ਡਾ.ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ ਹੂਕ : ਉਜਾਗਰ ਸਿੰਘ

IMG_0431.resizedਡਾ.ਹਰਬੰਸ ਕੌਰ ਗਿੱਲ ਸਮਰੱਥ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ 20 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਕਰਕ ਕਲੇਜੇ ਮਾਹਿ’ ਕਾਵਿ ਸੰਗ੍ਰਹਿ ਉਸ ਦੀ 21ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦਾ ‘ਰੂਹ ਦੇ ਰੰਗ’ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕਾ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ਵਿੱਚ 53 ਕਵਿਤਾਵਾਂ ਹਨ, ਜਿਹੜੀਆਂ ਪੰਜਾਬ, ਪੰਜਾਬੀਅਤ, ਸਭਿਆਚਾਰ ਅਤੇ ਵਿਰਾਸਤ ਦੀ ਹੂਕ ਦਾ ਪ੍ਰਗਟਾਵਾ ਕਰਦੀਆਂ ਹਨ। ਉਸ ਦੀ ਬੋਲੀ ਠੇਠ ਮਲਵਈ ਅਤੇ ਦਿਹਾਤੀ ਸ਼ਬਦਾਵਲੀ ਪਾਠਕ ਦੇ ਸਮਝ ਆਉਣ ਵਾਲੀ ਹੈ। ਸ਼ਾਇਰਾ ਦੀਆਂ ਕਵਿਤਾਵਾਂ ਛੰਦ ਬੰਦੀ, ਬਹਿਰ ਅਤੇ ਕਾਵਿਕ ਲੈ ਵਿੱਚ ਪ੍ਰੋਸੀਆਂ ਹੋਈਆਂ ਹਨ। ਇਹ ਕਵਿਤਾਵਾਂ ਡਾ.ਹਰਬੰਸ ਕੌਰ ਗਿੱਲ ਦੀ ਜ਼ਿੰਦਗੀ ਦੇ ਨਿੱਜੀ ਤਜਰਬੇ ਤੇ ਅਧਾਰਤ ਹਨ, ਪ੍ਰੰਤੂ ਸ਼ਾਇਰਾ ਇਨ੍ਹਾਂ ਨੂੰ ਲੋਕਾਈ ਦੀਆਂ ਬਣਾਉਣ ਵਿੱਚ ਸਫਲ ਹੋ ਗਈ ਹੈ। ਭਾਵ ਇਹ ਕਵਿਤਾਵਾਂ ਪਾਠਕ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਲਗਦੀਆਂ ਹਨ। ਡਾ.ਹਰਬੰਸ ਕੌਰ ਗਿੱਲ ਦੀ ਵਿਰਾਸਤ ਦਿਹਾਤੀ ਪੰਜਾਬ ਹੈ, ਭਾਵ ਉਸ ਦਾ ਬਚਪਨ ਪਿੰਡਾਂ ਵਿੱਚ ਰਹਿੰਦਿਆ ਗੁਜ਼ਰਿਆ ਹੈ। ਇਸ ਕਰਕੇ ਉਸ ਦੀਆਂ ਕਵਿਤਾਵਾਂ ਪੰਜਾਬ ਦੀਆਂ ਫ਼ਸਲਾਂ, ਸੱਥਾਂ, ਰਹਿਤਲ, ਕਿਸਾਨੀ ਸਭਿਆਚਾਰ, ਪਿਪਲਾਂ, ਹਲਾਂ ਪੰਜਾਲੀਆਂ, ਟੋਭਿਆਂ, ਖੂਹਾਂ, ਤ੍ਰਿੰਝਣਾ ਅਤੇ ਕੁਦਰਤ ਦੇ ਨਜ਼ਾਰਿਆਂ ਦੀ ਬਾਤ ਪਾਉਂਦੀਆਂ ਹਨ। ਆਪਣੇ ਪਿੰਡ ਗਹੌਰ ਜਾਣ ਤੋਂ ਬਾਅਦ ਲਿਖਦੀ ਹੈ:
