ ਲਈ ਲਾਭਦਾਇਕ ਹੁੰਦੇ ਹਨ। ਪੰਛੀਆਂ ਦੀ ਗਿਣਤੀ ਵੀ ਘਟ ਗਈ ਕਿਉਂਕਿ ਹਰਾ ਇਨਕਲਾਬ ਆਉਣ ਨਾਲ ਕੀਟਨਾਸ਼ਕ ਦੀ ਵਰਤੋਂ ਕਰਕੇ ਪੰਛੀ ਖਤਮ ਹੋ ਰਹੇ ਹਨ। ਪੰਛੀ ਸੰਗੀਤਮਈ ਬੋਲੀ ਬੋਲਦੇ ਹਨ, ਜੋ ਮਨੁੱਖੀ ਮਨਾ ਨੂੰ ਮੋਂਹਦੀ ਹੈ। ਭਾਰਤੀ ਸਸੰਕ੍ਰਿਤੀ ਵਿੱਚ ਅਨੇਕਾਂ ਤਿਓਹਾਰ ਜਿਨ੍ਹਾਂ ਵਿੱਚ  ਕਰਵਾ ਚੌਥ ਦੇ ਸਮੇਂ ਅਰਘ ਦੇਣਾ, ਸਰਘੀ ਵੇਲਾ, ਮਿੱਟੀ ਦੇ ਕੁੱਜੇ ਆਦਿ ਮਹੱਤਵਪੂਰਨ ਹਨ। ਘੜੇ ਦਾ ਸਥਾਨ ਪੰਜਾਬੀ ਸਮਾਜ ਵਿੱਚ ਵਿਸ਼ੇਸ਼ ਹੈ।  ਪੀਣ ਵਾਲਾ ਪਾਣੀ ਪਾ ਕੇ ਰੱਖਣਾ ਆਮ ਜਿਹੀ ਗੱਲ ਹੈ।  ਘੜੇ ਦੀਆਂ ਕਿਸਮਾ ਵਿੱਚ ਤੌਲਾ, ਝੱਕਰਾ, ਚਾਟੀ, ਕੂੰਡਾ, ਚੂੰਗੜਾ ਅਤੇ ਸੁਰਾਹੀ ਆਦਿ ਆਉਂਦੇ ਹਨ। ਸੂਫੀ ਸਾਹਿਤ ਵਿੱਚ ਘੜਾ ਸ਼ਬਦ ਬਹੁਤ ਵਾਰੀ ਵਰਤਿਆ ਗਿਆ। ਔਰਤਾਂ ਖੂਹਾਂ ਤੋਂ ਘੜੇ ਵਿੱਚ ਪਾਣੀ ਲਿਆਉਂਦੀਆਂ ਹਨ। ਬੁਲੇ ਸ਼ਾਹ ਲਿਖਦੇ ਹਨ:

ਨੇਕ ਨਸੀਬ ਤੇਰੇ ਓ ਘੜਿਆ, ਚੜ੍ਹਿਆ ਜਾਨਾ ਢਾਕ ਪਰਾਈ।
ਚੂੜੇ ਵਾਲੀ ਬਾਂਹ ਸੱਜਣਾ ਦੀ, ਜਾਨਾ ਗਲ ਵਿੱਚ ਪਾਈ।

