ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਲ ਕਿਲ੍ਹੇ ’ਤੇ ਦਿੱਲੀ ਫਤਿਹ ਦਿਵਸ ਨੂੰ ਸਮਰਪਿਤ ਮਹਾਨ ਇਤਿਹਾਸਕ ਸਮਾਗਮ ਕਰਵਾਇਆ

Untitleddd.resizedਨਵੀਂ ਦਿੱਲੀ, ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ 1783 ਵਿਚ ਦਿੱਲੀ ’ਤੇ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਿੱਤ ਦਾ ਜਸ਼ਨ ਦਿੱਲੀ ਫਤਿਹ ਦਿਵਸ ਦੇ ਰੂਪ ਵਿਚ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਜਿਸ ਤਹਿਤ ਇਤਿਹਾਸਕ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਾਬਾ ਬਲਜੀਤ ਸਿੰਘ ਦਾਦੂਵਾਲ, ਸਿੰਘ ਸਾਹਿਬ ਪੰਥ ਰਤਨ ਬਾਬਾ ਬਲਬੀਰ ਸਿੰਘ ਮੁਖੀ ਪੰਥ ਅਕਾਲੀ ਦਲ ਬੁੱਢਾ ਦਲ 96 ਕਰੋੜੀ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਮੇਜਰ ਸਿੰਘ ਸੋਢੀ ਸ਼੍ਰੋਮਣੀ ਦਸ਼ਮੇਸ਼ ਤਰਣਾ ਦਲ, ਬਾਬਾ ਬਲਦੇਵ ਸਿੰਘ ਵੱਲਾਹ ਵਾਲੇ, ਰਿਕੀ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਸੁਰਿੰਦਰ ਸਿੰਘ ਤੇ ਬਾਬਾ ਸਤਨਾਮ ਸਿੰਘ, ਬਾਬਾ ਸੁਖਦੇਵ ਸਿੰਘ ਮੁੱਖ ਬੁਲਾਰੇ ਦਮਦਮੀ ਟਕਸਾਲ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲੇ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਬਾਬਾ ਸੁਖਜੀਤ ਸਿੰਘ ਫਿਰੋਜ਼ਪੁਰ ਵਾਲੇ ਸਮੇਤ ਅਨੇਕਾਂ ਸੰਤਾਂ ਮਹਾਂਪੁਰਖਾਂ ਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ।

ਸਮਾਗਮ ਵਿਚ ਰਾਗੀ ਸਿੰਘਾਂ ਦੇ ਵੱਖ-ਵੱਖ ਜੱਥਿਆਂ ਨੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਮਹਾਨ ਸ਼ਹਾਦਤਾਂ ਦੇ ਨਾਲ-ਨਾਲ ਵੱਡੀਆਂ-ਵੱਡੀਆਂ ਜੰਗਾਂ ਵਿਚ ਫਤਿਹ ਨਾਲ ਭਰਿਆ ਹੈ। ਉਹਨਾਂ ਕਿਹਾ ਕਿ 1783 ਵਿਚ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਦਿੱਲੀ ਵਿਚ ਸ਼ਾਹ ਆਲਮ ਦੂਜੇ ਨੂੰ ਮਾਤ ਦਿੱਤੀ ਗਈ ਤੇ ਦਿੱਲੀ ਵਿਚ ਗੁਰੂ ਸਾਹਿਬਾਨ ਦੇ ਸ਼ਹੀਦੀ ਤੇ ਹੋਰ ਅਸਥਾਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਉਹਨਾਂ ਦੀ ਕਾਰ ਸੇਵਾ ਕੀਤੀ ਗਈ।

ਉਹਨਾਂ ਦੱਸਿਆ ਕਿ 10 ਮਹੀਨਿਆਂ ਤੱਕ ਇਹਨਾਂ ਜਰਨੈਲਾਂ ਦੀ ਅਗਵਾਈ ਹੇਠ ਫੌਜ ਦਿੱਲੀ ਵਿਚ ਰਹੀ ਜਿਸਦੀ ਬਦੌਲਤ ਅੱਜ ਦਿੱਲੀ ਵਿਚ ਸੰਗਤਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ ਸਮੇਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਦੀ ਹੈ।

ਉਹਨਾਂ ਕਿਹਾ ਕਿ ਇਹਨਾਂ ਸਮਾਗਮਾਂ ਵਾਸਤੇ ਅੱਜ ਦੇਸ਼ ਤੇ ਦੁਨੀਆਂ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ। ਉਹਨਾ ਕਿਹਾ ਕਿ ਜਿਸ ਸਿੱਖ ਦੇ ਘਰ ਵਿਚ ਸਿੱਖ ਇਤਿਹਾਸ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ ਜਾਵੇ, ਉਸ ਵਿਚ ਨਾ ਤਾਂ ਕਦੇ ਨਸ਼ੇ ਆਉਂਦੇ ਹਨ ਤੇ ਨਾ ਹੀ ਕਦੇ ਬੱਚੇ ਪਤਿਤ ਹੁੰਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੇ ਅਮੀਰ ਤੇ ਵਿਲੱਖਣ ਇਤਿਹਾਸ ਅਤੇ ਆਪਣੀ ਗੁਰਬਾਣੀ ਨਾਲ ਜੋੜ ਕੇ ਰੱਖਿਆ ਜਾਵੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਸਕੱਤਰ ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਤਿੰਨਾਂ ਮਹਾਨ ਜਰਨੈਲਾਂ ਵੱਲੋਂ ਜੋ ਸਿੱਖ ਕੌਮ ਗੁਰਧਾਮਾਂ ਦੇ ਰੂਪ ਵਿਚ ਦਿੱਤਾ ਗਿਆ, ਉਹ ਬਹੁਤ ਵੱਡੀ ਸੇਵਾ ਸੀ। ਉਹਨਾਂ ਕਿਹਾ ਕਿ ਦਿੱਲੀ ਵਿਚ ਅੱਜ ਵੀ ਮੋਰੀ ਗੇਟ, ਤੀਸ ਹਜ਼ਾਰੀ ਅਦਾਲਤ ਤੇ ਮਿਠਾਈ ਪੁੱਲ ਇਹਨਾਂ ਜਰਨੈਲਾਂ ਦੀ ਯਾਦਗਾਰ ਹਨ ਕਿਉਂਕਿ 30 ਹਜ਼ਾਰ ਫੌਜ ਇਥੇ 10 ਮਹੀਨੇ ਤੱਕ ਰੁਕੀ, ਮੋਰੀ ਗੇਟ ਉਹ ਥਾਂ ਹੈ ਜਿਥੋਂ ਮੋਰੀ ਕਰ ਕੇ ਸਿੱਖ ਫੌਜਾਂ ਲਾਲ ਕਿਲ੍ਹੇ ਵਿਚ ਦਾਖਲ ਹੋਈਆਂ ਅਤੇ ਸ਼ਾਹ ਆਲਮ ਦੂਜੇ ਨੂੰ ਮੌਤ ਦਿੱਤੀ ਤੇ ਮਿਠਾਈ ਪੁੱਲ ’ਤੇ 10 ਮਹੀਨੇ ਤੱਕ ਲੰਗਰ ਬਣਿਆ ਤੇ ਜਿੱਤ ਦੇ ਜਸ਼ਨ ਮਨਾਏ ਗਏ।

ਇਸ ਸਮਾਗਮ ਵਿਚ ਕੋਨੇ ਤੋਂ ਇਲਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੇਨ ਜਸਪ੍ਰੀਤ ਸਿੰਘ ਕਰਮਸਰ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ ਪੀ, ਜੂਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਸਕੱਤਰ ਜਸਮੇਨ ਸਿੰਘ ਨੋਨੀ ਸਮੇਤ ਸਾਰੇ ਮੈਂਬਰਾਂ ਅਤੇ ਹੋਰ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲੁਆਈ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>