ਗਹੌਰ ਪਿੰਡ ਦੀਆਂ ਗਲੀਆਂ ਦੀ, ਅੱਜ ਗੇੜੀ ਲਾ ਕੇ ਆਈ ਹਾਂ।
ਕਿਵੇਂ ਦੱਸਾਂ ਮੈਂ ਕਿੰਨਾ ਸਾਰਾ, ਖ਼ੂਨ ਸੁਕਾ ਕੇ ਆਈ ਹਾਂ।
ਨਾ ਉਹ ਪਿੱਪਲ, ਨਾ ਹੀ ਟੋਭੇ, ਨਾ ਉਹ ਸੱਥਾਂ ਦਿਸਣ ਕਿਤੇ,
ਥਾਂ-ਥਾਂ ਖੜ੍ਹ ਕੇ ਸਿਸਕੀਆਂ ਭਰ ਕੇ, ਸੀਸ ਝੁਕਾ ਕੇ ਆਈ ਹਾਂ।
IMG_0433 (1).resizedਸ਼ਾਇਰਾ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਉਸ ਦੀਆਂ ਕਵਿਤਾਵਾਂ ਦੀ ਬੋਲੀ ਸਰਲ ਅਤੇ ਪਾਠਕਾਂ ਦੇ ਸੌਖਿਆਂ ਹੀ ਸਮਝ ਵਿੱਚ ਆਉਣ ਵਾਲੀ ਹੈ। ਕਵਿਤਾਵਾਂ ਦੀ ਰਵਾਨਗੀ ਦਰਿਆ ਦੇ ਵਹਿਣਾਂ ਦੀਆਂ ਤਰੰਗਾਂ ਵਾਂਗ ਝੁਣਝੁਣੀ ਛੇੜਦੀ ਹੈ। ਇਸ ਦੇ ਨਾਲ ਹੀ ਮਾਨਵੀ ਕਦਰਾਂ ਕੀਮਤਾਂ ਅਤੇ ਮਨੁੱਖੀ ਰਿਸ਼ਤਿਆਂ ਦੀ ਤਰਜਮਾਨੀ ਕਰਦੀ ਹੈ। ਇੱਕ ਹੋਰ ਖ਼ੂਬੀ ਪਾਠਕ ਨੂੰ ਪ੍ਰਭਾਵਤ ਕਰਦੀ ਹੈ ਕਿ ਸ਼ਾਇਰਾ ਧਰਮ, ਮਜ਼ਹਬ ਅਤੇ ਵਿਗਿਆਨ ਬਾਰੇ ਲਿਖਣ ਲੱਗਿਆਂ ਵੀ ਬੁਝਾਰਤਾਂ ਨਹੀਂ ਪਾਉਂਦੀ ਸਗੋਂ ਦਲੇਰੀ ਨਾਲ ਸ਼ਪਸ਼ਟ ਅਤੇ ਸਰਲ ਢੰਗ ਰਾਹੀਂ ਜਾਣਕਾਰੀ ਪ੍ਰਦਾਨ ਕਰ ਦਿੰਦੀ ਹੈ। ਕਾਵਿ ਸੰਗ੍ਰਹਿ ਨੂੰ ਪੜ੍ਹਨ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਡਾ.ਹਰਬੰਸ ਕੌਰ ਗਿੱਲ ਨੇ ਮੁੱਖ ਤੌਰ ‘ਤੇ ਸਮਾਜਿਕ ਤਾਣੇ ਬਾਣੇ ਵਿੱਚ ਜੀਵਨ ਬਸਰ ਕਰਦਿਆਂ ਜਿਹੜੇ ਸਮਾਜਿਕ ਤੇ ਸਭਿਅਚਾਰਿਕ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਅਤੇ ਤਤਕਾਲੀ ਘਟਨਾਵਾਂ ਵੇਖੀਆਂ ਉਨ੍ਹਾਂ ਦੇ ਪ੍ਰਭਾਵਾਂ ਨੂੰ ਕਵਿਤਾਵਾਂ ਦਾ ਰੂਪ ਦਿੱਤਾ ਹੈ। ਪੰਜਾਬ ਦੇ ਸਭਿਆਚਾਰ, ਵਿਰਾਸਤ, ਨੈਤਿਕਤਾ, ਸਮਾਜਿਕ ਵਿਸੰਗਤੀਆਂ, ਸਿੱਖ ਧਰਮ ਦੀ ਵਿਚਾਰਧਾਰਾ ਅਤੇ ਸਮਾਜਿਕ ਸਰੋਕਾਰਾਂ ਸੰਬੰਧੀ ਕਵਿਤਾਵਾਂ ਲਿਖਦਿਆਂ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਹੈ। ਆਪਣੀ ਗੱਲ ਕਹਿਣ ਲਈ ਉਨ੍ਹਾਂ ਕੁਝ ਕਵਿਤਾਵਾਂ ਲੰਬੀਆਂ ਲਿਖੀਆਂ ਹਨ। ਉਸ ਦੀ ਕਵਿਤਾ ਇਸ਼ਕ ਮਜਾਜੀ ਰਾਹੀਂ ਇਸ਼ਕ ਹਕੀਕੀ ਤੱਕ ਦਾ ਸਫਰ ਤਹਿ ਕਰਕੇ ਨੈਤਿਕਤਾ ਦੀ ਪੁਕਾਰ ਕਰਦੀ ਹੈ। ਮੁਹੱਬਤ ਨੂੰ ਉਹ ਸਫਲ ਜ਼ਿੰਦਗੀ ਦਾ ਆਧਾਰ ਸਮਝਦੀ ਹੈ ਪ੍ਰੰਤੂ ਮੁਹੱਬਤ ਪਾਕਿ ‘ਤੇ ਪਵਿਤਰ ਹੋਣ ਦੀ ਪ੍ਰੋੜ੍ਹਤਾ ਵੀ ਕਰਦੀ ਹੈ। ਇਸ਼ਕ ਰਾਹੀਂ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਬਸ਼ਰਤੇ ਇਸ਼ਕ ਹਕੀਕੀ ਹੋਵੇ। ਇਹ ਵਿਚਾਰਧਾਰਾ ਬੁਲ੍ਹੇ ਸ਼ਾਹ ਅਤੇ ਸ਼ਾਹ ਹੁਸੈਨ ਨੇ ਵੀ ਅਪਣਾਈ ਸੀ। ਧਰਮ ਦੇ ਠੇਕੇਦਾਰਾਂ ਦੀਆਂ ਆਪਹੁਦਰੀਆਂ ਦੇ ਪਖੰਡ ਦਾ ਪਰਦਾ ਫਾਸ਼ ਵੀ ਆਪਣੀਆਂ ਕਵਿਤਾਵਾਂ ਵਿੱਚ ਕਰਦੀ ਹੈ। ਧਰਮ ਦੀ ਕਵਿਤਰੀ ਨਿੰਦਿਆ ਨਹੀਂ ਕਰਦੀ ਪ੍ਰੰਤੂ ਧਾਰਮਿਕ ਸਰਗਰਮੀਆਂ ਅਤੇ ਖੇਤਰ ਵਿੱਚ ਪਵਿਤਰਤਾ ਦਾ ਗਹਿਣਾ ਪਹਿਨਣ ਦੀ ਤਾਕੀਦ ਕਰਦੀ ਹੈ। ਧਰਮ ਵਿੱਚ ਡੇਰਿਆਂ ਰਾਹੀਂ ਪਖੰਡਤਾ ਦਾ ਵਿਰੋਧ ਕਰਨ ਵਾਲੀਆਂ ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਦਾ ਉਪਰਾਲਾ ਕਰਦੀ ਹੈ। ਇਸੇ ਲਈ ਸਿਆਸਤਦਾਨਾਂ ਅਤੇ ਧਰਮ ਦੇ ਠੇਕਦਾਰਾਂ ਬਾਰੇ ਲਿਖਦੀ ਹੈ:
ਵਹਿਮ ਭਰਮ ਦੇ ਜਾਲ ਵਿਛਾ ਕੇ, ਧਰਮ ਲੋਕਾਂ ਨੂੰ ਛਲਦਾ।