‘ਗਿੱਦੜ ਗਿੱਦੜੀ ਦਾ ਵਿਆਹ’ ਲੇਖ ਸਾਵਣ ਭਾਦੋਂ ਮਹੀਨਿਆਂ ਦੀ ਮਹੱਤਤਾ ਦਰਸਾਉਂਦਾ ਹੈ।  ਸਾਵਣ ਹਰਿਆਵਲ, ਪ੍ਰਕ੍ਰਿਤੀ ਤੇ ਸੁੰਦਰਤਾ ਦਾ ਪ੍ਰਤੀਕ ਹੈ। ਭਾਦੋਂ ਵਿੱਚ ਸਾਵਣ ਦੀ ਪ੍ਰਕ੍ਰਿਤੀ ਦੇ ਹੁਸਨ ਦਾ ਸਿਖ਼ਰ ਹੁੰਦਾ ਹੈ। ਭਾਦੋਂ ਵਿੱਚ ਕੜਕਦੀ ਧੁੱਪ ਤੋਂ ਤੁਰੰਤ ਬਾਅਦ ਮੀਂਹ ਦੀ ਬੋਛਾੜ ਆ ਜਾਂਦੀ ਹੈ, ਇਸ ਕਰਕੇ ਅਜਿਹੇ ਮੌਸਮ ਨੂੰ ਗਿੱਦੜ ਗਿੱਦੜੀ ਦਾ ਵਿਆਹ ਕਿਹਾ ਜਾਂਦਾ ਹੈ। ਅਜਿਹੇ ਲੇਖ ਇਸ ਕਰਕੇ ਵੀ ਜ਼ਰੂਰੀ ਹਨ ਕਿਉਂਕਿ ਮੌਸਮ ਬਦਲ ਰਹੇ ਹਨ, ਜਿਨ੍ਹਾਂ ਬਾਰੇ ਆਉਣ ਵਾਲੀਆਂ ਨਸਲਾਂ ਨੂੰ ਪਤਾ ਹੀ ਨਹੀਂ ਹੋਵੇਗਾ। ਸਵੱਛ ਵਾਤਾਵਰਨ ਲਈ ਲੇਖਕਾ ਨੇ ਨੌਂ ਨੁਕਤੇ ਦਿੱਤੇ ਹਨ, ਜਿਨ੍ਹਾਂ ਨਾਲ ਵਾਤਾਵਰਨ ਸਾਫ ਸੁਥਰਾ ਰਹਿ ਸਕਦਾ ਹੈ। ਕਸ਼ਮੀਰ ਦੀਆਂ ਚਾਰ ਮਹੱਤਵਪੂਰਨ ਔਰਤਾਂ ਰਾਣੀ ਦੀਦਾ, ਲਲਦੇਦ, ਹੱਬਾ ਖਾਤੂਨ ਅਤੇ ਕੋਟਾ ਰਾਣੀ ਦੀ ਕਾਬਲੀਅਤ ਬਾਰੇ ਜਾਣਕਾਰੀ ਦਿੱਤੀ ਹੈ। ਨੌਜਵਾਨ ਪੀੜ੍ਹੀ ਵਿੱਚੋਂ ਭਗਤ ਸਿੰਘ ਦੀ ਬਹਾਦਰੀ ਨੂੰ ਅਣਡਿਠ ਕਰਨ  ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਅਖੀਰ ਵਿੱਚ ਦੀਵਾਲੀ ਦੇ ਤਿਓਹਾਰ ਦੀ ਭਾਰਤੀ ਸਮਾਜ ਵਿੱਚ ਮਹੱਤਤਾ ਨੂੰ ਵਰਣਨ ਕੀਤਾ ਹੈ। ਉਨ੍ਹਾਂ ਪੰਜਾਬੀ ਦੇ ਗੀਤ ਸੰਗੀਤ ਸਭਿਅਚਾਰ ਵਿੱਚ ਆਈ ਗਿਰਾਵਟ ਤੇ ਚਿੰਤਾ ਪ੍ਰਗਟ ਕੀਤੀ ਹੈ। ਔਰਤਾਂ ਸੰਬੰਧੀ ਅਸਭਿਅਕ ਸ਼ਬਦਾਵਲੀ ਦੀ ਨਿੰਦਿਆ ਕੀਤੀ ਹੈ। ‘ਡੱਕ ਕਹੇ ਸੁਣ ਭੱਡਲੀ’ ਲੇਖ ਵਿੱਚ ਦੇਵਕਲੀ ਦੂਬੇ ਸਾਹਿਤਕ ਨਾਮ ਘਾਗ  ਦੀਆਂ ਅਖੌਤਾਂ ਬਾਰੇ ਲਿਖਿਆ ਗਿਆ ਹੈ ਕਿ ਉਸ ਨੇ ਖੇਤੀ ਨਾਲ ਸੰਬੰਧਤ ਘਟਨਾਵਾਂ ਨੂੰ ਅਖੌਤਾਂ ਰਾਹੀਂ ਦਰਸਾਇਆ ਜਿਵੇਂ :

‘ਪੱਛੋਂ ਉੱਠੇ ਬਦਲੀ, ਵਗੇ ਪੁਰੇ ਦੀ ਵਾ,
ਡੱਕ ਕਹੇ ਸੁਣ ਭੱਡਲੀ, ਮੰਜੀ ਅੰਦਰ ਡਾਹ।

ਇਸ ਤੋਂ ਇਲਾਵਾ ਭਗਤੀ ਲਹਿਰ ਦੇ ਇਤਿਹਾਸ ਦੀ ਮਹੱਤਤਾ ਛੂਤ ਛਾਤ, ਊਚ ਨੀਚ ਵਿਰੁੱਧ ਉਠਾਈ ਆਵਾਜ਼ ਅਤੇ ਸੰਸਕ੍ਰਿਤ ਏਕੀਕਰਨ ‘ਤੇ ਦਿੱਤੇ ਜ਼ੋਰ ਬਾਰੇ ਲਿਖਿਆ ਹੈ। ਏਸੇ ਤਰ੍ਹਾਂ ਡਾਰਵਿਨ ਦੇ ਸਿਧਾਂਤ ਨੂੰ ਏਂਜਲ ਦੇ ਸਿਧਾਂਤ ਤੋਂ ਬਿਨਾ ਖੋਖਲਾ ਕਿਹਾ ਹੈ। ਰਿਗਵੇਦ ਵਿੱਚ 30 ਰਿਸ਼ੀਕਾਵਾਂ ਦੇ ਯੋਗਦਾਨ ਬਾਰੇ ਦੱਸਿਆ ਹੈ।

144 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਨਿਬੰਧ ਸੰਗ੍ਰਹਿ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>