ਇੱਕ ਪਤੀਵਰਤਾ ਔਰਤ ਦੀ ਬੇਮਿਸਾਲ ਕਹਾਣੀ ਹੈ ਫਿ਼ਲਮ “ਬੁੱਕਲ਼ ਦੇ ਸੱਪ” (ਫਿ਼ਲਮੀਂ ਸਮੀਖਿਆ)

PHOTO-2024-04-09-14-25-25.resizedਹਰ ਕਲਾ ਇੱਕ ਸਾਧਨਾ ਅਤੇ ਮਿਹਨਤ ਦੀ ਮੰਗ ਕਰਦੀ ਹੈ। ਜਦ ਸਾਧਨਾ, ਹਿੰਮਤ ਅਤੇ ਮਿਹਨਤ ਇੱਕ ਜੁੱਟ ਹੋ ਤੁਰਦੀਆਂ ਹਨ, ਤਾਂ ਉਥੇ ਆਸਾਂ ਨੂੰ ਬੂਰ ਵੀ ਪੈਂਦਾ ਹੈ ਅਤੇ ਮਿਹਨਤ ਦਾ ਮੁੱਲ ਵੀ ਮੁੜਦਾ ਹੈ। ਦੂਜੀ ਗੱਲ ਇਹ ਵੀ ਧਿਆਨ ਮੰਗਦੀ ਹੈ, ਕਿ ਜਿਤਨੀ ਦੇਰ ਕਿਰਤ ਅਤੇ ਫਿ਼ਲਮ ਨਿਰਦੇਸ਼ਕ ‘ਇੱਕ ਜੋਤ’ ਨਹੀਂ ਹੁੰਦੇ, ਨਾ ਦਰਸ਼ਕ ਅਤੇ ਨਾ ਬਣਾਉਣ ਵਾਲ਼ੇ ਨੂੰ ਸੰਤੁਸ਼ਟੀ ਨਸੀਬ ਹੋਵੇਗੀ। ਇਸ ਫਿ਼ਲਮ ਦੇ ਵਿਸ਼ੇ ਬਾਰੇ, ਜਾਂ ਕਹਾਣੀ ਬਾਰੇ ਮੈਂ ਬਹੁਤਾ ਵਿਸਥਾਰ ਪੂਰਵਕ ਚਾਨਣਾ ਨਹੀਂ ਪਾਵਾਂਗਾ, ਕਿਉਂਕਿ ਜੇ ਦਰਸ਼ਕ ਖ਼ੁਦ ਮੂਵੀ ਦੇਖ ਕੇ ਕਹਾਣੀ ਅਤੇ ਵਿਸ਼ੇ ਦੀ ਪੜਚੋਲ਼ ਕਰੇ ਅਤੇ ਫ਼ੈਸਲਾ ਦੇਵੇ, ਤਾਂ ਇਹ ਰੀਤ ਸੋਨੇ ‘ਤੇ ਸੁਹਾਗੇ ਦਾ ਕਾਰਜ ਕਰੇਗੀ। ਫਿ਼ਲਮ ਦਾ ‘ਅਸਲ ਜੱਜ’ ਤਾਂ ਦਰਸ਼ਕ ਹੀ ਹੋਣਾ ਚਾਹੀਦਾ ਹੈ, ਕਿਉਂਕਿ ਅੱਜ-ਕੱਲ੍ਹ ਦੇ ‘ਵਿਕਾਊ ਜ਼ਮਾਨੇ’ ਵਿੱਚ ਸਮੀਖਿਆ ਤਾਂ ਖਰੀਦੀ ਵੀ ਜਾ ਸਕਦੀ ਹੈ। ਅੱਜ-ਕੱਲ੍ਹ ਉਹ ‘ਮਾਣ’ ਵੀ ਰੱਖੇ ਜਾਂਦੇ ਨੇ ਕਿ ਅੱਧੀ ਤੇਰੀਆਂ ਮੁਲ੍ਹਾਜੇਦਾਰਾ, ਵੇ ਅੱਧੀ ਆਂ ਗ਼ਰੀਬ ਜੱਟ ਦੀ…। ਵਿਦੇਸ਼ਾਂ ਵਿੱਚੋਂ ਮਿਲ਼ਦੀ ‘ਸਬਸਿਡੀ’ ਸਾਡੀਆਂ ਪੰਜਾਬੀ ਫਿ਼ਲਮਾਂ ਨੂੰ ਘੁਣ ਬਣ ਕੇ ਚਿੰਬੜ ਚੁੱਕੀ ਹੈ ਅਤੇ ਦੈਂਤ ਵਾਂਗ ਨਿਘਾਰ ਵੱਲ ਧੂਹ ਰਹੀ ਹੈ।

Picture - Jaggi Kussa.resized‘ਬਦਲਾ ਜੱਟੀ ਦਾ’ ਅਤੇ ‘ਜੱਟ ਜਿਉਣਾ ਮੌੜ’ ਵਰਗੀਆਂ ਬਹੁ-ਚਰਚਿਤ ਪੰਜਾਬੀ ਫਿ਼ਲਮਾਂ ਦੇ ਸਿਰਮੌਰ ਨਿਰਦੇਸ਼ਕ ਬਾਈ ਰਵਿੰਦਰ ਰਵੀ ਦੇ ਨਿਰਦੇਸ਼ਨ ਅਧੀਨ ਅਤੇ ਬਾਈ ਜੀਤ ਸਿੰਘ ਸੰਧੂ ਦੇ ਚਰਚਿਤ ਨਾਵਲ ‘ਤੇ ਅਧਾਰਿਤ ਬਣੀ ਫਿ਼ਲਮ “ਬੁੱਕਲ਼ ਦੇ ਸੱਪ” ਮੈਂ ਯੂ-ਟਿਊਬ ‘ਤੇ ਦੋ ਵਾਰ ਦੇਖੀ। ਇਸ ਫਿ਼ਲਮ ਦੀ ਨਾਇਕਾ ਕੰਵਲ (ਜੋਤ ਚਾਹਲ) ਆਪਣੇ ਪਤੀ ਰਣਜੀਤ (ਸੋਨਪ੍ਰੀਤ ਜਵੰਧਾ) ਨੂੰ ਬੇਪਨਾਂਹ ਮੁਹੱਬਤ ਕਰਦੀ ਹੈ। ਪਰ ਉਸ ਨੂੰ ਆਪਣੇ ਆਪ ਉੱਪਰ ਇੱਕ ਸਿ਼ਕਵਾ ਅਤੇ ਰੋਸਾ ਵੀ ਹੈ ਕਿ ਉਹ ਢਿੱਡੋਂ ਨਹੀਂ ਫੁੱਟੀ ਅਤੇ ਆਪਣੇ ਪਤੀ ਨੂੰ ਕੋਈ ਬੱਚਾ ਨਹੀਂ ਦੇ ਸਕੀ। ਰਿਸ਼ਤੇ ਪ੍ਰਤੀ ਇਮਾਨਦਾਰੀ ਅਤੇ ਫ਼ਰਜ਼ ਨੂੰ ਸਮਝਦਿਆਂ ਉਸ ਦੀ ਰੀਝ ਹੀ ਇਹ ਹੈ ਕਿ ਉਹਨਾਂ ਦੇ ਵਿਹੜੇ ਵਿੱਚ ਕੋਈ ਬਾਲ ਚਾਂਭੜ੍ਹਾਂ ਪਾਵੇ।

ਆਖਰ ਕੰਵਲ ਦੀ ਇਹ ਰੀਝ ਇੱਕ ‘ਜਾਨੂੰਨ’ ਅਤੇ ਫਿ਼ਰ ‘ਪਾਗਲਪਨ’ ਦਾ ਰੂਪ ਧਾਰਨ ਕਰ ਲੈਂਦੀ ਹੈ। ਉਹ ਆਪਣੇ ਪਤੀ ਉੱਪਰ ਦੂਜਾ ਵਿਆਹ ਕਰਵਾਉਣ ਲਈ ਦਬਾਅ ਪਾਉਣ ਲੱਗਦੀ ਹੈ। ਪਰ ਉਸ ਦਾ ਪਤੀ ਭਵਿੱਖ ਪ੍ਰਤੀ ਸੁਚੇਤ ਹੈ। ਉਹ ਭਲੀ-ਭਾਂਤ ਜਾਣੂੰ ਹੈ ਕਿ ਉਸ ਦਾ ਦੂਜਾ ਵਿਆਹ ਉਸ ਦੀ ਪਹਿਲੀ ਪਤਨੀ ਕੰਵਲ ਦੀ ਖ਼ੁਸ਼ਹਾਲ ਜਿ਼ੰਦਗੀ ‘ਨਰਕ’ ਬਣਾ ਦੇਵੇਗਾ। ਅਖ਼ੀਰ ਹੁੰਦਾ ਓਹੀ ਕੁਝ ਹੈ, ਜਿਸ ਦਾ ਕੰਵਲ ਦੇ ਪਤੀ ਰਣਜੀਤ ਨੂੰ ਡਰ ਸੀ। ਆਪਣੀ ਪਹਿਲੀ ਪਤਨੀ ਦੀ ਜਿ਼ਦ ਅੱਗੇ ਹਾਰ ਕੇ ਬੇਵੱਸ ਅਤੇ ਲਾਚਾਰ ਰਣਜੀਤ ਦੂਜਾ ਵਿਆਹ ਕਰਵਾ ਲੈਂਦਾ ਹੈ। ਫਿ਼ਰ ‘ਸੌਂਕਣ’ ਬਣੀ ਰਣਜੀਤ ਦੀ ਦੂਜੀ ਪਤਨੀ ਸਮੁੰਦਰੋ (ਕੁਲਵਿੰਦਰ ਕੌਰ) ਉਸ ਦੀ ਪਹਿਲੀ ਪਤਨੀ ਕੰਵਲ ਦਾ ਜਿਉਣਾ ਕਿਵੇਂ ਦੁੱਭਰ ਕਰਦੀ ਹੈ, ਫਿ਼ਲਮ ਦੇਖ ਕੇ ਹੀ ਪਤਾ ਲੱਗਦਾ ਹੈ। ਫਿ਼ਲਮ ਦੀ ਕਹਾਣੀ ਉਸ ਵੇਲ਼ੇ ਜ਼ਬਰਦਸਤ ਮੋੜ ਕੱਟਦੀ ਹੈ, ਜਦ ਰਣਜੀਤ ਦੀ ਦੂਜੀ ਪਤਨੀ ਦਾ ਰਿਸ਼ਤੇਦਾਰ ‘ਬਲੌਰੀ’ (ਨੀਟੂ ਪੰਧੇਰ) ਜਮਦੂਤ ਬਣ, ਸ਼ਾਂਤ ਮਾਹੌਲ ਵਿੱਚ ਆ ਡਿੱਗਦਾ ਅਤੇ “ਮਾਣਸ-ਬੂ – ਮਾਣਸ-ਬੂ” ਕਰਦਾ ਫਿ਼ਰਦਾ ਹੈ। ਇਸ ਫਿ਼ਲਮ ਵਿੱਚ ਸ਼ਰੀਕੇਬਾਜ਼ੀ ਦਾ ਸਿਖ਼ਰ ਬਲੌਰੀ ਦੀ ਕਮੀਨਗੀ ਭਰੀ ਕਾਰਗੁਜ਼ਾਰੀ ਹੈ। ਰਣਜੀਤ ਦੀ ਦੂਜੀ ਪਤਨੀ ਸਮੁੰਦਰੋ ਚੁੜੇਲ ਬਿਰਤੀ ਵਾਲ਼ੀ ਕੁਪੱਤੀ ਔਰਤ ਹੈ। ਚਤਰ ਅਤੇ ਕਮੀਨਾਂ ਬਲੌਰੀ ਕਿਵੇਂ ਉਸ ਨੂੰ ਆਪਣੇ ਜਾਲ਼ ਵਿੱਚ ਫ਼ਸਾ ਕੇ ਜਿਸਮਾਨੀ ਅਤੇ ਆਰਥਿਕ ਤੌਰ ‘ਤੇ ਵਰਤਦਾ ਹੈ, ਇਹ ਸ਼ਰੀਕੇਬਾਜ਼ੀ ਅਤੇ ਕਮੀਨਗੀ ਦੀ ‘ਹੱਦ’ ਹੈ।