ਨਰਕਾਂ ਦੀ ਅੱਗ ਨਾਲ  ਡਰਾ ਕੇ, ਤੋਰੀ ਫੁਲਕਾ ਚਲਦਾ।
ਰਾਜਨੀਤਕਾਂ ਤੇ ਸੰਤਾਂ ਦੇ ਕੋਲ, ਪਾਖੰਡਾਂ ਦੀ ਪੰਡ ਹੁੰਦੀ।
ਜੇਬ ‘ਚ ਐਸੀ ਮੋਰੀ ਕਰਦੇ, ਜੋ ਕਦੇ ਨਾ ਜਾਏ ਮੁੰਦੀ।
ਨੇਤਾ ਏਥੇ ਅਕਲੋਂ ਹੀਣੇ, ਨਿਰੀਆਂ ਜੋਕਾਂ ਲਹੂ ਪੀਣੇ।
ਨੀਤੀਵਾਨ ਤੇ ਧਰਮ ਦੇ ਰਾਖੇ, ਨਿੱਤ ਬੈਗ ਨੋਟਾਂ ਦੇ ਭਰਦੇ।
ਸਭਨਾ ਨਾਲੋਂ ਵੱਧ ਕਮਾਈ, ਗਿੱਲ ਦੋਵੇਂ ਹੀ ਨੇ ਕਰਦੇ।
ਕਾਫੀ ਸਮਾਂ ਪਹਿਲਾਂ ਸਾਹਿਤ ਦਾ ਆਧਾਰ ਮਨੋਰੰਜਨ ਹੁੰਦਾ ਸੀ। ਸਮੇਂ ਦੇ ਬਦਲਣ ਨਾਲ ਸਮਾਜਿਕ ਤਬਦੀਲੀਆਂ ਆਈਆਂ ਉਨ੍ਹਾਂ ਨਾਲ ਹੀ ਸਾਹਿਤ ਵੀ ਪ੍ਰਗਤੀਵਾਦ ਅਤੇ ਲੋਕ ਹਿੱਤਾਂ ‘ਤੇ ਪਹਿਰਾ ਦੇਣ ਤੇ ਸਮਾਜਿਕ ਸਰੋਕਾਰਾਂ ਦੀ ਪ੍ਰੋੜ੍ਹਤਾ ਕਰਨ ਵਾਲਾ ਲਿਖਿਆ ਜਾਣ ਲੱਗ ਪਿਆ। ਉਸ ਆਧਾਰ ‘ਤੇ ਕਵਿਤਰੀ ਮਹਿਸੂਸ ਕਰਦੀ ਹੈ ਕਿ ਸਾਹਿਤਕਾਰਾਂ ਦੀਆਂ ਰਚਨਾਵਾਂ ਸਿਰਫ ਮਨੋਰੰਜਨ ਲਈ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਉਹ ਸਮਾਜ ਵਿੱਚ ਵਾਪਰ ਰਹੀਆਂ ਗ਼ਲਤ ਗੱਲਾਂ ਵਿਰੁੱਧ ਆਵਾਜ਼ ਬੁਲੰਦ ਕਰਕੇ ਸਰਕਾਰ ਦੇ ਕੰਨ੍ਹਾਂ ਤੱਕ ਪਹੁੰਚਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਡਾ.ਹਰਬੰਸ ਕੌਰ ਗਿੱਲ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਕਰਦੀਆਂ ਹਨ। ਲੋਕਾਂ ਦੇ ਹੱਕਾਂ ਤੇ ਪਹਿਰਾ ਦਿੰਦੀਆਂ ਹਨ। ਉਸ ਦੀਆਂ ਕਵਿਤਾਵਾਂ ਖ਼ੁਦਕਸ਼ੀਆਂ, ਬਲਾਤਕਾਰਾਂ, ਨਸ਼ਿਆਂ, ਧਰਮ ਦੇ ਠੇਕੇਦਾਰਾਂ, ਧੋਖੇਬਾਜਾਂ, ਡਾਕੂਆਂ, ਅਵਾਰਾ ਪਸ਼ੂਆਂ, ਸਿਆਸਤਦਾਨਾ ਅਤੇ ਗੋਦੀ ਮੀਡੀਆ ਦੀਆਂ ਆਪ ਹੁਦਰੀਆਂ ਦੇ ਵਿਰੁੱਧ ਡੱਟਕੇ ਪਹਿਰਾ ਦਿੰਦੀਆਂ ਹਨ। ਕਵਿਤਰੀ ਜਦੋਂ ..
ਕਰਕ ਕਲੇਜੇ ਮਾਹਿ ਦੇ ਅੱਖਰ, ਨਾ ਝਿਪਦੇ ਨਾ ਡਰਦੇ।
ਮੋਢਾ ਮੇਚ ਕੇ ਨਾਲ ਨੇ ਖੜ੍ਹਦੇ, ਸੱਚ ਦੀ ਹਾਮੀ ਭਰਦੇ।
ਲਿਖਦੀ ਹੈ ਤਾਂ ਉਹ ਹੱਕ ਤੇ ਸੱਚ ‘ਤੇ ਪਹਿਰਾ ਦੇ ਰਹੀ ਹੁੰਦੀ ਹੈ। ਪੁਸਤਕ ਦੇ ਨਾਮ ਤੋਂ ਹੀ ਕਵਿਤਰੀ ਦੀ ਕਵਿਤਾ ਦਾ ਮੰਤਵ ਪਤਾ ਲੱਗ ਜਾਂਦਾ ਹੈ। ਸ਼ਾਇਰਾ ਗੋਦੀ ਮੀਡੀਆ ਤੇ ਵੀ ਕਿੰਤੂ ਪ੍ਰੰਤੂ ਕਰਦੀ ਹੈ, ਜਿਸ ਨੇ ਸਰਕਾਰ ਦਾ ਪੱਖ ਪੂਰ ਕੇ ਸਚਾਈ ਨੂੰ ਅੱਖੋਂ ਪ੍ਰੋਖੇ ਕੀਤਾ ਹੈ।
ਜੇ ਲਿਖਣਾ ਤਾਂ, ਕੱਚ ਨੂੰ ਕੱਚ ਲਿਖ। ਨਾ ਡਰ, ਨਾ ਝਿਪ, ਸੱਚ ਨੂੰ ਸੱਚ ਲਿਖ।
ਗਿੱਲ ਜਦ ਸ਼ਬਦ ਕਲਮ ‘ਚੋਂ ਨਿਕਲਣ, ਬਣ ਜਾਂਦੇ ਹਨ ਗਾਜ਼ੀ
ਅਰਥਾਂ ਵਿੱਚ ਢਲ ਜਾਵਣ ਜਦ ਤਾਂ, ਚੁੱਕ ਦਿੰਦੇ ਹਨ ਪਰਦੇ।
ਜੋ ਸਰਕਾਰ ਦੀ ਗੋਦੀ ਬਹਿੰਦੇ, ਆਪਣਿਆਂ ਦੀ ਸੁਣਦੇ ਰਹਿੰਦੇ,
ਜੋ ਵੀ ਦੱਸਣ ਉਹੀਓ ਕਹਿੰਦੇ, ਨੁਕਤਾਚੀਨੀ ਜੱਗ ਦੀ ਸਹਿੰਦੇ,
ਛਪਦੇ ਜਿਸ ਵਿੱਚ ਰੋਲ ਨੇ ਜ਼ਹਿਰੇ, ਗਿੱਲ ਹੁਣ ਦੱਸ ਕੀ ਨਾਮ ਦਵਾਂ?