ਕਲਾਕਾਰ ਕਿਸੇ ਵੀ ਫਿ਼ਲਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਸ ਫਿ਼ਲਮ ਵਿੱਚ ਸਾਰੇ ਕਲਾਕਾਰ ਠੂੰਹੇਂ ਦੇ ਡੰਗ ਵਰਗੇ ਨੇ। ਸਾਰੀ ਫਿ਼ਲਮ ਸੋਨਪ੍ਰੀਤ ਜਵੰਧਾ ਅਤੇ ਜੋਤ ਚਾਹਲ ਦੁਆਲ਼ੇ ਘੁੰਮਦੀ ਹੈ ਅਤੇ ਬਿਨਾ ਸ਼ੱਕ ਉਹਨਾਂ ਨੇ ਇਹਨਾਂ ਕਿਰਦਾਰਾਂ ਵਿੱਚ ਜਾਨ ਪਾ ਦਿੱਤੀ। ਕਾਮਰੇਡ ਦਾ ਰੋਲ ਹੌਬੀ ਧਾਲ਼ੀਵਾਲ਼  ਅਤੇ ਉਸ ਦੀ ਪਤਨੀ ਦਾ ਕਿਰਦਾਰ ਮੈਡਮ ਕੁਲਵੰਤ ਖੁਰਮੀਂ ਨੇ ਬਾ-ਕਮਾਲ ਨਿਭਾਅ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਬਲੌਰੀ ਦਾ ਕਿਰਦਾਰ ਨੀਟੂ ਪੰਧੇਰ ਨੇ ਬਾਖ਼ੂਬੀ ਨਿਭਾਹਿਆ ਹੈ। ਇੱਕ ਗੱਲ ਨੀਟੂ ਪੰਧੇਰ ਬਾਰੇ ਜ਼ਰੂਰ ਲਿਖਾਂਗਾ। ਨੀਟੂ ਪੰਧੇਰ ਪੰਜਾਬੀ ਫਿ਼ਲਮਾਂ ਦਾ ‘ਗੱਬਰ ਸਿੰਘ’ ਹੈ। ਉਸ ਦੀ ਕਲਾ ਬਾ-ਕਮਾਲ ਅਤੇ ਸ਼ਾਨਦਾਰ ਹੈ। ਉਹ ਆਪਣੇ ਕਿਰਦਾਰ ਨੂੰ ਜਿਉਂਦਾ ਹੈ। ਪਰ ਬੇਹੱਦ ਅਫ਼ਸੋਸ ਨਾਲ਼ ਕਹਿਣਾ ਪੈ ਰਿਹਾ ਹੈ ਕਿ ਉਸ ਦੀ ਕਲਾ ਦੀ ਪੰਜਾਬੀ ਫਿ਼ਲਮ ਇੰਡਸਟਰੀ ਨੇ ਉੱਕਾ ਕਦਰ ਨਹੀਂ ਪਾਈ। ਜੇ ਹਿੰਦੀ ਅਤੇ ਪੰਜਾਬੀ ਫਿ਼ਲਮ ਇੰਡਸਟਰੀ ਨੀਟੂ ਪੰਧੇਰ ਨੂੰ ਮੌਕਾ ਦੇਵੇ, ਤਾਂ ਮੈਂ ਦਾਅਵੇ ਨਾਲ਼ ਕਹਿਣ ਨੂੰ ਤਿਆਰ ਹਾਂ ਕਿ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਿੱਚ ਉਹ ਪੂਰਾ ਸਮਰੱਥ ਕਲਾਕਾਰ ਹੈ। ਫਿ਼ਲਮ ਵਿੱਚ ਸੀਰੀ ਦਾ ਭਾਵਨਾਤਮਿਕ ਕਿਰਦਾਰ ਕੁਲਦੀਪ ਨਿਆਮੀਂ ਨੇ ਨਿਭਾਅ ਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ। ਪਰ ਸਭ ਤੋਂ ਅਲੱਗ ਤਰ੍ਹਾਂ ਦਾ ਰੋਲ ਨੀਟੂ ਪੰਧੇਰ ਨੇ ‘ਬਲੌਰੀ’ ਦਾ ਅਤੇ ਕੁਲਵਿੰਦਰ ਕੌਰ ਨੇ ‘ਸਮੁੰਦਰੋ’ ਦਾ ਕਰ ਕੇ ਇਹ ਦਰਸਾ ਦਿੱਤਾ ਕਿ ਇੱਕ ਰਵਾਇਤੀ ਕਲਾਕਾਰੀ ਨਾਲ਼ੋਂ ‘ਸੁਭਾਇਕੀ’ ਕੀਤੀ ਕਲਾਕਾਰੀ ਕਿੰਨੀ ਜਾਨਦਾਰ ਅਤੇ ਵਜ਼ਨਦਾਰ ਹੁੰਦੀ ਹੈ।

ਫਿ਼ਲਮ “ਬੁੱਕਲ਼ ਦੇ ਸੱਪ” ਯੂ-ਟਿਊਬ ਉੱਪਰ ਉਪਲੱਬਧ ਹੈ। ਪਰ ਇਹ ਗੱਲ ਕਹਿਣ ਤੋਂ ਵੀ ਸੰਕੋਚ ਨਹੀਂ ਕਰਾਂਗਾ ਕਿ ਇਹ ਫਿ਼ਲਮ ਤੁਸੀਂ ਆਪਣੇ ਪ੍ਰੀਵਾਰ ਨਾਲ ਬੈਠ ਕੇ ਨਹੀਂ ਦੇਖ ਸਕਦੇ, ਕਿਉਂਕਿ ਇਸ ਵਿੱਚ ਕੁਝ ‘ਬੋਲਡ’ ਅਤੇ ਕੁਝ ਇਤਰਾਜ਼ਯੋਗ ਦ੍ਰਿਸ਼ ਪਾਏ ਗਏ ਹਨ। ਫਿ਼ਲਮ ਦਾ ਨਿਚੋੜ ਤਾਂ ਇਹ ਦਰਸਾਉਂਦਾ ਹੈ ਕਿ ਜਦ ਆਫ਼ਰੇ ਸ਼ਰੀਕ, ਗਲ਼ ਥਾਣੀਂ ਪਜਾਮਾ ਲਾਹੁੰਣੋਂ ਬਾਜ ਨਾ ਆਉਣ, ਤਾਂ ਆਖਰ ਹਥਿਆਰ ਨੂੰ ਹੱਥ ਪਾਉਣ ਤੋਂ ਇਲਾਵਾ ਬੰਦੇ ਕੋਲ਼ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ। ਇੱਕ ਘਾਗ ਨਿਰਦੇਸ਼ਕ ਰਵਿੰਦਰ ਰਵੀ ਦੇ ਪੀਠੇ ਦਾ ਛਾਨਣਾ ਕੀ…? ਬਾਈ ਰਵਿੰਦਰ ਰਵੀ ਅਤੇ ਨਿਰਮਾਤਾ ਸਵਰਨ ਸਿੰਘ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਨੇ ਇੱਕ ਵੱਖਰਾ ਵਿਸ਼ਾ ਲੈ ਕੇ ਫਿ਼ਲਮ ਬਣਾਉਣ ਲਈ ਦਿਲ ਕੱਢਿਆ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>