‘ਘਰ ਉਦਾਸ ਹੈ’ ਡਾ.ਹਰਬੰਸ ਕੌਰ ਗਿੱਲ ਦੀ ਲੰਬੀ ਕਵਿਤਾ ਹੈ ਪ੍ਰੰਤੂ ਉਸ ਨੇ ਇਸ ਕਵਿਤਾ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਅਤੇ ਇਸ ਦੇ ਅਲੋਪ ਹੋ ਰਹੇ ਚੇਟਕਾਂ ਬਾਰੇ ਬਾਕਮਾਲ ਲਿਖਿਆ ਹੈ। ਵਿਰਾਸਤ ਕਿਸੇ ਕੌਮ ਦਾ ਸਰਮਾਇਆ ਹੁੰਦੀ ਹੈ। ਵਿਰਾਸਤੀ ਸਰਮਾਏ ਨਾਲੋਂ ਟੁੱਟਕੇ ਭਾਵੇਂ ਸਮਾਜ ਆਪਣੇ ਆਪ ਨੂੰ ਵਿਕਸਤ ਗਿਣਦਾ ਹੈ ਪ੍ਰੰਤੂ ਨਵੀਂ ਪੀੜ੍ਹੀ ਆਪਣੇ ਅਮੁਲ ਖਜਾਨੇ ਤੋਂ ਅਣਜਾਣ ਰਹਿ ਜਾਂਦੀ ਹੈ।  ਕਵਿਤਰੀ ਨੇ ਘਰ ਨੂੰ ਵਿਰਾਸਤ ਦਾ ਪ੍ਰਤੀਕ ਬਣਾਕੇ ਲਿਖਿਆ ਹੈ ਕਿ ਆਧੁਨਿਕ ਘਰਾਂ ਨੇ ਪਰਿਵਾਰ ਦੇ ਮਿਲ ਬੈਠਣ ਰਸਤਾ ਬੰਦ ਕਰ ਦਿੱਤਾ ਹੈ। ਪ੍ਰਾਹੁਣੇ ਡਰਾਇੰਗ ਰੂਮਾਂ ਵਿੱਚ ਬੈਠਦੇ ਹਨ ਤੇ ਪਰਿਵਾਰ ਨਾਲ ਸੰਬਧਾਂ ਵਿੱਚ ਨੇੜਤਾ ਨਹੀਂ ਰਹਿੰਦੀ। ਮਾਂ ਬੋਲੀ ਵਿੱਚ ਗੱਲ ਨਹੀਂ ਹੁੰਦੀ ਤੇ ਦਰਵਾਜ਼ੇ ‘ਤੇ ਦਸਤਕ ਨਹੀਂ ਹੁੰਦੀ ਅਤੇ ਬਜ਼ੁਰਗਾਂ ਨੂੰ ਵੱਖਰੇ ਕਮਰਿਆਂ ਵਿੱਚ ਰੱਖਿਆ ਜਾਂਦਾ ਹੈ। ਕਵਿਤਰੀ ਲਿਖਦੀ ਹੈ:
ਘਰ ਦੇ ਜੀਅ ਚਲੇ ਗਏ ਕਿਥੇ? ਗੈਸਟ ਹੀ ਆ ਕੇ ਬੈਠਣ ਇਥੇ।
ਬੋਲਣ ਬੋਲੀ ਸਮਝ ਨਾ ਆਵੇ, ਅੰਗਰੇਜ਼ੀ ਨਾ ਮਨ ਨੂੰ ਭਾਵੇ।
ਏਥੇ ਬਸ, ਮਹਿਮਾਨ ਹੀ ਆਵਣ, ਪਿੱਛੇ ਹਨ ਬਜ਼ੁਰਗ ਲਕੋਏ।
ਮੇਰੇ ਮਾਲਕ, ਮੇਰੇ ਰਹਿਬਰ, ਕਿਵੇਂ ‘ਆਊਟ ਡੇਟ’ ਨੇ ਹੋਏ?
ਖਾਣਿਆਂ ਵਿੱਚ ਆਈ ਤਬਦੀਲੀ, ਖਾਣੇ ਬਦਲ ਗਏ, ਆਲੂ, ਬੜੀਆਂ, ਬੂੰਦੀ, ਘਿਓ-ਸ਼ਕਰ, ਖੀਰ, ਅਧਰਿੜਕਾ, ਹਾਰੇ ਰਿਝੀ ਦਾਲ, ਸੇਵੀਂਆਂ, ਡੇਲੇ, ਅਉਲੇ, ਲੱਸੀ, ਮੱਖਣ, ਕੂੰਡਾ-ਸੋਟਾ ਸਾਰੇ ਅਲੋਪ ਹੋ ਗਏ ਹਨ। ਆਧੁਨਿਕ ਕਿਸਮ ਦੇ ਖਾਣੇ ਆ ਗਏ ਜਿਹੜੇ ਸਿਹਤ ਲਈ ਹਾਨੀਕਾਰਕ ਹਨ। ਇਹ ਕਵਿਤਾ ਇਕ ਕਿਸਮ ਨਾਲ ਦਿਹਾਤੀ ਵਿਰਾਸਤ ਦਾ ਖ਼ਜਾਨਾ ਹੈ, ਜਿਨ੍ਹਾਂ ਦੇ ਨਾਵਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਕੋਈ ਜਾਣਕਾਰੀ ਹੀ ਨਹੀਂ। ਖਾਣਿਆਂ ਬਾਰੇ ਡਾ.ਹਰਬੰਸ ਕੌਰ ਗਿੱਲ ਲਿਖਦੀ ਹੈ:
ਮੱਕੀ ਦੀ ਰੋਟੀ ਸਾਗ ਸਰੋਂ ਦਾ, ਖ਼ੁਸ਼ਬੋ ਕੜਾਹ ਦੀ ਕਦੀ ਨਾ ਆਈ।
ਰੂਹ ਮੇਰੀ ਤਾਂ ਭੁੱਖੀ ਰਹਿੰਦੀ, ਝੋਰਾ ਜਾਂਦਾ ਵੱਢ-ਵੱਢ ਖਾਈ।
ਆਪੋ ਆਪਣੇ ਕਮਰਿਆਂ ਵਿੱਚ ਸੌਣਾ ਰਿਸ਼ਤਿਆਂ ਦੇ ਨਿੱਘ ਦੀ ਘਾਟ ਬਣਦਾ ਹੈ।  ਕੰਪਿਊਟਰ ਅਤੇ ਮੋਬਾਈਲ ਨੇ ਇਕ ਦੂਜੇ ਨਾਲੋਂ ਦੂਰ ਕਰ ਦਿੱਤਾ ਹੈ। ਪਹਿਰਾਵੇ ਦੇ ਫੈਸ਼ਨ ਨੇ ਰਹਿੰਦੀ ਕਸਰ ਕੱਢ ਦਿੱਤੀ। ਇਸੇ ਕਰਕੇ ਘਰ ਸੁਨੇ ਤੇ ਉਦਾਸ ਪਏ ਹਨ। ਪਰਵਾਸ ਨੇ ਵੀ ਪੰਜਾਬ ਦਾ ਨੁਕਸਾਨ ਕੀਤਾ ਹੈ। ਇਸ ਤੋਂ ਇਲਾਵਾ ਨਸ਼ਿਆਂ ਦੀ ਕਰੋਪੀ ਬਾਰੇ ਵੀ ਕਵਿਤਰੀ ਨੇ ਲਿਖਕੇ ਜਾਗ੍ਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ‘ਔਰਤ ਹੁੰਦੀ ਇੱਕ ਸੰਸਾਰ’ ਕਵਿਤਾ ਵਿੱਚ ਦਰਸਾਇਆ ਹੈ ਕਿ ਔਰਤ ਸਾਂਝੇ ਪਰਿਵਾਰਾਂ ਦੀ ਸੂਤਰਧਾਰ ਹੁੰਦੀ ਹੈ।  ਸੰਸਾਰ ਦੇ ਸਾਰੇ ਰਿਸ਼ਤੇ ਔਰਤ ਨਾਲ ਹੀ ਬਣਦੇ ਤੇ ਨਿਭਦੇ ਹਨ। ਆਧੁਨਿਕਤਾ ਦੀ ਆਮਦ ਨਾ ਭੈਣ, ਭੂਆ, ਦਰਾਣੀ-ਜਠਾਣੀ, ਨਨਾਣ, ਮਾਸੀ, ਸੱਸੂ ਮਾਂ ਆਦਿ ਦੀ ਵਰਤੋਂ ਹੀ ਨਹੀਂ ਰਹੀ। ਇਹ ਸਾਰੇ ਰਿਸ਼ਤੇ ਮੋਹ ਤੇ ਪਿਆਰ ਦਾ ਪ੍ਰਤੀਕ ਹਨ। ਔਰਤਾਂ ਬਾਰੇ ਕਵਿਤਰੀ ਨੇ ਹੋਰ ਵੀ ਕਵਿਤਾਵਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਔਰਤ ਦੀ ਮਹੱਤਤਾ ਬਾਰੇ ਦਰਸਾਇਆ ਹੈ। ‘ਸਤਲੁਜ’ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰਾ ਨੇ ਸਤਲੁਜ ਨੂੰ ਸਦਭਾਵਨਾ ਦਾ ਪ੍ਰਤੀਕ ਕਹਿੰਦੇ ਹੋਏ ਪੰਜਾਬ ਦੀ ਖ਼ੁਸ਼ਹਾਲੀ ਦਾ ਮੋਢੀ ਕਿਹਾ ਹੈ, ਕਵਿਤਰੀ ਲਿਖਦੀ ਹੈ:
ਪੁੱਤ ਕਮਾਊ ‘ਸਤਲੁਜ’ ਸਾਡਾ, ਆਖਣ ਲੋਕ ਸਿਆਣੇ।
ਫ਼ਸਲਾਂ ਝੂਮਣ ਹਰੀਆਂ-ਭਰੀਆਂ, ਨੱਚਦੇ ਫਿਰਨ ਨਿਆਣੇ।
ਵਾਰਤਕ ਦੀ ਸੁਦ੍ਰਿੜ੍ਹ ਲੇਖਕਾ ਵੱਲੋਂ ਕਵਿਤਾ ਦੇ ਖੇਤਰ ਵਿੱਚ ‘ਰੂਹ ਦੇ ਰੰਗ’ ਗ਼ਜ਼ਲ ਸੰਗ੍ਰਹਿ ਤੋਂ ਬਾਅਦ ‘ਕਰਕ ਕਲੇਜੇ ਮਾਹਿ’ ਦੂਜੀ ਪੁਸਤਕ ਹੈ। ਉਮੀਦ ਕੀਤੀ ਜਾਂਦੀ ਹੈ ਕਿ ਭਵਿਖ ਵਿੱਚ ਇਹ ਸ਼ਾਇਰਾ ਹੋਰ ਵਧੀਆ ਯੋਗਦਾਨ ਪਾ ਕੇ ਮਾਂ ਬੋਲੀ ਦੀ ਝੋਲੀ ਨੂੰ ਹੋਰ ਅਮੀਰ ਬਣਾਏਗੀ।

128 ਪੰਨਿਆਂ, 250 ਰੁਪਏ ਕੀਮਤ ਅਤੇ ਦਿਲਕਸ਼ ਸੁੰਦਰ ਮੁੱਖ ਕਵਰ ਵਾਲਾ ਇਹ ਕਾਵਿ ਸੰਗ੍ਰਹਿ ਪ੍ਰੀਤ ਪਬਲੀਕੇਸ਼ਨ ਨਾਭਾ ਨੇ ਪ੍ਰਕਾਸ਼ਤ ਕੀਤਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>